ਮਿੱਟੀ ਦਾ ਪੁੱਤਰ

ਮਿੱਟੀ ਦਾ ਪੁੱਤਰ

 

ਅੱਜ ਉਹ ਫੇਰ ਮੇਰੇ ਚੇਤੇ ਆ ਗਿਆ 

ਹੱਥ 'ਚ ਬੰਟੇ ਅਤੇ ਮਨ ' 

ਘਰ ਦੇ ਹਾਲਾਤ ਦਾ ਫਿਕਰ 

ਪਿੰਡ ਦੀ ਫਿਰਨੀ ਫਿਰਨੀ ਜਾਂਦਾ 

ਅੱਜ ਉਹ ਫੇਰ ਦਿਸ ਪਿਆ

ਮਿੱਟੀ ਦਾ ਪੁੱਤਰ

ਮਿੱਟੀ ਦਾ ਬਹੁਤ ਮੋਹ ਕਰਦਾ  

ਖਾਲ਼ ਦੇ ਨਿਰਮਲ ਪਾਣੀ ਨੂੰ 

ਤੱਕ ਕੇ ਪਾਣੀ ਦਾ ਦੋਸਤ 

ਬਣਨ ਦਾ ਜੀ ਕਰਦਾ ਉਸਦਾ 

ਬੇ ਤਰਤੀਬੇ ਵਿਚਾਰਾਂ ਦਾ ਹੜ੍ਹ 

ਮਨ ਨੂੰ ਰੋੜ ਕੇ ਲੈ ਜਾਂਦਾ 

ਤੇ ਖਾਲ਼ ਦੇ ਪਾਣੀ 'ਚ ਤਰਦੇ 

ਪੱਤਿਆਂ ਵਾਂਗ ਮਨ ਦੇ ਬਲਬਲੇ 

ਆਪਣੇ ਆਪ ਨਾਲ ਹੀ 

ਜੱਦੋ ਜਹਿਦ ਹੁੰਦੇ ।

ਕੁਦਰਤ ਨਾਲ ਸਾਂਝ ਐਨੀ ਸੀ ਉਸਦੀ 

ਕਿ ਪੰਛੀਆਂ ਦੀਆਂ ਆਵਾਜ਼ਾਂ ਕੱਢਦਾ 

ਭੰਬੀਰੀਆਂ ਦੇ ਮਗਰ ਭੱਜਦਾ 

ਰੁੱਖ ਉਹਨੂੰ ਆਪਣੇ ਭਰਾ ਲੱਗਦੇ 

ਘਾਹ ਉੱਪਰ ਲਿਟ ਕੇ 

ਘਾਹ ਦੀ ਸ਼ੋਭਾ ਵਧਾਉਂਦਾ 

ਹਵਾਵਾਂ ਦੀ ਰੀਸ ਕਰਦਾ

ਕਿੱਕਰਾਂ ਨਿੰਮਾਂ ਨਾਲ ਯਾਰੀ 

ਵਫਾ ਸੰਗ ਨਿਭਾਉਂਦਾ।  

 

ਅਲਵੇਲਾ ਐਨਾ ਕਿ 

ਆਪਣੇ ਆਪ 'ਚ ਮਸਤ 

ਘੜੀ ਕਦੀ ਨਾ ਦੇਖਦਾ 

ਬਸ ਮਨ ਆਈਆਂ ਹੀ ਕਰਦਾ 

ਖੇਤਾਂ ਦੀਆਂ ਪਹੀਆਂ ਤੇ 

ਤੁਰਦੇ ਨੂੰ ਖੇਤ ਰੱਬ ਲੱਗਦੇ 

ਜਦੋਂ ਭੁੱਖ ਲੱਗਦੀ 

ਫੇਰ ਕਿਤੇ ਘਰ ਮੁੜਦਾ

ਭਾਵੇਂ ਦੇਖਣ ਨੂੰ ਬੇਪਰਵਾਹ ਲੱਗਦਾ

ਪਰ ਮਨ ਤੇ ਅਨੇਕਾਂ ਬੋਝ ਵੀ ਢੋਂਦਾ 

ਇਹ ਤਾਂ ਉਸਦੀ ਬਸ ਝਲਕ 

ਮਾਤਰ ਹੈ 

ਪੂਰਾ ਤਾਂ ਉਹ ਸ਼ਬਦਾਂ ਚ ਆਉਂਦਾ ਨੀ

ਕਿੰਨਾ ਛੋਟਾ ਪਰ 

ਕਿੰਨਾ ਵਿਸ਼ਾਲ ਅਨੁਭਵ ਸੀ ਉਹ 

ਉਹ ਯਾਨੀ ਕਿ ਮੇਰਾ 

ਮੇਰਾ ਬਚਪਨ ।

 

ਕੇਵਲ ਧਰਮਪੁਰਾ

9878801561