ਦਿੱਲੀ ਵਿਚ ਦਹਿਸ਼ਤ ਦੇ ਸਾਏ ਹੇਠ ਜੀਅ ਰਹੇ ਘੱਟਗਿਣਤੀ ਮੁਸਲਮਾਨ

ਦਿੱਲੀ ਵਿਚ ਦਹਿਸ਼ਤ ਦੇ ਸਾਏ ਹੇਠ ਜੀਅ ਰਹੇ ਘੱਟਗਿਣਤੀ ਮੁਸਲਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਿਸ਼ਾ ਮੇਵਾਤੀ ਅਤੇ ਉਸਦਾ ਪਰਿਵਾਰ, ਦਿੱਲੀ ਦੇ ਉੱਤਰ-ਪੱਛਮੀ ਇਲਾਕੇ ਦੇ, ਹਿੰਦੂਆਂ ਅਤੇ ਮੁਸਲਮਾਨਾਂ ਦੀ ਘੁਲੀ-ਮਿਲੀ ਆਬਾਦੀ ਵਾਲੇ ਸ਼ਿਵ ਵਿਹਾਰ ਵਿੱਚ, ਪਿਛਲੇ ਇੱਕ ਦਹਾਕੇ ਤੋਂ ਸ਼ਾਂਤੀ ਨਾਲ ਰਹਿ ਰਿਹਾ ਸੀ।

ਪਰ ਪਿਛਲੀ ਫਰਵਰੀ, ਉਹਨਾਂ ਦੀ ਦੁਨੀਆਂ ਬਦਲ ਗਈ। “ਤੇ ਇਹ ਇਕ-ਦਮ ਬਦਲੀ ਸੀ," ਅੱਖਾਂ ਵਿੱਚ ਉਦਾਸੀ ਸਮੋਈ ਬੈਠੀ ਨਿਸ਼ਾ ਦੇ ਬੋਲ ਸਨ।

25 ਫਰਵਰੀ,2020 ਨੂੰ ਸਵੇਰੇ ਉਹ ਆਪਣੇ ਰੋਜ-ਮਰ੍ਹਾ ਦੇ ਕੰਮ ਕਰ ਰਹੀ ਸੀ, ਜਦੋਂ ਉਹਨੇ ਆਪਣੇ ਘਰ ਤੋਂ ਕੁੱਝ ਦੂਰ 'ਜੈ ਸ਼੍ਰੀ ਰਾਮ' ਦੀਆਂ ਚੰਘਿਆੜਾਂ ਸੁਣੀਆਂ, ਜੋ ਕਿ ਹੈ ਤਾਂ ਇੱਕ ਹਿੰਦੂ ਨਾਹਰਾ, ਪਰ ਪਿਛਲੇ ਸਮੇਂ ਵਿੱਚ ਕਤਲ ਲਈ ਚੀਖ ਰਹੀ ਭੀੜ ਦੀ ਆਵਾਜ਼ ਬਣਦਾ ਜਾ ਰਿਹਾ।

"ਨੇੜਲੇ ਰਾਹ ਉੱਪਰ ਹਿੰਦੂ ਭੀੜ ਵੱਲੋਂ ਇੱਕ ਮੁਸਲਮਾਨ ਪਰਿਵਾਰ ਨੂੰ ਘਰੋਂ ਬਾਹਰ ਘੜੀਸਿਆ ਜਾ ਰਿਹਾ ਸੀ ਅਤੇ ਕੁੱਟਮਾਰ ਕੀਤੀ ਜਾ ਰਹੀ ਸੀ।" ਉਸਨੇ ਅਲ ਜਜ਼ੀਰਾ ਨਾਲ ਗੱਲ ਕਰਦਿਆਂ ਦੱਸਿਆ।

