ਕਿਸਾਨ ਮੰਗਾਂ ਮਨਵਾਉਣ ਲਈ ਮੁੜ ਮੈਦਾਨ ‘ਚ ਨਿਤਰਣਗੀਆਂ ਸੱਤ ਜਥੇਬੰਦੀਆਂ

ਕਿਸਾਨ ਮੰਗਾਂ ਮਨਵਾਉਣ ਲਈ ਮੁੜ ਮੈਦਾਨ ‘ਚ ਨਿਤਰਣਗੀਆਂ ਸੱਤ ਜਥੇਬੰਦੀਆਂ

ਪਟਿਆਲਾ/ਬਿਊਰੋ ਨਿਊਜ਼:
ਕਿਸਾਨ ਮਸਲਿਆਂ ਤਹਿਤ 22 ਤੋਂ 27 ਸਤੰਬਰ ਤੱਕ ਪਟਿਆਲਾ ਨੇੜੇ ਮਹਿਮਦਪੁਰ ਪਿੰਡ ਵਿੱਚ ਧਰਨਾ ਦੇਣ ਵਾਲੀਆਂ ਸੱਤ ਕਿਸਾਨ ਜਥੇਬੰਦੀਆਂ ਮੰਗਾਂ ਦੀ ਪੂਰਤੀ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਨੂੰ ਮੁੜ ਹਲੂਣਾ  ਦੇਣ ਜਾ ਰਹੀਆਂ ਹਨ ਜਿਸ ਤਹਿਤ ਕਿਸਾਨ ਸੰਗਠਨ ਵੱਲੋਂ 13 ਦਸੰਬਰ ਨੂੰ ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਮੂਹਰੇ ਧਰਨੇ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।
ਬੂਟਾ ਸਿੰਘ ਬੁਰਜਗਿੱਲ, ਜੋਗਿੰਦਰ ਸਿੰਘ ਉਗਰਾਹਾਂ, ਕੰਵਲਪ੍ਰੀਤ ਪਨੂੰ, ਨਿਰਭੈ ਸਿੰਘ ਢੁੱਡੀਕੇ, ਸੁਰਜੀਤ ਸਿੰਘ ਫੂਲ, ਹਰਜਿੰਦਰ ਟਾਂਡਾ ਅਤੇ ਸ਼ਿੰਦਰਪਾਲ ਸਿੰਘ ਨੱਥੂਵਾਲ ਦੀ ਅਗਵਾਈ ਹੇਠਲੀਆਂ ਇਨ੍ਹਾਂ ਜਥੇਬੰਦੀਆਂ ਵਿੱਚ  ਕਿਸਾਨ ਯੂਨੀਅਨ ਡਕੌਂਦਾ, ਕਿਸਾਨ ਯੂਨੀਅਨ ਉਗਰਾਹਾਂ, ਕਿਸਾਨ ਸੰਘਰਸ਼ ਕਮੇਟੀ ਪੰਨੂ, ਕਿਰਤੀ ਕਿਸਾਨ ਯੂਨੀਅਨ ਪੰਜਾਬ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਅਤੇ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਸ਼ਾਮਲ ਹਨ। ਸਤੰਬਰ ਵਿੱਚ ਇਹ ਧਰਨਾ ਦਿੱਤਾ ਗਿਆ ਸੀ। ਇਹ ਧਰਨਾ ਮੁੱਖ ਮੰਤਰੀ ਦੇ ਮਹਿਲ ਅੱਗੇ ਦੇਣਾ ਸੀ, ਪਰ ਅਦਾਲਤੀ ਦਖਲ ਤਹਿਤ ਇਹ ਮਹਿਮਦਪੁਰ ਮੰਡੀ ਵਿਚ ਤਬਦੀਲ ਹੋਇਆ ਸੀ? ਕਿਸਾਨ ਯੂਨੀਅਨ ਡਕੌਂਦਾ ਦੇ ਸੁਬਾ ਜਨਰਲ ਸਕੱਤਰ ਜਗਮੋਹਣ ਸਿੰਘ ਉਪਲ ਨੇ ਇਥੇ ਹੋਈ ਗੱਲਬਾਤ ਦੌਰਾਨ ਕਿਹਾ ਕਿ  ਮੰਗਾਂ ਦੀ ਪੂਰਤੀ ਲਈ  ਸਰਕਾਰੀ  ਭਰੋਸੇ ਮਗਰੋਂ ਹੀ ਧਰਨਾ ਚੁੱਕਿਆ ਗਿਆ ਸੀ। ਫਿਰ ਸਰਕਾਰ ਮੁੱਖ ਮੰਤਰੀ ਨਾਲ਼ 10 ਨਵੰਬਰ ਦੀ ਮੀਟਿੰਗ ਮੁਕੱਰਰ ਕਰਕੇ ਵੀ ਮੀਟਿੰਗ ਤੋਂ ਵੀ  ਭੱਜ ਗਈ। ਇਸ  ਤਰ੍ਹਾਂ ਮੰਗ ਪੱਤਰ ਪ੍ਰਤੀ ਵੀ ਸੰਜੀਦਗੀ ਨਹੀਂ ਵਿਖਾਉਣ ਕਰਕੇ ਹੀ ਹੁਣ ਸੱਤ ਜਥੇਬੰਦੀਆਂ ਵੱਲੋਂ ਮੁੜ ਸੰਘਰਸ਼ ਸ਼ੁਰੂ ਕੀਤਾ ਜਾ ਰਿਹਾ ਹੈ।

ਸੇਵਾਮੁਕਤ ਮੁਲਾਜ਼ਮਾਂ ਵਲੋਂ ਵੀ ਸੰਘਰਸ਼ ਦਾ ਐਲਾਨ
ਚੰਡੀਗੜ੍ਹ: ਪੰਜਾਬ ਜਲ ਸਰੋਤ ਨਿਗਮ ਦੇ ਸੇਵਾਮੁਕਤ ਮੁਲਾਜ਼ਮਾਂ ਵੱਲੋਂ 13 ਦਸੰਬਰ ਨੂੰ ਇੱਥੇ ਸੈਕਟਰ-26 ਸਥਿਤ ਮੁੱਖ ਦਫ਼ਤਰ ਅੱਗੇ ਧਰਨਾ ਦੇ ਕੇ ਅਦਾਇਗੀਆਂ ਰੋਕਣ ਵਾਲੇ ਅਧਿਕਾਰੀਆਂ ਦੇ ਪੋਲ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ। ਯੂਨੀਅਨ ਦੇ ਪ੍ਰਧਾਨ ਓਮ ਪ੍ਰਕਾਸ਼ ਨੇ ਦੱਸਿਆ ਕਿ ਅਧਿਕਾਰੀਆਂ ਨੇ ਸਰਕਾਰੀ ਨਿਯਮਾਂ ਅਤੇ ਕਾਇਦੇ-ਕਾਨੂੰਨਾਂ ਦੇ ਉਲਟ ਸੇਵਾਮੁਕਤੀ ਮੌਕੇ ਮੁਲਾਜ਼ਮਾਂ ਦੀਆਂ ਤਿੰਨ ਕਰੋੜ ਰੁਪਏ ਦੀਆਂ ਰਿਕਵਰੀਆਂ ਕੀਤੀਆਂ ਹਨ। ਉੁਨ੍ਹਾਂ ਕਿਹਾ ਕਿ ਅਧਿਕਾਰੀ ਗ਼ੈਰਕਾਨੂੰਨੀ ਢੰਗ ਨਾਲ ਕੀਤੀਆਂ ਰਿਕਵਰੀਆਂ ਨੂੰ ਵਾਪਸ ਕਰਨ ਤੋਂ ਇਨਕਾਰੀ ਹਨ, ਜਿਸ ਕਾਰਨ ਯੂਨੀਅਨ ਵੱਲੋਂ 13 ਦਸੰਬਰ ਨੂੰ ਮੁੱਖ ਦਫ਼ਤਰ ਅੱਗੇ ਧਰਨਾ ਦੇ ਕੇ ਇਹ ਮੁੱਦਾ ਉਚ ਪੱਧਰ ‘ਤੇ ਪਹੁੰਚਾਇਆ ਜਾਵੇਗਾ।