ਸੁਖਬੀਰ ਸਿੰਘ ਬਾਦਲ ਨੇ ਪਰਮਿੰਦਰ ਸਿੰਘ ਢੀਂਡਸਾ ਦਾ ਅਸਤੀਫਾ ਮਨਜ਼ੂਰ ਕੀਤਾ

ਸੁਖਬੀਰ ਸਿੰਘ ਬਾਦਲ ਨੇ ਪਰਮਿੰਦਰ ਸਿੰਘ ਢੀਂਡਸਾ ਦਾ ਅਸਤੀਫਾ ਮਨਜ਼ੂਰ ਕੀਤਾ

ਚੰਡੀਗੜ੍ਹ, (ਅੰਮ੍ਰਿਤਸਰ ਟਾਈਮਜ਼ ਬਿਊਰੋ): ਸ਼੍ਰੋਮਣੀ ਅਕਾਲੀ ਦਲ (ਬਾਦਲ) ਧੜੇ ਤੋਂ ਵੱਖ ਹੋਏ ਪਾਰਟੀ ਦੇ ਉੱਚ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਵਿਧਾਨ ਸਭਾ ਵਿੱਚ ਪਾਰਟੀ ਦੇ ਵਿਧਾਇਕ ਦਲ ਦੇ ਆਗੂ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ। ਇਸ ਅਸਤੀਫੇ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਨਜ਼ੂਰ ਵੀ ਕਰ ਲਿਆ ਹੈ।

ਜ਼ਿਕਰਯੋਗ ਹੈ ਕਿ ਸੁਖਦੇਵ ਸਿੰਘ ਢੀਂਡਸਾ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਦਾ ਮੁੰਡਾ ਉਹਨਾਂ ਦੇ ਕਹਿਣੇ ਤੋਂ ਬਾਹਰ ਨਹੀਂ ਹੈ ਅਤੇ 1 ਜਨਵਰੀ ਨੂੰ ਉਹ ਉਹਨਾਂ ਦੇ ਰਾਜਨੀਤਕ ਭਵਿੱਖ ਸਬੰਧੀ ਵੱਡਾ ਐਲਾਨ ਕਰਨਗੇ। ਜਿੱਥੇ ਸੁਖਦੇਵ ਸਿੰਘ ਢੀਂਡਸਾ ਬਾਦਲ ਦਲ ਤੋਂ ਵੱਖ ਹੋਏ ਹੋਰ ਆਗੂਆਂ ਨਾਲ ਟਕਸਾਲੀ ਅਕਾਲੀ ਦਲ ਦੀ ਸਟੇਜ ਸਾਂਝੀ ਕਰਕੇ ਬਾਦਲ ਦਲ ਖਿਲਾਫ ਆਪਣੇ ਸਿੱਧੇ ਵਿਰੋਧ ਦਾ ਐਲਾਨ ਕਰ ਚੁੱਕੇ ਹਨ ਉੱਥੇ ਹੀ ਸੁਖਬੀਰ ਸਿੰਘ ਬਾਦਲ ਵੱਲੋਂ ਵਾਰ-ਵਾਰ ਇਹ ਕਿਹਾ ਜਾ ਰਿਹਾ ਸੀ ਕਿ ਪਰਮਿੰਦਰ ਸਿੰਘ ਢੀਂਡਸਾ ਉਹਨਾਂ ਦੇ ਨਾਲ ਹਨ। 

ਪਰ ਹੁਣ ਇਸ ਗੱਲ ਦੇ ਪੱਤੇ ਖੁੱਲ੍ਹ ਗਏ ਹਨ ਕਿ ਪਰਮਿੰਦਰ ਸਿੰਘ ਢੀਂਡਸਾ ਆਪਣੇ ਪਿਤਾ ਦੇ ਨਾਲ ਚਲਦਿਆਂ ਪਾਰਟੀ ਤੋਂ ਬਾਹਰ ਜਾ ਰਹੇ ਹਨ। ਹਲਾਂਕਿ ਫਿਲਹਾਲ ਉਹਨਾਂ ਨੇ ਇਹ ਅਸਤੀਫਾ ਸਿਰਫ ਵਿਧਾਇਕ ਦਲ ਦੇ ਆਗੂ ਦੇ ਅਹੁਦੇ ਤੋਂ ਹੀ ਦਿੱਤਾ ਹੈ ਪਰ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਹਾੜੇ ਮੌਕੇ ਪਾਰਟੀ ਸਮਾਗਮ ਤੋਂ ਗੈਰ-ਹਾਜ਼ਰ ਰਹਿਣਾ ਅਤੇ ਬਾਅਦ ਵਿੱਚ ਪਾਰਟੀ ਵਲੋਂ ਪਟਿਆਲਾ ਵਿਖੇ ਲਾਏ ਗਏ ਧਰਨੇ ਤੋਂ ਗੈਰ ਹਾਜ਼ਰ ਰਹਿਣਾ ਅਤੇ ਹੁਣ ਇਹ ਅਸਤੀਫਾ ਸਪਸ਼ਟ ਕਰਦਾ ਹੈ ਕਿ ਢੀਂਡਸਾ ਪਰਿਵਾਰ ਹੁਣ ਪੁਰੀ ਤਰ੍ਹਾਂ ਬਾਦਲ ਪਰਿਵਾਰ ਨਾਲੋਂ ਕਿਨਾਰਾ ਕਰਨ ਜਾ ਰਿਹਾ ਹੈ। 

ਅਜਿਹੇ ਵਿੱਚ ਬਾਦਲ ਦਲ ਲਈ ਮੁਸ਼ਕਿਲਾਂ ਵੱਧ ਸਕਦੀਆਂ ਹਨ ਕਿਉਂਕਿ ਇਹ ਦੋਵੇਂ ਪਾਰਟੀ ਦੇ ਅਹਿਮ ਆਗੂ ਸਮਝੇ ਜਾਂਦੇ ਹਨ। ਪਰਮਿੰਦਰ ਸਿੰਘ ਢੀਂਡਸਾ ਦੇ ਬਾਹਰ ਆਉਣ ਨਾਲ ਜੇ ਹੁਣ ਉਹ ਆਪਣੇ ਪਿਤਾ ਸਮੇਤ ਟਕਸਾਲੀ ਅਕਾਲੀ ਦਲ ਦਾ ਹੱਥ ਫੜਦੇ ਹਨ ਤਾਂ ਟਕਸਾਲੀ ਅਕਾਲੀ ਦਲ ਨੂੰ ਪੰਜਾਬ ਦੀ ਰਾਜਨੀਤੀ ਵਿੱਚ ਮਜ਼ਬੂਤੀ ਮਿਲਣ ਦੀ ਸੰਭਾਵਨਾ ਹੈ। 

ਸ਼ਰਨਜੀਤ ਸਿੰਘ ਢਿੱਲੋਂ ਨੂੰ ਵਿਧਾਇਕ ਦਲ ਦਾ ਆਗੂ ਲਾਇਆ
ਪਰਮਿੰਦਰ ਸਿੰਘ ਢੀਂਡਸਾ ਦੇ ਅਸਤੀਫੇ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਸ਼ਰਨਜੀਤ ਸਿੰਘ ਢਿੱਲੋਂ ਨੂੰ ਵਿਧਾਨ ਸਭਾ ਵਿੱਚ ਪਾਰਟੀ ਵਿਧਾਇਕ ਦਲ ਦਾ ਆਗੂ ਨਿਯੁਕਤ ਕਰ ਦਿੱਤਾ ਹੈ। ਸ਼ਰਨਜੀਤ ਸਿੰਘ ਢਿੱਲੋਂ ਹਲਕਾ ਸਾਹਨੇਵਾਲ ਤੋਂ ਵਿਧਾਇਕ ਹਨ। 

ਸ਼ਰਨਜੀਤ ਸਿੰਘ ਢਿੱਲੋਂ

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।