ਆਂਢ-ਗੁਆਂਢ ਵਿੱਚ ਹਾਲਾਤ ਅਣਸੁਖਾਵੇਂ ਬਣੇ ਹੋਏ ਸਨ, ਜਦੋਂ ਤੋਂ ਹਿੰਦੂ ਭੀੜ ਨੇ ਇਲਾਕੇ ਦੇ ਮੁਸਲਮਾਨ ਪਰਿਵਾਰਾਂ ਨੂੰ ਮਿੱਥ ਕੇ ਨਿਸ਼ਾਨਾ ਬਣਾਉਣਾ ਸ਼ੁਰੂ ਕਰਿਆ ਹੋਇਆ ਸੀ, ਜਿਹੜੇ ਪਰਿਵਾਰ, ਹਿੰਦੂ ਰਾਸ਼ਟਰਵਾਦੀ ਪਾਰਟੀ 'ਭਾਰਤੀ ਜਨਤਾ ਪਾਰਟੀ' ਦੀ  ਸਰਕਾਰ ਦੁਆਰਾ ਲਿਆਂਦੇ ਨਵੇਂ ਨਾਗਰਿਕਤਾ ਕਾਨੂੰਨਾਂ ਖਿਲਾਫ ਆਵਾਜ਼ ਬੁਲੰਦ ਕਰ ਰਹੇ ਸਨ।

"ਪਰ ਸਾਨੂੰ ਉਮੀਦ ਨਹੀਂ ਸੀ ਕਿ ਉਹ ਸਾਡੇ ਤੇ ਵੀ ਹਮਲਾ ਕਰਨਗੇ। ਅਸੀਂ ਸੋਚਿਆ ਕਿ ਅਸੀਂ ਆਪਣੇ ਘਰ ਵਿੱਚ ਸੁਰੱਖਿਅਤ ਹਾਂ।"

ਪਰ ਉਹ ਗਲਤ ਸੀ।

ਨਿਸ਼ਾ ਦਾ ਗੁਆਂਢ, ਹੋਰ ਵੀ ਕਈ ਇਲਾਕਿਆਂ ਸਮੇਤ ਮੁਸਲਮਾਨ ਵਿਰੋਧੀ ਦੰਗਿਆਂ ਵਿੱਚ ਘਿਰ ਗਿਆ, ਜਿਹੜੇ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ 50 ਤੋਂ ਵੱਧ ਲੋਕਾਂ ਦੀ ਮੌਤ ਦਾ ਕਾਰਨ ਬਣੇ, ਜਿਹਨਾਂ ਵਿੱਚ ਬਹੁਗਿਣਤੀ ਮੁਸਲਮਾਨ ਸਨ।

ਜਿਵੇਂ ਹੀ ਚੀਕ-ਚਿਹਾੜਾ ਵਧਣ ਲੱਗਿਆ ਤਾਂ ਨਿਸ਼ਾ ਦੇ ਪਰਿਵਾਰ ਨੇ ਆਪਣੀ ਜਾਨ ਬਚਾਉਣ ਲਈ, ਘਰੋਂ ਨਿੱਕਲ ਕੇ, ਨਾਲ ਲੱਗਦੇ ਵੱਧ ਮੁਸਲਮਾਨ ਵਸੋਂ ਵਾਲੇ ਇਲਾਕੇ ਵਿੱਚ, ਇੱਕ ਰਿਸ਼ਤੇਦਾਰ ਦੇ ਘਰ ਸ਼ਰਨ ਲੈ ਲਈ।

ਉਹ ਪੰਦਰਾਂ ਦਿਨ ਉੱਥੇ ਰਹੇ ਤੇ ਜਦੋਂ ਵਾਪਿਸ ਆਏ ਤਾਂ ਇੱਕ ਗੱਲ ਸਾਫ ਸੀ ਕਿ ਹੁਣ  ਉੱਥੇ ਉਹਨਾਂ ਨੂੰ 'ਜੀ ਆਇਆਂ ਨੂੰ' ਨਹੀਂ ਹੈ।

"ਦੰਗਿਆਂ ਤੋਂ ਪਹਿਲਾਂ ਉੱਥੇ ਮੁਸਲਮਾਨ ਤੇ ਹਿੰਦੂ ਪਰਿਵਾਰ ਬਿਨਾਂ ਕਿਸੇ ਪਰੇਸ਼ਾਨੀ ਦੇ ਇਕੱਠੇ ਰਹਿ ਰਹੇ ਸਨ। ਪਰ ਜਦੋਂ ਵਾਪਸ ਆਏ ਸਾਫ ਹੋਇਆ ਕਿ ਹੁਣ ਗੱਲਾਂ ਹੋਰ ਹਨ। ਸਾਡੇ ਗੁਆਂਢੀ ਮਿੱਤਰ ਹੁਣ ਸਾਡੇ ਮਿੱਤਰ ਨਹੀਂ ਰਹੇ ਸਨ। ਜੇ ਦੁਸ਼ਮਣ ਨਹੀਂ ਤਾਂ, ਉਹ ਘੱਟੋ ਘੱਟ ਅਜ਼ਨਬੀ ਜ਼ਰੂਰ ਬਣ ਗਏ ਸਨ। "ਨਿਸ਼ਾ ਨੇ ਦੱਸਿਆ, "ਉਹਨਾਂ ਨੇ ਸਾਨੂੰ ਦੇਖਦਿਆਂ 'ਦੰਗਈ' ਕਿਹਾ।"

ਕੁਝ ਦਿਨਾਂ ਬਾਅਦ ਜਦੋਂ ਨਿਸ਼ਾ ਤੇ ਉਸਦਾ ਪਰਿਵਾਰ ਵਾਪਿਸ ਆਪਣੇ ਘਰ ਆਏ ਸਨ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪੂਰੇ ਭਾਰਤ ਵਿੱਚ ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ 21 ਦਿਨਾਂ ਦਾ ਲਾਕਡਾਊਨ ਕਰ ਦਿੱਤਾ।

ਕਰੋਨਾ ਵਾਇਰਸ ਦੇ ਵਿਸਫੋਟ ਦਾ ਕਾਰਨ, ਮੀਡੀਆ ਅਤੇ ਸੱਤਾ ਵਿੱਚ ਬੈਠੀ ਧਿਰ ਦੇ ਨੇਤਾਵਾਂ ਨੇ, ਤਬਲੀਗੀ ਜਮਾਤ(ਇੱਕ ਮੁਸਲਮਾਨ ਮਿਸ਼ਨਰੀ ਸੰਸਥਾ) ਦੁਆਰਾ ਕੀਤਾ ਇੱਕ ਇਕੱਠ ਦੱਸ ਕੇ ਪਰਚਾਰਿਆ। ਸਿੱਟੇ ਵਜੋਂ ਇੱਕ ਥਾਂ ਰਹਿ ਰਹੇ ਹਿੰਦੂ ਵਸਨੀਕਾਂ ਵੱਲੋਂ, ਮੁਸਲਮਾਨ ਪਰਿਵਾਰਾਂ ਨੂੰ ਨਿਸ਼ਾਨਾ ਬਣਾਉਣ ਦਾ ਇੱਕ ਹੋਰ ਕਾਰਨ ਮਿਲ ਗਿਆ।

"ਜਦੋਂ ਵੀ ਅਸੀਂ ਬਾਹਰ ਜਾਂਦੇ ਤਾਂ ਸਾਨੂੰ (ਮੁਸਲਮਾਨਾਂ) ਨੂੰ ਦੇਖ ਕੇ ਹਿੰਦੂ ਪਰਿਵਾਰ ਆਪਣੇ ਮੂੰਹ ਢੱਕ ਲੈਂਦੇ ਤੇ ਸਾਨੂੰ 'ਕਰੋਨਾ' ਕਹਿ ਕੇ ਬੁਲਾਇਆ ਜਾਂਦਾ।" ਨਿਸ਼ਾ ਨੇ ਕਿਹਾ, "ਤਾਂ ਅਸੀਂ ਘਰੋਂ ਨਿੱਕਲਣਾ ਬੰਦ ਕਰ ਦਿੱਤਾ। ਸਾਡੇ ਭਰਾ ਸਿਰਫ ਰਾਸ਼ਨ ਲੈਣ ਲਈ ਹੀ ਘਰੋਂ ਨਿੱਕਲਦੇ। ਤੇ ਫਿਰ ਤਿੰਨ ਚਾਰ ਮਹੀਨਿਆਂ ਬਾਅਦ ਅਸੀਂ ਆਪਣਾ ਘਰ ਵੇਚ ਦਿੱਤਾ। ਦੋ ਹੋਰ ਮੁਸਲਮਾਨ ਪਰਿਵਾਰ ਜੋ ਸਾਡੀ ਹੀ ਗਲੀ ਵਿੱਚ ਰਹਿੰਦੇ ਸਨ, ਉਹ ਵੀ ਘਰ ਛੱਡ ਕੇ ਹੋਰ ਕਿਤੇ ਰਹਿਣ ਚਲੇ ਗਏ।”

