ਸਕਾਟਲੈਂਡ ਵਿਚ ਸਿਖਾਂ ਨੇ ਭਾਰਤੀ ਰਾਜਦੂਤ ਨੂੰ ਗੁਰਦੁਆਰੇ ਨਾ ਜਾਣ ਦਿਤਾ

ਸਕਾਟਲੈਂਡ ਵਿਚ ਸਿਖਾਂ ਨੇ ਭਾਰਤੀ ਰਾਜਦੂਤ ਨੂੰ ਗੁਰਦੁਆਰੇ ਨਾ ਜਾਣ ਦਿਤਾ

*ਗੁਰਦੁਆਰੇ ਵਿਚ ਸਿਖਾਂ ਨਾਲ ਕਰਨਾ ਚਾਹੁੰਦਾ ਸੀ ਮੀਟਿੰਗ

*ਭਾਈ ਨਿਝਰ ਦੇ ਕਤਲ ਕਾਰਣ ਗੁਸੇ ਵਿਚ ਨੇ ਇੰਗਲੈਂਡ ਦੇ ਸਿਖ

ਅੰਮ੍ਰਿਤਸਰ ਟਾਈਮਜ਼ ਬਿਊਰੋ

ਲੰਡਨ-  ਬ੍ਰਿਟਿਸ਼ ਸਿੱਖ ਕਾਰਕੁਨਾਂ ਦੇ ਇੱਕ ਸਮੂਹ ਨੇ ਬੀਤੇ ਦਿਨੀਂ  ਬਰਤਾਨੀਆ ਵਿੱਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਇਸਵਾਮੀ ਨੂੰ ਸਕਾਟਲੈਂਡ ਦੇ ਇੱਕ ਗੁਰਦੁਆਰੇ ਵਿੱਚ ਜਾਣ ਤੋਂ ਰੋਕ ਦਿੱਤਾ। 'ਟਾਈਮਜ਼ ਆਫ਼ ਇੰਡੀਆ' ਦੀ ਰਿਪੋਰਟ ਅਨੁਸਾਰ, ਖਾਲਿਸਤਾਨ ਪੱਖੀ  ਸਿੱਖ ਕਾਰਕੁਨ ਨੇ ਕਿਹਾ ਕਿ ਉਨ੍ਹਾਂ ਵਿੱਚੋਂ ਕੁਝ ਨੂੰ ਪਤਾ ਲੱਗਾ ਕਿ ਦੋਰਾਇਸਵਾਮੀ ਨੇ ਅਲਬਰਟ ਡਰਾਈਵ 'ਤੇ ਗਲਾਸਗੋ ਦੇ ਗੁਰਦੁਆਰੇ ਦੀ ਗੁਰਦੁਆਰਾ ਕਮੇਟੀ ਨਾਲ ਮੀਟਿੰਗ ਦੀ ਯੋਜਨਾ ਬਣਾਈ ਸੀ। ਇਸ ਤੋਂ ਬਾਅਦ ਕੁਝ ਸਿਖਾਂ ਨੇ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਨੂੰ ਕਿਹਾ ਕਿ ਤੁਹਾਡਾ ਸਵਾਗਤ ਨਹੀਂ ਹੈ ਅਤੇ ਉਹ ਵਾਪਸ ਚਲੇ ਗਏ। ਇਸ ਦੌਰਾਨ ਮਾਮੂਲੀ ਤਕਰਾਰ ਵੀ ਹੋਈ।

ਖਾਲਿਸਤਾਨ ਪੱਖੀ ਸਿੱਖ ਕਾਰਕੁਨ ਨੇ ਦਾਅਵਾ ਕੀਤਾ ਕਿ 'ਇਹ ਨਹੀਂ ਲੱਗਦਾ ਕਿ ਗੁਰਦੁਆਰਾ ਕਮੇਟੀ ਜੋ ਕੁਝ ਹੋਇਆ ਉਸ ਤੋਂ ਬਹੁਤ ਖੁਸ਼ ਹੈ। ਪਰ ਬਰਤਾਨੀਆ ਦੇ ਕਿਸੇ ਵੀ ਗੁਰਦੁਆਰੇ ਵਿੱਚ ਭਾਰਤੀ ਅਧਿਕਾਰੀਆਂ ਦਾ ਸੁਆਗਤ ਨਹੀਂ ਕੀਤਾ ਜਾਂਦਾ। ਅਸੀਂ ਬ੍ਰਿਟੇਨ ਅਤੇ ਭਾਰਤ ਦੀ ਮਿਲੀਭੁਗਤ ਤੋਂ ਤੰਗ ਆ ਚੁੱਕੇ ਹਾਂ। ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਪੈਦਾ ਹੋਏ ਤਣਾਅ ਕਾਰਨ ਬਰਤਾਨਵੀ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਦਾ ਸਬੰਧ ਅਵਤਾਰ ਸਿੰਘ ਖੰਡਾ ਅਤੇ ਜਗਤਾਰ ਸਿੰਘ ਜੌਹਲ ਨਾਲ ਵੀ ਹੈ।’ 

ਸਿੱਖ ਯੂਥ ਯੂਕੇ ਨੇ ਇਸ ਘਟਨਾ ਦੀ ਵੀਡੀਓ ਇੰਸਟਾਗ੍ਰਾਮ ‘ਤੇ ਪੋਸਟ ਕੀਤੀ , ਜਿਸ ਵਿੱਚ ਭਾਰਤੀ ਹਾਈ ਕਮਿਸ਼ਨਰ ਨੂੰ ਲੰਗਰ ਛਕਾਉਣ ਲਈ ਚਿੱਟੇ ਮੇਜ਼ ਕੱਪੜਿਆਂ ਨਾਲ ਵਿਛਾਏ ਮੇਜ਼ ਦਿਖਾਈ ਦੇ ਰਹੇ ਸਨ।

ਵੀਡੀਓ ਵਿੱਚ ਇੱਕ ਖਾਲਿਸਤਾਨ ਸਮਰਥਕ ਕਾਰਕੁਨ ਗੁਰਦੁਆਰਾ ਕਮੇਟੀ ਦੇ ਇੱਕ ਮੈਂਬਰ ਨਾਲ ਝਗੜਾ ਕਰਦਾ ਦਿਖਾਈ ਦੇ ਰਿਹਾ ਹੈ। ਗੁਰਦੁਆਰਾ ਕਮੇਟੀ ਵਾਲੇ ਨੇ ਵਰਕਰ ਦਾ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ। ਇਸ ਤੋਂ ਬਾਅਦ ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਦੋ ਵਰਕਰ ਕਾਰ ਪਾਰਕਿੰਗ ਵਿਚ ਭਾਰਤੀ ਹਾਈ ਕਮਿਸ਼ਨਰ ਦੀ ਕਾਰ ਵਲ ਜਾਂਦੇ ਹਨ ਅਤੇ ਕਾਰ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰਦੇ ਹਨ ਪਰ ਅੰਦਰੋਂ ਬੰਦ ਰਹਿੰਦਾ ਹੈ। ਇਸ ਤੋਂ ਬਾਅਦ ਕਾਰ ਮੁੜ ਜਾਂਦੀ ਹੈ ਅਤੇ ਉਥੋਂ ਰਵਾਨਾ ਹੋ ਜਾਂਦੀ ਹੈ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਮੈਂਬਰ ਕੋਈ ਦਖ਼ਲ ਨਾ ਦੇਣ।

ਭਾਰਤੀ ਹਾਈ ਕਮਿਸ਼ਨਰ ਦੀ ਫੇਰੀ ਵਿੱਚ ਵਿਘਨ ਪਾਉਣ ਵਾਲੇ ਕਾਰਕੁਨਾਂ ਵਿੱਚੋਂ ਇੱਕ ਨੇ ਕੈਮਰੇ ’ਤੇ ਕਿਹਾ ਕਿ ਅਸੀਂ ਸੁਣਿਆ ਹੈ ਕਿ ਲੰਡਨ ਅਤੇ ਐਡਿਨਬਰਗ ਤੋਂ ਭਾਰਤੀ ਰਾਜਦੂਤ ਇੱਥੇ ਆਉਣ ਵਾਲੇ ਹਨ। ਅਸੀਂ ਗੁਰਦੁਆਰੇ ਗਏ ਅਤੇ ਲੰਗਰ ਛਕਿਆ ਅਤੇ ਫਿਰ ਬਾਹਰ ਆ ਗਏ ਕਿਉਂਕਿ ਅਸੀਂ ਸੁਣਿਆ ਕਿ ਉਨ੍ਹਾਂ ਦੀ ਕਾਰ ਆ ਗਈ ਹੈ। ਉਹ ਕਾਰ ਪਾਰਕਿੰਗ 'ਤੇ ਪਹੁੰਚੇ ਤਾਂ ਦੇਖਿਆ ਕਿ ਉਥੇ ਤਿੰਨ ਸਿੱਖ ਖੜ੍ਹੇ ਸਨ ਅਤੇ ਉਹ ਕਾਰ ਮੋੜ ਕੇ ਚਲੇ ਗਏ। ਅਸੀਂ ਜਾਣਦੇ ਹਾਂ ਕਿ ਕੈਨੇਡਾ ਵਿੱਚ ਕੀ ਹੋਇਆ ਹੈ ? ਇਹ ਭਾਰਤੀ ਪ੍ਰਬੰਧ ਦੇ ਮੂੰਹ 'ਤੇ ਚਪੇੜ ਹੈ ਜਦੋਂ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਭਾਰਤ ਦੀ ਖੁੱਲ੍ਹ ਕੇ ਨਿੰਦਾ ਕੀਤੀ ਅਤੇ ਭਾਰਤੀ ਡਿਪਲੋਮੈਟਾਂ ਨੂੰ ਕੱਢ ਦਿੱਤਾ। ਜਦੋਂ ਕਿ ਸਾਡੀਆਂ ਗੁਰਦੁਆਰਾ ਕਮੇਟੀਆਂ ਚਲਾਉਣ ਵਾਲਿਆਂ ਨੇ ਇਨ੍ਹਾਂ ਲੋਕਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ।