ਸਿੱਖ ਇਸਤਰੀ ਤੇ ਗੁਰਬਾਣੀ ਗਾਇਣ

ਸਿੱਖ ਇਸਤਰੀ ਤੇ ਗੁਰਬਾਣੀ ਗਾਇਣ

ਸ਼੍ਰੋਮਣੀ ਤਖਤਾਂ ਉੱਤੇ ਉਸਦੀ ਸ਼ਮੂਲੀਅਤ ਗਾਇਬ 

੨੦੨੨ ਮਈ ਦੇ ਪਹਿਲੇ ਹਫਤੇ ਗੁਰੂਦਵਾਰਾ ਸਾਹਿਬ ਫਰੀਮੌਂਟ ਕੈਲੀਫੋਰਨੀਆ ਵਿਖੇ ਸਿੱਖ ਬੀਬੀਆਂ ਵੱਲੋਂ "ਗਾਵਨੀ" ਸਿਰਲੇਖ ਹੇਠਾਂ ਗੁਰਬਾਣੀ ਗਾਇਣ ਸਮਾਗਮ ਗੁਰੂ ਕਿਰਪਾ ਸਦਕਾ ਸੰਪੰਨ ਹੋਇਆ. ਗੁਰੂ ਵੱਲੋਂ ਬਖਸ਼ੇ ਉੱਦਮ ਤੇ ਮਿਹਰ ਤੋਂ ਬਾਅਦ ਇਸ ਸਮਾਗਮ ਦੇ ਆਯੋਜਨ ਤੇ ਸਫਲਤਾ ਦਾ ਸਿਹਰਾ ਡਾਕਟਰ ਗੁਰਨਾਮ ਸਿੰਘ ਹੁਰਾਂ ਦੇ ਸਿਰ ਬੱਝਦਾ ਹੈ. ਇਸ ਸਮਾਗਮ ਕੀ ਵਿਸ਼ੇਸ਼ਤਾ ਇਹ ਸੀ ਕਿ ਇਸ ਵਿਚ ਸਿਰਫ ਤੇ ਸਿਰਫ ਸਿੱਖ ਬੀਬੀਆਂ ਰਵਾਇਤੀ ਸਾਜ਼ਾਂ ਦੀ ਵਰਤੋਂ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਰਾਗਾਂ ਦੇ ਅਧਾਰ ਤੇ ਗੁਰਬਾਣੀ ਗਾਇਨ ਕਰ ਰਹੀਆਂ ਸਨ. ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਕਾਰਜ ਦੀ ਵਿਓਂਤਬੰਦੀ ਕੇਵਲ ਤੇ ਕੇਵਲ ਡਾਕਟਰ ਗੁਰਨਾਮ ਸਿੰਘ ਹੁਰਾਂ ਦੇ ਦਿਮਾਗ ਦੀ ਉਪਜ ਹੀ ਹੋ ਸਕਦੀ ਸੀ. ਉਸਦਾ ਕਾਰਨ ਇਕ ਕਾਰਨ ਤਾਂ ਇਹ ਹੈ ਕਿ ਉਹ ਆਪ ਬਿਨਾ ਕਿਸੇ ਜਿਣਸੀ ਵਿਤਕਰੇ ਦੇ ਗੁਰਬਾਣੀ ਗਾਇਣ ਦੀ ਸਿਖਲਾਈ  ਦਿੰਦੇ ਨੇ. ਦੂਜਾ ਕਾਰਨ ਇਹ ਕਿ ਡਾਕਟਰ ਸਾਹਿਬ ਨੂੰ ਨਾ ਕੇਵਲ ਗੁਰਬਾਣੀ ਗਾਇਣ ਦੀ ਕਲਾ ਹਾਸਿਲ ਹੈ ਸਗੋਂ ਬਾਣੀ ਨਾਲ ਪ੍ਰੇਮ ਸਦਕਾ ਗੁਰੂ ਦੇ ਦਰਬਾਰ ਵਿਚ ਇਸਤਰੀ ਦਾ ਰੁਤਬਾ ਕੀ ਹੈ ਉਹਨਾਂ ਨੂੰ ਬਾਣੀ ਰਾਹੀਂ ਸਮਝ ਵੀ ਆਉਂਦਾ ਹੈ. ਤੇ ਭਗਤਾਂ ਨੂੰ ਪੈਦਾ ਕਰਨ ਵਾਲੀ ਗੁਰੂ ਦੀ ਉਸਤਤ ਕਰਨ ਤੋਂ ਕਿਸੇ ਵੀ ਮੈਦਾਨ ਵਿਚ ਵਾਂਝੀ ਰਹਿ ਜਾਵੇ, ਇਹ ਇੱਕ ਸੱਚੇ ਅਧਿਆਪਕ ਨੂੰ ਕਦੇ ਮਨਜ਼ੂਰ ਨਹੀਂ ਹੋ ਸਕਦਾ.

ਇਹ ਇਕ ਮੰਦਭਾਗਾ ਸੱਚ ਹੈ ਕਿ ਸਟੇਜਾਂ ਤੇ ਗਾਉਣਾ ਹੋਵੇ ਤੇ ਇਸਤਰੀ ਮਰਦ ਦਾ ਪੂਰਾ ਟਾਕਰਾ ਕਰਨ ਵਿਚ ਸਮਰਥ ਹੈ. ਪਰ ਜਦੋਂ ਗੁਰੂਘਰ ਦੀ ਗੱਲ ਉੱਠੇ ਤੇ ਫਿਰ ਉਸਨੂੰ ਆਟੇ ਵਿਚ ਲੂਣ ਜਿੱਡਾ ਮੌਕਾ ਦੇ ਦਿੱਤਾ ਜਾਂਦਾ ਹੈ. ਮਹੱਲੇ ਦੇ ਗੁਰੂਘਰਾਂ ਵਿਚ ਤੇ ਉਹ ਗੁਰੂ ਦੀ ਉਸਤਤ ਦਾ ਗਾਇਣ ਕਰ ਸਕਦੀ ਹੈ ਪਰ ਸ਼੍ਰੋਮਣੀ ਤਖਤਾਂ ਉੱਤੇ ਉਸਦੀ ਸ਼ਮੂਲੀਅਤ ਗਾਇਬ ਹੈ. ਆਮ ਕਰ ਕੇ ਵੇਖਿਆ ਜਾਂਦਾ ਹੈ ਜਦੋ ਵੀ ਅਖੌਤੀ "ਮਦਰ ਡੇ" ਜਾਂ "ਵੂਮੈਨ ਡੇ" ਹੋਵੇ ਤਾਂ ਹਰ ਥਾਂ ਇੱਥੋਂ ਤਕ ਕਿ ਗੁਰੁਘਰਾਂ ਵਿਚ ਵੀ ਇਸਤਰੀ ਦੀ ਅਜ਼ੀਮ ਸ਼ਾਨ ਵਿਚ ਰਟੇ-ਰਟਾਏ ਸੋਹਲੇ ਗਾਏ ਜਾਂਦੇ ਨੇ. ਹਰ ਸਾਲ ਕੁਝ ਖਾਸ ਪੰਕਤੀਆਂ  ਇਸ ਅੰਦਾਜ਼ ਨਾਲ ਦੁਹਰਾਈਆਂ ਜਾਂਦੀਆਂ ਨੇ ਕਿ ਸੁਣਨ ਵਾਲੇ ਨੂੰ ਇੱਕ ਆਮ ਜਿਹੀ ਇਸਤਰੀ ਰਬ ਦਾ ਅਵਤਾਰ ਜਾਂ ਦੇਵੀ ਲੱਗਣ ਲੱਗਦੀ ਹੈ. ਤੇ ਇੱਕ ਦਿਨ ਲਈ ਔਰਤ ਨੂੰ ਵੀ ਆਪਣੇ ਬਾਰੇ ਕਹੀਆਂ ਗੱਲਾਂ ਇੱਕੀ ਤੋਪਾਂ ਦੀ ਸਲਾਮੀ ਤੋਂ ਘੱਟ ਨਹੀਂ ਲੱਗਦੀਆਂ. ਹੈਰਾਨੀ ਤੇ ਔਰਤਾਂ ਦੀ ਸਮਝ ਤੇ ਹੁੰਦੀ ਹੈ. ਉਹਨਾਂ ਨੂੰ ਸਮਝ ਹੀ ਨਹੀਂ ਆ ਰਹੀ ਹੁੰਦੀ ਕਿ ਉਹਨਾਂ ਦੀ ਸਿਫਤ ਵਿਚੋਂ ਰੂਹਾਨੀਅਤ ਦਾ ਅੰਸ਼ ਬਿਲਕੁਲ ਗਾਇਬ ਕੀਤਾ ਹੁੰਦਾ ਹੈ. ਗੁਰੂ ਦਾ ਆਸਰਾ ਲੈ ਕੇ ਸਿਫਤ ਸਿਰਫ ਘਿਓ ਵਾਲੀ ਖੀਰ ਬਣਾਉਣ ਤੇ ਪ੍ਰਸ਼ਾਦੇ ਪਕਾਉਣ ਤਕ ਹੀ ਸੀਮਿਤ ਕਰ ਦਿੱਤੀ ਜਾਂਦੀ ਹੈ.

ਇਥੇ ਇਕ ਸੁਆਲ ਤੇ ਉੱਠਣਾ ਲਾਜ਼ਮੀ ਹੈ ਕਿ ਜਿਹੜੀ ਔਰਤ ਵਾਰਾਂ ਅਤੇ ਗੀਤ ਗਾ ਸਕਦੀ ਹੈ, ਗਿੱਧੇ ਤੇ ਅਖੌਤੀ ਸੱਭਿਆਚਾਰਕ ਸਮਾਗਮਾਂ ਵਿਚ ਸਿਰਕਢਵੀਂ ਸ਼ਮੂਲੀਅਤ ਕਰ ਸਕਦੀ ਹੈ; ਸਿੱਖ ਧਰਮ ਨਾਲ ਜੁੜੇ ਤਖਤਾਂ ਤੇ ਹੁੰਦੇ ਕੀਰਤਨਾਂ ਵਿਚ ਉਸਦੀ ਭਾਗੀਦਾਰੀ ਕਿਓਂ ਨਹੀਂ ਹੋ ਸਕਦੀ? ਇਸ ਅਮਲ ਪਿੱਛੇ ਕਿ ਪੁਰਖ ਪ੍ਰਧਾਨ ਸਮਾਜ ਖੜਾ ਹੈ ਜਾਂ ਫਿਰ ਔਰਤ ਆਪ ਹੀ ਆਪਣੀ ਗੁੱਜੀ ਸਲਾਹੀਅਤ ਤੋਂ ਅਣਜਾਣ ਹੈ. ਜਾਂ ਫਿਰ ਔਰਤ ਆਪ ਗੁਰੂ ਦੀ ਉਸਤਤ ਕਿਸੇ ਤਖ਼ਤ ਤੇ ਜਾ ਕੇ ਕਰਨ ਨੂੰ ਤਰਜ਼ੀਹ ਨਹੀਂ ਦਿੰਦੀ. ਜਾਂ ਕਿਤੇ ਉਹ ਇਹਸਾਸ-ਏ-ਕਮਤਰੀ ਦਾ ਸ਼ਿਕਾਰ ਹੈ. ਇਹ ਵੀ ਹੋ ਸਕਦਾ ਹੈ ਕਿ ਉਮੰਗ ਵੀ ਹੈ, ਚਾਹਤ ਵੀ ਹੈ, ਪਰ ਉਸ ਉਮੰਗ-ਚਾਹਤ ਨੂੰ ਜੁਨੂਨ ਵਿਚ ਬਦਲਣ ਦਾ ਜੇਰਾ ਨਹੀਂ.  ਕਹਿੰਦੇ ਨੇ ਰੋਏ ਬਗੈਰ ਤੇ ਮਾਂ ਵੀ ਦੁੱਧ ਨਹੀਂ ਦਿੰਦੀ. ਤੇ ਹਕ਼ ਲੈਣ ਲਈ ਸਭ ਤੋਂ ਪਹਿਲਾਂ ਸਵੈਪੜਚੋਲ ਕਰਨੀ ਪੈਂਦੀ ਹੈ. ਜੇ ਯਕੀਨ ਹੋਵੇ ਕਿ ਗੁਰੂ ਵੱਲ ਸਿਰਫ ਇਕ ਕਦਮ ਵਧਾਉਣਾ ਹੈ. ਸਤਿਗੁਰ ਨੇ ਕਰੋੜਾਂ ਦਾ ਪੈਂਡਾ ਤੈਅ ਕਰ ਭਗਤ ਦਾ ਸੁਆਗਤ ਕਰਨ ਆਪ ਅੱਗੇ ਵਧਣਾ ਹੈ

