ਕਿਸਾਨ ਮੋਰਚਿਆਂ ’ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਕੀਤਾ ਸਿਜਦਾ

ਕਿਸਾਨ ਮੋਰਚਿਆਂ ’ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਕੀਤਾ ਸਿਜਦਾ

‘‘ਬਾਬਾ ਬੰਦਾ ਸਿੰਘ ਬਹਾਦਰ ਨੂੰ ਇਹੋ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਮੋਦੀ ਸਰਕਾਰ ਵੱਲੋਂ ਕਿਸਾਨੀ ਅਤੇ ਖੇਤੀ ਦੀ ਤਬਾਹੀ ਲਈ ਲਿਆਂਦੇ ਕਾਨੂੰਨਾਂ ਦੀ ਵਾਪਸੀ ਲਈ ਵਿੱਢੇ ਗਏ ਸੰਘਰਸ਼ ਨੂੰ ਹੋਰ ਮਜ਼ਬੂਤ ਕੀਤਾ ਜਾਵੇ।

ਅੰਮ੍ਰਿਤਸਰ ਟਾਈਮਜ਼ ਬਿਉਰੋ 

ਚੰਡੀਗੜ੍ਹ:ਪੰਜਾਬ ਦੇ ਸੰਘਰਸ਼ੀ ਅਖਾੜਿਆਂ ’ਚ ਅੱਜ ਦਾ ਦਿਨ ਸਿੱਖ ਰਾਜ ਦੇ ਪਹਿਲੇ ਸੰਸਥਾਪਕ ਅਤੇ ਜ਼ਮੀਨ ਦਾ ਮਾਲਿਕਾਨਾ ਹੱਕ ਹਲਵਾਹਕਾਂ ਨੂੰ ਦੇ ਕੇ ਭੂਮੀ ਸੁਧਾਰਾਂ ਦਾ ਮੁੱਢ ਬੰਨ੍ਹਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਰਪਿਤ ਕੀਤਾ ਗਿਆ। ਕਿਸਾਨ ਜਥੇਬੰਦੀਆਂ ਨੇ ਆਦਿਵਾਸੀ ਆਜ਼ਾਦੀ ਘੁਲਾਟੀਏ ਬਿਰਸਾ ਮੁੰਡਾ ਨੂੰ ਵੀ ਸ਼ਰਧਾਂਜਲੀਆਂ ਦਿੱਤੀਆਂ। ਧਰਨਿਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਦੇ ਦਿਨ ਹੀ ਸੰਨ 1716 ਵਿੱਚ ਮੁਗਲ ਹਕੂਮਤ ਨੇ ਅਕਹਿ ਅਤੇ ਅਸਹਿ ਤਸੀਹੇ ਦੇ ਕੇ ਬਾਬਾ ਬੰਦਾ ਬਹਾਦਰ ਨੂੰ ਉਨ੍ਹਾਂ ਦੇ ਬੇਟੇ ਅਤੇ ਸੈਂਕੜੇ ਸਾਥੀਆਂ ਸਮੇਤ ਦਿੱਲੀ ਵਿਚ ਸ਼ਹੀਦ ਕਰ ਦਿੱਤਾ ਸੀ। ਬੰਦਾ ਸਿੰਘ ਬਹਾਦਰ ਨੇ ਸਰਹਿੰਦ ਨੂੰ ਫਤਹਿ ਕਰਨ ਤੋਂ ਬਾਅਦ ਪੰਜਾਬ ਦੇ ਵੱਡੇ ਇਲਾਕੇ ਉਪਰ ਕਬਜ਼ਾ ਕੀਤਾ ਸੀ। ਉਸ ਨੇ ਜਾਗੀਰਦਾਰਾਂ ਤੋਂ ਜ਼ਮੀਨਾਂ ਖੋਹ ਕੇ ਹਲਵਾਹਕਾਂ ਨੂੰ ਤਕਸੀਮ ਕੀਤੀਆਂ, ਜਿਸ ਕਰਕੇ ਪੰਜਾਬੀ ਕਿਸਾਨ ਸਤਿਕਾਰ ਵਜੋਂ ਉਸ ਨੂੰ ਅੱਜ ਵੀ ਆਪਣਾ ਪਹਿਲਾ ਤਹਿਸੀਲਦਾਰ ਆਖਦੇ ਹਨ। ਕਿਸਾਨ ਬੁਲਾਰਿਆਂ ਨੇ ਕਿਹਾ ਕਿ ਸਹੀ ਅਰਥਾਂ ’ਚ ਬਾਬਾ ਬੰਦਾ ਸਿੰੰਘ ਬਹਾਦਰ ਨੇ ਹੀ ਦੇਸ਼ ਅੰਦਰ ਸਭ ਤੋਂ ਪਹਿਲਾਂ ਭੂਮੀ ਸੁਧਾਰਾਂ ਦਾ ਮੁੱਢ ਬੰਨ੍ਹਿਆ ਸੀ। ਉਨ੍ਹਾਂ ਕਿਹਾ,‘‘ਬਾਬਾ ਬੰਦਾ ਸਿੰਘ ਬਹਾਦਰ ਨੂੰ ਇਹੋ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਮੋਦੀ ਸਰਕਾਰ ਵੱਲੋਂ ਕਿਸਾਨੀ ਅਤੇ ਖੇਤੀ ਦੀ ਤਬਾਹੀ ਲਈ ਲਿਆਂਦੇ ਕਾਨੂੰਨਾਂ ਦੀ ਵਾਪਸੀ ਲਈ ਵਿੱਢੇ ਗਏ ਸੰਘਰਸ਼ ਨੂੰ ਹੋਰ ਮਜ਼ਬੂਤ ਕੀਤਾ ਜਾਵੇ।’’ ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅੱਜ ਦੇ ਹੀ ਦਿਨ ਸੰਨ 1900 ਵਿੱਚ, ਮੌਜੂਦਾ ਝਾਰਖੰਡ ਇਲਾਕੇ ਦਾ ਆਦਿਵਾਸੀ ਲੋਕ ਨਾਇਕ ਅਤੇ ਆਜ਼ਾਦੀ ਘੁਲਾਟੀਆ ਬਿਰਸਾ ਮੁੰਡਾ ਅੰਗਰੇਜ਼ ਹਕੂਮਤ ਦੀ ਜੇਲ੍ਹ ਵਿੱਚ ਹੀ ਸ਼ਹੀਦੀ ਪਾ ਗਿਆ ਸੀ। ਉਸ ਨੇ ਤਾਉਮਰ ਲੋਕ ਹਿੱਤਾਂ ਲਈ ਸੰਘਰਸ਼ ਕੀਤਾ ਅਤੇ ਅੰਗਰੇਜ਼ ਹਕੂਮਤ ਤੋਂ ਆਜ਼ਾਦੀ ਹਾਸਲ ਕਰਨ ਲਈ ਲੜਦੇ ਰਹੇ। ਧਰਨਿਆਂ ’ਚ ਇਨ੍ਹਾਂ ਦੋਵੇਂ ਮਹਾਨ ਸ਼ਖਸੀਅਤਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਬੁਲਾਰਿਆਂ ਨੇ ਕਿਹਾ ਕਿ ਸਾਡਾ ਵਿਰਸਾ ਅਨਿਆਂ, ਜਬਰ, ਜ਼ੁਲਮ ਅਤੇ ਹਰ ਤਰ੍ਹਾਂ ਦੇ ਦਾਬੇ ਵਿਰੁੱਧ ਲੜਨ ਤੇ  ਕੁਰਬਾਨੀਆਂ  ਦੇਣ ਵਾਲਾ ਵਿਰਸਾ ਹੈ। ‘ਇਹ ਵਿਰਸਾ ਸਾਡੇ ਲਈ ਬਹੁਤ ਵੱਡਾ ਪ੍ਰੇਰਣਾ ਸਰੋਤ ਹੈ ਅਤੇ ਮੌਜੂਦਾ ਕਿਸਾਨ ਅੰਦੋਲਨ ਵਿੱਚ ਵੀ ਇਹ ਵਿਰਸਾ ਸਾਨੂੰ ਜਬਰ-ਜ਼ੁਲਮ ਵਿਰੁੱਧ ਲੜਨ ਤੇ ਕੁਰਬਾਨੀਆਂ ਦੇਣ ਲਈ ਪ੍ਰੇਰਦਾ ਰਹਿੰਦਾ ਹੈ। ਜਿਹੜੀਆਂ ਜ਼ਮੀਨਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਜਗੀਰਦਾਰਾਂ ਤੋਂ ਖੋਹ ਕੇ ਸਾਨੂੰ ਸੌਂਪੀਆਂ ਸਨ, ਸਰਕਾਰ ਉਹੀ ਜ਼ਮੀਨਾਂ ਫਿਰ ਤੋਂ  ‘ਵੱਡਿਆਂ’  ਕਾਰਪੋਰੇਟੀ ਜ਼ੋਰਾਵਰਾਂ ਨੂੰ ਸੌਂਪਣ ਲਈ ਰੱਸੇ ਪੈੜੇ ਵੱਟ ਰਹੀ ਹੈ। ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਬਲੀਦਾਨ ਦਿਵਸ ਮੌਕੇ ਅਸੀਂ ਇੱਕ ਵਾਰ ਫਿਰ ਤੋਂ ਅਹਿਦ ਕਰਦੇ ਹਾਂ ਕਿ ਤਿੰਨੋਂ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਤੱਕ ਅੰਦੋਲਨ ਦੇ ਮੈਦਾਨ ਵਿੱਚ ਡਟੇ ਰਹਾਂਗੇ।’ ਇਸ ਦੌਰਾਨ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਦੇ ਕਾਫ਼ਲਿਆਂ ਦਾ ਸਿੰਘੂ ਅਤੇ ਟਿਕਰੀ ਮੋਰਚਿਆਂ ’ਤੇ ਜਾਣਾ ਜਾਰੀ ਹੈ।  ਭਾਰਤੀ ਕਿਸਾਨ ਯੂਨੀਅਨ (ਕਾਦੀਆਂ), ਕੁੱਲ ਹਿੰਦ ਕਿਸਾਨ ਸਭਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਅਤੇ ਕਿਰਤੀ ਕਿਸਾਨ ਯੂਨੀਅਨ ਸਮੇਤ ਪੰਜਾਬ ਤੋਂ ਆਂਗਣਵਾੜੀ ਵਰਕਰਾਂ ਅਤੇ ਡੈਮੋਕਰੈਟਿਕ ਮੁਲਾਜ਼ਮ ਫਰੰਟ ਦੇ ਜਥਿਆਂ ਨੇ ਦਿੱਲੀ ਲਈ ਕੂਚ ਕੀਤਾ।ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੇ ਅੰਦੋਲਨ ਨੂੰ ਜਿਸ ਤਰ੍ਹਾਂ ਦਾ ਦੇਸ਼ ਵਿਆਪੀ ਸਮਰਥਨ ਮਿਲਿਆ ਹੈ, ਉਸ ਨੇ ਸੱਤਾਧਾਰੀ ਸਿਆਸਤਦਾਨਾਂ ਦੀਆਂ ਸਾਰੀਆਂ ਚਾਲਾਂ ਨੂੰ ਫੇਲ੍ਹ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਖਲਾਕ ਤੇ ਏਕੇ ਦੇ ਜ਼ੋਰ ’ਤੇ ਕਿਸਾਨ ਵਿਰੋਧੀ ਤਾਕਤਾਂ ਨੂੰ ਹਰਾ ਕੇ ਹੀ ਉਹ ਦਮ ਲੈਣਗੇ।