ਹਿੰਦੂ ਮੁਹੱਲਿਆਂ ਵਿੱਚੋਂ ਪ੍ਰਵਾਸ

ਮੁਹੰਮਦ ਹਾਨਿਫ ਦੀ ਕਹਾਣੀ ਵੀ ਕੁਝ ਇਸੇ ਤਰਾਂ ਹੀ ਹੈ। ਉਸਨੇ ਵੀ ਆਪਣਾ ਦੋ ਮੰਜ਼ਿਲਾ ਮਕਾਨ, ਜੋ ਕਿ ਦੰਗਿਆਂ ਦੀ ਲਪੇਟ ਚ ਆਉਣ ਵਾਲੇ ਕਲਾਵਰ ਨਗਰ 'ਚ ਸੀ, ਵੇਚ ਦਿੱਤਾ। ਇਹ ਸ਼ਿਵ ਵਿਹਾਰ ਤੋਂ ਦੋ ਕਿਲੋਮੀਟਰ ਦੂਰ ਸੀ। ਹੁਣ ਉਹ ਮੁਸਤਫਾਬਾਦ ਦੇ ਸੁਬੁਰਬਨ ਇਲਾਕੇ ਵਿੱਚ ਕਿਰਾਏ ਤੇ ਰਹਿ ਰਿਹਾ। ਦੰਗਿਆਂ ਦੌਰਾਨ ਉਸਦੇ ਘਰ ਲੁੱਟ ਅਤੇ ਭੰਨਤੋੜ ਹੋਈ ਸੀ।

'ਮੇਰੇ ਕੋਲ ਚਾਰ ਬੈੱਡ, ਦੋ ਫਰਿੱਜਾਂ ਤੇ ਮੋਟਰਸਾਈਕਲ ਸੀ। ਹੁਣ ਕੁਝ ਨਹੀਂ ਬਚਿਆ। ਤਾਂ ਉੱਥੇ ਰਹਿਣ ਦਾ ਹੁਣ ਕੋਈ ਮਤਲਬ ਨਹੀਂ ਬਣਦਾ ਸੀ। ਇਸ ਲਈ ਮੈਂ ਇਲਾਕਾ ਛੱਡਣ ਦਾ ਇਰਾਦਾ ਕਰ ਲਿਆ।," ਪੰਜਾਹ ਸਾਲਾ ਹਾਨਿਫ ਨੇ ਕਿਹਾ।

ਮੁਹੰਮਦ ਉਸ ਗਲੀ ਵਿੱਚ ਇੱਕੋ-ਇੱਕ ਮੁਸਲਮਾਨ ਪਰਿਵਾਰ ਸੀ। ਪਿਛਲੀ ਫਰਵਰੀ ਹਿੰਸਾ ਤੋਂ ਬਾਅਦ, ਉਹ ਤੇ ਉਸਦੇ ਪਰਿਵਾਰ ਨੇ ਹਮੇਸ਼ਾ ਲਈ ਘਰ ਛੱਡਣ ਦਾ ਫੈਸਲਾ ਕਰ ਲਿਆ। ਆਖਿਰਕਾਰ, ਪਿਛਲੇ ਸਾਲ ਅਕਤੂਬਰ ਵਿੱਚ ਉਹ ਆਪਣਾ ਘਰ ਵੇਚ ਸਕਿਆ।

"ਸਾਡੀਆਂ ਜਾਨਾਂ ਇੱਕ ਵਾਰ ਬੜੀ ਮੁਸ਼ਕਿਲ ਨਾਲ ਬਚੀਆਂ ਹਨ, ਦੁਬਾਰਾ ਖਤਰਾ ਸਹੇੜਨਾ ਸਹੀ ਨਹੀਂ ਹੋਵੇਗਾ।"

