ਅਸਟ੍ਰੇਲੀਆ ਵਿੱਚ ਅੱਗ ਦੀ ਤਬਾਹੀ ਦੇ ਔਖੇ ਸਮੇਂ ਲੋਕਾਂ ਦੀ ਮਦਦ ਲਈ ਡਟੇ 'ਗੁਰੂ ਦੇ ਸਿੱਖ'

ਅਸਟ੍ਰੇਲੀਆ ਵਿੱਚ ਅੱਗ ਦੀ ਤਬਾਹੀ ਦੇ ਔਖੇ ਸਮੇਂ ਲੋਕਾਂ ਦੀ ਮਦਦ ਲਈ ਡਟੇ 'ਗੁਰੂ ਦੇ ਸਿੱਖ'

ਮੈਲਬੋਰਨ: ਅਸਟ੍ਰੇਲੀਆ ਵਿੱਚ ਜੰਗਲ ਦੀ ਅੱਗ ਵੱਲੋਂ ਮਚਾਈ ਜਾ ਰਹੀ ਤਬਾਹੀ ਦੇ ਸਮੇਂ ਗੁਰੂ ਨਾਨਕ ਪਾਤਸ਼ਾਹ ਦੇ ਸੇਵਾ ਦੇ ਸਿਧਾਂਤ ਨੂੰ ਕਮਾਉਂਦਿਆਂ ਇਸ ਔਖੀ ਘੜੀ ਮੁਸੀਬਤ 'ਚ ਫਸੇ ਲੋਕਾਂ ਦੀ ਮਦਦ ਲਈ ਸਿੱਖ ਅੱਗੇ ਆ ਰਹੇ ਹਨ। ਘਰੋਂ ਬੇਘਰ ਹੋਏ ਲੋਕਾਂ ਲਈ ਲੰਗਰ ਦੀ ਸੇਵਾ ਕਰ ਰਹੇ ਸਿੱਖਾਂ ਦੀ ਸਾਰਾ ਅਸਟ੍ਰੇਲੀਆ ਸਿਫਤ ਕਰ ਰਿਹਾ ਹੈ। 

ਮੈਲਬੋਰਨ ਨਾਲ ਸਬੰਧਿਤ ਸਿੱਖ ਸੰਸਥਾ 'ਸਿੱਖ ਵੋਲੰਟੀਅਰਜ਼ ਅਸਟ੍ਰੇਲੀਆ' ਲਗਾਤਾਰ ਪਿਛਲੇ ਦਿਨਾਂ ਤੋਂ ਅੱਗ ਨਾਲ ਪ੍ਰਭਾਵਿਤ ਇਲਾਕਿਆਂ 'ਚ ਲੋਕਾਂ ਲਈ ਲੰਗਰ ਲੈ ਕੇ ਜਾ ਰਹੀ ਹੈ। ਉਹ ਹੁਣ ਤੱਕ ਸੈਂਕੜੇ ਪੀੜਤ ਲੋਕਾਂ ਤੱਕ ਲੰਗਰ ਦੀ ਸੇਵਾ ਪਹੁੰਚਾ ਚੁੱਕੇ ਹਨ।
ਸਿੱਖਾਂ ਵੱਲੋਂ ਕੀਤੀ ਜਾ ਰਹੀ ਇਸ ਸੇਵਾ ਦੀ ਸਿਫਤ ਕਰਦਿਆਂ ਵਿਕਟੋਰੀਆ ਸੂਬੇ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਟਵੀਟ ਕੀਤਾ, "ਇੱਕ ਅਖਾਣ ਹੈ ਕਿ ਮੁਸੀਬਤ ਦੇ ਸਮੇਂ, ਅਸੀਂ ਮਦਦ ਲਈ ਵੇਕਦੇ ਹਾਂ। ਸਿੱਖ ਵੋਲੰਟੀਅਰਜ਼ ਅਸਟ੍ਰੇਲੀਆ ਦੇ ਇਹ ਮਹਾਨ ਲੋਕ ਮੈਲਬੋਰਨ ਤੋਂ ਬੇਅਰਨਸਡੇਲ ਜਾ ਕੇ ਲੋਕਾਂ ਨੂੰ ਲੰਗਰ ਛਕਾ ਰਹੇ ਹਨ।"

ਪ੍ਰੀਮੀਅਰ ਦੇ ਇਸ ਟਵੀਟ 'ਤੇ ਹੋਰ ਬਹੁਤ ਲੋਕਾਂ ਨੇ ਟਿੱਪਣੀਆਂ ਕਰਦਿਆਂ ਸਿੱਖਾਂ ਦੀ ਇਸ ਸੇਵਾ ਭਾਵਨਾ ਦੀ ਸਿਫਤ ਕੀਤੀ।

ਜਾਣਕਾਰੀ ਮੁਤਾਬਿਕ ਸਿੱਖਾਂ ਦੀ ਇਹ ਸੰਸਥਾ ਹਰ ਹਫਤੇ ਵਿੱਚ ਦੋ ਦਿਨ ਮੈਲਬੋਰਨ ਦੇ ਆਲੇ ਦੁਆਲੇ ਲੋੜਵੰਦ ਲੋਕਾਂ ਨੂੰ ਲੰਗਰ ਛਕਾਉਂਦੀ ਹੈ। ਸੰਸਥਾ ਦੇ ਸੇਵਾਦਾਰ ਜਸਵਿੰਦਰ ਸਿੰਘ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਇਸ ਮੁਸੀਬਤ ਦੇ ਸਮੇਂ ਉਹ ਇੱਥੇ ਆਏ ਹਨ ਤੇ ਵੱਧ ਤੋਂ ਵੱਧ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਉਹਨਾਂ ਕਿਹਾ ਕਿ ਮੈਲਬੋਰਨ ਤੋਂ ਇੱਥੇ ਪ੍ਰਸ਼ਾਦਾ ਤਿਆਰ ਕਰਕੇ ਲਿਆਉਣਾ ਬਹੁਤ ਔਖਾ ਕੰਮ ਸੀ ਕਿਉਂਕਿ ਇਹ ਚਾਰ ਘੰਟੇ ਦਾ ਸਫਰ ਹੈ। ਉਹਨਾਂ ਦੱਸਿਆ ਕਿ ਸਥਾਨਕ ਲੋਕਾਂ ਨੇ ਉਹਨਾਂ ਨੂੰ ਲੰਗਰ ਤਿਆਰ ਕਰਨ ਲਈ ਆਪਣੀਆਂ ਰਸੌਈਆਂ ਦੇ ਦਿੱਤੀਆਂ। ਇੱਕਹੋਰ ਸੇਵਾਦਾਰ ਮਨਪ੍ਰੀਤ ਸਿੰਘ ਨੇ ਕਿਹਾ ਕਿ ਹਾਲਾਤ ਠੀਕ ਹੋਣ ਤੱਕ ਉਹ ਇੱਥੇ ਰਹਿ ਕੇ ਹੀ ਲੋਕਾਂ ਦੀ ਸੇਵਾ ਕਰਨਗੇ।

ਸਬੰਧਿਤ ਖ਼ਬਰ: ਅਸਟ੍ਰੇਲੀਆ 'ਚ ਅੱਗ ਦਾ ਕਹਿਰ; ਸਰਕਾਰੀ ਐਮਰਜੈਂਸੀ ਦਾ ਐਲਾਨ

ਜ਼ਿਕਰਯੋਗ ਹੈ ਕਿ ਅਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਦੇ ਜੰਗਲਾਂ ਵਿੱਚ ਭਿਆਨਕ ਅੱਗ ਲੱਗੀ ਹੋਈ ਹੈ ਜਿਸ ਨਾਲ ਕਈ ਘਰ ਤਬਾਹ ਹੋ ਗਏ ਹਨ ਤੇ ਕਈ ਲੋਕਾਂ ਦੀ ਮੌਤ ਵੀ ਹੋਈ ਹੈ।  

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।