ਸਤਿਗੁਰਾਂ ਦਾ ਹੁਕਮ ਹੈ-

"ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆ II ਮਿਲਿ ਕੈ ਕਰਹ ਕਹਾਣੀਆ ਸੰਮ੍ਰਥ ਕੰਤ ਕੀਆਹ II"

ਇਥੋਂ ਇਹ ਤੇ ਸਪਸ਼ਟ ਹੋ ਗਿਆ ਕਿ ਜਿਨਸੀ ਵਿਤਕਰੇ ਦੀ ਸਿੱਖ ਸਮਾਜ ਵਿਚ ਕੋਈ ਗੁੰਜਾਇਸ਼ ਨਹੀਂ. ਗੁਰੂ ਨਿਸ਼ਚਾ ਤੇ ਉੱਦਮ ਦੀ ਤਵੱਕੋ ਸਿੱਖਾਂ ਕੋਲੋਂ ਇੱਕੋ ਜਿਹੀ ਰੱਖਦਾ ਹੈ. ਗੁਰੂ ਤੇ ਆਪ ਆਪਣੇ ਆਪ ਨੂੰ ਇਸਤਰੀ ਵੱਜੋਂ ਸੰਬੋਧਨ ਕਰਦਾ ਹੈ. ਇਥੇ ਕਿਥੇ ਹੁਕਮ ਹੈ ਸਿਰਫ ਇੱਕੋ ਜਿਣਸ ਦੇ ਮਾਣਸਾਂ ਨੂੰ ਗੁਰੂ ਦੇ ਸੋਹਲੇ ਗਾਉਣ ਦਾ? ਫੇਰ ਸੋਹਲੇ ਗਾਉਣ ਦਾ ਸਥਾਨ ਸਿਰਫ ਇਕ ਜਿਣਸ ਲਈ ਰਾਖਵਾਂ ਸਮਝ ਲੈਣਾ ਗੁਰੂ ਦੇ ਹੁਕਮ ਦੀ ਨਾਫੁਰਮਾਨੀ ਹੈ. ਔਰਤ ਨੇ ਬਸ ਚੰਦ ਤੁਕਾਂ ਤਕ ਆਪਣੇ ਆਪ ਨੂੰ ਸੀਮਿਤ ਕਰ ਲਿਆ ਹੈ ਜਿਹੜੀਆਂ ਕਿ ਗਾਹੇ ਬਗਾਹੇ ਉਸ ਦੀ ਸ਼ਾਨ ਵਿਚ ਪੜੀਆਂ ਜਾਂਦੀਆਂ ਨੇ-

"ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ II"

