ਤੰਬਾਕੂ ਨਹੀਂ ਜਿੰਦਗੀ ਚੁਣੋ

ਤੰਬਾਕੂ ਨਹੀਂ ਜਿੰਦਗੀ ਚੁਣੋ

ਇਕਵਾਕ ਸਿੰਘ ਪੱਟੀ
ਸੁਲਤਾਨਵਿੰਡ ਰੋਡ, ਅੰਮ੍ਰਿਤਸਰ।


ਨਸ਼ਾ ਕਿਸੇ ਵੀ ਤਰ੍ਹਾਂ ਦਾ, ਕਿਸੇ ਵੀ ਰੂਪ ਵਿੱਚ ਹੋਵੇ, ਸਰੀਰ ਲਈ ਹਮੇਸ਼ਾ ਨੁਕਸਾਨਦਾਇਕ ਹੀ ਹੁੰਦਾ ਹੈ। ਇਹੀ ਕਾਰਣ ਹੈ ਕਿ ਸਮੇਂ ਸਮੇਂ 'ਤੇ ਡਾਕਟਰੀ ਵਿਗਿਆਨ ਵੱਲੋਂ ਮਨੁੱਖਤਾ ਨੂੰ ਨਸ਼ਿਆਂ ਤੋਂ ਮੁਕਤ ਰਹਿਣ ਦੀਆਂ ਅਪੀਲਾਂ ਕੀਤੀਆਂ ਜਾਂਦੀਆਂ ਰਹਿੰਦੀਆਂ ਹਨ। ਕੁਝ ਨਸ਼ੇ ਤਾਂ ਐਸੇ ਵੀ ਹੁੰਦੇ ਹਨ ਜਿਹਨਾਂ ਦੀ ਵਰਤੋਂ ਕਰਨ ਵਾਲੇ ਤਾਂ ਕਈ ਬਿਮਾਰੀਆਂ ਨਾਲ ਪੀੜਿਤ ਹੋ ਜਾਂਦੇ ਹਨ, ਪਰ ਉਹਨਾਂ ਨਸ਼ਿਆਂ ਨੂੰ ਸੇਵਨ ਕਰਨ ਵਾਲੇ ਵਿਅਕਤੀਆਂ ਦੇ ਨੇੜੇ ਰਹਿਣ ਵਾਲੇ ਵਿਅਕਤੀ ਵੀ, ਕਈ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ। ਇਹਨਾਂ ਵਿੱਚੋਂ ਹੀ ਇੱਕ ਹੈ ਸਭ ਤੋਂ ਸਸਤਾ ਅਤੇ ਆਮ ਮਿਲ ਜਾਣ ਵਾਲਾ ਖ਼ਤਰਨਾਕ ਨਸ਼ਾ 'ਤੰਬਾਕੂ' ਹੈ।
ਦੇਸ਼ ਦੁਨੀਆਂ ਵਿੱਚ 50 ਲੱਖ ਤੋਂ ਵਧੇਰੇ ਮੌਤਾਂ ਇਸ ਤੰਬਾਕੂ ਕਰਕੇ ਹੁੰਦੀਆਂ ਹਨ। ਤੰਬਾਕੂ ਦਾ ਸੇਵਨ ਸਿੱਧੇ ਜਾਂ ਅਸਿੱਧੇ ਢੰਗ ਨਾਲ ਕਈ ਰੂਪਾਂ ਵਿੱਚ ਕੀਤਾ ਜਾਂਦਾ ਹੈ, ਜਿਨ੍ਹਾਂ ਵਿੱਚੋਂ ਪਾਨ, ਸੁਪਾਰੀ, ਖੈਨੀ, ਜ਼ਰਦਾ, ਸਿਗਾਰ, ਹੁੱਕਾ, ਗੁਟਖਾ ਅਤੇ ਸਿਗਰੇਟ/ਬੀੜੀ ਵਗ਼ੈਰਾ ਖਾਸ ਕਰਕੇ ਮਸ਼ਹੂਰ ਹਨ। ਇਤਿਹਾਸਕ ਸੰਦਰਭ ਵਿੱਚ ਤੰਬਾਕੂ ਦੀ ਵਰਤੋਂ ਇੱਕ ਧਾਰਮਿਕ ਤਿਉਹਾਰ ਮੌਕੇ ਪੂਜਾ ਦੇ ਰੂਪ ਵਿਚ ਅਤੇ ਪੂਜਾ ਦੇ ਨਾਂ ਤੇ ਸੇਵਨ ਕਰਕੇ ਆਪਣੇ ਆਪ ਨੂੰ ਮਸਤੀ ਵਿਚ ਲਿਆਉਣ ਲਈ ਕੀਤੀ ਜਾਂਦੀ ਰਹੀ ਹੈ ਅਤੇ ਭਾਰਤ ਵਿਚ ਅੱਜ ਵੀ ਜਾਰੀ ਹੈ। ਲੋਕ ਪਹਿਲਾਂ ਇਸ ਦੀ ਵਰਤੋਂ ਕਰਨ ਲਈ ਤੰਬਾਕੂ ਦੇ ਪੱਤਿਆਂ ਨੂੰ ਕਾਗਜ਼ ਵਿਚ ਰੱਖ ਕੇ, ਸੂਟੇ ਲਾਇਆ ਕਰਦੇ ਸਨ ਅਤੇ ਫਿਰ ਇਸ ਤੋਂ ਹੋਰ ਕਿਸਮਾਂ ਜਿਵੇਂ ਚਿੱਥ ਕੇ, ਸੁੰਘ ਕੇ ਜਾਂ ਪਾਈਪ ਵਗੈਰਾ ਰਾਹੀਂ ਇਸ ਦੀ ਵਰਤੋਂ ਕਰਦੇ ਰਹੇ। ਇੱਕ ਅਮਰੀਕੀ ਵਿਗਿਆਨੀ ਜੇਮਸ ਅਲਬਰਟ ਬੋਨਸੈਕ ਨੇ ਸੰਨ 1880 ਵਿਚ ਸਿਗਰੇਟ ਬਣਾਉਣ ਵਾਲੀ ਮਸ਼ੀਨ ਤਿਆਰ ਕਰ ਲਈ ਤਾਂ ਲੋਕਾਂ ਨੇ ਇਹ ਨਸ਼ਾ ਸਿਗਰੇਟ ਰਾਹੀਂ ਲੈਣਾ ਸ਼ੁਰੂ ਕਰ ਦਿੱਤਾ। ਇੱਥੋਂ ਹੀ ਸਿਗਰੇਟ ਦੇ ਵੱਖ-ਵੱਖ ਬ੍ਰਾਂਡਾਂ ਦਾ ਦੌਰ ਸ਼ੁਰੂ ਹੋਇਆ ਅਤੇ ਸਮਾਜ ਵਿਚ ਸੋਸ਼ਲ ਡਰਿੰਕਸ ਵਾਂਙ ਪੈਰ ਜਮਾਉਣ ਵਿਚ ਇਸ ਨਸ਼ੇ ਨੇ ਸਫਲਤਾ ਹਾਸਲ ਕੀਤੀ। ਇਸ ਦੇ ਨਾਲ ਹੀ ਮਨੋਰੰਜਨ ਪਰਦੇ (ਸਿਨੇਮਾ) ਰਾਹੀਂ ਕਲਾਕਾਰਾਂ ਵੱਲੋਂ ਇਸ ਦੀ ਵਰਤੋਂ ਨੂੰ ਹੋਰ ਵੀ ਹੱਲਾਸ਼ੇਰੀ ਦਿੱਤੀ, ਜਿਸ ਕਰਕੇ ਆਮ ਜਨਤਾ ਨੇ ਇਸ ਨੂੰ ਫੈਸ਼ਨਪ੍ਰਸਤੀ ਵਜੋਂ ਅਪਣਾ ਲਿਆ। ਭਾਵੇਂ ਕਿ ਹੁਣ ਸਿਨੇਮਾਂ (ਵੱਡੇ ਅਤੇ ਛੋਟੇ ਪਰਦੇ 'ਤੇ) ਸਰਕਾਰ ਵੱਲੋਂ ਅਜਿਹੇ ਦ੍ਰਿਸ਼ਾਂ ਨੂੰ ਵਿਖਾਉਣ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾ ਦਿੱਤੀ ਹੋਈ ਹੈ ਪਰ ਨੁਕਸਾਨ ਤਾਂ ਹੋ ਚੁੱਕਿਆ ਹੈ।
