ਅਕਾਲ ਪੁਰਖ ਕੀ ਫੌਜ  

ਅਕਾਲ ਪੁਰਖ ਕੀ ਫੌਜ  

“ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ”

1699 ਦੀ ਵਿਸਾਖੀ ਵਾਲੇ ਦਿਨ ਅਕਾਲ ਪੁਰਖ ਦੇ ਹੁਕਮ ਅਨੁਸਾਰ ਦਸਵੇਂ ਪਾਤਸ਼ਾਹ ਦੀ ਸੱਚੀ ਕਿਰਪਾਨ ਪੰਜ ਸ਼ਰੀਰਾਂ ਵਿੱਚੋਂ ਲੰਘੀ ਜਿਹੜੇ ਤੀਜੇ ਪਾਤਸ਼ਾਹ ਦੇ ਬੋਲ “ਐਸਾ ਸਤਿਗੁਰੁ ਜੇ ਮਿਲੈ ਤਿਸਨੋ ਸਿਰੁ ਸਉਪੀਐ ਵਿਚਹੁ ਆਪੁ ਜਾਇ।।” ਨੂੰ ਪਰਤੱਖ ਕਰਦੇ ਹੋਏ ਖਾਲਸ ਹੋਏ ਅਤੇ ਸਭ ਗਿਣਤੀਆਂ ਮਿਣਤੀਆਂ ਅਤੇ ਯੱਕ-ਤੱਕ ਤੋਂ ਅਗਾਂਹ ਲੰਘ ਕੇ ਗੁਰੂ ਪਾਤਸ਼ਾਹ ਦੇ ਪਿਆਰੇ ਬਣੇ। ਪਾਤਸ਼ਾਹ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਅਤੇ ਫਿਰ ਆਪ ਉਹਨਾਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। “ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ।।” ਗੁਰੂ ਨਾਨਕ ਦੇ ਆਸ਼ੇ ਨੂੰ ਅੱਗੇ ਤੋਰਦੇ ਹੋਏ ਪਾਤਸ਼ਾਹ ਨੇ ਨਿਤਾਣਿਆਂ ਦੀ ਧਿਰ ਨੂੰ ਸਰਬੱਤ ਦੇ ਭਲੇ ਲਈ ਇਕ ਨਵਾਂ ਜਨਮ ਦਿੱਤਾ ਜੋ ਫਿਰ ਕਦੇ ਹਜ਼ਾਰਾਂ ਵਿੱਚ ਵੀ ਲੁਕਾਇਆ ਨਾ ਲੁਕਿਆ ਅਤੇ ਮੌਤ ਦਾ ਭੈਅ ਜਿਸ ਦੇ ਨੇੜੇ ਤੇੜੇ ਨਾ ਆਇਆ। “ਇਉਂ ਤੀਸਰ ਮਜਹਬ ਖਾਲਸਾ ਉਪਜਿਓ ਪਰਧਾਨਾ।”  