ਮੁਹੰਮਦ ਨੇ ਤੱਥ ਜ਼ਾਹਿਰ ਕੀਤਾ ਕਿ ਮਜਬੂਰੀ ਵੱਸ ਮਕਾਨਾਂ ਦੀ ਵਿਕਰੀ ਕਾਰਨ ਦੰਗਿਆਂ ਦੀ ਲਪੇਟ 'ਚ ਆਏ ਮੁਹੱਲਿਆਂ ਵਿੱਚ ਕੀਮਤ ਥੱਲੇ ਡਿੱਗੀ ਹੈ। ਦੰਗਿਆਂ ਤੋਂ ਪਹਿਲਾਂ ਉਸ ਦੇ ਮਕਾਨ ਲਈ ਅਠਾਰਾਂ ਲੱਖ ਦੀ ਪੇਸ਼ਕਸ਼ ਕੀਤੀ ਗਈ ਸੀ, ਜੋ ਕਿ ਉਸਨੇ ਹੁਣ ਬਾਰਾਂ ਲੱਖ ਵਿੱਚ ਗੈਰ-ਮੁਸਲਿਮ ਪਰਿਵਾਰ ਨੂੰ ਵੇਚਿਆ ਹੈ।

ਹਾਲਾਂਕਿ ਦਿੱਲੀ ਪੁਲਿਸ, ਹਿੰਦੂ ਮੁਹੱਲਿਆਂ ਵਿੱਚੋਂ ਹੋ ਰਹੇ ਇਸ ਤਰਾਂ ਮੁਸਲਮਾਨਾਂ ਦੇ ਮਜਬੂਰਨ ਪ੍ਰਵਾਸ ਵੱਲ ਕੋਈ ਖਾਸ ਧਿਆਨ ਦੇ ਕੇ ਰਾਜ਼ੀ ਨਹੀਂ। "ਅਸੀਂ ਫਿਲਹਾਲ ਕਿਸਾਨ ਅੰਦੋਲਨ ਵੱਲ ਰੁੱਝੇ ਹੋਏ ਹਾਂ," ਦਿੱਲੀ ਪੁਲਿਸ ਦੇ ਸੀਨੀਅਰ ਪਬਲਿਕ ਰਿਲੇਸ਼ਨ ਅਫਸਰ ਨੇ, ਅਲ ਜਜ਼ੀਰਾ ਨੂੰ ਦਿੱਲੀ ਦੇ ਬਾਡਰਾਂ ਤੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਮਹੀਨਾਬੱਧੀ ਬੈਠੇ ਕਿਸਾਨਾਂ ਦਾ ਹਵਾਲਾ ਦਿੰਦਿਆਂ ਕਿਹਾ।

ਮਨੁੱਖੀ ਹੱਕਾਂ ਨਾਲ ਜੁੜੀਆਂ ਸੰਸਥਾਵਾਂ ਅਤੇ ਕਾਫੀ ਪੀੜਤਾਂ ਨੇ ਦਿੱਲੀ ਪੁਲਿਸ ਦੀ ਦੰਗਾਕਾਰੀਆਂ ਨੂੰ ਹਮਾਇਤ ਹੋਣ ਦਾ ਦਾਅਵਾ ਕੀਤਾ, ਕਿਉਂਕਿ ਹਿੰਦੂ ਦੰਗਾਕਾਰੀ ਕਾਫੀ ਦਿਨਾਂ ਤੱਕ ਸੜਕਾਂ ਤੇ ਘੁੰਮਦੇ ਕੋਹਰਾਮ ਮਚਾਉਂਦੇ ਰਹੇ ਤੇ ਪੁਲਿਸ ਨੇ ਬਣਦੀ ਮੁਸਤੈਦੀ ਨਹੀਂ ਦਿਖਾਈ। ਪਿਛਲੀ ਫਰਵਰੀ ਵਾਪਰੀ ਹਿੰਸਾ,ਜਿਸ ਨੂੰ ਕਈ ਅਲੋਚਕਾਂ ਨੇ ਸਰਕਾਰ ਦਾ ਮੁਸਲਮਾਨ ਵਿਰੋਧੀ ਦਾਅ ਕਰਾਰ ਦਿੱਤਾ ਹੈ, ਕਈ ਥਾਵਾਂ ਤੇ ਹਿੰਦੂ ਭੀੜ ਨਾਲ ਰਲਕੇ ਪੁਲਿਸ ਵਾਲੇ ਮੁਸਲਮਾਨਾਂ ਤੇ ਪੱਥਰ ਵੀ ਸੁੱਟਦੇ ਦੇਖੇ ਗਏ। ਪੀੜਿਤਾਂ ਅਤੇ ਵਕੀਲਾਂ ਵੱਲੋਂ ਕੀਤੇ ਦਾਅਵਿਆਂ ਅਨੁਸਾਰ, ਹੋਈ ਹਿੰਸਾ ਨੂੰ ਲੈ ਕੇ ਦਰਜ ਹੋਏ ਮੁਕੱਦਮੇ ਵਾਪਿਸ ਲੈਣ ਲਈ ਵੀ ਕਈ ਪੁਲਿਸ ਕਰਮੀਆਂ ਨੇ ਉਹਨਾਂ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ।

ਕੁੱਝ ਮੁਸਲਮਾਨ ਪਰਿਵਾਰ ਜੋ ਆਪਣਾ ਘਰ ਛੱਡ ਨਹੀਂ ਸਕੇ, ਉਹਨਾਂ ਨੇ ਕਿਹਾ ਕਿ ਰਾਸ਼ਟਰੀ ਮੌਕਿਆਂ ਅਤੇ ਹਿੰਦੂ ਤਿਉਹਾਰਾਂ ਮੌਕੇ ਸੁਰੱਖਿਆ ਦੇ ਡਰੋਂ ਉਹ ਘਰ ਛੱਡ ਕੇ ਕਿਤੇ ਹੋਰ ਰਹਿਣ ਚਲੇ ਜਾਂਦੇ ਹਨ।

"ਗਣਤੰਤਰ ਦਿਵਸ ਦੇ ਮੌਕੇ ਤੇ ਉਹਨਾਂ ਦਾ ਸਾਰਾ ਪਰਿਵਾਰ ਟਕਰਾਅ ਦੀਆਂ ਸੰਭਾਵਨਾਵਾਂ ਦੇ ਚੱਲਦੇ ਰਿਸ਼ਤੇਦਾਰ ਘਰੇ ਚਲਾ ਗਿਆ ਸੀ।," ਦੰਗਿਆਂ ਦੀ ਲਪੇਟ 'ਚ ਆਏ ਸ਼ਿਵ ਵਿਹਾਰ ਦੀ ਵਸਨੀਕ ਸ਼ਹਿਨਾਜ਼ ਸ਼ੇਖ ਨੇ ਕਿਹਾ।

ਫਰਹਾਨ ਖਾਨ,ਜੋ ਕਿ ਇੱਕ ਸਥਾਨਕ ਕਾਰਕੁੰਨ ਹੈ ਅਤੇ ਪੀੜਤਾਂ ਦੀ ਮਦਦ ਲਈ ਆਹਰ ਕਰ ਰਿਹਾ ਹੈ। ਉਸਨੇ ਦੱਸਿਆ ਕਿ ਨਵੰਬਰ ਵਿੱਚ ਦਿਵਾਲੀ ਦੇ ਤਿਉਹਾਰ ਨੇੜੇ, ਕੁੱਝ ਅਨਸਰ ਇਕੱਠੇ ਹੋ ਕੇ ਸ਼ਿਵ ਵਿਹਾਰ ਦੇ ਸ਼ਮਸ਼ਾਨ ਕੋਲ ਇਕੱਠੇ ਹੋ ਕੇ, ਜਿਵੇਂ ਹੀ ਨੇੜੇ ਦੀ ਮਸਜਿਦ ਵਿੱਚੋਂ ਅਜਾ਼ਨ ਦੀ ਆਵਾਜ਼ ਆਉਂਦੀ, ਉੱਚੀ ਉੱਚੀ 'ਜੈ ਸ਼੍ਰੀ ਰਾਮ' ਦੇ ਨਾਹਰੇ ਮਾਰਦੇ। ਉਹ ਉਦੋਂ ਤੱਕ ਨਾ ਹਟੇ, ਜਦੋਂ ਤੱਕ ਪੁਲਿਸ ਬੁਲਾ ਕੇ ਦਖ਼ਲ ਅੰਦਾਜ਼ੀ ਦੀ ਮੰਗ ਨਹੀਂ ਕੀਤੀ ਗਈ। ਅਜਿਹਾ ਮਾਹੌਲ ਡਰ ਪੈਦਾ ਕਰਦਾ ਹੈ।

ਸਮਾਜਿਕ ਕਾਰਕੁੰਨ ਆਸਿਫ ਮੁਜਤਬਾ ਨੇ ਕਿਹਾ ਕਿ ਸ਼ਿਵ ਵਿਹਾਰ ਵਿੱਚ ਸੱਜੇ ਪੱਖੀ ਹਿੰਦੂ ਗਰੁੱਪਾਂ ਵੱਲੋਂ ਉੱਤਰ ਪ੍ਰਦੇਸ਼ ਵਿੱਚ ਰਾਮ ਮੰਦਰ ਦੇ ਉਦਘਾਟਨ ਸੰਬੰਧੀ ਰੈਲੀਆਂ ਕੀਤੀ ਗਈਆਂ।

"ਮੁਸਲਮਾਨ ਸਮਾਜ ਸਹਿਮ ਵਿੱਚ ਸੀ ਜਦੋਂ ਅਜਿਹੇ ਇਕੱਠ ਮੁਹੱਲੇ ਵਿੱਚ ਆ ਕੇ ਇਤਰਾਜ਼ਯੋਗ ਨਾਹਰੇ ਮਾਰਦੇ, ਪਰ ਪੁਲਿਸ ਨੂੰ ਸੂਚਨਾ ਦਿੱਤੇ ਜਾਣ ਦੇ ਬਾਵਜੂਦ ਵੀ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮੁਸਲਮਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਕੁੱਝ  ਵੀ ਖਾਸ ਕਦਮ ਨਾ ਉਠਾਇਆ ਗਿਆ।," Miles2smile ਫਾਊਂਡੇਸ਼ਨ ਦੇ ਹੈੱਡ ਆਸਿਫ ਨੇ ਦੱਸਿਆ, ਜੋ ਕਿ ਫਰਵਰੀ 2020 ਦੀ ਹਿੰਸਾ ਦੇ ਪੀੜਤਾਂ ਨੂੰ ਆਰਥਿਕ ਅਤੇ ਕਾਨੂੰਨੀ ਸਹਾਇਤਾ ਪ੍ਰਦਾਨ ਕਰਦੀ ਹੈ।

ਇਲਾਕੇ ਦੇ ਮੁਸਲਮਾਨ ਦਾ ਕਹਿਣਾ ਹੈ ਕਿ 1984 ਤੋਂ ਬਾਅਦ ਹੁਣ ਫਿਰ ਅਜਿਹਾ ਮਾਹੌਲ ਬਣ ਰਿਹਾ ਜਿਸ ਵਿੱਚ ਦੋ ਕੌਮਾਂ ਦੀ ਮਾਨਸਿਕਤਾ ਵਿੱਚ ਬੇਵਿਸ਼ਵਾਸੀ ਅਤੇ ਨਫ਼ਰਤ ਭਾਰੂ ਹੋ ਰਹੀ ਹੈ। ਇਹ ਉਹਨਾਂ ਦੀ ਮਾਨਸਿਕ ਸਿਹਤ ਨੂੰ ਖਰਾਬ ਕਰ ਰਿਹਾ ਅਤੇ ਉਹਨਾਂ ਨੂੰ ਉਹ ਘਰ ਛੱਡ ਕੇ ਜਾਣ ਲਈ ਮਜਬੂਰ ਹੋਣਾ ਪੈ ਰਿਹਾ, ਜਿਹਨਾਂ ਵਿੱਚ ਉਹ ਦਹਾਕਿਆਂ ਬੱਧੀ ਰਹਿ ਰਹੇ ਸਨ।

"ਅਸੀਂ ਇਸ ਜਗ੍ਹਾ ਨੂੰ ਛੱਡਣਾ ਚਾਹੁੰਦੇ ਹਾਂ। ਅਸੀਂ ਰਾਤ ਨੂੰ ਸੌਂ ਨਹੀਂ ਸਕਦੇ। ਇੱਕ ਨਿੱਕੀ ਜਿਹੀ ਆਵਾਜ਼ ਵੀ ਆਉਂਦੀ ਹੈ ਤਾਂ ਰਾਤ ਨੂੰ ਘਬਰਾਹਟ ਪੈਦਾ ਕਰਦੀ ਹੈ। ਸਾਨੂੰ ਲੱਗਦਾ ਹੈ ਕਿ ਸਾਡੇ ਤੇ ਫਿਰ ਹਮਲਾ ਹੋ ਰਿਹਾ।," ਸ਼ਹਿਨਾਜ਼ ਨੇ ਅਲ ਜਜ਼ੀਰਾ ਨਾਲ ਗੱਲ ਕਰਦਿਆਂ ਕਿਹਾ।

"ਸ਼ਹਿਨਾਜ਼ ਦੇ ਘਰ ਵੀ ਫਰਵਰੀ ਹਿੰਸਾ ਦੌਰਾਨ ਲੁੱਟ-ਖਸੁੱਟ ਕੀਤੀ ਗਈ ਸੀ, ਜਿਸ ਵਿੱਚ ਉਹ ਅਤੇ ਉਸਦੀ ਭੈਣ ਨੇ ਆਪਣਾ ਸਾਰਾ ਗਹਿਣਾ-ਗੱਟਾ ਗਵਾ ਦਿੱਤਾ।ਘਰ ਸਿਰਫ ਇਸ ਲਈ ਸੜਨ ਤੋਂ ਬਚ ਗਿਆ, ਕਿਉਂਕਿ ਜੇਕਰ ਅਜਿਹਾ ਹੁੰਦਾ ਤਾਂ ਨਾਲ ਲੱਗਦੇ ਹਿੰਦੂਆਂ ਦੇ ਘਰ ਵੀ ਮੱਚ ਜਾਣੇ ਸੀ।," ਸ਼ਹਿਨਾਜ਼ ਦੀ ਭੈਣ, ਨਾਜ਼ੀਆ ਪ੍ਰਵੀਨ ਨੇ ਦੱਸਿਆ।

ਉਹ ਵੀ ਆਪਣਾ ਘਰ ਵੇਚਣਾ ਚਾਹੁੰਦੇ ਹਨ, ਪਰ ਉਹਨਾਂ ਨੂੰ ਘਰ ਦੀ ਕੀਮਤ ਦਾ 75% ਵੀ ਨਹੀਂ ਮਿਲਦਾ।

"ਮੇਰੇ ਮਾਤਾ ਘਰ ਨੂੰ ਚਾਲੀ ਲੱਖ ਵਿੱਚ ਵੇਚਣਾ ਚਾਹੁੰਦੇ ਸਨ। ਪਰ ਸਹੀ ਕੀਮਤ ਨਾ ਮਿਲਣ ਕਾਰਨ ਪੈਂਤੀ ਲੱਖ ਵਿੱਚ ਵੇਚਣ ਦਾ ਫੈਂਸਲਾ ਕੀਤਾ। ਹੁਣ ਅਸੀਂ ਤੀਹ ਲੱਖ ਵਿੱਚ ਵੀ ਘਰ ਦੇਣ ਨੂੰ ਤਿਆਰ ਹਾਂ, ਪਰ ਕੋਈ ਖਰੀਦਦਾਰ ਨਹੀਂ ਮਿਲ ਰਿਹਾ।," ਸ਼ਹਿਨਾਜ਼ ਕਹਿੰਦੀ ਹੈ।

ਸਾਰੇ ਪਹੁੰਚ ਕਰਨ ਵਾਲੇ ਖ਼ਰੀਦ ਦਾਰ ਗੈਰ-ਮੁਸਲਮਾਨ ਹਨ। "ਹਾਂ, ਠੀਕ ਵੀ ਹੈ।ਕੋਈ ਮੁਸਲਮਾਨ ