ਸ੍ਰੀ ਗੁਰੂ ਰਾਮਦਾਸ ਜੀ ਦਾ ਜੀਵਨ-ਬ੍ਰਿਤਾਂਤ
9 ਅਕਤੂਬਰ ਗੁਰਪੁਰਬ ਵਿਸ਼ੇਸ਼
ਸਿੱਖ ਧਰਮ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ 25 ਅੱਸੂ ਸੰਮਤ ਨਾਨਕਸ਼ਾਹੀ 66 ਨੂੰ ਪਿਤਾ ਸ੍ਰੀ ਹਰਿਦਾਸ ਜੀ ਦੇ ਘਰ ਮਾਤਾ ਦਇਆ ਕੌਰ ਜੀ ਦੀ ਕੁੱਖ ਤੋਂ ਹੋਇਆ। ਸ੍ਰੀ ਗੁਰੂ ਰਾਮਦਾਸ ਜੀ ਦਾ ਬਚਪਨ ਦਾ ਨਾਮ ਭਾਈ ਜੇਠਾ ਜੀ ਸੀ। ਗੁਰੂ ਸਾਹਿਬ ਜੀ ਦਾ ਜਨਮ-ਅਸਥਾਨ ਲਾਹੌਰ ਦੀ ਚੂਨਾ ਮੰਡੀ (ਪਾਕਿਸਤਾਨ) ਵਿਚ ਹੈ। ਗੁਰੂ ਸਾਹਿਬ ਜੀ ਅਜੇ ਬਾਲ-ਅਵਸਥਾ ਵਿਚ ਹੀ ਸਨ ਕਿ ਪਹਿਲਾਂ ਮਾਤਾ ਜੀ ਅਤੇ ਬਾਅਦ ਵਿਚ ਪਿਤਾ ਜੀ ਅਕਾਲ ਚਲਾਣਾ ਕਰ ਗਏ। ਤਾਇਆਂ, ਚਾਚਿਆਂ ਅਤੇ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੇ ਛੋਟੇ ਬੱਚੇ ਦਾ ਬੋਝ ਝੱਲਣਾ ਸਵੀਕਾਰ ਨਾ ਕੀਤਾ। ਪਰ ਇਸ ਗੱਲ ਨੂੰ ਕੋਈ ਨਹੀਂ ਸੀ ਜਾਣਦਾ ਕਿ ਇਸ ਬਾਲਕ ਉੱਪਰ ਅਕਾਲ ਪੁਰਖ ਦੀ ਇੰਨੀ ਵੱਡੀ ਰਹਿਮਤ ਹੋਣ ਵਾਲੀ ਹੈ। ਕਿਸੇ ਨੂੰ ਕੀ ਪਤਾ ਸੀ ਇਹੀ ਬਾਲਕ ਦੀਨ ਦੁਨੀ ਦਾ ਵਾਲੀ ਹੈ, ਤ੍ਰਿਲੋਕੀ ਦਾ ਮਾਲਕ ਹੈ, ਇਸ ਅੱਗੇ ਰਾਜੇ-ਮਹਾਰਾਜੇ ਝੁਕ-ਝੁਕ ਕੇ ਨਮਸਕਾਰਾਂ ਕਰਨਗੇ! ਪਰ ਵਡਿਆਈ ਕਿਸੇ ਹੋਰ ਦੇ ਭਾਗਾਂ ਵਿਚ ਸੀ। ਉਹ ਸੀ ਆਪ ਜੀ ਦੀ ਨਾਨੀ ਜੋ ਬਾਸਰਕੇ (ਅੰਮ੍ਰਿਤਸਰ) ਪਿੰਡ ਦੀ ਰਹਿਣ ਵਾਲੀ ਸੀ। ਉਹ ਗੁਰੂ ਸਾਹਿਬ ਨੂੰ ਆਪਣੇ ਨਾਲ ਬਾਸਰਕੇ ਪਿੰਡ ਲੈ ਆਈ। ਸ੍ਰੀ ਗੁਰੂ ਰਾਮਦਾਸ ਜੀ ਆਪਣੀ ਬਾਣੀ ਵਿਚ ਅਕਾਲ ਪੁਰਖ ਪ੍ਰਤੀ ਅਤੇ ਆਪਣੀ ਐਸੀ ਹਾਲਤ ਪ੍ਰਤੀ ਬਹੁਤ ਹੀ ਨਿਮਰਤਾ ਸਹਿਤ ਬਿਆਨ ਕਰਦੇ ਹੋਏ ਫ਼ਰਮਾਨ ਕਰਦੇ ਹਨ:
ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ॥ (ਪੰਨਾ 167)
ਛੋਟੀ ਉਮਰ ਵਿਚ ਗੁਰੂ ਸਾਹਿਬ ਨੇ ਬਾਸਰਕੇ ਪਿੰਡ ਆ ਕੇ ਘੁੰਙਣੀਆਂ ਵੇਚਣ ਦੀ ਕਿਰਤ ਸ਼ੁਰੂ ਕੀਤੀ ਅਤੇ ਆਪਣੇ ਜੀਵਨ ਦਾ ਗੁਜ਼ਰਾਨ ਕਰਨ ਲੱਗੇ। ਬਾਸਰਕੇ ਪਿੰਡ ਵਿਚ ਕੁਝ ਸਮਾਂ ਰਹਿਣ ਤੋਂ ਬਾਅਦ ਗੁਰੂ ਸਾਹਿਬ ਆਪਣੀ ਨਾਨੀ ਜੀ ਨਾਲ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਗਏ ਅਤੇ ਉਥੇ ਹੀ ਵੱਸ ਗਏ।
ਗੁਰੂ ਸਾਹਿਬ ਨੇ ਗੋਇੰਦਵਾਲ ਸਾਹਿਬ ਗੁਰੂ-ਘਰ ਦੀ ਸੇਵਾ ਕਰਨ ਦੇ ਨਾਲ-ਨਾਲ ਆਪਣੇ ਹੱਥੀਂ ਕਿਰਤ ਕਰਨੀ ਜਾਰੀ ਰੱਖੀ ਸੀ। ਉਹ ਹਰ ਰੋਜ਼ ਘੁੰਙਣੀਆਂ ਵੇਚਣ ਜਾਂਦੇ ਸਨ ਤੇ ਬਾਕੀ ਸਾਰਾ ਸਮਾਂ ਸ੍ਰੀ ਗੁਰੂ ਅਮਰਦਾਸ ਜੀ ਦੀ ਹਜ਼ੂਰੀ ਵਿਚ ਸੰਗਤਾਂ ਦੀ ਨਿਸ਼ਕਾਮ ਸੇਵਾ ਕਰਦੇ ਸਨ।
ਇਸ ਸੇਵਾ-ਭਾਵਨਾ ਦੀ ਰੁਚੀ ਅਤੇ ਹੋਰ ਅਨੇਕ ਗੁਣਾਂ ਨੂੰ ਵੇਖ ਕੇ ਹੀ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ ਸ੍ਰੀ ਗੁਰੂ ਰਾਮਦਾਸ ਜੀ ਨਾਲ ਕਰ ਦਿੱਤਾ। ਸ੍ਰੀ ਗੁਰੂ ਰਾਮਦਾਸ ਜੀ ਨੇ ਵਿਆਹ ਉਪਰੰਤ ਵੀ ਸੇਵਾ ਨਿਰੰਤਰ ਜਾਰੀ ਰੱਖੀ ਅਤੇ ਅੱਗੇ ਤੋਂ ਵੀ ਵਧ-ਚੜ੍ਹ ਕੇ ਸੇਵਾ ਕਰਨ ਲੱਗੇ। ਭਾਈ ਕੇਸਰ ਸਿੰਘ ਛਿੱਬਰ ਰਚਿਤ ‘ਬੰਸਾਵਲੀਨਾਮਾ’ ਵਿਚ ਇਸ ਸੇਵਾ ਬਾਰੇ ਇਸ ਤਰ੍ਹਾਂ ਜ਼ਿਕਰ ਕੀਤਾ ਗਿਆ ਹੈ:
ਸਾਕ ਨ ਜਾਤਾ, ਹਿਰਦੇ ਰਖਿਆ ਸੇਵਕੀ ਭਾਉ।
ਚਚਲਾਈ ਚਤ੍ਰਾਈ, ਨ ਖੇਡਣ ਹਸਣ ਕਾ ਚਾਉ।
ਪ੍ਰੀਤ ਚਰਨਾਂ ਦੀ ਸੇਵਕੀ ਰਖੀ।