ਬਾਬਾ ਬੰਦਾ ਸਿੰਘ ਬਹਾਦਰ ਨੇ ਕਿਰਤੀਆਂ ਨੂੰ ਜ਼ਮੀਨਾਂ ਦੇ ਮਾਲਿਕਾਨਾ ਹੱਕ ਦਿੱਤੇ ਸਨ: ਮਾਨ

 ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਜਗੀਰਦਾਰਾਂ ਤੋਂ ਜ਼ਮੀਨਾਂ ਖੋਹ ਕੇ ਮੁਜਾਰੇ ਕਿਸਾਨਾਂ ’ਚ ਵੰਡਣ ਵਾਲੇ ਯੋਧੇ  ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਮਨਾਇਆ। ਇਸ ਦੌਰਾਨ ਆਦਿਵਾਸੀ ਯੋਧੇ ਬਿਰਸਾ ਮੁੰਡਾ ਅਤੇ ਹਰਕਿਸ਼ਨ ਸਰਹੱਦੀ ਦੇ  ਸ਼ਹੀਦੀ ਦਿਹਾੜੇ ’ਤੇ ਉਨ੍ਹਾਂ ਨੂੰ ਵੀ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦਾ ਜ਼ਿਕਰ ਕਰਦਿਆਂ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ,‘‘ਕਿਰਤੀ ਲੋਕਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿਵਾਉਣ ਵਾਲੇ ਉਹ ਪਹਿਲੇ ਮਹਾਨ ਯੋਧੇ ਹਨ  ਜਿਨ੍ਹਾਂ ‘ਜ਼ਮੀਨ ਹਲਵਾਹਕ ਦੀ’ ਦਾ ਨਾਅਰਾ ਦਿੱਤਾ।’’ ਜ਼ਿਲ੍ਹਾ ਬਠਿੰਡਾ ਦੇ ਆਗੂ ਬਸੰਤ ਸਿੰਘ ਕੋਠਾ ਗੁਰੂ ਨੇ ਕਿਹਾ ਕਿ ਮੋਦੀ ਹਕੂਮਤ ਖੇਤੀ ਸਬੰਧੀ ਕਾਲੇ ਕਾਨੂੰਨਾਂ ਨੂੰ ਬਾਹਰੀ ਤੌਰ ’ਤੇ ਭਾਵੇਂ ਮੰਨਣ ਵਾਸਤੇ ਤਿਆਰ ਨਹੀਂ ਪਰ ਭਾਜਪਾ ਅੰਦਰ ਅੰਦਰੂਨੀ ਤੌਰ  ’ਤੇ ਸੰਕਟ ਦਾ  ਵਿਸ਼ਾ ਬਣਿਆ ਹੋਇਆ ਹੈ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਫ਼ਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਵਿੱਚ ਕੀਤੇ ਨਿਗੁਣੇ ਵਾਧੇ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਮੋਦੀ ਸਰਕਾਰ 2022 ਵਿਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਦਾਅਵਾ ਕਰਦੀ ਹੈ ਪਰ ਇਸ ਨਾਲ ਤਾਂ ਪੂਰੇ ਲਾਗਤ ਖ਼ਰਚੇ ਤਾਂ ਕੀ ਮੁੜਨੇ ਹਨ ਸਗੋਂ ਇਕੱਲੇ ਡੀਜ਼ਲ ਦਾ ਲਾਗਤ ਖ਼ਰਚ ਵੀ ਪੂਰਾ ਨਹੀਂ ਹੁੰਦਾ ਹੈ।