ਨੌਦੀਪ ਕੌਰ ਦੇ ਸਾਥੀ ਸ਼ਿਵ ਕੁਮਾਰ 'ਤੇ ਤਸ਼ੱਦਦ ਦੀ ਮੈਡੀਕਲ ਰਿਪੋਰਟ ਵਿਚ ਪੁਸ਼ਟੀ ਹੋਈ

ਨੌਦੀਪ ਕੌਰ ਦੇ ਸਾਥੀ ਸ਼ਿਵ ਕੁਮਾਰ 'ਤੇ ਤਸ਼ੱਦਦ ਦੀ ਮੈਡੀਕਲ ਰਿਪੋਰਟ ਵਿਚ ਪੁਸ਼ਟੀ ਹੋਈ

ਅੰਮ੍ਰਿਤਸਰ ਟਾਈਮਜ਼ ਬਿਊਰੋ
ਨੌਦੀਪ ਕੌਰ ਦੇ ਸਾਥੀ ਮਜ਼ਦੂਰ ਅਧਿਕਾਰ ਸੰਗਠਨ ਦੇ ਪ੍ਰਧਾਨ ਸ਼ਿਵ ਕੁਮਾਰ ਨਾਲ ਤਸ਼ੱਦਦ ਦੀ ਮੈਡੀਕਲ ਜਾਂਚ ਵਿਚ ਪੁਸ਼ਟੀ ਹੋ ਗਈ ਹੈ। 24 ਸਾਲਾ ਸ਼ਿਵ ਕੁਮਾਰ ਨੂੰ ਪੁਲਿਸ ਨੇ ਪਿਛਲੇ ਮਹੀਨੇ ਗ੍ਰਿਫਤਾਰ ਕੀਤਾ ਸੀ।

ਕੁਮਾਰ ਦੀ ਮੈਡੀਕਲ ਰਿਪੋਰਟ ਵਿਚ ਸਪਸ਼ਟ ਹੋਇਆ ਹੈ ਕਿ ਉਸਦੇ ਹੱਥਾਂ-ਪੈਰਾਂ ਦੀਆਂ ਹੱਡੀਆਂ ਟੁੱਟੀਆਂ ਹਨ ਅਤੇ ਉਸਦੇ ਨਹੁੰ ਵੀ ਖਿੱਚੇ ਗਏ ਹਨ। ਇਸ ਤੋਂ ਇਲਾਵਾ ਸਦਮੇ ਦੇ ਲੱਛਣ ਵੀ ਸਾਹਮਣੇ ਆਏ ਹਨ।

ਸ਼ਿਵ ਕੁਮਾਰ ਦੇ ਵਕੀਲ ਅਰਸ਼ਦੀਪ ਚੀਮਾ ਨੇ ਇਸ ਰਿਪੋਰਟ ਦੇ ਸਾਹਮਣੇ ਆਉਣ ਬਾਅਦ ਕਿਹਾ, "ਉਨ੍ਹਾਂ ਦੀ ਮੈਡੀਕਲ ਰਿਪੋਰਟ ਵਿੱਚ ਸਾਫ ਹੈ ਕਿ ਗੰਭੀਰ ਸੱਟਾਂ ਹਨ ਤੇ ਇਹ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜਮ੍ਹਾਂ ਕਰਵਾਈ ਗਈ ਹੈ।"

ਅਰਸ਼ਦੀਪ ਚੀਮਾ ਨੇ ਕਿਹਾ ਕਿ ਅਦਾਲਤ ਨੇ ਹੁਣ ਹਰਿਆਣਾ ਪੁਲਿਸ ਦੀ ਪਹਿਲਾਂ ਦੀ ਰਿਪੋਰਟ ਮੰਗੀ ਹੈ, ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਉਨ੍ਹਾਂ ਦੇ ਸਰੀਰ 'ਤੇ ਕੋਈ ਸੱਟ ਨਹੀਂ ਲੱਗੀ ਸੀ।

ਹਾਈ ਕੋਰਟ ਕੇਸ ਨੂੰ ਕੇਂਦਰੀ ਜਾਂਚ ਬਿਉਰੋ ਨੂੰ ਜਾਂਚ ਵਾਸਤੇ ਦੇਣ ਦੀ ਅਪੀਲ ਦੀ ਸੁਣਵਾਈ ਕਰ ਰਹੀ ਸੀ। ਦੱਸ ਦਈਏ ਕਿ ਨੌਦੀਪ ਕੌਰ ਅਤੇ ਸ਼ਿਵ ਕੁਮਾਰ ਨੂੰ ਫੈਕਟਰੀਆਂ ਦੇ ਮਾਲਕਾਂ ਖਿਲਾਫ ਪ੍ਰਦਰਸ਼ਨ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ।