ਬਿਨਾ ਸਤਿਗੁਰ ਹੋਰ ਨ ਦੇਖਣ ਅੱਖੀ।
ਬਰਸ ਅਠਾਈ ਸੇਵਕੀ ਕੀਤੀ ਸਹੁਰੇ ਨ ਜਾਤੇ।
ਸੰਤਾਨ :
ਸ੍ਰੀ ਗੁਰੂ ਰਾਮਦਾਸ ਜੀ ਦੇ ਤਿੰਨ ਸਪੁੱਤਰ ਸਨ- ਪਹਿਲੇ, ਬਾਬਾ ਪ੍ਰਿਥੀ ਚੰਦ ਜੀ; ਦੂਸਰੇ, ਬਾਬਾ ਮਹਾਂਦੇਵ ਜੀ ਅਤੇ ਤੀਸਰੇ, ਸ੍ਰੀ ਗੁਰੂ ਅਰਜਨ ਦੇਵ ਜੀ। ਸ੍ਰੀ ਗੁਰੂ ਰਾਮਦਾਸ ਜੀ ਨਿਮਰਤਾ ਦੇ ਪੁੰਜ ਸਨ। ਆਪ ਕਦੇ ਵੀ ਆਪਣੀ ਜ਼ਬਾਨ ਤੋਂ ਕੌੜਾ ਬਚਨ ਨਹੀਂ ਕਰਦੇ ਸਨ ਸਗੋਂ ਆਪ ਜੀ ਦੀ ਰਸਨਾ ਤੋਂ ਹਮੇਸ਼ਾ ਅੰਮ੍ਰਿਤਮਈ ਬਚਨ ਨਿਕਲਦੇ ਸਨ। ਆਪ ਜੀ ਦੀ ਨਿਮਰਤਾ ਬਾਰੇ ‘ਗੁਰਪ੍ਰਤਾਪ ਸੂਰਜ ਗ੍ਰੰਥ’ ਵਿਚ ਅੰਕਿਤ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਜਦੋਂ ਸ੍ਰੀ ਗੁਰੂ ਰਾਮਦਾਸ ਜੀ ਨੂੰ ਮਿਲੇ ਤਾਂ ਬਾਬਾ ਸ੍ਰੀ ਚੰਦ ਜੀ ਨੇ ਖੁਸ਼ ਹੋ ਕੇ ਬੜੀਆਂ ਅਸੀਸਾਂ ਦਿੱਤੀਆਂ ਸਨ ਜਿਵੇਂ:
ਦੇਖਿ ਨਿੰਮ੍ਰਤਾ ਗੁਰੂ ਕੀ ਸ਼੍ਰੀਚੰਦ ਭਏ ਪ੍ਰਸੰਨ।
ਅੰਗਦ ਲੀਨੀ ਸੇਵ ਕਰਿ ਤੁਮਰੋ ਪ੍ਰੇਮ ਅਨੰਨ॥
ਤੁਮਰੀ ਮਹਿਮਾ ਅਧਿਕ ਹੈ ਕਹੀਏ ਕਾਹਿ ਬਨਾਇ॥
ਤੁਮਰੇ ਸਰ ਮੈਂ ਜੋ ਮਜਿਹ ਪਾਪੀ ਭੀ ਗਤਿ ਪਾਇ॥80॥ (ਰਾਸਿ 2 ਅੰਸ 15 ਸਫ਼ਾ 1701, ਜਿਲਦ ਪੰਜਵੀਂ)
ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਦਾ ਵਾਰਸ ਨਿਯੁਕਤ ਕਰਨ ਲਈ ਹਰ ਸਮੇਂ ਹੀ ਨਿਗਾਹ ਨਾਲ ਵਾਚਦੇ ਸਨ। ਗੁਰੂ ਸਾਹਿਬ ਜੀ ਆਪਣੇ ਪੁੱਤਰਾਂ ਦੀ ਸੇਵਾ ਤੋਂ ਵੀ ਜਾਣੂ ਸਨ। ਹੋਰ ਗੁਰਸਿੱਖ ਵੀ ਅਥਾਹ ਸੇਵਾ ਕਰਦੇ ਸਨ ਪਰ ਸ੍ਰੀ ਗੁਰੂ ਅਮਰਦਾਸ ਜੀ ਨੇ ਸਭ ਤੋਂ ਵੱਧ ਯੋਗ ਸ੍ਰੀ ਗੁਰੂ ਰਾਮਦਾਸ ਜੀ ਨੂੰ ਜਾਣ ਕੇ ਅਗਸਤ 1574 ਈ. ਨੂੰ ਸਾਰੀ ਸੰਗਤ ਤੇ ਪਰਵਾਰ ਦੇ ਸਾਹਮਣੇ ਗੁਰਗੱਦੀ ਬਖ਼ਸ਼ ਕੇ ਆਪ ਸ੍ਰੀ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕਿਆ ਅਤੇ ਸਭ ਸੰਗਤ, ਪਰਵਾਰ ਨੂੰ ਵੀ ਮੱਥਾ ਟੇਕਣ ਲਈ ਕਿਹਾ। ਜਿਵੇਂ ਕਿ ਗੁਰਬਾਣੀ ਵਿਚ ਫ਼ਰਮਾਨ ਹੈ:
ਸਭਿ ਸਿਖ ਬੰਧਪ ਪੁਤ ਭਾਈ ਰਾਮਦਾਸ ਪੈਰੀ ਪਾਇਆ॥ (ਪੰਨਾ 923)
ਸਿੱਖੀ ਦੇ ਪ੍ਰਚਾਰ ਨੂੰ ਹੋਰ ਅੱਗੇ ਦੂਰ-ਦੂਰ ਤਕ ਵਧਾਉਣ ਲਈ ਸ੍ਰੀ ਗੁਰੂ ਅਮਰਦਾਸ ਜੀ ਨੇ ਪਹਿਲਾਂ ਹੀ ਫੈਸਲਾ ਕਰ ਕੇ ਧਰਮ ਪ੍ਰਚਾਰ ਦਾ ਕੇਂਦਰ ਬਦਲਣ ਦਾ ਵਿਚਾਰ ਸ੍ਰੀ ਗੁਰੂ ਰਾਮਦਾਸ ਜੀ ਨੂੰ ਦੱਸ ਦਿੱਤਾ ਸੀ। ਇਸ ਕਰਕੇ ਪਹਿਲਾਂ ਹੀ ਮਾਝੇ ਵਿਚ ਨਵੇਂ ਨਗਰ ਨੂੰ ਵਸਾਉਣ ਲਈ ਥਾਂ ਪਸੰਦ ਕਰਨ ਸ੍ਰੀ ਗੁਰੂ ਰਾਮਦਾਸ ਜੀ ਨੂੰ ਭੇਜਿਆ ਸੀ। ਇਸ ਗੱਲ ਦਾ ਜ਼ਿਕਰ ਭਾਈ ਮਨੀ ਸਿੰਘ ਜੀ ਨੇ ਵੀ ਕੀਤਾ ਹੈ ਕਿ ਹੁਕਮ ਗੁਰੂ ਅਮਰਦਾਸ ਜੀ ਦਾ ਸੀ ਕਿ “ਪੁਰਖਾ! ਕੋਈ ਤੀਰਥ ਮਦਰ ਦੇਸ਼ ਵਿਚ ਕਰੀਏ ਜੋ ਤਰਲੋਕੀ ਦੇ ਸਭਨਾਂ ਦਾ ਫਲ ਹੋਵੇ। ਤਾਂ ਚੌਥੇ ਪਾਤਸ਼ਾਹ ਤਾਲ ਖੁਦਾਇ ਕੇ ਤਿਆਰ ਕੀਤਾ।”
ਸ੍ਰੀ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ’ਤੇ ਬੈਠਣ ’ਤੇ ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਦੀ ਸੰਤਾਲਵੀਂ ਪਉੜੀ ਵਿਚ ਇਸ ਤਰ੍ਹਾਂ ਜ਼ਿਕਰ ਕੀਤਾ ਹੈ:
ਦਿਚੈ ਪੂਰਬਿ ਦੇਵਣਾ ਜਿਸ ਦੀ ਵਸਤੁ ਤਿਸੈ ਘਰਿ ਆਵੈ।
ਬੈਠਾ ਸੋਢੀ ਪਾਤਿਸਾਹੁ ਰਾਮਦਾਸੁ ਸਤਿਗੁਰੂ ਕਹਾਵੈ।
