ਕਸ਼ਮੀਰ ਮਸਲੇ ਦੀ ਵਿਚੋਲਗੀ ਲਈ ਤਿਆਰ ਟਰੰਪ; ਮੋਦੀ ਵੱਲੋਂ ਬੇਨਤੀ ਦੇ ਦਾਅਵੇ ਨੂੰ ਭਾਰਤ ਨੇ ਰੱਦ ਕੀਤਾ

ਕਸ਼ਮੀਰ ਮਸਲੇ ਦੀ ਵਿਚੋਲਗੀ ਲਈ ਤਿਆਰ ਟਰੰਪ; ਮੋਦੀ ਵੱਲੋਂ ਬੇਨਤੀ ਦੇ ਦਾਅਵੇ ਨੂੰ ਭਾਰਤ ਨੇ ਰੱਦ ਕੀਤਾ
ਇਮਰਾਨ ਖਾਨ ਅਤੇ ਡੋਨਾਲਡ ਟਰੰਪ ਦੀ ਮੁਲਾਕਾਤ ਮੌਕੇ ਲਈ ਗਈ ਤਸਵੀਰ

ਚੰਡੀਗੜ੍ਹ: ਬੀਤੇ ਕੱਲ੍ਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ ਦੌਰਾਨ ਵਾਈਟ ਹਾਊਸ ਵਿਖੇ ਸਾਂਝੀ ਪ੍ਰੈਸ ਕਾਨਫਰੰਸ ਮੌਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਕਸ਼ਮੀਰ ਮਸਲੇ ਦੇ ਹੱਲ ਲਈ ਵਿਚੋਲਗੀ ਕਰਨ ਲਈ ਕਿਹਾ ਸੀ। ਟਰੰਪ ਨੇ ਕਿਹਾ ਕਿ ਉਹ ਇਹ ਕਾਰਜ ਕਰਨ ਲਈ ਤਿਆਰ ਹਨ। 

ਟਰੰਪ ਨੇ ਕਿਹਾ, "ਦੋ ਹਫਤੇ ਪਹਿਲਾਂ ਮੈਂ ਪ੍ਰਧਾਨ ਮੰਤਰੀ ਮੋਦੀ ਨਾਲ ਸੀ ਅਤੇ ਉਹਨਾਂ ਕਿਹਾ, 'ਕੀ ਤੁਸੀਂ ਵਿਚੋਲਗੀ ਕਰਨੀ ਚਾਹੁੰਦੇ ਹੋ'। ਅਤੇ ਮੈਂ ਕਿਹਾ ਕਿੱਥੇ? ਅਤੇ ਉਹਨਾਂ ਕਿਹਾ, 'ਕਸ਼ਮੀਰ'।" 

ਡੋਨਾਲਡ ਟਰੰਪ ਵੱਲੋਂ ਦਿੱਤੇ ਇਸ ਬਿਆਨ ਨੂੰ ਭਾਰਤ ਨੇ ਰੱਦ ਕਰ ਦਿੱਤਾ ਹੈ। ਦੱਸ ਦਈਏ ਕਿ ਭਾਰਤ ਮੁੱਢ ਤੋਂ ਹੀ ਕਸ਼ਮੀਰ ਮਾਮਲੇ 'ਚ ਕਿਸੇ ਤੀਜੀ ਧਿਰ ਦੇ ਦਖਲ ਦਾ ਵਿਰੋਧ ਕਰਦਾ ਰਿਹਾ ਹੈ ਤੇ ਇਹ ਮਾਮਲਾ ਕਈ ਦਹਾਕਿਆਂ ਬਾਅਦ ਵੀ ਹੱਲ ਨਹੀਂ ਹੋ ਸਕਿਆ। ਹਜ਼ਾਰਾਂ ਕਸ਼ਮੀਰੀ ਲੋਕ ਕਸ਼ਮੀਰ ਵਿੱਚ ਭਾਰਤ ਖਿਲਾਫ ਲੜਦਿਆਂ ਆਪਣੀਆਂ ਜਾਨਾਂ ਦੇ ਚੁੱਕੇ ਹਨ।