ਨੌਦੀਪ ਕੌਰ ਨੇ ਰੈਗੂਲਰ ਜ਼ਮਾਨਤ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਅਰਜ਼ੀ ਦਾਇਰ ਕੀਤੀ ਸੀ। ਸੁਣਵਾਈ ਦੀ ਅਗਲੀ ਤਰੀਕ 26 ਫਰਵਰੀ ਲਈ ਨਿਰਧਾਰਤ ਕੀਤੀ ਗਈ ਹੈ।

ਡਾਕਟਰੀ ਰਿਪੋਰਟ ਅਨੁਸਾਰ ਡਾਕਟਰਾਂ ਵੱਲੋਂ ਜ਼ਖਮ ਹੋਣ ਦੀਆਂ ਦਿੱਤੀਆਂ ਰਿਪੋਰਟਾਂ ਦੇ ਅਧਾਰ 'ਤੇ ਬੀਬੀਸੀ ਨੇ ਲਿਖਿਆ ਹੈ ਕਿ ਸ਼ਿਵ ਕੁਮਾਰ ਦੇ ਖੱਬੇ ਹੱਥ ਅਤੇ ਸੱਜੇ ਪੈਰ ਵਿਚ ਫਰੈਕਚਰ; ਥੋੜਾ ਜਿਹਾ ਲੰਗੜਾ ਕੇ ਤੁਰਨਾ; ਸੱਜੇ ਅਤੇ ਖੱਬੇ ਪੈਰ ਵਿਚ ਸੋਜਿਸ਼ ਅਤੇ ਟੈਂਡਰਨੇਸ; ਖੱਬੇ ਪੈਰ ਵਿਚ ਡਿਸਕਲਰ ਹੋਣਾ; ਖੱਬੇ ਅੰਗੂਠੇ ਅਤੇ ਇੰਡੈਕਸ ਦੀਆਂ ਉਂਗਲਾਂ ਦੇ ਨਹੁੰ ਦਾ ਨੀਲਾ ਪੈਣਾ; ਸੱਜੇ ਗੁੱਟ ਉੱਤੇ ਟੈਂਡਰਨੇਸ ਦੇਖੀ ਗਈ ਹੈ।

ਰਿਪੋਰਟ ਕਹਿੰਦੀ ਹੈ ਕਿ ਇਹ ਸੱਟਾਂ ਦੋ ਹਫਤਿਆਂ ਤੋਂ ਵੀ ਵੱਧ ਪੁਰਾਣੀਆਂ ਹਨ ਅਤੇ ਜ਼ਾਹਰ ਹੈ ਕਿ ਕੋਈ 'ਬਲੰਟ' ਹਥਿਆਰ ਜਾਂ ਵਸਤੂ ਕਰਕੇ ਹੋਇਆ ਹੈ।

ਵਕੀਲਾਂ ਦਾ ਕਹਿਣਾ ਹੈ ਕਿ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਇਹ ਸੱਟਾਂ ਉਸ ਦੀ ਗ੍ਰਿਫਤਾਰੀ ਤੋਂ ਇੱਕ ਮਹੀਨੇ ਬਾਅਦ ਵੀ ਮੌਜੂਦ ਹਨ। ਹਾਈ ਕੋਰਟ ਨੇ ਚੰਡੀਗੜ੍ਹ ਵਿੱਚ ਡਾਕਟਰਾਂ ਦੁਆਰਾ ਮੁਲਜ਼ਮ ਦੀ ਮੈਡੀਕਲ ਜਾਂਚ ਦੇ ਆਦੇਸ਼ ਦਿੱਤੇ ਸਨ।

ਕੀ ਹੈ ਮਾਮਲਾ?
ਹਰਿਆਣਾ ਦੇ ਸੋਨੀਪਤ ਦੇ ਜੇਲ੍ਹ ਅਧਿਕਾਰੀਆਂ ਨੇ ਅਦਾਲਤ ਨੂੰ ਦੱਸਿਆ ਕਿ ਸ਼ਿਵ ਕੁਮਾਰ ਨੂੰ 2 ਫਰਵਰੀ ਨੂੰ ਜੇਲ੍ਹ ਲਿਆਂਦਾ ਗਿਆ ਸੀ।

ਕੁੰਡਲੀ ਥਾਣੇ ਵਿਚ ਉਨ੍ਹਾਂ ਖ਼ਿਲਾਫ਼ ਧਾਰਾ 148, 149, 323, 384 ਅਤੇ 506 ਅਧੀਨ ਦੰਗੇ ਕਰਨ ਅਤੇ ਧਮਕਾਉਣ ਸਮੇਤ ਕਈ ਮਾਮਲਿਆਂ ਦੇ ਦੋਸ਼ ਵਿਚ ਕੇਸ ਦਰਜ ਹੈ। 12 ਜਨਵਰੀ ਨੂੰ ਉਨ੍ਹਾਂ ਖਿਲਾਫ ਦੋ ਹੋਰ ਐਫਆਈਆਰ ਕੁੰਡਲੀ ਥਾਣੇ ਵਿੱਚ ਦਰਜ ਕੀਤੀਆਂ ਗਈਆਂ ਸੀ।

ਸ਼ਿਵ ਕੁਮਾਰ ਨੇ ਡਾਕਟਰਾਂ ਨੂੰ ਦੱਸਿਆ ਕਿ 12 ਜਨਵਰੀ ਦੀ ਦੁਪਹਿਰ ਨੂੰ ਜਦੋਂ ਮਜ਼ਦੂਰ ਯੂਨੀਅਨ ਸੋਨੀਪਤ ਵਿਖੇ ਧਰਨੇ 'ਤੇ ਸੀ ਤਾਂ ਪੁਲਿਸ ਨਾਲ ਝਗੜਾ ਹੋਇਆ ਸੀ।

ਸ਼ਿਵ ਕੁਮਾਰ ਨੇ ਦਾਅਵਾ ਕੀਤਾ ਕਿ ਉਹ ਉਸ ਸਮੇਂ ਉਸ ਸਥਾਨ 'ਤੇ ਮੌਜੂਦ ਨਹੀਂ ਸੀ।

ਸ਼ਿਵ ਕੁਮਾਰ ਨੇ ਕਿਹਾ, "ਕੁੰਡਲੀ ਥਾਣੇ ਦੀ ਪੁਲਿਸ ਆਈ ਅਤੇ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਅਤੇ ਐਸਐਚਓ ਨੇ ਦੋਸਤ 'ਤੇ ਹਮਲਾ ਕੀਤਾ।"

ਇਸ ਤੋਂ ਇਲਾਵਾ 16 ਜਨਵਰੀ ਨੂੰ ਜਦੋਂ ਉਹ ਕੁੰਡਲੀ ਨੇੜੇ ਕਿਸਾਨਾਂ ਦੇ ਅੰਦੋਲਨ 'ਤੇ ਸੀ, ਤਾਂ ਪੁਲਿਸ ਨੇ ਉਸ ਨੂੰ ਚੁੱਕ ਲਿਆ ਜਿਥੇ ਉਸ'ਤੇ ਕਥਿਤ ਤੌਰ 'ਤੇ ਪੁਲਿਸ ਦੁਆਰਾ ਹਮਲਾ ਕੀਤਾ ਗਿਆ।

ਉਨ੍ਹਾਂ ਨੇ ਕਥਿਤ ਤੌਰ 'ਤੇ ਉਸਦੇ ਦੋਵੇਂ ਪੈਰ ਬੰਨ੍ਹੇ, ਉਸ ਨੂੰ ਜ਼ਮੀਨ' ਤੇ ਲਿਟਾਇਆ ਅਤੇ ਮਾਰਿਆ। ਉਸ ਦੇ ਨਹੁੰ ਕਥਿਤ ਤੌਰ 'ਤੇ ਖਿੱਚੇ ਗਏ ਸਨ ਅਤੇ ਨਾਲ ਹੀ ਉਨ੍ਹਾਂ ਕਥਿਤ ਤੌਰ 'ਤੇ ਉਸ ਨੂੰ ਡਾਂਗਾਂ ਨਾਲ ਕੁੱਟਿਆ ਅਤੇ ਉਸ ਦੇ ਹੱਥ ਬੰਨ੍ਹੇ। ਉਸ ਨੂੰ ਤਿੰਨ ਦਿਨ ਸੌਣ ਨਹੀਂ ਦਿਤਾ ਗਿਆ ਸੀ।

ਰਿਪੋਰਟ ਵਿੱਚ ਕਥਿਤ ਤੌਰ 'ਤੇ ਮਾਨਸਿਕ ਅਤੇ ਸਰੀਰਕ ਤਸੀਹੇ ਦੇ ਹੋਰ ਵੇਰਵੇ ਵੀ ਦਿੱਤੇ ਗਏ ਹਨ।

ਸੋਨੀਪਤ ਜ਼ਿਲ੍ਹਾ ਪੁਲਿਸ ਨੇ ਸ਼ਿਵ ਕੁਮਾਰ ਨੂੰ ਕੁੰਡਲੀ ਵਿੱਚ ਇੱਕ ਫੈਕਟਰੀ ਵਿੱਚ ਮਜ਼ਦੂਰਾਂ ਦੀਆਂ ਤਨਖਾਹਾਂ ਨਾ ਮਿਲਣ ਦੇ ਦਾਅਵੇ ਨੂੰ ਲੈ ਕੇ ਨਜਾਇਜ਼ ਤੌਰ ਅੰਦਰ ਵੜਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਫੜ ਲਿਆ ਸੀ।

ਹਾਲਾਂਕਿ, ਉਨ੍ਹਾਂ ਦੇ ਵਕੀਲ ਅਤੇ ਪਰਿਵਾਰ ਦਾਅਵਾ ਕਰਦੇ ਹਨ ਕਿ ਸ਼ਿਵ ਅਤੇ ਨੌਦੀਪ ਦੋਵਾਂ ਨੂੰ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਨਾਲ ਹੋਣ ਕਾਰਨ ਚੁੱਕਿਆ ਗਿਆ ਸੀ।