ਲੱਗੀ ਹੌੜ- ਜਿਆਦਾ ਮੁਫਤ ਵੰਡੂ ਕੌਣ

ਲੱਗੀ ਹੌੜ- ਜਿਆਦਾ ਮੁਫਤ ਵੰਡੂ ਕੌਣ

ਅਸ਼ੋਕ ਸੋਨੀ, ਕਾਲਮਨਵੀਸ
ਖੂਈ ਖੇੜਾ , ਫਾਜ਼ਿਲਕਾ

9872705078


ਪੰਜਾਬ ਚ ਚੌਣਾਂ ਸੰਬੰਧੀ ਮਾਹੌਲ ਹੁਣ ਲਗਾਤਾਰ ਭੱਖਦਾ ਜਾ ਰਿਹਾ ਏ। ਸਾਰੀਆਂ ਹੀ ਰਾਜਨੀਤਕ ਪਾਰਟੀਆਂ ਵੋਟਰਾਂ ਨੂੰ ਲੁਭਾਉਣ ਲਈ ਪੱਬਾਂ ਭਾਰ ਹੋ ਰਹੀਆਂ ਹਨ। ਇਸੇ ਲੜੀ ਤਹਿਤ ਜਿੱਥੇ ਵੱਡੇ-ਵੱਡੇ ਰਾਜਨੀਤਕ ਲੀਡਰ ਆਪਣੇ-ਆਪ ਨੂੰ ਆਮ ਆਦਮੀ ਦਰਸਾਉਣ ਲਈ ਯਤਨਸ਼ੀਲ ਹਨ, ਉਥੇ ਹੀ ਹਰੇਕ ਸੁਵਿਧਾ ਮੁਫਤ ਵੰਡਣ ਦੇ ਐਲਾਨਾਂ ਸੰਬੰਧੀ ਬਿਆਨਾਂ ਨਾਲ ਅਖਬਾਰ ਭਰੇ ਪਏ ਹਨ। ਵੋਟਾਂ ਬਟੋਰਨ ਲਈ ਕੋਈ ਨਰਮਾ ਚੁੱਗਦੀਆਂ ਚੌਣੀਆਂ ਨਾਲ ਫੋਟੋ ਖਿਚਵਾ ਰਿਹਾ ਏ, ਕਿਸੇ ਨੂੰ ਗੋਬਰ ਦੀਆਂ ਪਾਥੀਆਂ ਚੋਂ ਪੰਜਾਬ ਦੀ ਮਿੱਟੀ ਦੀ ਮਹਿਕ ਆ ਰਹੀ ਏ, ਕਿਸੇ ਸੂਬੇ ਦਾ ਮੁੱਖੀ ਪੰਜਾਬ ਚ ਟੈਂਪੂ ਤੇ ਝੂਟੇ ਲੈ ਰਿਹਾ ਏ, ਵੱਡੇ ਧਨਾਢ ਲੀਡਰ ਖੇਤ ਚ ਕਾਮਿਆਂ ਨਾਲ ਬਾਟੀ ਚ ਚਾਹ ਪੀ ਰਹੇ ਹਨ, ਕੋਈ ਗਰੀਬਾਂ ਘਰ ਰੋਟੀ ਖਾਣ ਚ ਰੁਝਿਆ ਏ ਤਾਂ ਕੋਈ ਪਸ਼ੂਆਂ ਨੂੰ ਖੱਡ ਚੋ ਕੱਢ ਰਿਹਾ ਏ, ਮੁੱਕਦੀ ਗੱਲ ਆਹ ਏ ਕਿ ਹੁਣ ਤਿੰਨ ਕੁ ਮਹੀਨੇ ਤਾਂ ਲੀਡਰ ਆਮ ਤੇ ਵੋਟਰ ਖਾਸ ਰਹਿਣਗੇ।
ਸਾਡੇ ਪਿੰਡ ਇਕ ਵਾਰੀ ਸੱਥ ਚ ਬੈਠੇ ਗੋਪੀ ਨੇਂ ਛਿੰਦੇ ਨੂੰ ਗਾਲ੍ਹ ਕੱਢ ਦਿੱਤੀ, ਛਿੰਦੇ ਹੋਰੀਂ ਚਾਰ ਭਰਾ ਵੱਡਾ ਤਕੜਾ ਪਰਿਵਾਰ। ਛਿੰਦਾ ਭਰਾਵਾਂ ਨੂੰ ਸੱਦਣ ਚਲਾ ਗਿਆ, ਹੁਣ ਗੋਪੀ ਦੀ ਚੰਗੀ ਛਿੱਤਰ ਪਰੇਡ ਹੋਣੀ ਤੈਅ ਸੀ। ਉੱਥੇ ਹੀ ਗੋਪੀ ਹੁਰਾਂ ਦਾ ਘਰਾਂ ਚੋ ਚਾਚਾ ਲੱਗਦਾ ਸੋਹਣ ਬੈਠਾ ਸੀ। ਗੋਪੀ ਚਾਚੇ ਸੋਹਣ ਕੋਲ ਆ ਕਹਿੰਦਾ ਕਿ ਛਿੰਦਾ ਭਰਾਵਾਂ ਨੂੰ ਲੈ ਕੇ ਆਉਗਾ, ਚਾਚਾ ਕਿਵੇਂ ਕਰੀਏ ? ਚਾਚਾ ਸੋਹਣ ਪੂਰਾ ਘਾਗ ਬੰਦਾ, ਕਹਿੰਦਾ ਪ੍ਰਵਾਹ ਨਾਂ ਕਰ ਭਤੀਜ ਹਨੇਰੀ ਲਿਆ ਦਿਆਂਗੇ। ਹੁਣ ਸਾਹਮਣਿਓਂ ਛਿੰਦੇ ਹੋਰੀ ਪੰਜ ਸੱਤ ਜਣੇ ਡਾਂਗਾ-ਗੰਢਾਸੇ ਲਈ ਆ ਗਏ ਪਰ ਗੋਪੀ ਨੂੰ ਚਾਚੇ ਦਾ ਹੌਂਸਲਾ ਪੂਰਾ ਸੀ, ਜਦੋਂ ਨੂੰ ਛਿੰਦੇ ਹੋਰੀਂ ਨੇੜੇ ਆਏ, ਚਾਚਾ ਸੋਹਣਾ ਜੁੱਤੀ ਲਾਹ ਗੋਪੀ ਦੇ ਈ ਛਿੱਤਰ ਠੋਕਦਿਆਂ ਕਹਿੰਦਾ,"ਕੰਜਰਾ ਸ਼ਰਮ ਤਾਂ ਨ੍ਹੀਂ ਆਈ ਤੈਨੂੰ ਛਿੰਦੇ ਨੂੰ ਮਾਂ ਦੀ ਗਾਲ੍ਹ ਕੱਢਦਿਆਂ, ਛਿੰਦੇ ਦੀ ਮਾਂ ਭੈਣ ਲੱਗਦੀ ਏ ਸਾਡੀ, ਤੇਰੀ ਭੂਆ ਏ ਓ, ਤੂੰ ਮੈਨੂੰ ਈ ਗਾਲ੍ਹ ਕੱਢੀ ਏ", ਪੂਰੀ ਬਾਜੀ ਈ ਪਲਟ ਗਈ, ਛਿੰਦੇ ਹੁਰਾਂ ਆਪ ਚਾਚੇ ਸੋਹਣੇ ਤੋਂ ਗੋਪੀ ਨੂੰ ਛੁਡਾ ਘਰਾਂ ਨੂੰ ਤੋਰਤਾ। ਚਾਚਾ ਜਦੋਂ ਘਰਾਂ ਨੂੰ ਆਇਆ ਤਾਂ ਗੋਪੀ ਨੇ ਚਾਚੇ ਤੋਂ ਨਾਰਾਜ਼ਗੀ, ਚਾਚਾ ਸੋਹਣਾ ਕਹਿੰਦਾ,"ਪੋਲੇ ਛਿੱਤਰ ਤੇ ਡਾਗਾਂ ਚ ਬੜਾ ਫਰਕ ਹੁੰਦਾ ਏ ਭਤੀਜ, ਨਾਲੇ ਤੂੰ ਬੱਚ ਗਿਆ ਤੇ ਨਾਲੇ ਤੇਰਾ, ਚਾਚਾ"। ਬਿਲਕੁਲ ਇਹੀ ਕੰਮ ਪੰਜਾਬ ਦੀ ਸਿਆਸਤ ਚ ਹੋ ਰਿਹਾ ਏ, ਰਾਜਨੀਤੀ ਵਿੱਚ ਵੀ ਲੋਕਾਂ ਨੂੰ ਭਰਮਾ ਕੇ ਜਾਂ ਉਨਾਂ ਦੀਆਂ ਭਾਵਨਾਵਾਂ ਵਰਤ ਕੇ ਸੱਤਾ ਦੀਆਂ ਪੌੜੀਆਂ ਚੜੀਆਂ ਜਾਂਦੀਆਂ ਹਨ।
ਵੱਡੇ-ਵੱਡੇ ਲੀਡਰ ਸ਼ਰੇਆਮ ਇਕ-ਦੂਜੇ ਨੂੰ ਬਹਿਰੂਪੀਆ, ਨਕਲੀ ਆਮ ਆਦਮੀ ਦੱਸਦਿਆਂ ਖੁੱਦ ਨੂੰ ਅਸਲੀ ਗਰੀਬ ਕਾਮਾ ਦੱਸ ਰਹੇ ਨੇਂ । ਕੀ ਬਾਂਦਰ-ਕਿੱਲਾ ਖੇਡਣਾ ਆਉਣਾ , ਪਸ਼ੂਆਂ ਦੀ ਧਾਰ ਕੱਢਣਾ ਆਉਣਾ ਤੇ ਸਭ ਕੁੱਝ ਮੁਫਤ ਵੰਡਣ ਦੇ ਐਲਾਨ ਕਰਨਾ ਆਉਣਾ ਹੀ ਲੀਡਰਾਂ ਦੀ ਯੋਗਤਾ ਏ ? ਜੇਕਰ ਆਪਾਂ ਹਰੇਕ ਸੁਵਿਧਾ ਮੁਫਤ ਵੰਡਾਂਗੇ ਤਾਂ ਉਸ ਲਈ ਚਾਹੀਦੀ ਪੈਸਿਆਂ ਦੀ ਹਨੇਰੀ ਕਿੱਥੋਂ ਆਵੇਗੀ, ਕੋਈ ਨਹੀਂ ਦੱਸ ਰਿਹਾ। ਸਿਹਤ , ਸਿੱਖਿਆ ਤੇ ਰੁਜ਼ਗਾਰ ਪੰਜਾਬ ਦੇ ਪ੍ਰਮੁੱਖ ਮੁੱਦੇ ਹਨ ਪਰ ਮੈਨੂੰ ਲੱਗਦਾ ਏ ਕਿ ਇਹਨਾਂ ਦੋਵੇਂ ਮੁੱਦਿਆਂ ਨੂੰ ਤਾਂ ਹਰੇਕ ਰਾਜਨੀਤਕ ਪਾਰਟੀ ਨੇ ਹੀ ਨਹੀਂ ਸਗੋਂ ਮੁਫਤ ਵਸਤਾਂ ਦੇ ਲਾਲਚ ਚ ਆਮ ਲੋਕਾਂ ਨੇ ਵੀ ਵਿਸਾਰ ਛੱਡਿਆ ਏ। ਹਾਲਾਤ ਇਹ ਨੇਂ ਕਿ ਮੁਫਤਖੋਰੀ ਦੇ ਨਸ਼ੇ ਦੇ ਆਦੀ ਲੋਕ ਪਿੰਡਾਂ-ਸ਼ਹਿਰਾਂ ਚ ਓਨਲਾਇਨ ਫਾਰਮ ਆਲੀਆਂ ਦੁਕਾਨਾਂ ਤੇ ਰੋਜ ਸਿਰਫ ਆਹ ਪੁੱਛਣ ਲਈ ਹੀ ਸਪੈਸ਼ਲ ਗੇੜਾ ਮਾਰਦੇ ਨੇ ਕਿ ਕੋਈ ਮੁਫਤ ਆਲੀ ਸਕੀਮ ਆਈ ਏ ਤਾਂ ਜਲਦੀ ਫਾਰਮ ਭਰਾਈਏ।
ਰਾਜਨੀਤਕ ਪਾਰਟੀਆਂ ਦੇ ਸ਼ਰੇਆਮ ਮੁਫਤਖੌਰੀ ਨੂੰ ਹੱਲਾਸ਼ੇਰੀ ਦਿੰਦੇ ਐਲਾਨ, ਪੰਜਾਬ ਵਰਗੇ ਅਣਖੀ ਸੂਬੇ ਲਈ ਬਹੁਤ ਸ਼ਰਮਨਾਕ ਹਨ। ਬਾਬੇ ਨਾਨਕ ਦੇ ਵਾਰਸ ਗਰੀਬ ਤਾਂ ਹੋ ਸਕਦੇ ਹਨ ਪਰ ਮੰਗਤੇ ਨਹੀਂ। ਹਰੇਕ ਰਾਜਨੀਤਕ ਪਾਰਟੀ, ਹਰੇਕ ਰਾਜਨੇਤਾ ਤੇ ਸਾਰੇ ਹੀ ਆਮ ਲੋਕਾਂ ਨੂੰ ਸਮਝਣਾ ਚਾਹੀਦਾ ਏ ਕਿ ਜੇਕਰ ਸਿੱਹਤ, ਸਿੱਖਿਆ ਤੇ ਰੁਜ਼ਗਾਰ ਦੇ ਮੁੱਦੇ ਹੱਲ ਹੋ ਜਾਣ ਨਾਲ ਹੀ ਸਾਰੀਆਂ ਸਮੱਸਿਆਵਾਂ ਦਾ ਨਿਪਟਾਰਾ ਹੋਣਾ ਹੈ। ਮੁਫਤਖੋਰੀ ਦੇ ਲਾਲਚ ਚ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਿਰ ਤੇ ਰੱਖਿਆ ਭਾਰ, ਅਖੀਰ ਪੈਰਾਂ ਤੀਕ ਹੀ ਅੱਪੜਦਾ ਏ। ਇਹ ਵੀ ਸੱਚ ਏ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਕੋਲ ਕੋਈ ਅੱਲਾਦੀਨ ਦਾ ਚਿਰਾਗ ਨਹੀਂ ਹੈ ਕਿ ਰਾਤੋਂ-ਰਾਤ ਈ ਸਾਰੇ ਮੁੱਦੇ ਹੱਲ ਕਰ ਦੇਵੇ ਪਰ ਜੇਕਰ ਇਮਾਨਦਾਰੀ ਨਾਲ ਯਤਨ ਕੀਤੇ ਜਾਣ ਤਾਂ ਹਰੇਕ ਸਮੱਸਿਆ ਦਾ ਹੱਲ ਹੋ ਸਕਦਾ ਹੈ। ਸਿਰਫ ਰਾਜਨੀਤਕ ਦਲਾਂ ਜਾਂ ਰਾਜਨੇਤਾਵਾਂ ਨੂੰ ਹੀ ਨਹੀਂ ਸਾਨੂੰ ਸਭ ਨੂੰ ਵੀ ਇਮਾਨਦਾਰ ਤੇ ਸੂਝਵਾਨ ਹੋਣਾ ਪੈਣਾ ਏ। ਪੰਜਾਬ ਦੇ ਕਿਸੇ ਵੱਡੇ ਨੇਤਾ ਨੂੰ ਇਕ ਵਾਰ ਨਿਰਪੱਖ ਪੱਤਰਕਾਰ ਨੇ ਸ਼ਮਸ਼ਾਨਘਾਟ ਦੀ ਚਾਰਦੀਵਾਰੀ ਦੇ ਨੀਂਹ ਪੱਥਰ ਰੱਖਦਿਆਂ ਸਵਾਲ ਕੀਤਾ,"ਜਨਾਬ ਤੁਸੀਂ ਹਲਕੇ ਚ ਸ਼ਾਨਦਾਰ ਸ਼ਮਸ਼ਾਨਘਾਟ ਬਣਾਉਣ ਤੇ ਕਰੋੜਾਂ ਰੁਪਏ ਸਰਕਾਰੀ ਗ੍ਰਾਂਟ ਖਰਚੀ ਹੈ, ਪਰ ਤੁਸੀਂ ਪੂਰੇ ਹਲਕੇ ਚ ਇਕ ਵੀ ਪੈਸਾ ਲਾਇਬ੍ਰੇਰੀ ਬਣਾਉਣ ਲਈ ਨਹੀਂ ਕਿਉਂ ਨਹੀਂ ਖਰਚਿਆ"? ਉਸ ਲੀਡਰ ਨੇ ਠਰੰਮੇ ਨਾਲ ਜਵਾਬ ਦਿੱਤਾ," ਕਾਕਾ, ਸਾਡੇ ਕੋਲੋਂ ਲੋਕ ਜੋ ਮੰਗਦੇ ਨੇਂ ਅਸੀਂ ਤਾਂ ਉਹੀ ਬਣਾਉਣਾ ਏ, ਲਾਇਬ੍ਰੇਰੀਆਂ ਦੀ ਮੰਗ ਰੱਖੀ ਹੀ ਨਹੀਂ ਕਿਸੇ ਨੇ"।