ਜਿੱਥੇ ਭਾਰਤ ਕਿਸੇ ਤੀਜੀ ਧਿਰ ਦੀ ਵਿਚੋਲਗੀ ਤੋਂ ਹਮੇਸ਼ਾ ਮੁਨਕਰ ਹੁੰਦਾ ਰਿਹਾ ਹੈ ਉੱਥੇ ਪਾਕਿਸਤਾਨ ਹਮੇਸ਼ਾ ਕਿਸੇ ਤੀਜੀ ਧਿਰ ਦੀ ਵਿਚੋਲਗੀ ਰਾਹੀਂ ਇਸ ਮਸਲੇ ਨੂੰ ਹੱਲ ਕਰਨ ਦੀ ਵਕਾਲਤ ਕਰਦਾ ਰਿਹਾ ਹੈ। ਇਸੇ ਗੱਲ ਨੂੰ ਵਾਈਟ ਹਾਊਸ ਵਿਖੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੁਹਰਾਉਂਦਿਆਂ ਕਿਹਾ, "ਜੇ ਤੁਸੀਂ ਵਿਚੋਲਗੀ ਕਰਦੇ ਹੋ ਅਤੇ ਇਸ ਮਸਲੇ ਨੂੰ ਹੱਲ ਕਰਵਾਉਂਦੇ ਹੋ ਤਾਂ ਲੱਖਾਂ ਲੋਕਾਂ ਦੀਆਂ ਦੁਆਵਾਂ ਤੁਹਾਡੇ ਨਾਲ ਹੋਣਗੀਆਂ।"

ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕਰਦਿਆਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅਜਿਹੀ ਕੋਈ ਬੇਨਤੀ ਨਹੀਂ ਕੀਤੀ ਹੈ। ਉਹਨਾਂ ਕਿਹਾ ਕਿ ਭਾਰਤ ਆਪਣੇ ਉਸ ਵਿਚਾਰ 'ਤੇ ਹੀ ਹੈ ਕਿ ਪਾਕਿਸਤਾਨ ਨਾਲ ਸਾਰੇ ਮਸਲੇ ਸਿਰਫ ਦੁਵੱਲੀ ਗੱਲਬਾਤ ਰਾਹੀਂ ਹੀ ਵਿਚਾਰੇ ਜਾਣਗੇ। 

ਜਿੱਥੇ ਟਰੰਪ ਦੇ ਇਸ ਬਿਆਨ ਦਾ ਕਸ਼ਮੀਰੀ ਅਜ਼ਾਦੀ ਪਸੰਦ ਆਗੂ ਸਈਅਦ ਅਲੀ ਸ਼ਾਹ ਗਿਲਾਨੀ ਨੇ ਸਵਾਗਤ ਕੀਤਾ ਹੈ ਉੱਥੇ ਵਿਰੋਧੀ ਧਿਰ ਦੇ ਨੇਤਾ ਆਰ ਐੱਸ ਸੂਰਜੇਵਾਲਾ (ਕਾਂਗਰਸ), ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਅਤੇ ਖੱਬੇਪੱਖੀ ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਸਰਕਾਰ ਕੋਲੋਂ ਇਸ ਸਬੰਧੀ ਸਪਸ਼ਟੀਕਰਨ ਮੰਗਿਆ ਹੈ। 

ਇਸ ਮੌਕੇ ਟਰੰਪ ਨੇ ਪਾਕਿਸਤਾਨ ਦੀ ਤਾਰੀਫ ਕਰਦਿਆਂ ਕਿਹਾ ਕਿ ਉਹਨਾਂ ਨੂੰ ਯਕੀਨ ਹੈ ਕਿ ਤਾਲਿਬਾਨ ਨਾਲ ਚੱਲ ਰਹੀ ਸ਼ਾਂਤੀ ਵਾਰਤਾ ਨੂੰ ਸਿਰੇ ਚੜ੍ਹਾਉਣ ਵਿੱਚ ਪਾਕਿਸਤਾਨ ਅਮਰੀਕਾ ਦੀ ਮਦਦ ਕਰੇਗਾ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