ਕਿਥੇ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ?

ਕਿਥੇ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ?

ਇਤਿਹਾਸ ਵਿਚ ਇਹ ਲਿਖਿਆ ਗਿਆ ਹੈ ਕਿ....

 ਮਹਾਰਾਜਾ ਰਣਜੀਤ ਸਿੰਘ ਦੇ ਤੋਸ਼ਾਖਾਨਾ ਵਿਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਲਗੀ ਰੱਖੀ ਹੋਈ ਸੀ ਅਤੇ ਹਰ ਰੋਜ਼ ਮਹਾਰਾਜਾ ਸਾਹਿਬ ਇਸ ਦੇ ਦਰਸ਼ਨ ਕਰਦੇ ਸਨ। ਮਾਰਚ, 1849 ਵਿਚ ਅੰਗਰੇਜ਼ਾਂ ਦਾ ਪੰਜਾਬ 'ਤੇ ਕਬਜ਼ਾ ਹੋ ਗਿਆ ਤਾਂ ਉਸ ਸਮੇਂ ਡਾ. ਜੌਹਨ ਸੰਪੈਂਸਰ ਲੋਗਨ ਨੂੰ ਲਾਹੌਰ ਦਾ ਗਵਰਨਰ ਲਗਾ ਦਿੱਤਾ ਗਿਆ ਅਤੇ ਉਸ ਦੇ ਜ਼ਿੰਮੇ ਤੋਸ਼ਾਖਾਨਾ ਨੂੰ ਆਪਣੇ ਕਬਜ਼ੇ ਵਿਚ ਲੈਣ ਦਾ ਕੰਮ ਲਾਇਆ ਗਿਆ, ਕਿਉਂਕਿ ਅੰਗਰੇਜ਼ ਜਾਣਦੇ ਸਨ ਕਿ ਇਹ ਦੁਨੀਆ ਦਾ ਇਕ ਕੀਮਤੀ ਖਜ਼ਾਨਾ ਹੈ। ਇਹ ਤੋਸ਼ਾਖਾਨਾ ਉਸ ਸਮੇਂ ਲਾਹੌਰ ਕਿਲ੍ਹੇ ਦੀ ਮੋਤੀ ਮਸਜਿਦ ਵਿਚ ਮੌਜੂਦ ਸੀ। ਲੋਗਨ ਇਕ ਵਿਦਵਾਨ ਅਫ਼ਸਰ ਸੀ ਤੇ ਉਸ ਨੇ ਦੀਵਾਨ ਬੇਲੀ ਰਾਮ ਮਿਸਰ ਜੋ ਮਹਾਰਾਜਾ ਸਾਹਿਬ ਦੇ ਤੋਸ਼ਾਖਾਨੇ ਦਾ ਮੈਨੇਜਰ ਸੀ, ਉਸ ਨੂੰ ਆਪਣੀ ਨਿਗਰਾਨੀ ਵਿਚ ਸਾਰੀਆਂ ਕੀਮਤੀ ਵਸਤੂਆਂ ਦੀ ਸੂਚੀ ਬਣਾਉਣ ਲਈ ਹੁਕਮ ਕੀਤਾ।

ਅੰਗਰੇਜ਼ ਅਫ਼ਸਰ ਦੀਆਂ ਅੱਖਾਂ ਚੁੰਧਿਆ ਗਈਆਂ ਜਦ ਮਖਮਲ ਦੇ ਕੱਪੜੇ ਵਿਚ ਲਪੇਟੀਆਂ ਕੀਮਤੀ ਵਸਤਾਂ, ਹੀਰੇ, ਮੋਤੀ ਆਦਿ ਉਨ੍ਹਾਂ ਨੇ ਵੇਖੀਆਂ, ਜਿਸ ਵਿਚ ਕੋਹਿਨੂਰ ਹੀਰਾ ਵੀ ਸੀ। ਕੋਹਿਨੂਰ ਹੀਰੇ ਨੂੰ ਦਿੱਲੀ ਤੋਂ ਲੁੱਟ ਕੇ ਨਾਦਰ ਸ਼ਾਹ ਕਾਬੁਲ ਲੈ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਇਹ ਹੀਰਾ ਆਪਣੀ ਤਾਕਤ ਅਤੇ ਵਿਉਂਤ ਨਾਲ ਮੁੜ ਪੰਜਾਬ ਲੈ ਕੇ ਆਏ ਸਨ। ਇਸ ਦੀ ਅੱਜ ਤੱਕ ਕੀਮਤ ਨਹੀਂ ਪਾਈ ਜਾ ਸਕੀ। ਇਹ ਹੀਰਾ ਹੁਣ ਲੰਡਨ ਦੇ ਬਾਦਸ਼ਾਹ ਦੇ ਤਾਜ ਦਾ ਹਿੱਸਾ ਹੈ।

ਇਸ ਤੋਸ਼ਾਖਾਨਾ ਵਿਚ ਮਹਾਰਾਜਾ ਰਣਜੀਤ ਸਿੰਘ, ਉਸ ਦੇ ਪੁੱਤਰਾਂ, ਪੋਤਰੇ ਨੌਨਿਹਾਲ ਸਿੰਘ ਅਤੇ ਸਾਰੀਆਂ ਰਾਣੀਆਂ ਦੇ ਹੀਰੇ-ਜਵਾਹਰਾਤ ਅਤੇ ਗਹਿਣੇ ਪਏ ਸਨ। ਇਹ ਲਿਖਿਆ ਗਿਆ ਹੈ ਕਿ ਸੋਨੇ ਅਤੇ ਚਾਂਦੀ ਨਾਲ ਅਨੇਕਾਂ ਘੜੇ ਭਰੇ ਪਏ ਸਨ। ਕਸ਼ਮੀਰੀ ਸ਼ਾਲਾਂ, ਚੋਗੇ ਅਤੇ ਵੈਲਵੇਟ ਅਤੇ ਸੋਨੇ ਦੇ ਧਾਗਿਆਂ ਦੇ ਬਣੇ ਸ਼ਾਮਿਆਨੇ, ਈਰਾਨੀ ਕਾਲੀਨ ਆਦਿ ਅਨੇਕਾਂ ਹੀ ਵਸਤਾਂ ਪਈਆਂ ਸਨ। ਮਹਾਰਾਜਾ ਰਣਜੀਤ ਸਿੰਘ ਦੀ ਸੋਨੇ ਵਾਲੀ ਕੁਰਸੀ, ਜਿਸ ਨੂੰ ਤਖ਼ਤ ਕਹਿੰਦੇ ਹਨ (ਜੋ ਹੁਣ ਲੰਡਨ ਮਿਊਜ਼ੀਅਮ ਵਿਚ ਪਈ ਹੈ), ਮਹਾਰਾਜਾ ਦੇ ਪਿਤਾ ਮਹਾਂ ਸਿੰਘ ਦੇ ਕੱਪੜੇ ਅਤੇ ਕਈ ਸਿੱਖ ਸਰਦਾਰਾਂ ਦੀਆਂ ਵਸਤਾਂ ਪਈਆਂ ਸਨ। ਸ਼ਾਹ ਸੁਜਾਹ ਦਾ ਤਖ਼ਤ, ਹੋਲਕਰ ਮਰਾਠਾ ਬਾਦਸ਼ਾਹ ਦੀ ਤਲਵਾਰ, ਵਜ਼ੀਰ ਫ਼ਤਹਿ ਖਾਨ ਕਾਮਲ ਦੀ ਤਲਵਾਰ, ਈਰਾਨੀ ਪਹਿਲਵਾਨ ਰੁਸਤਮ ਦੀ ਤਲਵਾਰ ਵੀ ਉੱਥੇ ਪਈ ਸੀ। ਹਜ਼ਰਤ ਮੁਹੰਮਦ ਸਾਹਿਬ ਦੇ ਜੁੱਤੇ, ਕੱਪੜੇ, ਇਕ ਬਹੁਤ ਪੁਰਾਣਾ ਹਸਤ-ਲਿਖਤ ਕੁਰਾਨ ਅਤੇ ਹਜ਼ਰਤ ਮੁਹੰਮਦ ਸਾਹਿਬ ਦੇ ਵਾਲ, ਮੁਏ ਮੁਬਾਰਕ ਪਏ ਸਨ (ਇਹ ਇਸ ਸਮੇਂ ਸ੍ਰੀਨਗਰ ਦੀ ਮਸਜਿਦ ਵਿਚ ਪਏ ਹਨ)।

ਸਭ ਤੋਂ ਕੀਮਤੀ ਅਤੇ ਇਤਿਹਾਸਕ ਵਸਤ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ, ਜਿਸ ਨੂੰ ਮਹਾਰਾਜਾ ਸਾਹਿਬ ਦੇ ਸਮੇਂ ਮਿਊਜ਼ੀਅਮ ਦੇ ਰਜਿਸਟਰ ਵਿਚ 'ਕਲਗੀ-ਏ-ਕੱਚ' ਲਿਖਿਆ ਸੀ। ਲੋਗਨ ਨੇ ਜਦੋਂ ਨਵੀਂ ਸੂਚੀ ਬਣਾਈ ਤਾਂ ਉਸ ਵਿਚ ਵੀ ਉਸ ਨੇ ਇਹੋ ਸ਼ਬਦ ਹੀ ਵਰਤਿਆ ਸੀ। ਇਹ ਇਤਿਹਾਸ ਵਿਚ ਹੁਣ ਤੱਕ ਉਸੇ ਤਰ੍ਹਾਂ ਹੀ ਪ੍ਰਚਲਤ ਹੈ। ਇਹ ਸਾਰਾ ਸਾਮਾਨ ਫ਼ੌਜ ਦੀ ਨਿਗਰਾਨੀ ਵਿਚ ਕਲਕੱਤੇ ਜੋ ਅੰਗਰੇਜ਼ ਸਰਕਾਰ ਦੀ ਰਾਜਧਾਨੀ ਸੀ, ਉੱਥੇ ਪਹੁੰਚਾ ਦਿੱਤਾ ਗਿਆ ਸੀ। ਉਸ ਸਮੇਂ ਦੇ ਵਾਇਸਰਾਏ ਲਾਰਡ ਡਲਹੌਜ਼ੀ ਸਨ ਤੇ ਉਨ੍ਹਾਂ ਨੇ ਆਪਣੀ ਨਿਗਰਾਨੀ ਵਿਚ ਇਨ੍ਹਾਂ ਇਤਿਹਾਸਕ ਅਤੇ ਕੀਮਤੀ ਵਸਤਾਂ ਬਾਰੇ ਫ਼ੈਸਲੇ ਲਏ ਸਨ।

ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਗੁਰੂ ਮਹਾਰਾਜ ਦੇ ਕਈ ਸ਼ਸਤਰ ਡਲਹੌਜ਼ੀ ਨੇ ਆਪਣੇ ਪਰਿਵਾਰ ਲਈ ਰੱਖ ਲਏ ਸਨ ਅਤੇ ਕੋਹੇਨੂਰ ਅਤੇ ਹੋਰ ਕਈ ਹੀਰੇ ਇਕ ਖਾਸ ਸਮੁੰਦਰੀ ਜਹਾਜ਼ ਰਾਹੀਂ ਲੰਡਨ ਮਲਿਕਾ ਵਿਕੋਟਰੀਆ ਨੂੰ ਭੇਜ ਦਿੱਤੇ ਸਨ। ਇੱਥੇ ਮੈਂ ਇਹ ਜਾਣਕਾਰੀ ਦੇ ਦੇਵਾਂ ਕਿ 1965 ਵਿਚ ਗੁਰੂ ਮਹਾਰਾਜ ਦੇ ਸ਼ਸਤਰ ਇਕ ਅੰਗਰੇਜ਼ ਡਬਲਿਊ.ਸੀ. ਆਰਚਰ ਨੇ ਡਲਹੌਜ਼ੀ ਪਰਿਵਾਰ ਦੇ ਘਰੋਂ ਲੱਭੇ ਸਨ ਅਤੇ ਉਹ ਭਾਰਤ ਦੇ ਲੰਡਨ ਸਥਿਤ ਹਾਈ ਕਮਿਸ਼ਨ ਨੇ ਉਸ ਦੇ ਪਰਿਵਾਰ ਤੋਂ ਖ਼ਰੀਦ ਲਏ ਸਨ। ਸ੍ਰੀ ਲਾਲ ਬਹਾਦਰ ਸ਼ਾਸਤਰੀ ਤਤਕਾਲੀ ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਲੰਡਨ ਤੋਂ ਸ਼ਸਤਰ ਦਿੱਲੀ ਮੰਗਵਾਏ ਸਨ ਅਤੇ ਹੁਣ ਉਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ਵਿਚ ਸੁਸ਼ੋਭਿਤ ਹਨ।

ਕਲਗੀ ਜੋ ਕਲਕੱਤੇ ਪੁੱਜੀ ਸੀ, ਉਸ ਬਾਰੇ ਅੱਜ ਤੱਕ ਕੋਈ ਇਤਿਹਾਸਕਾਰ ਖੋਜ ਨਹੀਂ ਕਰ ਸਕਿਆ ਕਿ ਉਹ ਕਿੱਥੇ ਗਈ? ਇਤਨੀ ਵੱਡੀ ਇਤਿਹਾਸਕ ਗੁਰੂ ਦੀ ਵਸਤ ਦੀ ਜਾਣਕਾਰੀ ਲੈਣ ਲਈ ਸਾਡੀ ਕੌਮ ਦੇ ਲੀਡਰ ਅਤੇ ਇਤਿਹਾਸਕਾਰ ਚੁੱਪ ਧਾਰੀ ਬੈਠੇ ਹਨ।

ਮੈਂ 1965 ਵਿਚ ਪੰਜਾਬ ਮਾਰਕਫੈੱਡ ਵਲੋਂ ਲੰਡਨ ਗਿਆ ਸੀ ਤੇ ਉੱਥੇ ਮੈਂ ਸ੍ਰੀ ਨਟਵਰ ਸਿੰਘ ਜੋ ਉੱਥੇ ਡਿਪਟੀ ਹਾਈ-ਕਮਿਸ਼ਨਰ ਸਨ, ਨੂੰ ਮਿਲਿਆ ਤੇ ਮੇਰੀ ਦਰਖ਼ਾਸਤ 'ਤੇ ਉਨ੍ਹਾਂ ਵਿਕਟੋਰੀਆ ਐਲਬਰਟ ਮਿਊਜ਼ੀਅਮ ਦੇ ਕੀਉਰੇਟਰ ਗਲੈਡਸਟਨ ਨਾਲ ਮੀਟਿੰਗ ਕਰਵਾ ਦਿੱਤੀ ਸੀ। ਮੈਂ ਬੜਾ ਰਿਣੀ ਹਾਂ ਗਲੈਡਸਟਨ ਦਾ ਕਿ ਉਨ੍ਹਾਂ ਨੇ ਆਪਣੇ ਦਫ਼ਤਰ ਵਿਚ ਬੜਾ ਸਮਾਂ ਲਾ ਕੇ ਪਹਿਲੀ ਵਾਰ ਉਸ ਮਿਉਜ਼ੀਅਮ ਵਿਚ ਪਏ ਸਿੱਖ ਇਤਿਹਾਸਕ ਸ਼ਸਤਰ ਅਤੇ ਵਸਤਰਾਂ ਦੀ ਸੂਚੀ ਬਣਵਾ ਕੇ ਮੈਨੂੰ ਦੇ ਦਿੱਤੀ ਜੋ ਮੈਂ ਤਤਕਾਲੀ ਮੁੱਖ ਮੰਤਰੀ ਪੰਜਾਬ ਗਿਆਨੀ ਜ਼ੈਲ ਸਿੰਘ ਅਤੇ ਮੁੱਖ ਸਕੱਤਰ ਪੰਜਾਬ ਨੂੰ ਸੌਂਪ ਦਿੱਤੀ ਸੀ। ਇਹ ਵਰਣਨਯੋਗ ਹੈ ਕਿ ਮੇਰੀ ਇਸ ਕੀਤੀ ਮਿਹਨਤ ਦਾ ਹੀ ਨਤੀਜਾ ਹੈ ਕਿ 1980 ਵਿਚ ਇਤਿਹਾਸ ਵਿਚ ਪਹਿਲੀ ਵਾਰ ਇਨ੍ਹਾਂ ਵਿਚੋਂ ਚੋਣਵੀਆਂ ਵਸਤਾਂ ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ ਅੰਮ੍ਰਿਤਸਰ ਵਿਚ ਲਿਆਂਦੀਆਂ ਗਈਆਂ ਅਤੇ ਨੁਮਾਇਸ਼ ਲਗਾਈ ਗਈ ਸੀ। ਦਰਬਾਰਾ ਸਿੰਘ ਤਤਕਾਲੀ ਪੰਜਾਬ ਦੇ ਮੁੱਖ ਮੰਤਰੀ ਸਨ ਅਤੇ ਮੈਂ ਸੱਭਿਆਚਾਰ ਤੇ ਸੰਗੀਤ ਵਿਭਾਗ ਦਾ ਮੁਖੀ ਸੀ। ਇਹ ਮਿਊਜ਼ੀਅਮ ਰਾਮ ਬਾਗ ਵਿਚ ਸਾਡੇ ਵਿਭਾਗ ਵਲੋਂ ਬਣਾਇਆ ਗਿਆ ਸੀ।

ਗਲੈਡਸਟਨ ਨੇ ਗੁਰੂ ਜੀ ਦੀ ਕਲਗੀ ਬਾਰੇ ਕੋਈ ਜਾਣਕਾਰੀ ਨਾ ਦਿੱਤੀ ਕਿਉਂ ਜੋ ਇਹ ਰਿਕਾਰਡ ਵਿਚ ਕਿੱਧਰੇ ਨਹੀਂ ਸੀ। ਮੈਂ ਆਪਣੇ ਵਲੋਂ ਇਹ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀ ਇਸ ਲਈ ਲਾਉਂਦੇ ਸਨ ਕਿਉਂਕਿ ਮੁਗਲ ਬਾਦਸ਼ਾਹ ਲਗਾਉਂਦੇ ਸਨ। ਗੁਰੂ ਸਾਹਿਬ ਮੁਗਲਾਂ ਵਰਗੇ ਕੀਮਤੀ ਕੱਪੜੇ ਵੀ ਪਾਉਂਦੇ ਸਨ ਤਾਂ ਜੋ ਜਨਤਾ ਵਿਚ ਉਹ ਇਹ ਬਲ ਪੈਦਾ ਕਰ ਸਕਣ ਕਿ ਅਸੀਂ ਵੀ ਮੁਗਲਾਂ ਵਰਗੇ ਤਾਕਤਵਰ ਅਤੇ ਆਜ਼ਾਦ ਹਾਂ। ਇਤਿਹਾਸ ਵਿਚ ਇਹ ਲਿਖਿਆ ਹੈ ਕਿ ਜਦ ਗੁਰੂ ਗੋਬਿੰਦ ਸਿੰਘ ਜੀ ਆਗਰੇ ਗਏ ਤਾਂ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਨੇ ਉਨ੍ਹਾਂ ਨੂੰ ਕਲਗੀ ਭੇਟ ਕੀਤੀ ਸੀ ਤੇ ਇਹ ਕਲਗੀ ਲਗਾ ਕੇ ਉਹ ਨਾਂਦੇੜ ਤੱਕ ਗਏ ਸਨ। ਮੇਰੇ ਕਹਿਣ 'ਤੇ ਗਲੈਡਸਟਨ ਨੇ ਮੈਨੂੰ ਮੁਗਲ ਬਾਦਸ਼ਾਹਾਂ ਦੀਆਂ ਕਲਗੀਆਂ ਦਿਖਾਈਆਂ ਅਤੇ ਇਹ ਕਿਹਾ ਕਿ ਇਨ੍ਹਾਂ ਵਿਚ ਇਕ ਕਲਗੀ ਬਾਰੇ ਉਨ੍ਹਾਂ ਕੋਲ ਜਾਣਕਾਰੀ ਨਹੀਂ ਕਿ ਇਹ ਕਿਸ ਦੀ ਹੈ? ਇਹ ਕਲਗੀਆਂ ਜੇਡ (145) ਦੀਆਂ ਬਣੀਆਂ ਹੋਈਆਂ ਸਨ ਅਤੇ ਇਨ੍ਹਾਂ ਵਿਚ ਕੀਮਤੀ ਹੀਰੇ ਲੱਗੇ ਸਨ। ਜੇਡ ਇਕ ਬੜੀ ਕੀਮਤੀ ਧਾਤੂ ਹੈ ਜੋ ਆਮ ਕਰਕੇ ਕੱਚ ਵਾਂਗੂ ਨਜ਼ਰ ਆਉਂਦੀ ਹੈ ਪਰ ਇਸ ਦਾ ਹਲਕਾ ਸਾਂਵਲਾ ਰੰਗ ਹੁੰਦਾ ਹੈ। ਜੇਡ ਦੇ ਪਿਆਲੇ ਮੁਗਲਾਂ ਦੇ ਸਮੇਂ ਪ੍ਰਚੱਲਿਤ ਸਨ। ਮੈਂ ਉਸ ਨੂੰ ਕਿਹਾ ਕਿ ਜੋ ਕਲਗੀ ਬਹਾਦਰ ਸ਼ਾਹ ਨੇ ਦਿੱਤੀ ਉਹ ਜੇਡ ਦੀ ਹੀ ਹੋਵੇਗੀ, ਪਰ ਆਮ ਲੋਕ ਉਸ ਨੂੰ 'ਕਲਗੀ-ਏ-ਕੱਚ' ਪੁਕਾਰਨ ਲੱਗ ਗਏ ਸਨ। ਮਹਾਰਾਜਾ ਰਣਜੀਤ ਸਿੰਘ ਨੇ ਕਲਗੀ ਕਿਸੇ ਸ਼ਰਧਾਲੂ ਤੋਂ ਖਰੀਦੀ ਸੀ ਅਤੇ ਜਦ ਇਹ ਤੋਸ਼ਾਖਾਨਾ ਗਈ ਤਾਂ ਜੇਡ ਬਾਰੇ ਕਿਸੇ ਨੂੰ ਪਤਾ ਨਹੀਂ ਸੀ ਤੇ ਇਸ ਨੂੰ ਕੱਚ ਸਮਝ ਕੇ 'ਕਲਗੀ-ਏ-ਕੱਚ' ਲਿਖ ਦਿੱਤਾ ਹੋਣਾ ਹੈ। ਕਦੇ ਸੋਚੋ ਗੁਰੂ ਸਾਹਿਬ ਕੱਚ ਦੀ ਕਲਗੀ ਕਿਉਂ ਲੈਣਗੇ? ਗੁਰੂ ਸਾਹਿਬ ਦੀ ਸ਼ਾਨੋ ਸ਼ੌਕਤ ਮੁਗਲ ਬਾਦਸ਼ਾਹਾਂ ਵਾਂਗ ਹੀ ਸੀ। ਗੁਰੂ ਜੀ ਕੱਚ ਦੇ ਖਿਡੌਣੇ ਵਰਗੀ ਕਲਗੀ ਕਿਉਂ ਰੱਖਣਗੇ?

