ਸਿੱਧੂ ਮੂਸੇਵਾਲੇ ਨੇ ਮਾਤਾ ਭਾਗ ਕੌਰ ਦੀ ਤੌਹੀਨ ਕਰਕੇ ਸਿੱਖ ਭਾਵਨਾਵਾਂ ਨੂੰ ਸੱਟ ਮਾਰੀ

ਸਿੱਧੂ ਮੂਸੇਵਾਲੇ ਨੇ ਮਾਤਾ ਭਾਗ ਕੌਰ ਦੀ ਤੌਹੀਨ ਕਰਕੇ ਸਿੱਖ ਭਾਵਨਾਵਾਂ ਨੂੰ ਸੱਟ ਮਾਰੀ
ਵਿਵਾਦਿਤ ਗੀਤ ਦਾ ਪੋਸਟਰ

ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਨੇ ਆਪਣੇ ਨਵੇਂ ਗੀਤ ਵਿੱਚ ਸਿੱਖ ਜੁਝਾਰੂ ਬੀਬੀ ਮਾਤਾ ਭਾਗ ਕੌਰ ਦੀ ਤੁਲਨਾ ਆਪਣੇ ਗੀਤ ਦੇ ਕਿਰਦਾਰ ਵਾਲੀ ਕੁੜੀ ਨਾਲ ਕਰਕੇ ਸਿੱਖ ਭਾਵਨਾਵਾਂ ਨੂੰ ਸੱਟ ਮਾਰੀ ਹੈ। ਇਸ ਗੀਤ ਦੇ ਜਾਰੀ ਹੋਣ ਮਗਰੋਂ ਸਿੱਖ ਲਗਾਤਾਰ ਸੋਸ਼ਲ ਮੀਡੀਆ 'ਤੇ ਸਿੱਧੂ ਮੂਸੇਵਾਲੇ ਨੂੰ ਲਾਹਨਤਾਂ ਪਾ ਰਹੇ ਹਨ ਅਤੇ ਉਸ ਵੱਲੋਂ ਕੀਤੀ ਇਸ ਬੱਜਰ ਗਲਤੀ ਦੇ ਵਿਰੁੱਧ ਲਗਾਤਾਰ ਪੋਸਟਾਂ ਪੈ ਰਹੀਆਂ ਹਨ। 

ਕੈਨੇਡਾ ਵਿੱਚ ਪੱਤਰਕਾਰ ਗੁਰਪ੍ਰੀਤ ਸਿੰਘ ਸਹੋਤਾ ਨੇ ਆਪਣੇ ਫੇਸਬੁੱਕ ਖਾਤੇ 'ਤੇ ਲਿਖਿਆ, "ਬੱਸ ਆਹੀ ਕਸਰ ਰਹਿੰਦੀ ਸੀ ਮੂਸੇਆਲਿਆ...!
ਕੁਝ ਘੰਟੇ ਪਹਿਲਾਂ ਰਿਲੀਜ਼ ਕੀਤੇ ਉਸਦੇ ਨਵੇਂ ਗੀਤ ਦੇ ਬੋਲ ਹਨ:
ਆਸ਼ਕੀ ਨੀ ਕੀਤੀ .....ਰਾਹ ਜਾਂਦਿਆਂ ਦੇ ਨਾਲ
ਖੰਡਿਆਂ ਨਾਲ ਖੇਡੀ ....ਨਾ ਪਰਾਂਦਿਆਂ ਦੇ ਨਾਲ
ਮਾਈ ਭਾਗੋ ਜੇਹੀ ਆ ......ਤਸੀਰ ਮੁੰਡਿਆ
ਪਰੀਆਂ ਦੇ ਪੈਂਦੇ ਆ .....ਭੁਲੇਖੇ ਮੁੱਖ ਦੇ
ਜੱਟੀ ਜਿਉਣੇ ਮੌੜ ਦੀ ਬੰਦੂਕ ਵਰਗੀ
ਦੇਖ ਦੇਖ ਚੋਬਰਾਂ ਦੇ ਸਾਹ ਸੁੱਕਦੇ।
ਕਮਾਲ ਹੈ ਕਿ ਨਾ ਲਿਖਣ ਵਾਲੇ ਨੇ, ਨਾ ਗਾਉਣ ਵਾਲੇ ਨੇ, ਨਾ ਸੰਗੀਤ ਦੇਣ ਵਾਲੇ ਨੇ, ਨਾ ਗੀਤ ਐਡਿਟ ਕਰਨ ਵਾਲੇ ਨੇ ਇਸਨੂੰ ਸਮਝਣ ਦੀ ਕੋਸ਼ਿਸ਼ ਕੀਤੀ ਕਿ ਗੁਰੂ ਗੋਬਿੰਦ ਸਿੰਘ ਨੂੰ ਬੇਦਾਵਾ ਲਿਖ ਕੇ ਅਨੰਦਪੁਰ ਦਾ ਕਿਲ੍ਹਾ ਛੱਡਣ ਵਾਲੇ ਚਾਲੀ ਸਿੱਖ ਫੌਜੀਆਂ ਨੂੰ ਵੰਗਾਂ ਪਾ ਲੈਣ ਦੀ ਵੰਗਾਰ ਪਾਉਣ ਵਾਲੀ ਸ਼ੀਹਣੀ ਮਾਈ ਭਾਗੋ ਦੀ ਤਾਸੀਰ ਇਸ ਤਰਾਂ ਦੇ ਚੱਲਵੇਂ ਜਿਹੇ ਗਾਣਿਆਂ 'ਚ ਬਿਆਨਣ ਦੀ ਲੋੜ ਨਹੀਂ। ਤੁਲਨਾ ਕਰਨੀ ਜ਼ਰੂਰੀ ਹੀ ਹੈ ਤਾਂ ਕਿਸੇ ਹੋਰ ਨਾਲ ਕਰ ਲਓ।
ਇਸਤੋਂ ਅੱਗੇ ਕੀ ਕਰੋਂਗੇ? 0.55 ਮਿੰਟ ਤੋਂ ਪੂਰਾ ਟੱਪਾ ਸੁਣ ਸਕਦੇ ਹੋ।
ਨਾ ਚਾਹੁੰਦਿਆਂ ਵੀ ਗਾਣੇ ਦਾ ਲਿੰਕ ਪਾ ਰਿਹਾਂ ਕਿਉਂਕਿ ਇਹ ਪੋਸਟ ਪੜ੍ਹਨ ਤੋਂ ਬਾਅਦ ਸੁਣਨਾ ਵੈਸੇ ਵੀ ਬਹੁਤਿਆਂ ਨੇ ਹੈਗਾ ਈ ਆ, ਲੱਭ ਕੇ। ਜੇ ਕਾਪੀ ਕਰਕੇ ਪਾਇਆ ਤਾਂ ਪੋਸਟ ਚੁਕਾ ਦੇਣਗੇ, ਗੀਤ ਦੇ ਕਾਪੀਰਾਈਟ ਵਰਤ ਕੇ।"

ਇਸ ਵਿਰੋਧ ਤੋਂ ਬਾਅਦ ਸਿੱਧੂ ਮੂਸੇਵਾਲੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਉਹ ਇਸ ਨੂੰ ਛੋਟੀ ਮੋਟੀ ਗਲਤੀ ਦਸਦਿਆਂ ਮੁਆਫੀ ਮੰਗ ਰਿਹਾ ਹੈ, ਜਿਸ 'ਤੇ ਇਤਰਾਜ਼ ਪ੍ਰਗਟ ਕਰਦਿਆਂ ਸਿੱਖ ਯੂਥ ਆਫ ਅਮਰੀਕਾ ਜਥੇਬੰਦੀ ਨੇ ਆਪਣੇ ਫੇਸਬੁੱਕ ਖਾਤੇ 'ਤੇ ਇਹ ਵੀਡੀਓ ਸਾਂਝੀ ਕਰਦਿਆਂ ਲਿਖਿਆ, "ਸਿੱਧੂ ਮੂਸੇਵਾਲੇ ਕਹਿੰਦਾ ਜੇ ਮੇਰੇ ਤੋਂ ਛੋਟੀ ਮੋਟੀ ਗ਼ਲਤੀ ਹੋ ਗਈ ਤਾ ਮਾਫੀ ਮੰਗਦਾ ਪਰ ਇਹ ਗੱਲ ਵੀ ਹੈਂਕੜ ਨਾਲ ਕਰ ਰਿਹਾ। ਸਿੱਖ ਕੌਮ ਤੋਂ ਅਪਣੀ ਗਲਤੀ ਦੀ ਮਾਫੀ ਲਈ ਨਿਮਰਤਾ ਨਾਲ ਗੱਲ ਕਰ ਭਾਉ ਪਰ ਤੇਰਾ ਗੁਨਾਹ ਮਾਫੀ ਯੋਗ ਨਹੀਂ, ਕਈ ਗੁਨਾਹ ਬਖਸ਼ੇ ਨਹੀਂ ਜਾ ਸਕਦੇ ਤੇ ਤੇਰਾ ਗੁਨਾਹ ਵੀ ਇਹੋ ਜੇਹਾ ਹੈ।"