ਸ੍ਰੀ ਗੁਰੂ ਰਾਮਦਾਸ ਜੀ ਨੇ 1574 ਈ. ਨੂੰ ਅੰਮ੍ਰਿਤਸਰ ਵਾਲੀ 500 ਵਿਘਾ ਜ਼ਮੀਨ ਤੁੰਗ ਪਿੰਡ ਦੇ ਜ਼ਿਮੀਂਦਾਰਾਂ ਪਾਸੋਂ 700 ਅਕਬਰੀ ਰੁਪਏ ਦੇ ਕੇ ਮੁੱਲ ਖਰੀਦ ਕੇ ਇਸ ਨਗਰ ਦੀ ਨੀਂਹ ਰੱਖੀ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਸਮਾਉਣ ਪਿੱਛੋਂ ਗੁਰੂ ਕੇ ਚੱਕ ਵਿਚ ਹੀ ਗੁਰੂ ਜੋਤਿ ਜਗਾਉਣੀ ਅਰੰਭ ਕੀਤੀ ਜਿਸ ਤੋਂ ਇਸ ਨਗਰ ਦਾ ਨਾਂ ਰਾਮਦਾਸਪੁਰ ਪੈ ਗਿਆ।
ਨਵਾਂ ਨਗਰ ਵਸਾ ਕੇ ਗੁਰੂ ਸਾਹਿਬ ਜੀ ਨੇ ਆਪਣੀ ਰਿਹਾਇਸ਼ ਪੱਕੇ ਤੌਰ’ਤੇ ਇਥੇ ਹੀ ਕਰ ਲਈ। ਆਪ ਜੀ ਨੇ ਇਸ ਨਗਰ ਵਿਚ 52 ਕਿੱਤਿਆਂ ਦੇ ਕਾਰੀਗਰ ਮੰਗਵਾਏ ਤੇ ਉਨ੍ਹਾਂ ਦਾ ਕਾਰੋਬਾਰ ਸ਼ੁਰੂ ਕਰਵਾਉਣ ਲਈ ਫ੍ਰੀ ਦੁਕਾਨਾਂ ਅਤੇ ਮਾਇਆ ਵੀ ਦਿੱਤੀ। 1577 ਈ. ਨੂੰ ਗੁਰੂ ਸਾਹਿਬ ਜੀ ਨੇ ਦੁੱਖਭੰਜਨੀ ਬੇਰੀ ਕੋਲ ਇਕ ਸਰੋਵਰ ਖੁਦਵਾਇਆ, ਜਿਸ ਦਾ ਨਾਂ ਅੰਮ੍ਰਿਤ ਸਰ ਰੱਖਿਆ। ਗੁਰੂ ਸਾਹਿਬ ਦੀ ਰਹਿਮਤ ਸਦਕਾ ਇਥੇ ਵੱਡੇ ਪੱਧਰ ’ਤੇ ਵਪਾਰ ਸ਼ੁਰੂ ਹੋ ਗਿਆ। ਇਹ ਸ਼ਹਿਰ ਉੱਤਰੀ ਭਾਰਤ ਵਿਚ ਵਪਾਰ ਦਾ ਪ੍ਰਮੁੱਖ ਸ਼ਹਿਰ ਬਣ ਗਿਆ।
ਇਸ ਸ਼ਹਿਰ ਵਿਚ ਰੌਣਕਾਂ ਲੱਗ ਗਈਆਂ ਜਿਸਦੇ ਬਾਰੇ ਮੁਹੰਮਦ ਲਤੀਫ ਲਿਖਦਾ ਹੈ ਕਿ “ਕੇਂਦਰੀ ਅਸਥਾਨ ਉੱਤੇ ਅੰਮ੍ਰਿਤਸਰ ਬਣਾ ਕੇ ਗੁਰੂ ਜੀ ਨੇ ਸਿੱਖ ਕੌਮ ਦੀ ਨੀਂਹ ਮਜ਼ਬੂਤ ਕਰ ਦਿੱਤੀ। ਇਸ ਤਰ੍ਹਾਂ ਐਸਾ ਧੁਰਾ ਬਣ ਗਿਆ ਜਿਸ ਦੇ ਦੁਆਲੇ ਅਸਾਨੀ ਨਾਲ ਸਿੱਖ ਇਕੱਠੇ ਹੋ ਸਕਦੇ ਸਨ। ਸਿੱਖ ਸ਼ਾਂਤ ਸੁਭਾਅ ਨਾਲ ਆਪਣੇ ਪਹਿਲੇ ਗੁਰੂ ਸਾਹਿਬਾਨ ਦੇ ਪਾਏ ਪੂਰਨਿਆਂ ਉੱਤੇ ਚੱਲ ਰਹੇ ਸਨ। ਸਿੱਖਾਂ ਨੇ ਇਕੱਠੇ ਬੈਠਣ ਦਾ ਵੱਲ ਸਿੱਖਿਆ ਅਤੇ ਆਪਣੇ ਵਿਚ ਭਗਤੀ-ਭਾਵ ਪੈਦਾ ਕਰ ਕੇ ਕੌਮੀ ਜਜ਼ਬੇ ਦੀ ਤਾਰ ਨੂੰ ਮਜ਼ਬੂਤ ਕੀਤਾ। ਇਸ ਤਰ੍ਹਾਂ ਇਕ ਭਾਂਡੇ ਵਿਚ ਛਕਣ ਦੇ ਰਾਹ ਟੁਰਨ ਲਈ ਉਹ ਤਿਆਰ ਹੋਏ।”
ਗੁਰੂ ਸਾਹਿਬ ਜੀ ਨੇ ਸਿੱਖੀ ਦੇ ਪ੍ਰਚਾਰ ਵਾਸਤੇ ਮਸੰਦ ਪ੍ਰਥਾ ਕਾਇਮ ਕੀਤੀ ਜੋ ਵੱਖ-ਵੱਖ ਇਲਾਕਿਆਂ ਵਿਚ ਸਿੱਖੀ ਦਾ ਪ੍ਰਚਾਰ ਕਰਦੇ ਸਨ ਅਤੇ ਸੰਗਤਾਂ ਕਾਇਮ ਕਰਦੇ ਸਨ ਤੇ ਸਾਲ ਵਿਚ ਇਕ-ਦੋ ਵਾਰ ਕੇਂਦਰੀ ਅਸਥਾਨ ਸ੍ਰੀ ਅੰਮ੍ਰਿਤਸਰ ਵਿਖੇ ਸੰਗਤਾਂ ਸਮੇਤ ਗੁਰੂ-ਦਰਸ਼ਨਾਂ ਲਈ ਆਉਂਦੇ ਸਨ। ਇਸ ਨਾਲ ਸਿੱਖੀ ਦੇ ਪ੍ਰਚਾਰ ਵਿਚ ਬਹੁਤ ਵਾਧਾ ਹੋਇਆ।
ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ 30 ਰਾਗਾਂ ਵਿਚ ਬਾਣੀ ਉਚਾਰਨ ਕੀਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ 22 ਵਾਰਾਂ ਵਿੱਚੋਂ 8 ਵਾਰਾਂ ਸ੍ਰੀ ਗੁਰੂ ਰਾਮਦਾਸ ਜੀ ਨੇ ਉਚਾਰਨ ਕੀਤੀਆਂ ਹਨ। ਸੂਹੀ ਰਾਗੁ ਵਿਚ ਉਚਾਰਨ ਕੀਤੀਆਂ ਲਾਵਾਂ ਵੀ ਗੁਰੂ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਹੀ ਉਚਾਰਨ ਕੀਤੀਆਂ ਹੋਈਆਂ ਹਨ।
ਸ੍ਰੀ ਗੁਰੂ ਰਾਮਦਾਸ ਜੀ ਆਪਣਾ ਅੰਤਮ ਸਮਾਂ ਨੇੜੇ ਆਇਆ ਜਾਣ ਕੇ ਗੁਰਗੱਦੀ ਦੀ ਜ਼ਿੰਮੇਵਾਰੀ ਆਪਣੇ ਸਭ ਤੋਂ ਛੋਟੇ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸੌਂਪ ਕੇ ਬਿਕ੍ਰਮੀ 1638 ਨੂੰ ਜੋਤੀ ਜੋਤਿ ਸਮਾ ਗਏ।
ਜਸਪਾਲ ਸਿੰਘ ਢੱਡੇ
Comments (0)