ਜਿਹੜੀ ਕਲਗੀ ਲੰਡਨ ਮਿਊਜ਼ੀਅਮ ਵਿਚ ਬੇਨਾਮੀ ਪਈ ਹੈ, ਉਸ ਦਾ ਮੈਂ ਸਾਰਾ ਇਤਿਹਾਸ ਲੱਭਿਆ ਹੈ। ਇਹ 1853 ਵਿਚ ਇਕ ਅੰਗਰੇਜ਼ ਫ਼ੌਜੀ ਅਫ਼ਸਰ ਨੇ ਕਲਕੱਤੇ ਤੋਂ ਲਈ ਅਤੇ ਇਸ ਨੂੰ ਪੈਰਿਸ ਦੀ ਨੁਮਾਇਸ਼ ਵਿਚ ਰੱਖਿਆ। ਉਥੋਂ ਇਹ ਲੰਡਨ ਮਿਊਜ਼ੀਅਮ ਵਿਚ ਪੁੱਜ ਗਈ ਅਤੇ ਅੱਜ ਤੱਕ ਉੱਥੇ ਪਈ ਹੈ। ਹੁਣ ਇਹ ਇਤਿਹਾਸ ਹੈ ਕਿ ਕੀ ਕੱਲਕਤੇ ਵਿਚੋਂ ਗੁਰੂ ਜੀ ਦੀ ਕਲਗੀ ਹੀ ਚੋਰੀ ਹੋ ਗਈ ਸੀ? ਜੇ ਅਜਿਹਾ ਹੋਇਆ ਸੀ ਤਾਂ ਚੁੱਕਣ ਵਾਲਾ ਵੀ ਕੋਈ ਅੰਗਰੇਜ਼ ਫ਼ੌਜੀ ਅਫ਼ਸਰ ਹੀ ਹੋ ਸਕਦਾ ਹੈ।

ਮੈਂ ਅੱਜ ਇਹ ਮੰਗ ਕਰ ਰਿਹਾ ਹਾਂ ਕਿ ਇਸ ਬਾਰੇ ਸਾਡੇ ਚੋਣਵੇਂ ਇਤਿਹਾਸਕਾਰ ਧਿਆਨ ਦੇਣ ਅਤੇ ਇਸ ਦੀ ਖੋਜ ਆਰੰਭ ਕਰਨ ਅਤੇ ਮੇਰੀ ਕੱਚ ਅਤੇ ਜੇਡ ਦੀ ਪਛਾਣ ਵਾਲੀ ਦਲੀਲ ਨੂੰ ਵੀ ਵਿਚਾਰਨ ਅਤੇ ਲੰਡਨ ਪਈ ਇਸ ਕਲਗੀ ਨੂੰ ਵੇਖਣ ਅਤੇ ਉਸ ਦਾ ਇਤਿਹਾਸ ਪੜ੍ਹ ਕੇ ਕਿਸੇ ਨਤੀਜੇ 'ਤੇ ਪੁੱਜਣ। ਲੰਡਨ ਵਿਚ ਵੀ ਬੜੇ ਸਿੱਖ ਹਨ ਜਿਨ੍ਹਾਂ ਨੇ ਗੁਰੂ ਸਾਹਿਬਾਨ ਦੇ ਵਸਤਰਾਂ ਅਤੇ ਸ਼ਸਤਰਾਂ ਬਾਰੇ ਕਿਤਾਬਾਂ ਲਿਖੀਆਂ ਹਨ, ਉਹ ਵੀ ਇਸ ਬਾਰੇ ਖੋਜ ਕਰਨ।

 

ਤਿ੍ਲੋਚਨ ਸਿੰਘ