ਪੀੜਤ ਕੁੜੀ ਵੱਲੋਂ ਆਤਮਹੱਤਿਆ ਦੀ ਧਮਕੀ ਮਗਰੋਂ ਬਲਾਤਕਾਰ ਦੋਸ਼ੀ ਭਾਜਪਾ ਆਗੂ ਸਵਾਮੀ ਗ੍ਰਿਫਤਾਰ

ਪੀੜਤ ਕੁੜੀ ਵੱਲੋਂ ਆਤਮਹੱਤਿਆ ਦੀ ਧਮਕੀ ਮਗਰੋਂ ਬਲਾਤਕਾਰ ਦੋਸ਼ੀ ਭਾਜਪਾ ਆਗੂ ਸਵਾਮੀ ਗ੍ਰਿਫਤਾਰ
ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨਾਲ ਬੈਠੇ ਸਵਾਮੀ ਚਿਨਮਿਆਨੰਦ ਦੀ ਪੁਰਾਣੀ ਤਸਵੀਰ

ਲਖਨਊ: ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿੱਚ ਕੇਂਦਰੀ ਮੰਤਰੀ ਰਹੇ ਭਾਜਪਾ ਆਗੂ ਸਵਾਮੀ ਚਿਨਮਿਆਨੰਦ ਨੂੰ ਅੱਜ ਪੁਲਿਸ ਨੇ ਵਿਦਿਆਰਥਣ ਦਾ ਬਲਾਤਕਾਰ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਅੱਜ ਵੱਡੀ ਗਿਣਤੀ ਵਿੱਚ ਪੁਲਿਸ ਨਾਲ ਸਵਾਮੀ ਚਿਨਮਿਆਨੰਦ ਦੇ ਆਸ਼ਰਮ ਉਸਨੂੰ ਗ੍ਰਿਫਤਾਰ ਕਰਨ ਪਹੁੰਚੀ। 

ਸਵਾਮੀ ਨੂੰ ਉਸਦੇ ਆਸ਼ਰਮ ਤੋਂ ਚੁੱਕ ਕੇ ਕੋਤਵਾਲੀ ਪੁਲਿਸ ਥਾਣੇ ਲਿਆਂਦਾ ਗਿਆ। ਇੱਥੋਂ ਉਸਦੀ ਸਰੀਰਕ ਜਾਂਚ ਲਈ ਹਸਪਤਾਲ ਭੇਜਿਆ ਗਿਆ। ਸਰੀਰਕ ਜਾਂਚ ਮਗਰੋਂ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। 

ਵਿਦਿਆਰਥਣ ਦੇ ਬਲਾਤਕਾਰ ਦਾ ਦੋਸ਼ੀ ਹੈ ਭਾਜਪਾ ਆਗੂ
ਸਵਾਮੀ ਚਿਨਮਿਆਨੰਦ ਦੇ ਆਸ਼ਰਮ ਅਧੀਨ ਚਲਦੇ ਸਵਾਮੀ ਸ਼ੁੱਕਦੇਵਾਨੰਦ ਪੋਸਟ ਗ੍ਰੈਜੁਏਟ ਕਾਲਜ ਦੇ ਕਾਨੂੰਨ ਵਿਭਾਗ ਦੀ 23 ਸਾਲਾ ਵਿਦਿਆਰਥਣ ਨੇ 72 ਸਾਲਾ ਸਵਾਮੀ 'ਤੇ ਉਸਦਾ ਬਲਾਤਕਾਰ ਕਰਨ ਦੇ ਦੋਸ਼ ਲਾਏ ਸਨ। ਵਿਦਿਆਰਥਣ ਨੇ ਦੱਸਿਆ ਸੀ ਕਿ ਸਵਾਮੀ ਲਗਾਤਾਰ ਇੱਕ ਸਾਲ ਤੋਂ ਉਸਦਾ ਸਰੀਰਕ ਸੋਸ਼ਣ ਕਰ ਰਿਹਾ ਸੀ। ਸਵਾਮੀ ਇਸ ਕਾਲਜ ਦਾ ਕਰਤਾ ਧਰਤਾ ਹੈ। 

ਇਸ ਪੀੜਤ ਕੁੜੀ ਨੇ ਸੋਸ਼ਲ ਮੀਡੀਆ 'ਤੇ ਆਪਣੇ ਨਾਲ ਹੋਏ ਦੁਸ਼ਕਰਮ ਦੀ ਜਾਣਕਾਰੀ ਦਿੰਦਿਆਂ ਵੀਡੀਓ ਪਾਈ ਸੀ ਜਿਸ ਤੋਂ ਬਾਅਦ ਇਹ ਵਿਦਿਆਰਥਣ ਲਾਪਤਾ ਹੋ ਗਈ ਸੀ। ਇਸ ਵੀਡੀਓ ਵਿੱਚ ਇਸ ਵਿਦਿਆਰਥਣ ਨੇ ਕਿਸੇ ਦਾ ਨਾਂ ਨਹੀਂ ਲਿਆ ਸੀ ਪਰ ਦੱਸਿਆ ਸੀ ਕਿ ਇਹ ਬੰਦਾ ਬਹੁਤ ਵੱਡੇ ਪ੍ਰਭਾਵ ਵਾਲਾ ਹੈ। ਪਰ ਵਿਦਿਆਰਥਣ ਦੇ ਲਾਪਤਾ ਹੋਣ ਦੀ ਉਸਦੇ ਪਿਤਾ ਵੱਲੋਂ ਦਰਜ ਕਰਵਾਈ ਰਿਪੋਰਟ ਵਿੱਚ ਉਹਨਾਂ ਸਵਾਮੀ ਚਿਨਮਿਆਨੰਦ ਦਾ ਨਾਂ ਦਰਜ ਕਰਵਾਇਆ ਸੀ। 

ਇਸ ਸ਼ਿਕਾਇਤ ਦੇ ਅਧਾਰ 'ਤੇ ਉੱਤਰ ਪ੍ਰਦੇਸ਼ ਪੁਲਿਸ ਨੇ 27 ਅਗਸਤ ਨੂੰ ਸਵਾਮੀ ਨੂੰ ਅਗਵਾ ਦੇ ਮਾਮਲੇ 'ਚ ਨਾਮਜ਼ਦ ਕੀਤਾ ਸੀ। ਆਖਰ 30 ਅਗਸਤ ਨੂੰ ਕੁੜੀ ਰਾਜਸਥਾਨ ਤੋਂ ਮਿਲ ਗਈ। 

ਇਸ ਤੋਂ ਬਾਅਦ ਸੁਪਰੀਮ ਕੋਰਟ ਦੀਆਂ ਹਦਾਇਤਾਂ 'ਤੇ ਉੱਤਰ ਪ੍ਰਦੇਸ਼ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਲਈ ਐਸਆਈਟੀ ਬਣਾਈ। ਸੁਪਰੀਮ ਕੋਰਟ ਨੇ ਇਹ ਵੀ ਹੁਕਮ ਕੀਤੇ ਕਿ ਪੀੜਤ ਕੁੜੀ ਅਤੇ ਇਸੇ ਕਾਲਜ ਵਿੱਚ ਪੜ੍ਹਦੇ ਉਸਦੇ ਭਰਾ ਦੇ ਭਵਿੱਖ ਲਈ ਉਹਨਾਂ ਦੋਵਾਂ ਨੂੰ ਇਸ ਕਾਲਜ ਵਿੱਚੋਂ ਕਿਸੇ ਹੋਰ ਕਾਲਜ ਤਬਦੀਲ ਕੀਤਾ ਜਾਵੇ। 

ਪਰ ਸੀਆਰਪੀਸੀ ਦੀ ਧਾਰਾ 164 ਤਹਿਤ ਅਦਾਲਤ ਵਿੱਚ ਪੀੜਤ ਕੁੜੀ ਵੱਲੋਂ ਬਿਆਨ ਦਰਜ ਕਰਵਾਉਣ ਦੇ ਬਾਵਜੂਦ ਵੀ ਪੁਲਿਸ ਨੇ ਬਲਾਤਕਾਰ ਦੇ ਦੋਸ਼ੀ ਸਵਾਮੀ ਨੂੰ ਗ੍ਰਿਫਤਾਰ ਨਹੀਂ ਕੀਤਾ ਸੀ। ਗ੍ਰਿਫਤਾਰੀ ਤੋਂ ਬਚਣ ਲਈ ਸਵਾਮੀ ਨੇ ਛਾਤੀ ਵਿੱਚ ਦਰਦ ਦਾ ਬਹਾਨਾ ਬਣਾਇਆ ਸੀ। 

ਆਖਿਰ ਜਦੋਂ ਹੁਣ ਪੀੜਤ ਕੁੜੀ ਨੇ ਇਨਸਾਫ ਨਾ ਮਿਲਣ ਦੀ ਸੂਰਤ ਵਿੱਚ ਆਤਮਹੱਤਿਆ ਕਰਨ ਦੀ ਧਮਕੀ ਦਿੱਤੀ ਤਾਂ ਪੁਲਿਸ ਨੇ ਸਵਾਮੀ ਨੂੰ ਅੱਜ ਗ੍ਰਿਫਤਾਰ ਕੀਤਾ।