ਇਹ ਮੰਨਿਆ ਜਾਂਦਾ ਹੈ ਕਿ ਤੰਬਾਕੂ ਉਤਪਾਦ ਵਿਚ ਲਗਭਗ ਚਾਰ ਤੋਂ ਪੰਜ ਹਜ਼ਾਰ ਜ਼ਹਿਰੀਲੇ ਪਦਾਰਥਾਂ ਦਾ ਮਿਸ਼ਰਣ ਹੁੰਦਾ ਹੈ, ਜਿਸ ਵਿਚ ਸਭ ਤੋਂ ਵੱਧ ਜ਼ਹਿਰੀਲੇ ਤੱਤ ਪਹਿਲਾ ਨਿਕੋਟੀਨ, ਦੂਜਾ ਕਾਰਬਨ ਮੋਨੋਆਕਸਾਈਡ ਅਤੇ ਤੀਸਰਾ ਤਾਰ ਹੈ। 
ਮਾਹਰਾਂ ਅਨੁਸਾਰ ਤੰਬਾਕੂ ਵਿਚੋਂ 21 ਪ੍ਰਕਾਰ ਦੇ ਜ਼ਹਿਰ ਪੈਦਾ ਹੁੰਦੇ ਹਨ ਅਤੇ ਇਹਨਾਂ ਵਿਚੋਂ ਨਿਕੋਟੀਨ ਸਭ ਤੋਂ ਜਿਆਦਾ ਜ਼ਹਿਰੀਲੀ ਅਤੇ ਸਰੀਰ ਲਈ ਹਾਨੀਕਾਰਕ ਹੁੰਦੀ ਹੈ। ਇੱਕ ਖੋਜ ਅਨੁਸਾਰ ਨਿਕੋਟੀਨ ਦੀ ਇੱਕ ਬੂੰਦ ਨਾਲ 6 ਬਿੱਲੀਆਂ ਜਾਂ 2 ਕੁੱਤੇ ਮਰ ਸਕਦੇ ਹਨ ਅਤੇ 8 ਬੂੰਦਾਂ ਘੋੜੇ ਨੂੰ ਮਾਰਨ ਲਈ ਕਾਫ਼ੀ ਹਨ। ਇਸ ਤੋਂ ਇਲਾਵਾ ਮਨੁੱਖੀ ਸਰੀਰ ਅੰਦਰਲੇ ਢਾਂਚੇ ਨੂੰ ਨਸ਼ਟ ਕਰਨ ਵਿਚ ਇਸ ਦੀ ਅਹਿਮ ਭੂਮਿਕਾ ਮੰਨੀ ਜਾਂਦੀ ਹੈ ਕਿਉਂਕਿ ਇਸ ਦਾ ਸੇਵਨ ਨਾੜੀ ਤੰਤਰ ਦੇ ਫੇਫੜਿਆਂ ਸਮੇਤ ਕੋਮਲ ਅੰਗਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਅੱਖਾਂ ਉੱਤੇ ਵੀ ਇੰਨਾ ਮਾੜਾ ਅਸਰ ਪਾਉਂਦਾ ਹੈ ਕਿ ਵਿਅਕਤੀ ਦੇ ਅੰਨ੍ਹੇ ਹੋਣ ਦੀ ਨੌਬਤ ਆ ਸਕਦੀ ਹੈ। ਡਾਕਟਰੀ ਰਿਪੋਰਟ ਅਨੁਸਾਰ ਤੰਬਾਕੂ ਵਿਚ ਮੌਜੂਦ 'ਅਲਕਤਰੇ' ਦੇ ਹਾਨੀਕਾਰਕ ਪਦਾਰਥ, ਨੱਕ, ਮੂੰਹ, ਬੁੱਲ੍ਹਾਂ, ਗਲੇ, ਜੀਭ, ਗੁਰਦੇ ਅਤੇ ਫੇਫੜਿਆਂ ਵਿੱਚ ਜਾਂਦੇ ਹਨ ਜਿਸ ਨਾਲ ਕੈਂਸਰ ਵਰਗੀ ਭਿਆਨਕ ਬਿਮਾਰੀ ਹੋ ਸਕਦੀ ਹੈ। ਗੁਰਦੇ ਵਿਚ 'ਅਲਕਤਰੇ' ਨਾਲ 'ਐਂਫੀਸੀਮਾ' ਨਾਂ ਦਾ ਰੋਗ ਹੋ ਜਾਂਦਾ ਹੈ ਜੋ ਕੈਂਸਰ ਤੋਂ ਵੀ ਜ਼ਿਆਦਾ ਖਤਰਨਾਕ ਹੁੰਦਾ ਹੈ ਅਤੇ ਰੋਗੀ ਦੀ ਤੜਪ-ਤੜਪ ਕੇ ਜਾਨ ਨਿਕਲਦੀ ਹੈ। ਇਸ ਤੋਂ ਇਲਾਵਾ ਸਾਹ ਨਾਲ ਸਬੰਧਿਤ ਬਿਮਾਰੀਆਂ ਜਿਵੇਂ ਦਮਾ, ਤਾਪਦਿਕ/ਟੀ.ਬੀ., ਫੇਫੜਿਆਂ ਦੀ ਸੋਜ ਨਾਲ ਸਾਹ ਪ੍ਰਣਾਲੀ ਨੂੰ ਦਿੱਕਤ ਪੈਦਾ ਹੁੰਦੀ ਹੈ। ਇਸ ਤੋਂ ਇਲਾਵਾ ਕੰਨਾਂ ਤੱਕ ਸਿਗਨਲ ਭੇਜਣ ਵਿਚ ਰੁਕਾਵਟ ਅਤੇ ਦਿਮਾਗ ਦੀਆਂ ਬਿਮਾਰੀਆਂ ਵੀ ਸ਼ਾਮਲ ਹਨ।
ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਬੁਰੀਆਂ ਅਲਾਮਤਾਂ ਮਨੁੱਖੀ ਸਰੀਰ ਲਈ ਤੰਬਾਕੀਨੋਸ਼ੀ ਕਰਨ ਵਾਲੇ ਸਹੇੜ ਲੈਂਦੇ ਹਨ ਅਤੇ ਉਸ ਦੇ ਨਾਲ ਹੀ ਆਲੇ ਦੁਆਲੇ ਦੇ ਮਾਸੂਮ ਲੋਕ ਜੋ ਨਸ਼ਿਆਂ ਤੋਂ ਕੋਹਾਂ ਦੂਰ ਹੁੰਦੇ ਹੋਏ ਵੀ ਤੰਬਾਕੂਨੋਸ਼ਾਂ ਦੀ ਬਦੌਲਤ ਕਈ ਨਾਮੁਰਾਦ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ, ਜਿਸ ਕਰਕੇ ਤੰਬਾਕੂ ਨੂੰ ਵਾਤਾਵਰਣ ਵਿਰੋਧੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਜੇ ਇਕ ਵਿਅਕਤੀ ਆਪਣੇ ਕੰਮ ਦੇ ਦੌਰਾਨ 10 ਸਿਗਰਟਾਂ ਪੀਂਦਾ ਹੈ ਤਾਂ ਸਮਝੋ ਉਸ ਦੇ ਨਜ਼ਦੀਕ ਕੰਮ ਕਰਨ ਵਾਲੇ ਵਿਅਕਤੀ ਦੇ ਸਰੀਰ ਅੰਦਰ  2 ਜਾਂ 3 ਸਿਗਰਟਾਂ ਦਾ ਧੂੰਆਂ ਪਹੁੰਚ ਜਾਂਦਾ ਹੈ ਜੋ ਉਸ ਦੀ ਸਿਹਤ ਲਈ ਹਾਨੀਕਾਰਕ ਹੈ।
ਇਹੀ ਕਾਰਨ ਹੈ ਕਿ ਭਾਰਤ ਸਰਕਾਰ ਵੱਲੋਂ ਜਨਤਕ ਥਾਂਵਾਂ ਦੇ ਤੰਬਾਕੂ ਸੇਵਨ ਨੂੰ ਅਪਰਾਧਿਕ ਸ਼੍ਰੇਣੀਆਂ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ। ਮਾਨਯੋਗ ਸੁਪਰੀਮ ਕੋਰਟ ਵੱਲੋਂ 1 ਮਈ 2004 ਤੋਂ ਜਨਤਕ ਥਾਵਾਂ 'ਤੇ ਸਿਗਰਟ/ਬੀੜੀ ਪੀਣ ਉੱਤੇ ਪੂਰਨ ਪਾਬੰਦੀ ਦੇ ਹੁਕਮ ਜਾਰੀ ਕਰ ਦਿੱਤੇ ਹਨ। ਜਨਤਕ ਥਾਵਾਂ ਵਿਚ ਸਿਨੇਮੇ, ਪਾਰਕ, ਪੈਦਲ ਰਸਤੇ, ਬੱਸ ਅੱਡੇ, ਰੇਲਵੇ ਸਟੇਸ਼ਨ, ਰੇਲ ਦੇ ਡੱਬੇ, ਜਨਤਕ ਆਵਾਜਾਈ ਦੇ ਸਾਧਨ ਆਦਿ ਸ਼ਾਮਲ ਹਨ। ਪੰਜਾਬ ਵਿਚ ਪ੍ਰਵਾਸੀਆਂ ਦੀ ਬਦੌਲਤ ਤੰਬਾਕੂ ਸੇਵਨ ਵਿਚ ਵਾਧਾ ਦਰਜ ਹੋਇਆ ਹੈ ਜੋ ਕਿ ਚਿੰਤਾਜਨਕ ਹੈ, ਕਿਉਂਕਿ ਕਾਨੂੰਨ ਬਣੇ ਹੋਣ ਦੇ ਬਾਵਜੂਦ ਇਸ ਦੀ ਵਰਤੋਂ ਨਿਰੰਤਰ ਜਾਰੀ ਹੈ। ਸੋ ਪੰਜਾਬ ਸਰਕਾਰ ਨੂੰ ਆਪਣੇ ਨਾਅਰੇ 'ਤੰਬਾਕੂ ਨਹੀਂ, ਜਿੰਦਗੀ ਚੁਣ' 'ਤੇ ਪਹਿਰਾ ਦੇਣ ਲਈ ਸਖਤੀ ਨਾਲ ਯਤਨ ਕਰਨੇ ਚਾਹੀਦੇ ਹਨ।
ਸਿੱਖ ਗੁਰੂਆਂ ਨੇ ਮਨੁੱਖਤਾ ਨੂੰ ਕਿਸੇ ਵੀ ਤਰ੍ਹਾਂ ਦੇ ਨਸ਼ੇ ਕਰਨ ਤੋਂ ਸਖਤੀ ਨਾਲ ਵਰਜਿਆ ਹੈ। ਰਹਿਤਨਾਮਿਆਂ ਵਿਚ ਵੀ ਇਸ ਦਾ ਜ਼ਿਕਰ ਮਿਲਦਾ ਹੈ। ਜੇਹਾ ਕਿ ਭਾਈ ਦੇਸਾ ਸਿੰਘ ਜੀ ਦਾ ਰਹਿਤਨਾਮਾ ਹੈ ਕਿ, 'ਕੁਠਾ, ਹੁਕਾ, ਚਰਸ, ਤੰਬਾਕੂ£ ਗਾਂਜਾ, ਟੋਪੀ, ਤਾੜੀ, ਖਾਕੂ£ ਇਨਕੀ ਓਰ ਨਾ ਕਬਹੂੰ ਦੇਖੈ£ ਰਹਿਤਵੰਤ ਜੋ ਸਿੰਘ ਬਿਸੇਖੈ£' ਉਥੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਤੰਮਾਕੂ ਨੂੰ ਜਗਤ ਜੂਠ ਦੀ ਸੰਗਿਆ ਦਿੱਤੀ ਅਤੇ 'ਜਗਤ ਜੂਠ ਤਮਾਕੂ ਨਾ ਸੇਵ' ਦਾ ਸੁਨੇਹਾ ਸਮੁੱਚੀ ਮਾਨਵਤਾ ਨੂੰ ਦਿੱਤਾ ਹੈ। ਇਸੇ ਤਰ੍ਹਾਂ ਸਵਾਮੀ ਦਿਆਨੰਦ ਸਰਸਵਤੀ ਨੇ ਆਪਣੇ ਚੇਲਿਆਂ ਨੂੰ ਬਕਾਇਦਾ ਤਾਕੀਦ ਕੀਤੀ ਸੀ ਕਿ, 'ਮੇਰੇ ਮ੍ਰਿਤਕ ਸਰੀਰ ਨੂੰ ਕੋਈ ਉਹ ਹੱਥ ਨਾ ਲਾਵੇ ਜਿਸ ਨੇ ਕਦੇ ਤੰਬਾਕੂ ਸੇਵਨ ਕੀਤਾ ਹੈ।'
ਸੋ ਸਮੂਹ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਨੂੰ ਸਾਂਝੇ ਤੌਰ ਤੇ ਦੇਸ਼ ਨੂੰ ਤੰਬਾਕੂਮੁਕਤ ਕਰਨ ਲਈ ਬੀੜਾ ਚੁੱਕਣਾ ਚਾਹੀਦਾ ਹੈ। ਤੰਬਾਕੂ ਦਾ ਸੇਵਨ ਕਰਨ ਵਾਲੇ ਪੀੜਿਤਾਂ ਲਈ ਵੀ ਹਾਂ-ਪੱਖੀ ਰਵੱਈਆਂ ਅਪਨਾ ਕੇ ਉਹਨਾਂ ਨਾਲ ਵਾਰਤਲਾਪ ਕਰਕੇ ਜਾਂ ਹੋਰਨਾਂ ਢੰਗ ਤਰੀਕਿਆਂ ਰਾਹੀਂ ਉਹਨਾਂ ਤੋਂ ਇਹ ਆਦਤ ਛੁਡਾਉਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ।  ਇਸ ਦੇ ਨਾਲ ਹੀ ਸਕੂਲਾਂ/ਕਾਲਜਾਂ ਦੇ ਰਸਤਿਆਂ ਅਤੇ ਜਨਤਕ ਥਾਵਾਂ ਆਦਿ 'ਤੇ ਤੰਬਾਕੂ ਵੇਚਣ ਦੀ ਪੂਰੀ ਪਾਬੰਦੀ ਹੋਣੀ ਚਾਹੀਦੀ ਹੈ।
ਵਿਸ਼ਵ ਸਿਹਤ ਸੰਸਥਾ ਵੱਲੋਂ ਸੰਨ 1987 ਵਿਚ ਰਸਮੀਂ ਤੌਰ 'ਤੇ ਇਸ ਬਾਰੇ ਗੱਲਬਾਤ ਸ਼ੁਰੂ ਕੀਤੀ ਸੀ। ਤੰਬਾਕੂ ਵਿਰੋਧੀ ਦਿਵਸ ਦੀ ਸ਼ੁਰੂਆਤ 7 ਅਪ੍ਰੈਲ 1988 ਤੋਂ ਕੀਤੀ ਗਈ ਸੀ ਪਰ ਬਾਅਦ ਵਿਚ 31 ਮਈ ਪੱਕੇ ਤੌਰ 'ਤੇ ਨਿਰਧਾਰਤ ਕਰ ਦਿੱਤੀ ਗਈ। ਇਸ ਦਾ ਮਕਸਦ ਲੋਕਾਂ ਵਿਚ ਤੰਬਾਕੂ ਪ੍ਰਤੀ ਜਾਗਰੂਕਤਾ ਪੈਦਾ ਕਰਨ, ਆਪਣੀ ਸਿਹਤ ਅਤੇ ਨਰੋਏ ਸਮਾਜ ਪ੍ਰਤੀ ਚੇਤੰਨ ਕਰਨਾ ਹੈ। ਕੋਸ਼ਿਸ਼ ਕਰੀਏ ਕਿ ਆਪ ਅਤੇ ਆਪਣੇ ਨੇੜੇ ਤੇੜੇ ਦੇ ਲੋਕਾਂ ਨੂੰ ਅਜਿਹੀਆਂ ਭੈੜੀਆਂ ਆਦਤਾਂ ਪ੍ਰਤੀ ਸੁਚੇਤ ਕਰਕੇ ਜਿੰਦਗੀ ਨੂੰ ਸੁਹਣੇ ਢੰਗ ਨਾਲ ਜਿਊਣ ਲਈ ਪ੍ਰੇਰਿਤ ਕਰੀਏ। ਆਮੀਨ!