ਪੁਲਿਸ ਹਿਰਾਸਤ 'ਚ ਮਾਰ ਖਪਾਏ ਨੌਜਵਾਨ ਦੇ ਇਨਸਾਫ ਲਈ ਯੂਨੀਵਰਸਿਟੀ 'ਚ ਪ੍ਰਦਰਸ਼ਨ; ਨਿਆਇਕ ਜਾਂਚ ਦੀ ਕੀਤੀ ਮੰਗ

ਪੁਲਿਸ ਹਿਰਾਸਤ 'ਚ ਮਾਰ ਖਪਾਏ ਨੌਜਵਾਨ ਦੇ ਇਨਸਾਫ ਲਈ ਯੂਨੀਵਰਸਿਟੀ 'ਚ ਪ੍ਰਦਰਸ਼ਨ; ਨਿਆਇਕ ਜਾਂਚ ਦੀ ਕੀਤੀ ਮੰਗ

ਚੰਡੀਗੜ੍ਹ: ਫਰੀਦਕੋਟ ਸੀਆਈਏ ਸਟਾਫ ਵਿਖੇ ਪੁਲਿਸ ਹਿਰਾਸਤ ਵਿੱਚ ਮਾਰੇ ਜਾਣ ਤੋਂ ਬਾਅਦ ਰਾਜਸਥਾਨ ਨਹਿਰ ਵਿੱਚ ਲਾਸ਼ ਸੁੱਟ ਕੇ ਖਪਾ ਦਿੱਤੇ ਗਏ ਨੌਜਵਾਨ ਜਸਪਾਲ ਸਿੰਘ ਲਈ ਇਨਸਾਫ ਦੀ ਅਵਾਜ਼ ਫਰੀਦਕੋਟ ਤੋਂ ਹੁੰਦਿਆਂ ਚੰਡੀਗੜ੍ਹ ਵੀ ਆ ਪਹੁੰਚੀ ਹੈ। ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਜਥੇਬੰਦੀਆਂ ਸੱਥ, ਅਕਾਦਮਿਕ ਫੌਰਮ ਆਫ ਸਿੱਖ ਸਟੂਡੈਂਟਸ ਅਤੇ ਐੱਸ. ਐੱਫ. ਐੱਸ ਵੱਲੋਂ ਪੰਜਾਬ ਪੁਲਿਸ ਦੇ ਅਣਮਨੁੱਖੀ ਰਵੱਈਏ ਖਿਲਾਫ ਅੱਜ ਵਿਦਿਆਰਥੀ ਕੇਂਦਰ 'ਤੇ ਪ੍ਰਦਰਸ਼ਨ ਕੀਤਾ ਗਿਆ ਤੇ ਪੰਜਾਬ ਪੁਲਿਸ ਨੂੰ ਮਨੁੱਖੀ ਹੱਕਾਂ ਦੀ ਕਾਤਲ ਜਮਾਤ ਦੱਸਿਆ ਗਿਆ। 

ਵਿਦਿਆਰਥੀ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਦੌਰਾਨ ਕਿਹਾ ਗਿਆ ਕਿ ਜਸਪਾਲ ਸਿੰਘ ਦੀ ਮੌਤ ਬਾਰੇ ਪੁਲਿਸ ਖੁਦਕੁਸ਼ੀ ਦੱਸ ਕੇ ਪਰਦਾ ਪਾਉਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਸੀਆਈਏ ਸਟਾਫ ਦੇ ਸਖਤ ਮਾਹੌਲ ਵਿੱਚ ਖੁਦਕੁਸ਼ੀ ਕਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਪੁਲਿਸ ਨੇ ਹਿਰਾਸਤ ਵਿੱਚ ਨੌਜਵਾਨ 'ਤੇ ਤਸ਼ੱਦਦ ਕੀਤਾ ਜੋ ਉਸਦੀ ਮੌਤ ਦਾ ਕਾਰਨ ਬਣਿਆ ਤੇ ਇਸ ਨੂੰ ਲੁਕਾਉਣ ਲਈ ਨੌਜਵਾਨ ਦੀ ਲਾਸ਼ ਖੁਰਦ ਬੁਰਦ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਸੀਆਈਏ ਸਟਾਫ ਦੇ ਇੰਚਾਰਜ ਨਰਿੰਦਰ ਸਿੰਘ ਵੱਲੋਂ ਖੁਦਕੁਸ਼ੀ ਕਰਨ ਨਾਲ ਇਹ ਮਾਮਲਾ ਬਹੁਤ ਗੰਭੀਰ ਬਣ ਗਿਆ ਹੈ ਜਿਸ ਦੀ ਉੱਚ ਪੱਧਰੀ ਨਿਆਇਕ ਜਾਂਚ ਹੋਣੀ ਚਾਹੀਦੀ ਹੈ। 

ਬੁਲਾਰਿਆਂ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਖਿਲਾਫ ਮਨੁੱਖੀ ਹੱਕਾਂ ਦੇ ਘਾਣ ਦੀਆਂ ਸਭ ਤੋਂ ਵੱਧ ਸ਼ਿਕਾਇਤਾਂ ਦਰਜ ਹੋਈਆਂ ਹਨ ਤੇ ਪੰਜਾਬ ਦੇ ਥਾਣਿਆਂ ਨੂੰ ਲੋਕ ਬੁੱਚੜਖਾਨੇ ਕਰਕੇ ਜਾਣਦੇ ਹਨ, ਅਜਿਹੇ ਵਿੱਚ ਪੰਜਾਬ ਸਰਕਾਰ ਪਕੋਕਾ ਵਰਗੇ ਕਾਲੇ ਕਾਨੂੰਨ ਨਾਲ ਮਨੁੱਖੀ ਹੱਕਾਂ ਦੀ ਕਾਤਲ ਪੰਜਾਬ ਪੁਲਿਸ ਨੂੰ ਅਸੀਮ ਤਾਕਤਾਂ ਦੇ ਕੇ ਪੰਜਾਬ ਦੀ ਜਵਾਨੀ ਦੇ ਘਾਣ ਦੇ ਨਵੇਂ ਰਾਹ ਖੋਲ੍ਹਣ ਦੀਆਂ ਤਿਆਰੀਆਂ ਕਰ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਪੁਲਿਸ ਦੀਆਂ ਆਪਹੁਦਰੀਆਂ ਖਿਲਾਫ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤੇ ਦੋਸ਼ੀ ਪੁਲਿਸ ਅਫਸਰਾਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਜਵਾਬਦੇਹ ਬਣਾਉਣ ਚਾਹੀਦਾ ਹੈ। 

ਇਸ ਦੌਰਾਨ ਵਿਦਿਆਰਥੀਆਂ ਵੱਲੋਂ ਫੜੇ ਪੋਸਟਰਾਂ 'ਤੇ ਪੰਜਾਬ ਦੇ ਥਾਣੇ ਕਿ ਬੁੱਚੜਖਾਨੇ, ਪੰਜਾਬ ਪੁਲਿਸ ਦੀ ਇੱਕ ਪਛਾਣ ਮਨੁੱਖੀ ਹੱਕਾਂ ਦਾ ਕਰਦੀ ਘਾਣ ਆਦਿ ਨਾਅਰੇ ਲਿਖੇ ਹੋਏ ਸਨ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