ਪੰਜਾਬ ਦੀਆਂ ਸੜਕਾਂ 'ਤੇ ਘੁੰਮਦੀ ਮੌਤ; ਸੰਗਰੂਰ ਵਿੱਚ ਅਵਾਰਾ ਗਾਵਾਂ ਕਾਰਨ ਮਹੀਨੇ 'ਚ 8 ਮੌਤਾਂ

ਪੰਜਾਬ ਦੀਆਂ ਸੜਕਾਂ 'ਤੇ ਘੁੰਮਦੀ ਮੌਤ; ਸੰਗਰੂਰ ਵਿੱਚ ਅਵਾਰਾ ਗਾਵਾਂ ਕਾਰਨ ਮਹੀਨੇ 'ਚ 8 ਮੌਤਾਂ

ਸੰਗਰੂਰ: ਪੰਜਾਬ ਵਿੱਚ ਅਵਾਰਾ ਗਾਵਾਂ ਨੇ ਸੜਕਾਂ 'ਤੇ ਦਹਿਸ਼ਤ ਪਾਈ ਹੋਈ ਹੈ ਤੇ ਹਰ ਰੋਜ਼ ਇਹਨਾਂ ਗਾਵਾਂ ਕਾਰਨ ਵਾਪਰਦੇ ਹਾਦਸਿਆਂ ਵਿੱਚ ਕਈ ਲੋਕਾਂ ਦੀ ਮੌਤ ਹੋ ਰਹੀ ਹੈ। ਪਰ ਹਿੰਦੂ ਧਰਮ ਨਾਲ ਜੁੜੇ ਇਸ ਜਾਨਵਰ ਦੀ ਸਾਂਭ ਸੰਭਾਲ ਅਤੇ ਇਹ ਹਾਦਸੇ ਰਾਜਨੀਤੀ ਦੀ ਭੇਂਟ ਚੜ੍ਹਦੇ ਜਾ ਰਹੇ ਹਨ ਜਿਹਨਾਂ ਦਾ ਕੋਈ ਹੱਲ ਨਹੀਂ ਨਿੱਕਲ ਰਿਹਾ। ਸੰਗਰੂਰ ਜ਼ਿਲ੍ਹੇ ਅੰਦਰ ਹੀ ਇਸ ਇੱਕ ਮਹੀਨੇ ਦੌਰਾਨ ਇਹਨਾਂ ਸੜਕਾਂ 'ਤੇ ਘੁੰਮਦੇ ਜਾਨਵਰਾਂ ਕਾਰਨ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੰਗਰੂਰ ਵਾਸੀਆਂ ਵੱਲੋਂ ਬਣਾਈ ਗਈ 21 ਮੈਂਬਰੀ ਕਮੇਟੀ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਇਹਨਾਂ ਅਵਾਰਾ ਗਾਵਾਂ ਦੀ ਸਮੱਸਿਆ ਦਾ ਹੱਲ ਕਰਨ ਵਿੱਚ ਨਾਕਾਮਯਾਬ ਰਹਿਣ 'ਤੇ ਨੋਟਿਸ ਭੇਜਿਆ ਹੈ। 

ਇਸ ਕਮੇਟੀ ਦੇ ਕਾਨੂੰਨੀ ਸਲਾਹਕਾਰ ਲਲਿਤ ਗਰਗ ਨੇ ਕਿਹਾ, "ਪੰਜਾਬ ਸਰਕਾਰ ਨੇ 2015 ਤੋਂ ਬਾਅਦ ਗਾਂ-ਟੈਕਸ ਦੇ ਨਾਂ 'ਤੇ ਪੰਜਾਬ ਦੇ ਲੋਕਾਂ ਤੋਂ 64 ਕਰੋੜ ਰੁਪਏ ਇਕੱਠੇ ਕੀਤੇ ਹਨ। ਪਰ ਇਸ ਦੇ ਬਾਵਜੂਦ ਪੰਜਾਬ ਦੀਆਂ ਸੜਕਾਂ 'ਤੇ ਇਹਨਾਂ ਅਵਾਰਾ ਗਾਵਾਂ ਦੀ ਗਿਣਤੀ ਲਗਾਤਾਰ ਵਧੀ ਹੈ। ਲੋਕਾਂ ਨੂੰ ਦੱਸਿਆ ਜਾਵੇ ਕਿ ਇਹ ਪੈਸਾ ਕਿੱਥੇ ਵਰਤਿਆ ਗਿਆ। ਅਸੀਂ ਮੁੱਖ ਸਕੱਤਰ, ਡੀਸੀ ਅਤੇ ਈਓ ਨੂੰ ਕਾਨੂੰਨੀ ਨੋਟਿਸ ਭੇਜੇ ਹਨ ਤੇ ਜੇ ਕੋਈ ਕਾਰਵਾਈ ਨਾ ਹੋਈ ਤਾਂ ਅਸੀਂ ਮਾਮਲਾ ਦਰਜ ਕਰਾਵਾਂਗੇ।"