ਅਮਰੀਕਾ ਦੇ ਜੈਕਸਨ ਸ਼ਹਿਰ ਨੇੜੇ ਵਗਦੇ ਦਰਿਆ ਦਾ ਪਾਣੀ ਸਿਖਰ 'ਤੇ ਪੁੱਜਾ

ਅਮਰੀਕਾ ਦੇ ਜੈਕਸਨ ਸ਼ਹਿਰ ਨੇੜੇ ਵਗਦੇ ਦਰਿਆ ਦਾ ਪਾਣੀ ਸਿਖਰ 'ਤੇ ਪੁੱਜਾ
ਕੈਪਸ਼ਨ: ਜੈਕਸਨ ਸ਼ਹਿਰ ਦੇ ਇਕ ਹਿੱਸੇ ਵਿਚ ਨਜਰ ਆ ਰਿਹਾ ਹੜ ਦਾ ਪਾਣੀ

 ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ

*2020 ਵਿਚ ਇਥੇ ਆਇਆ ਸੀ ਭਿਆਨਕ ਹੜ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 30 ਅਗਸਤ (ਹੁਸਨ ਲੜੋਆ ਬੰਗਾ)-ਅਮਰੀਕਾ ਵਿਚ ਭਾਰੀ ਬਾਰਿਸ਼ ਕਾਰਨ ਦਰਿਆਵਾਂ ਵਿਚ ਪਾਣੀ ਦਾ  ਪੱਧਰ ਵਧ ਜਾਣ ਦੇ ਸਿੱਟੇ ਵਜੋਂ ਕਈ ਖੇਤਰਾਂ ਵਿਚ ਆਏ ਹੜ ਤੋਂ ਪ੍ਰਭਾਵਿਤ ਲੋਕਾਂ ਦੀ ਜਿੰਦਗੀ ਹੌਲੀ ਹੌਲੀ ਆਮ ਵਾਂਗ ਹੋ ਰਹੀ ਹੈ ਪਰੰਤੂ ਅਜੇ ਵੀ ਖਤਰਾ ਟਲਿਆ ਨਹੀਂ ਹੈ । ਮਿਸੀਸਿਪੀ ਰਾਜ ਦੇ ਜੈਕਸਨ ਸ਼ਹਿਰ ਦੇ ਮੇਅਰ ਚੋਕ ਅੰਟਰ ਲੂਮੂਮਬਾ ਨੇ ਕਿਹਾ ਹੈ ਕਿ ਅਸੀਂ ਚੌਕਸ ਹਾਂ ਤੇ ਆਸਾਵਾਦੀ ਹਾਂ ਕਿ ਹਾਲਾਤ ਆਮ ਵਾਂਗ ਹੋ ਜਾਣਗੇ। ਭਾਰੀ ਬਾਰਿਸ਼ ਕਾਰਨ ਪਰਲ ਦਰਿਆ ਵਿਚ ਪਾਣੀ ਦਾ ਪੱਧਰ ਸਿਖਰ 'ਤੇ ਪੁੱਜ ਗਿਆ ਹੈ। ਸੋਮਵਾਰ ਦੀ ਸਵੇਰ ਨੂੰ ਦਰਿਆ ਵਿਚ ਪਾਣੀ ਦਾ ਪੱਧਰ 35.5 ਫੁੱਟ ਸੀ। ਦੋ ਸਾਲ ਪਹਿਲਾਂ 2020 ਵਿਚ ਇਸ ਦਰਿਆ ਵਿਚ ਪਾਣੀ ਦਾ ਪੱਧਰ 36.7 ਫੁੱਟ 'ਤੇ ਪੁੱਜ ਗਿਆ ਸੀ ਜਿਸ ਕਾਰਨ ਉਤਰ ਪੂਰਬ ਦੇ ਕਈ ਖੇਤਰਾਂ ਤੇ ਜੈਕਸਨ ਦੇ ਅੰਦਰਲੇ ਹਿੱਸੇ ਵਿਚ ਭਾਰੀ ਹੜ ਆ ਗਿਆ ਸੀ। ਮੇਅਰ ਨੇ ਕਿਹਾ ਹੈ ਕਿ ਅਸੀਂ ਅਜੇ 2020 ਵਿਚ ਆਏ ਇਤਿਹਾਸਕ ਹੜ ਦੇ ਪਾਣੀ ਕਾਰਨ ਹੋਈ ਬਰਬਾਦੀ ਵਿਚੋਂ ਨਹੀਂ ਉਭਰੇ ਪਰੰਤੂ ਫਿਰ ਵੀ ਆਸਾਵਾਦੀ ਹਾਂ । ਮੇਅਰ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਦਰਿਆ ਵਿਚ ਵਧੇ ਪਾਣੀ ਦੇ ਪੱਧਰ ਤੋਂ ਸੁਚੇਤ ਰਹਿਣ ਤੇ ਉਹ ਸੁਰੱਖਿਅਤ ਥਾਵਾਂ 'ਤੇ ਚਲੇ ਜਾਣ। ਮੇਅਰ ਦੇ ਬੁਲਾਰੇ ਮੈਲੀਸਾ ਪੇਨੇ ਨੇ ਕਿਹਾ ਹੈ ਕਿ ਅਜੇ ਤੱਕ ਕਿਸੇ ਘਰ ਵਿਚ ਪਾਣੀ ਦਾਖਲ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਉਨਾਂ ਕਿਹਾ ਹੈ ਕਿ  ਲੋਕਾਂ ਦੇ ਪਨਾਹ ਲੈਣ ਵਾਲੇ ਸਥਾਨ ਖੁਲੇ ਹਨ ਤੇ ਜੋ ਲੋਕ ਇਨਾਂ ਥਾਵਾਂ 'ਤੇ ਆਉਣਾ ਚੁਹੰਦੇ ਹਨ, ਉਹ ਆ ਸਕਦੇ ਹਨ। ਬੁਲਾਰੇ ਨੇ ਆਸ ਪ੍ਰਗਟਾਈ ਹੈ ਕਿ ਅਗਲੇ ਇਕ ਦੋ ਦਿਨਾਂ ਵਿਚ ਪਾਣੀ ਦਾ ਪੱਧਰ ਘੱਟਣ ਦੀ ਸੰਭਾਵਨਾ ਹੈ। ਜੈਕਸਨ ਸ਼ਹਿਰ ਦੇ ਉਤਰ ਪੂਰਬ ਹਿੱਸੇ ਵਿਚ ਕੁਝ ਸੜਕਾਂ ਅਜੇ ਵਰਤੋਂ ਦੇ ਯੋਗ ਨਹੀਂ ਹਨ ਪਰੰਤੂ ਖੇਤਰ ਵਿਚ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ।