ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਘਟੀਆ ਮਾਸਕਾਂ ਖਿਲਾਫ ਹਸਪਤਾਲ ਦਾ ਸਾਰਾ ਅਮਲਾ ਹੜਤਾਲ 'ਤੇ

ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਘਟੀਆ ਮਾਸਕਾਂ ਖਿਲਾਫ ਹਸਪਤਾਲ ਦਾ ਸਾਰਾ ਅਮਲਾ ਹੜਤਾਲ 'ਤੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸਰਕਾਰੀ ਹਸਪਤਾਲ ਲੁਧਿਆਣਾ ਦਾ ਅੱਜ ਸਾਰਾ ਸਿਹਤ ਅਮਲਾ ਸਰਕਾਰ ਦੇ ਘਟੀਆ ਪ੍ਰਬੰਧਾਂ ਦੇ ਵਿਰੋਧ ਵਿਚ ਹੜਤਾਲ ਕਰ ਰਿਹਾ ਹੈ। ਇਸ ਹੜਤਾਲ ਦਾ ਮੁੱਖ ਕਾਰਨ ਸਰਕਾਰ ਵੱਲੋਂ ਸਿਹਤ ਅਮਲੇ ਨੂੰ ਦਿੱਤੇ ਗਏ ਘਟੀਆ ਦਰਜੇ ਦੇ ਐਨ95 ਮਾਸਕ ਹਨ। ਦੱਸ ਦਈਏ ਕਿ ਹਸਪਤਾਲ ਦੇ 4 ਦਰਜਾ ਚਾਰ ਮੁਲਾਜ਼ਮ ਕੋਰੋਨਾਵਾਇਰਸ ਪਾਜ਼ੇਟਿਵ ਪਾਏ ਗਏ ਹਨ। ਉਹਨਾਂ ਇਸ ਲਈ ਘਟੀਆ ਦਰਜੇ ਦੇ ਮਾਸਕਾਂ ਨੂੰ ਵਜ੍ਹਾ ਦੱਸਿਆ ਹੈ। ਇਸ ਤੋਂ ਪਹਿਲਾਂ ਹਸਪਤਾਲ ਦੇ ਡਾਕਟਰ ਵੀ ਘਟੀਆ ਦਰਜੇ ਦੀਆਂ ਪੀਪੀਈ ਕਿੱਟਾਂ ਲਈ ਵਿਰੋਧ ਕਰ ਚੁੱਕੇ ਹਨ।

ਸਿਵਲ ਹਸਪਤਾਲ ਦੇ ਡਾਕਟਰ ਰੋਹਿਤ ਰਾਮਪਾਲ ਨੇ ਕਿਹਾ ਕਿ ਹਸਤਪਾਲ ਦਾ ਅਮਲਾ ਆਪਣੇ ਕੰਮ ਤੋਂ ਨਹੀਂ ਭੱਜ ਰਿਹਾ ਪਰ ਮਹਿਕਮੇ ਨੂੰ ਇਹਨਾਂ ਮੁਲਾਜ਼ਮਾਂ ਦੀ ਸੁਰੱਖਿਆ ਦਾ ਸਹੀ ਬੰਦੋਬਸਤ ਤਾਂ ਕਰਨਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਸਰਕਾਰ ਵੱਲੋਂ ਦਿੱਤੇ ਗਏ ਮਾਸਕ ਬਹੁਤ ਘਟੀਆ ਪੱਧਰ ਦੇ ਹਨ ਜਿਸ ਕਰਕੇ ਹੀ ਮੁਲਾਜ਼ਮਾਂ ਨੂੰ ਕੋਰੋਨਾਵਾਇਰਸ ਹੋਇਆ ਹੈ।

ਦਰਜਾ ਚਾਰ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਨਿਗੁਣੀਆਂ ਤਨਖਾਹਾਂ 'ਤੇ ਕੰਮ ਕਰ ਰਹੇ ਹਨ ਤੇ ਉਹਨਾਂ ਨੂੰ ਕੋਈ ਸਿਹਤ ਬੀਮਾ ਨਹੀਂ ਦਿੱਤਾ ਗਿਆ ਅਤੇ ਸੁਰੱਖਿਆ ਲਈ ਦਿੱਤੇ ਮਾਸਕ ਵੀ ਘਟੀਆ ਦਰਜੇ ਦੇ ਦਿੱਤੇ ਹਨ। ਇਹਨਾਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਪ੍ਰਤੀ ਮਹੀਨਾ 4500 ਤੋਂ 6000 ਰੁਪਏ ਤਨਖਾਹ 'ਤੇ ਕੰਮ ਕਰਦੇ ਹਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।