ਉਪਰੋਕਤ ਪੰਕਤੀਆਂ ਪਿਛੇ ਭਾਵ ਸਮਝਣ ਦਾ ਜਤਨ ਔਰਤ ਕਿਉ ਨਹੀਂ ਕਰਦੀ, ਸਮਝ ਨਹੀਂ ਆਉਂਦਾ I ਕਹਿਣ ਨੂੰ ਤੇ ਔਰੰਗਜ਼ੇਬ ਜਾਂ ਜ਼ਕਰੀਆ ਖਾਨ ਵਰਗਿਆਂ ਨੂੰ ਜੰਮਣ ਵਾਲੀਆਂ ਵੀ ਤੇ ਔਰਤਾਂ ਹੀ ਸਨ. ਇਹੋ ਜਿਹੇ ਹੁਕਮਰਾਨ ਪੈਦਾ ਕਰਨ ਵਾਲੀਆਂ ਕਿਸ ਪਾਸਿਓਂ ਧੰਨ ਅਖਵਾਈਆਂ ਜਾ ਸਕਦੀਆਂ ਨੇ? ਮੀਰ ਮੰਨੂ ਦੇ ਅਤਿਆਚਾਰਾਂ ਨੂੰ ਬਿਆਨ ਕੀਤੇ ਬਗੈਰ ਤੇ ਸਾਡੀ ਰੋਜ਼ ਦੀ ਅਰਦਾਸ ਵੀ ਸੰਪੂਰਨ ਨਹੀਂ ਹੁੰਦੀ. ਉਸਦੀ ਜਨਨੀ ਕਿੰਨੀਆਂ ਕੁ ਸਲਾਮੀਆਂ ਦੀ ਹਕ਼ਦਾਰ ਹੈ?  ਬੰਦਾ ਮਾੜਾ ਹੋਵੇ ਤੇ ਲਾਹਨਤ ਪਾਉਣ ਵਾਲੇ ਉਸ ਕੁੱਖ ਨੂੰ ਪਾਉਂਦੇ ਨੇ ਜਿਸ ਵਿਚ ਉਹ ਪਲਿਆ. ਆਸਾ ਕੀ ਵਾਰ ਦਾ ਪੂਰਾ ਸਲੋਕ ਔਰਤ ਦੀ ਸਿਫਤ ਦੇ ਸੁਪੁਰਦ ਕਰ ਦਿੱਤਾ ਜਾਂਦਾ ਹੈ. ਔਰਤ ਵੀ ਇੰਨੇ ਵਿਚ ਹੀ ਖੁਸ਼ ਹੋ ਜਾਂਦੀ ਹੈ. ਹੇਠਲੇ ਫੁਰਮਾਨ ਵੀ ਹੁਕਮਰਾਨ ਪੈਦਾ ਕਰਨ ਵਾਲੀ ਔਰਤ ਲਈ ਉਚਰੇ ਗਏ ਨੇ ਜੇ ਉਸਦੀ ਕੁੱਖ ਦੁਨੀਆ ਵਿਚ ਰੁਸਵਾਈ ਦਾ ਕਾਰਨ ਬਣੇ -

"ਜਿਹ ਕੁਲਿ ਪੂਤੁ ਨ ਗਿਆਨ ਬੀਚਾਰੀ II ਬਿਧਵਾ ਕਸ ਨ ਭਈ ਮਹਤਾਰੀ II"

ਅਤੇ

"ਜਿਨਿ ਐਸਾ ਨਾਮੁ ਵਿਸਾਰਿਆ ਮੇਰਾ ਹਰਿ ਹਰਿ ਤਿਸ ਕੈ ਕੁਲਿ ਲਾਗੀ ਗਾਰੀ II ਹਰਿ ਤਿਸੁ ਕੈ ਕੁਲਿ ਪਰਸੂਤਿ ਨ ਕਰੀਅਹੁ ਤਿਸੁ ਬਿਧਵਾ ਕਰਿ ਮਹਤਾਰੀ II"

ਅਖੀਰ ਸੁਆਲ ਉੱਠਦਾ ਹੈ ਔਰਤ ਦਾ ਆਪਣੇ ਗੁਣਾਂ ਪ੍ਰਤੀ ਸੁਚੇਤ ਹੋਣ ਦਾ. ਜਥਿਆਂ ਦਾ ਇੰਤਖ਼ਾਬ ਕਰਨ ਵਾਲ਼ਿਆਂ ਅੱਗੇ ਸਰਵਉੱਚ ਚੋਣ ਬਣਨ ਦਾ. ਜਿਥੇ ਹਰ ਮਹਿਕਮੇ ਵਿਚ ਔਰਤਾਂ ਦੇ ਹਕ਼ ਰਾਖਵੇਂ ਰੱਖੇ ਜਾਂਦੇ ਨੇ, ਉਥੇ ਰਾਗੀ ਜਥਿਆਂ ਦੀ ਚੋਣ ਵੇਲੇ ਔਰਤਾਂ ਦੀ ਪ੍ਰਮੁੱਖਤਾ ਦਾ, ਤੇ ਪਤਾ ਕਰਨ ਦਾ ਕਿ ਰਾਗੀ ਨੂੰ ਪੈਦਾ ਕਰਨ ਵਾਲੀ ਦਾ ਸਥਾਨ ਆਪਣੇ ਬੱਚੇ ਤੋਂ ਨੀਵਾਂ ਹੋ ਸਕਦਾ ਹੈ, ਇਸ ਭਰਮ ਤੇ ਮੁਲਾਂਕਣ ਦਾ ਰਚਾਇਤਾ ਕੌਣ ਹੈ?

 

ਗੁਰਜੀਤ ਕੌਰ

ਹਿਊਸਟਨ

੭੧੩-੪੬੯-੨੪੭੪