ਖਾਲਸਾ ਸਾਜਨਾ ਦਿਵਸ ’ਤੇ ਆਪਣੀ ਰਵਾਇਤ ਵੱਲ ਪਰਤਣ ਲਈ ਯਤਨਸ਼ੀਲ ਹੋਈਏ

ਖਾਲਸਾ ਸਾਜਨਾ ਦਿਵਸ ’ਤੇ ਆਪਣੀ ਰਵਾਇਤ ਵੱਲ ਪਰਤਣ ਲਈ ਯਤਨਸ਼ੀਲ ਹੋਈਏ

ਇਹ ਦਿਨ ਖਾਲਸੇ ਦੀ ਸਾਜਨਾ ਦੇ ਦਿਨ ਹਨ..

ਕਿਸੇ ਦਾਨੇ ਆਦਮੀ ਨੇ ਕਿਹਾ ਹੈ ਕਿ ਸੌਖੇ ਵੇਲੇ ਅਕਸਰ ਮਨੁੱਖ ਗੱਲ੍ਹਾਂ ਤਾਂ ਵੱਡੀਆਂ ਕਰ ਲੈਂਦੇ ਹਨ ਪਰ ਮਨੁੱਖ ਦੀ ਪਰਖ ਔਖ ਦੇ ਸਮੇਂ ਵਿਚ ਹੁੰਦੀ ਹੈ। ਸਾਡੇ ਸਾਹਮਣੇ ਵੀ ਅੱਜ ਇਹੋ ਜਿਹੇ ਹਲਾਤ ਬਣ ਰਹੇ ਹਨ, ਜਦੋਂ ਸਾਨੂੰ ਇਤਿਹਾਸ ਦੀ ਗਵਾਹੀ ਦੇਣੀ ਪਵੇਗੀ। ਦੁਬਾਰਾ ਇਤਿਹਾਸ ਦੁਹਰਾ ਕੇ ਦਿਖਾਉਣਾ ਪਵੇਗਾ। ਸਾਡੇ ਅੱਜ ਦੇ ਸਮੇਂ ਦੇ ਅਮਲ ਨੂੰ ਤੱਕੜੀ ਵਿੱਚ ਇਤਿਹਾਸ ਦੇ ਬਰਾਬਰ ਰੱਖ ਕੇ ਦੇਖਿਆ ਜਾਵੇਗਾ। ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅੱਜ ਦੇ ਅਮਲ ਇਤਿਹਾਸ ਨਾਲ ਮੇਲ ਖਾਣ। ਪਰਖ ਦੀ ਘੜੀ ਹੈ, ਔਖ ਦਾ ਸਮਾਂ ਹੈ। ਸਾਡੀਆਂ ਗੱਲਾਂ ਨੇ ਸਾਨੂੰ ਵੱਡੇ ਨਹੀਂ ਕਰਨਾ, ਅਮਲ ਨੇ ਕਰਨਾ ਹੈ। ਅਮਲ ਠੀਕ ਕਰਨਾ ਪੈਣਾ ਹੈ। 

ਇਹ ਦਿਨ ਖਾਲਸੇ ਦੀ ਸਾਜਨਾ ਦੇ ਦਿਨ ਹਨ। ਇਹਨਾਂ ਦਿਨਾਂ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਮੌਜ ਵਿੱਚ ਖਾਲਸਾ ਪ੍ਰਗਟ ਹੋਇਆ ਸੀ। ਸਿੱਖ ਦੀ ਕੋਸ਼ਿਸ ਹੋਣੀ ਚਾਹੀਦੀ ਹੈ ਕਿ ਗੁਰੂ ਦੇ ਦੱਸੇ ਰਾਹ ਨੂੰ ਲੱਭਣ ਅਤੇ ਹਰ ਮੁਸ਼ਕਿਲ ਦੇ ਬਾਵਜੂਦ ਉਸ ਰਾਹ ਉਪਰ ਚੱਲਣ, ਸਿੱਖਣ ਦਾ ਅਮਲ ਹਰ ਹਾਲ ਜਾਰੀ ਰੱਖੇ। 

ਖਾਲਸੇ ਦੀ ਸਾਜਨਾ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪਾਉਂਟਾ ਸਾਹਿਬ ਦੀ ਧਰਤੀ ਉਪਰ ਕਈ ਸਾਲ ਵਾਸਾ ਕੀਤਾ। ਜਿੱਥੇ ਸਿੱਖਾਂ ਨੂੰ ਸਭ ਤਰ੍ਹਾਂ ਦਾ ਗਿਆਨ ਦੇਣ ਦੇ ਉਦੇਸ਼ ਤਹਿਤ ਸਤਿਗੁਰੂ ਜੀ ਨੇ ਬਵੰਜਾ ਕਵੀਆਂ ਦੇ ਰਾਹੀਂ ਕਈ ਗ੍ਰੰਥਾਂ ਦੇ ਉਲੱਥੇ ਕਰਵਾਏ। ਸਿੱਖਾਂ ਨੂੰ ਗੁਰਬਾਣੀ ਨਾਲ ਜੋੜਨ ਦੇ ਨਾਲ ਨਾਲ ਬਾਣੇ ਦੇ ਪੱਖ ਤੋਂ ਦਸਤਾਰ ਮੁਕਾਬਲੇ, ਕਵੀਆਂ ਤੋਂ ਕਵੀ ਦਰਬਾਰ, ਸਸ਼ਤਰ ਵਿਦਿਆ ਦਾ ਅਭਿਆਸ ਕਰਵਾਉਣਾ ਜਾਰੀ ਰੱਖਿਆ। ਪਾਉਂਟਾ ਸਾਹਿਬ ਵਿੱਚ ਲੰਮਾ ਸਮਾਂ ਸਿੱਖਾਂ ਨੂੰ ਗਿਆਨ ਦ੍ਰਿੜ ਕਰਵਾਇਆ। ਅੱਜ ਵੀ ਸਿੱਖਾਂ ਨੂੰ ਗਿਆਨ ਪ੍ਰੰਪਰਾ ਨਾਲ ਜੁੜਨਾ ਚਾਹੀਦਾ ਹੈ। ਗੁਰਬਾਣੀ ਸੰਥਿਆ ਤੋਂ ਲੈ ਕੇ ਧਰਮ, ਕੰਮ ਕਾਰ, ਹਰ ਤਰ੍ਹਾਂ ਦਾ ਉੱਚ ਸੰਸਾਰੀ ਵਿਦਿਆ ਦਾ ਗਿਆਨ ਗੁਰਦੁਆਰਾ ਸਾਹਿਬ ਤੋਂ ਪ੍ਰਾਪਤ ਕਰਨਾ ਚਾਹੀਦਾ ਹੈ ਅਤੇ ਗੁਰਦੁਆਰਾ ਸਾਹਿਬ ਵਿਚ ਵਿਦਿਆ ਅਤੇ ਗਿਆਨ ਪ੍ਰਾਪਤੀ ਦੇ ਵੱਡੇ ਪ੍ਰਬੰਧ ਸਥਾਪਿਤ ਕਰਨੇ ਚਾਹੀਦੇ ਹਨ। ਗਿਆਨ ਪੱਖੋਂ ਅਤੇ ਸਸ਼ਤਰ ਵਿਦਿਆ ਦੀ ਸੰਪੂਰਨ ਤਿਆਰੀ ਤੋਂ ਬਾਅਦ ਹੀ ਸਿੱਖਾਂ ਨੂੰ ਸਤਿਗੁਰੂ ਜੀ ਨੇ ਭੰਗਾਣੀ ਦੇ ਜੰਗ ਵਿੱਚ ਪਾਇਆ। ਖਾਲਸਾ ਸਾਜਣਾ ਦਿਹਾੜੇ ਮੌਕੇ ਸਿੱਖਾਂ ਨੂੰ ਆਪਣੇ ਇਤਿਹਾਸ ਤੋਂ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਸਸ਼ਤਰ ਦੇ ਨਾਲ ਗਿਆਨ ਦੀ ਵੀ ਬਹੁਤ ਲੋੜ ਹੈ, ਕਿਸੇ ਵੀ ਮੁਹਿੰਮ ਤੋਂ ਪਹਿਲਾਂ ਤਿਆਰ ਬਰ ਤਿਆਰ ਹੋਣ ਦੀ ਬੜੀ ਜ਼ਰੂਰਤ ਹੈ, ਤਿਆਗ ਦੀ ਜਰੂਰਤ ਹੈ, ਚੌਂਕੜਿਆਂ ਦਾ ਪਹਿਰਾ ਕਰਨਾ ਪੈਣਾ ਹੈ। ਕੋਈ ਵੀ ਕਾਰਜ ਸਬਰ, ਸਹਿਜ ਤੋਂ ਬਿਨਾਂ ਕਾਹਲ, ਬੇਸਬਰੀ ਅਤੇ ਆਪੋਧਾਪੀ ਨਾਲ ਪੂਰਾ ਨਹੀਂ ਹੋ ਸਕਦਾ। 

ਸਿੱਖਾਂ ਨੂੰ ਆਪਣੀ ਰਵਾਇਤ/ਪਰੰਪਰਾ ਬਾਰੇ ਪੜ੍ਹਨ ਦੀ ਬਹੁਤ ਜਰੂਰਤ ਹੈ। ਪਰੰਪਰਾ ਵਿੱਚੋ ਹੀ ਸੰਗਤ ਵਿਚ ਬੈਠਣ, ਵਿਚਾਰਾਂ ਕਰਨ ਦਾ ਰਾਹ ਮਿਲ ਸਕਦਾ ਹੈ। ਸੋਸ਼ਲ ਮੀਡੀਆ ਉਪਰ ਸੰਗਤ ਦਾ ਸੰਕਲਪ ਲਾਗੂ ਨਹੀਂ ਹੁੰਦਾ, ਆਦਮੀ ਵਧੇਰੇ ਲੋਕਾਂ ਨਾਲ ਜੁੜੇ ਹੋਣ ਦੇ ਬਾਵਜੂਦ ਵੀ ਇਕੱਲਾ ਵਿਚਰਦਾ ਹੈ ਅਤੇ ਬੇਸਬਰੀ ਵਿਚ ਸਭ ਪ੍ਰਾਪਤੀਆਂ ਨੂੰ ਸਕ੍ਰੀਨ ਉਪਰ ਥੋੜ੍ਹੇ ਸਮੇਂ ਵਿਚ ਪ੍ਰਾਪਤ ਕਰਨਾ ਚਾਹੁੰਦਾ ਹੈ। ਮੋਬਾਈਲ ਫੋਨ, ਸੋਸ਼ਲ ਮੀਡੀਆ ਅਤੇ ਸਕਰੀਨਾਂ ਰਾਹੀਂ ਪੈਦਾ ਕੀਤੀ ਜਾ ਰਹੀ ਬੇਸਬਰੀ ਤੋਂ ਬਚਣ ਦਾ ਰਾਹ ਸੰਗਤ ਵਿਚ ਹੀ ਪਿਆ ਹੈ। ਖਾਲਸਾ ਸਾਜਣਾ ਦਿਹਾੜੇ ਮੌਕੇ ਸਮੂਹ ਸੰਗਤ ਨੂੰ ਆਪਸੀ ਵਿਚਾਰਾਂ ਕਰਨ ਦੀ ਪਰੰਪਰਾ ਨੂੰ ਸੁਰਜੀਤ ਕਰਨ ਵੱਲ ਨੂੰ ਕਦਮ ਵਧਾਉਣੇ ਚਾਹੀਦੇ ਹਨ। ਇਹਨਾਂ ਦਿਨਾਂ ਉਪਰ ਖਾਲਸਾ ਜੀ ਇਕਤ੍ਰ ਹੋ ਕੇ ਜੋੜ ਮੇਲੇ ਸਜਾਉਂਦੇ ਰਹੇ, ਹੁਣ ਦੁਬਾਰਾ ਜਦ ਇਤਿਹਾਸਕ ਦਿਨਾਂ ਨੂੰ ਯਾਦ ਕਰਨਾ ਹੈ, ਜੋੜ ਮੇਲੇ ਲਗਾਉਣੇ ਹਨ ਤਾਂ ਰਵਾਇਤ ਦੀ ਪਾਲਣਾ ਜ਼ਰੂਰ ਹੋਣੀ ਚਾਹੀਦੀ ਹੈ। ਆਨੰਦਪੁਰ ਸਾਹਿਬ ਦੇ ਨਾਲ ਨਾਲ ਹੋਰ ਜਿੱਥੇ ਵੀ ਗੁਰੂ ਖਾਲਸਾ ਪੰਥ ਦੇ ਜੋੜ ਮੇਲੇ ਲੱਗਦੇ ਹਨ, ਰਵਾਇਤ ਵੱਲ ਮੁੜਨਾ ਚਾਹੀਦਾ ਹੈ। ਜੋੜ ਮੇਲਿਆਂ ਵਿਚ ਸੰਗਤੀ ਰੂਪ ਵਿਚ ਛੋਟੇ ਛੋਟੇ ਜਥੇ ਬਣਾ ਕੇ ਨਾਮ ਸਿਮਰਨ ਅਤੇ ਵਿਚਾਰਾਂ ਵਿੱਚ ਜੁੜਨਾ ਪੈਣਾ ਹੈ। ਆਪਸ ਵਿੱਚ ਤਾਲਮੇਲ, ਮੇਲਜੋਲ ਵਧਾਉਣ ਦੇ ਨਾਲ ਨਾਲ ਆਪਸੀ ਕਤਾਰਬੰਦੀ ਸਹੀ ਕਰਨੀ ਪੈਣੀ ਹੈ। 

ਹੁਣ ਜਿਸ ਤਰ੍ਹਾਂ ਦੇ ਹਲਾਤਾਂ ਵਿਚੋਂ ਸਿੱਖ ਗੁਜ਼ਰ ਰਹੇ ਹਨ ਤਾਂ ਬਹੁਤ ਜ਼ਰੂਰੀ ਹੈ ਕਿ ਗੁਰੂ ਖਾਲਸਾ ਪੰਥ ਦੇ ਅਲੱਗ ਅਲੱਗ ਜਥਿਆਂ ਦਾ ਆਪਸੀ ਤਾਲਮੇਲ ਹੋਵੇ। ਸੋਸ਼ਲ ਮੀਡੀਆ ਰਾਹੀਂ ਤਾਲਮੇਲ ਤਾਂ ਟੁੱਟਦਾ ਹੀ ਹੈ, ਨਾਲ ਹੀ ਆਪਸੀ ਸਾਂਝ ਵੀ ਫਿੱਕੀ ਪੈ ਰਹੀ ਹੈ। ਵਖਰੇਵਾਂ ਵੱਧ ਰਿਹਾ ਹੈ। ਗੁਰੂ ਖਾਲਸਾ ਪੰਥ ਦੁਆਰਾ ਤਾਲਮੇਲ ਕਰਨ ਅਤੇ ਸਾਂਝੇ ਫੈਸਲੇ ਲੈਣ ਲਈ ਵੀ ਸੰਗਤ ਨੇ ਸਹਾਈ ਹੋਣਾ ਹੈ। ਤੇਜ਼ੀ ਨਾਲ ਬਦਲ ਰਹੇ ਸਮੇਂ ਅਤੇ ਹਲਾਤਾਂ ਵਿੱਚ ਸਿੱਖਾਂ ਨੂੰ ਆਪਸ ਵਿੱਚ ਬੈਠ ਕੇ ਵਿਚਾਰ ਕਰਨ ਦੀ ਜਾਚ ਸਿੱਖਣੀ ਪਵੇਗੀ। ਅਸਹਿਮਤੀਆਂ ਵਾਲੀਆਂ ਗੱਲਾਂ ਨੂੰ ਭੁਲਾ ਕੇ ਆਪਸੀ ਸਾਂਝ ਵਧਾਉਣੀ ਪਵੇਗੀ। ਬਿਪਰ ਅਤੇ ਕਾਰਪੋਰੇਟ ਵਿਰੁੱਧ ਜੂਝਣ ਵਾਲੀਆਂ ਧਿਰਾਂ ਨਾਲ ਸੰਵਾਦ ਰਚਾਉਣਾ ਅਤੇ ਇੱਕ ਦੂਜੇ ਨੂੰ ਸਮਝਣਾ ਪਵੇਗਾ। 

ਕਿਸਾਨੀ ਮੋਰਚੇ ਦੇ ਤਜ਼ਰਬੇ ਨੂੰ ਮਹਾਰਾਜ ਵੱਲੋਂ ਦਿਖਾਇਆ ਰਾਹ ਸਮਝ ਕੇ ਕਿਸੇ ਇੱਕ ਆਗੂ ਉਪਰ ਟੇਕ ਨਾ ਰੱਖ ਕੇ ਪੰਚ ਪ੍ਰਧਾਨੀ ਪ੍ਰਣਾਲੀ ਰਾਹੀਂ ਸਾਂਝੇ ਫੈਸਲੇ ਲੈਣੇ ਚਾਹੀਦੇ ਹਨ। ਪੰਥ ਵਿੱਚ ਲੰਮੇ ਸਮੇਂ ਤੋਂ ਗੁਰਮਤੇ ਨਹੀਂ ਹੋਏ ਹਨ, ਮੁੜ ਉਸੇ ਰਸਤੇ ਜਾਣਾ ਚਾਹੀਦਾ ਹੈ। ਸਰਬੱਤ ਦੇ ਭਲੇ ਨੂੰ ਮੁੱਖ ਰੱਖ ਕੇ ਸਭ ਫੈਸਲੇ ਕੀਤੇ ਜਾਣੇ ਚਾਹੀਦੇ ਹਨ। ਐਸੀਆਂ ਸਖਸ਼ੀਅਤਾਂ ਜੋ ਨਿਸ਼ਕਾਮ ਭਾਵਨਾ ਵਿਚ ਪੰਥ ਦੀ ਸੇਵਾ ਵਿਚ ਹਨ, ਉਹਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ। 

ਇਹ ਸ਼ੁੱਧ ਅਮਲ ਆਪਣੀ ਰਵਾਇਤ ਵਿੱਚੋਂ ਲੰਘ ਕੇ ਹੀ ਪਰਗਟ ਹੋਣਾ ਹੁੰਦਾ ਹੈ, ਗੁਰੂ ਸਾਹਿਬਾਨ ਦੇ ਆਸ਼ੇ ਅਨੁਸਾਰ ਚੱਲ ਰਿਹਾ ਹੁੰਦਾ ਹੈ, ਜਦੋਂ ਉਹਦੀ ਕਹਿਣੀ ਅਤੇ ਕਰਨੀ ਸਿਖਰ ਨੂੰ ਛੋਹ ਰਹੀ ਹੁੰਦੀ ਹੈ। ਜਦੋਂ ਉਹਦਾ ਸਮਰਪਣ ਨਫ਼ੇ ਨੁਕਸਾਨਾਂ ਨੂੰ ਠੋਕਰ ਮਾਰ ਆਇਆ ਹੁੰਦਾ ਹੈ। ਜਦੋਂ ਕੁਝ ਵੀ ਉਹਦਾ ਆਪਣਾ ਨੀ ਰਹਿ ਗਿਆ ਹੁੰਦਾ, ਜਦੋਂ ਉਹ ਸੀਸ ਵਾਲਾ ਹੋ ਗਿਆ ਹੁੰਦਾ ਹੈ। ਜਦੋਂ ਵੀ ਰਵਾਇਤ ਤੋਂ ਤਿਲਕ ਕੇ ਕੋਈ ਅਮਲ ਹੋਵੇਗਾ ਉਦੋਂ ਮੂੰਹ ਨਿਵਾਨ ਵੱਲ ਨੂੰ ਹੀ ਹੋਵੇਗਾ। “ਜਬ ਇਹ ਗਹੈ ਬਿਪਰਨ ਕੀ ਰੀਤ।। ਮੈਂ ਨ ਕਰਉਂ ਇਨ ਕੀ ਪ੍ਰਤੀਤ।।” 

 

ਸੰਪਾਦਕ