ਜਦੋਂ ਅਕਾਲ ਪੁਰਖ ਦਾ ਹੁਕਮ ਹੋਣਾ ਸੀ ਇਹ ਬਿਲਕੁਲ ਉਦੋਂ ਅਤੇ ਉਵੇਂ ਹੀ ਵਾਪਰਨਾ ਸੀ। ਖਾਲਸਾ ਕੋਈ ਵਕਤੀ ਲੋੜ ‘ਚੋਂ ਨਹੀਂ ਸਾਜਿਆ ਗਿਆ, ਇਹ ਤਾਂ ਪ੍ਰਮਾਤਮਾ ਦੀ ਮੌਜ ਵਿੱਚ ਪਰਗਟ ਹੋਇਆ ਹੈ ਅਤੇ ਇਹ ਤਕਰੀਬਨ ਦੋ ਸੌ ਸਾਲ ਪਹਿਲਾਂ ਤੋਂ ਚੱਲੀ ਆ ਰਹੀ ਸੱਚ ਦੀ ਸੰਗਤ ਦੀ ਹੀ ਲਗਾਤਾਰਤਾ ਹੈ। ਇਹ ਦੁਨਿਆਵੀ ਹਿਸਾਬ ਕਿਤਾਬਾਂ ਤੋਂ ਪਾਰ ਸਦੀਵੀ ਸੱਚ ‘ਚ ਅਭੇਦ ਹੋਣ ਵਾਲੀ ਫੌਜ ਹੈ, ਅਕਾਲ ਪੁਰਖ ਦੀ ਫੌਜ। ਦਸਵੇਂ ਪਾਤਸ਼ਾਹ ਨੇ ਇਸ ਫੌਜ ਨੂੰ “ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ, ਨਹੀ ਮੋ ਸੇ ਗਰੀਬ ਕਰੋਰ ਪਰੇ।।” ਦੀ ਵਡਿਆਈ ਬਖਸ਼ੀ ਹੈ। 

ਇਹ ਹੱਦਾਂ ਬੰਨਿਆਂ ਤੋਂ ਪਾਰ ਦੀ ਸੁਰਤ ਵਿੱਚ ਹਮੇਸ਼ਾ ਸੁਤੰਤਰ ਵਿਚਰਨ ਵਾਲੀ ਫੌਜ ਹੈ। ਕੋਈ ਵੇਲਾ ਸੀ ਜਦੋਂ ਨਿਸ਼ਾਨ ਝੁਲਾਉਣਾ ਅਤੇ ਨਗਾਰਾ ਵਜਾਉਣਾ ਦੁਨਿਆਵੀ ਰਾਜੇ ਦੇ ਹੁਕਮ ਦੀ ਉਲੰਘਣਾ ਮੰਨਿਆ ਜਾਂਦਾ ਸੀ ਪਰ ਉਸ ਵੇਲੇ ਵੀ ਚੜ੍ਹਦੀਕਲਾ ਦਾ ਨਿਸ਼ਾਨ ਝੂਲਿਆ ਅਤੇ ਰਣਜੀਤ ਨਗਾਰਾ ਵੱਜਿਆ। ਇਹ ਸਭ ਤਾਂ ਪਹਿਲਾਂ ਹੀ ਸਪਸ਼ਟ ਸੀ ਕਿ ਇਸ ਫੌਜ ਨੇ ਅਕਾਲ ਪੁਰਖ ਤੋਂ ਵਗੈਰ ਕਦੀ ਵੀ ਹੋਰ ਕਿਸੇ ਦੇ ਅਧੀਨ ਨਹੀਂ ਵਿਚਰਨਾ, ਇਹੀ ਤਾਂ ਇਸ ਦਾ ਨਿਆਰਾਪਣ ਹੈ ਅਤੇ ਜਦੋਂ ਖਾਲਸਾ ਆਪਣੇ ਨਿਆਰੇ ਰੂਪ ਵਿੱਚ ਵਿਚਰਦਾ ਹੈ ਤਾਂ ਗੁਰੂ ਪਾਤਸ਼ਾਹ ਆਪਣਾ ਸਾਰਾ ਤੇਜ ਖਾਲਸੇ ਨੂੰ ਦੇ ਦਿੰਦੇ ਹਨ। “ਜਬ ਲਗ ਖਾਲਸਾ ਰਹੇ ਨਿਆਰਾ।। ਤਬ ਲਗ ਤੇਜ ਦੀਉ ਮੈਂ ਸਾਰਾ।।” ਸਮੇਂ ਸਮੇਂ ਸਿਰ ਖਾਲਸੇ ਨੇ ਨਿਆਰਾ ਰਹਿ ਕੇ ਬੇਅੰਤ ਕਮਾਈਆਂ ਕੀਤੀਆਂ ਹਨ, ਗੁਰੂ ਪਾਤਸ਼ਾਹ ਦੀ ਗੋਦ ਦਾ ਨਿੱਘ ਮਾਣਿਆਂ ਹੈ ਅਤੇ ਦੱਸਿਆ ਹੈ ਕਿ ਮੇਰਾ ਜਰਨੈਲ ਸਿਰਫ ਤੇ ਸਿਰਫ ਅਕਾਲ ਪੁਰਖ ਵਾਹਿਗੁਰੂ ਹੈ, ਹੋਰ ਕਿਸੇ ਦੁਨਿਆਵੀ ਰਾਜੇ/ਜਰਨੈਲ ਨੂੰ ਖਾਲਸੇ ਨੇ ਕਦੀ ਵੀ ਉਹ ਥਾਂ ਨਹੀਂ ਦਿੱਤੀ। ਜਿਹੜੇ ਸ਼ਰੀਰਾਂ ਨੂੰ ਗੁਰੂ ਦੀ ਤੇਗ ਨੇ ਖਾਲਸ ਕੀਤਾ ਸੀ ਉਹ ਅੱਜ ਵੀ ਗੁਰੂ ਪੰਥ ਨੂੰ ਆਪਣਾ ਸੀਸ (ਤਨ ਮਨ ਧਨ) ਭੇਟ ਕਰ ਰਹੇ ਹਨ, ਇਹੀ ਨਿਆਰੇ ਖਾਲਸੇ ਦੀ ਨਿਸ਼ਾਨੀ ਹੈ। ਭਾਵੇਂ ਅਨੰਦਪੁਰ ਦਾ ਕਿਲ੍ਹਾ ਹੋਵੇ, ਚਮਕੌਰ ਦੀ ਕੱਚੀ ਗੜ੍ਹੀ ਹੋਵੇ, ਮਾਛੀਵਾੜਾ, ਸਰਹੰਦ ਜਾ ਅਕਾਲ ਦਾ ਤਖਤ ਹੋਵੇ, ਗੁਰੂ ਦਾ ਥਾਪੜਾ ਨਿਆਰੇ ਖਾਲਸੇ ਨੂੰ ਹਮੇਸ਼ਾ ਅਨੰਦ ‘ਚ ਰੱਖਦਾ ਹੈ। ਗੁਰੂ ਖਾਲਸਾ ਪੰਥ ਹਰ ਪਰਖ ਦੀ ਘੜੀ ਵਿਚੋਂ ਪਾਸ ਹੁੰਦਾ ਆਇਆ ਹੈ, ਖੋਟ ਝੜਦੀ ਆਈ ਹੈ। ਸੱਚੇ ਪਾਤਸ਼ਾਹ ਨੇ ਇਹਨੂੰ ਸੂਬੇਦਾਰੀਆਂ ਤੋਂ ਕਿਤੇ ਪਾਰ ਦੀ ਸੁਰਤ ਬਖਸ਼ਿਸ਼ ਕੀਤੀ ਹੈ ਅਤੇ ਪਾਤਸ਼ਾਹੀ ਦਾਅਵੇ ਦੇ ਹਾਣਦਾ ਕੀਤਾ ਹੈ। ਗੁਰੂ ਦੀ ਬਖਸ਼ਿਸ ਨਾਲ ਇਹ ਖਾਲਸਾ ਕਦੇ ਹਾਥੀਆਂ ਨੂੰ ਕਾਬੂ ਕਰਦਾ ਹੈ, ਕਦੇ ਸਰਹਿੰਦ ਫਤਿਹ ਕਰਦਾ ਹੈ, ਕਦੇ ਸੀਸ ਤਲੀ ‘ਤੇ ਧਰ ਕੇ ਗੁਰਦੁਆਰਿਆਂ ਦੀ ਪਵਿੱਤਰਤਾ ਲਈ ਜੂਝ ਰਿਹਾ ਹੁੰਦਾ ਹੈ, ਇਹ ਲਗਾਤਾਰਤਾ ਸਿੱਖ ਸੁਰਤ ਨੂੰ ਗੁਰੂ ਦੇ ਨੇੜੇ ਕਰਨ ‘ਚ ਸਹਾਈ ਹੁੰਦੀ ਹੈ ਅਤੇ ਉਹਨੂੰ ਓਹਦੇ ਅਸਲ ਸ਼ੁੱਧ ਰੂਪ ਵਿੱਚ ਲੈ ਜਾਂਦੀ ਹੈ। ਜ਼ੁਲਮ ਕਰਨ ਵਾਲੇ ਦੁਨੀਆਵੀ ਰਾਜਿਆਂ ਨੂੰ ਇਹ ਸ਼ੁੱਧਤਾ ਮੁੱਢ ਤੋਂ ਹੀ ਪਸੰਦ ਨਹੀਂ, ਇਹ ਸਦੀਆਂ ਪੁਰਾਣਾ ਵੈਰ ਨਿਰੰਤਰ ਵੱਖ ਵੱਖ ਰੂਪਾਂ ਵਿੱਚੋਂ ਹੁੰਦਾ ਹੋਇਆ ਅੱਜ ਵੀ ਜਾਰੀ ਹੈ। ਤੱਤ ਖਾਲਸਾ ਗੁਰੂ ਦਾ ਓਟ ਆਸਰਾ ਲੈ ਕੇ ਯਕੀਨ, ਪਿਆਰ ਅਤੇ ਸ਼ਰਧਾ ਦੀ ਸਿਖਰ ‘ਤੇ ਜਾ ਕੇ ਫਿਰ ਕਮਰਕੱਸੇ ਕਰਕੇ ਤਿਆਰ ਬਰ ਤਿਆਰ ਖੜਾ ਮਿਲਦਾ ਹੈ। 

ਇਹ ਸ਼ੁੱਧ ਅਮਲ ਓਦੋਂ ਹੀ ਪਰਗਟ ਹੁੰਦਾ ਹੈ ਜਦੋਂ ਖਾਲਸਾ ਆਪਣੀ ਰਵਾਇਤ ਵਿੱਚੋਂ ਲੰਘ ਰਿਹਾ ਹੁੰਦਾ ਹੈ, ਗੁਰੂ ਸਾਹਿਬਾਨ ਦੇ ਆਸ਼ੇ ਅਨੁਸਾਰ ਚੱਲ ਰਿਹਾ ਹੁੰਦਾ ਹੈ, ਜਦੋਂ ਉਹਦੀ ਕਹਿਣੀ ਅਤੇ ਕਰਨੀ ਸਿਖਰ ਨੂੰ ਛੋਹ ਰਹੀ ਹੁੰਦੀ ਹੈ। ਜਦੋਂ ਉਹਦਾ ਸਮਰਪਣ ਨਫ਼ੇ ਨੁਕਸਾਨਾਂ  ਨੂੰ ਠੋਕਰ ਮਾਰ ਆਇਆ ਹੁੰਦਾ ਹੈ।  ਜਦੋਂ ਕੁਝ ਵੀ ਉਹਦਾ ਆਪਣਾ ਨੀ ਰਹਿ ਗਿਆ ਹੁੰਦਾ, ਜਦੋਂ ਉਹ ਸੀਸ ਵਾਲਾ ਹੋ ਗਿਆ ਹੁੰਦਾ ਹੈ। ਜਦੋਂ ਵੀ ਰਵਾਇਤ ਤੋਂ ਤਿਲਕ ਕੇ ਕੋਈ ਅਮਲ ਹੋਵੇਗਾ ਉਦੋਂ ਮੂੰਹ ਨਿਵਾਨ ਵੱਲ ਨੂੰ ਹੀ ਹੋਵੇਗਾ। “ਜਬ ਇਹ ਗਹੈ ਬਿਪਰਨ ਕੀ ਰੀਤ।। ਮੈਂ ਨ ਕਰਉਂ ਇਨ ਕੀ ਪ੍ਰਤੀਤ।।” 

ਜੇਕਰ ਅੱਜ ਅਸੀਂ ਆਪਣੇ ਉਸ ਸ਼ੁੱਧ ਰੂਪ ਦੇ ਗੈਰ ਹਾਜ਼ਰ ਹੋਣ ਦੇ ਫਿਕਰ ਵਿੱਚ ਹਾਂ, ਉਦਾਸੀ ‘ਚ ਹਾਂ ਤੇ ਬਸ ਇਸੇ ਹੀ ਉਦਾਸੀ ਤੇ ਫਿਕਰ ਦੇ ਜਿਕਰ ਵਿੱਚ ਹਾਂ ਤਾਂ ਇਹ ਸਾਡਾ ਅਮਲ ਸਹੀ ਨਹੀਂ ਹੈ। ਉਤਰਾਅ ਚੜਾਅ ਆਉਂਦੇ ਰਹੇ ਨੇ ਅਤੇ ਆਉਂਦੇ ਰਹਿਣਗੇ ਪਰ ਅਸੀਂ ਸਿਰਫ ਸ਼ਰਧਾ, ਸਮਰਪਣ, ਸੇਵਾ, ਸਿਮਰਨ ਅਤੇ ਅਰਦਾਸ ਨਾਲ ਹੀ ਉਸ ਸਿਖਰ ਨੂੰ ਮੁੜ ਛੋ ਸਕਾਂਗੇ। ਆਪਣੇ ਸੁੱਚੇ ਅਮਲ ਅਤੇ ਸ਼ੁੱਧ ਰੂਪ ਦੇ ਸਿਖਰ ‘ਤੇ ਜਾ ਕੇ ਇਹ ਫੌਜ ਆਪਣੀਆਂ ਸਰਬੱਤ ਦੇ ਭਲੇ ਦੀਆਂ ਪੈੜਾਂ ਇਸੇ ਤਰ੍ਹਾਂ ਛੱਡਦੀ ਰਹੇਗੀ। ਇਹ ਨਿਤਾਣਿਆਂ ਦੀ ਧਿਰ ਬਣ ਕੇ ਪੂਰੀ ਧਰਤ ‘ਤੇ ਸਰਬੱਤ ਦੇ ਭਲੇ ਅਤੇ ਬਰਾਬਰਤਾ ਦਾ ਢਾਂਚਾ ਸਿਰਜਦੀ ਰਹੇਗੀ। ਸਰਬੱਤ ਦੇ ਭਲੇ ਦੇ ਨਿਸ਼ਾਨਾਂ ਨੂੰ ਹੋਰ ਉਚਾਈਆਂ ਤੇ ਲੈ ਕੇ ਜਾਵੇਗੀ ਅਤੇ ਨਗਾਰਿਆਂ ਦੀਆਂ ਅਵਾਜਾਂ ਉੱਤੇ ਗੁਰੂ ਪੰਥ ਲਈ ਸੀਸ ਭੇਟ ਕਰਦੀ ਰਹੇਗੀ। ਇਹ ਚੜ੍ਹਦੀਕਲਾ ਦੀਆਂ ਧੁਨਾਂ ਬ੍ਰਹਿਮੰਡ ਵਿੱਚ ਖਿਲਾਰਦੀ ਰਹੇਗੀ, ਇਹਦੇ ਅਮਲਾਂ ਦੀਆਂ ਮਹਿਕਾਂ ਹਵਾਵਾਂ ਵਿੱਚ ਸਦਾ ਲਈ ਰਹਿਣਗੀਆਂ ਜਿਹੜੀਆਂ ਯੁਗਾਂ ਯੁਗਾਂ ਤਕ ਲੁਕਾਈ ਦੇ ਸਾਹਾਂ ਵਿੱਚ ਘੁਲ ਕੇ ਇਸ ਲਗਾਤਾਰਤਾ ਨੂੰ ਜਾਰੀ ਰੱਖਣਗੀਆਂ।   


ਮਲਕੀਤ ਸਿੰਘ 

ਸੰਪਾਦਕ, ਅੰਮ੍ਰਿਤਸਰ ਟਾਈਮਜ਼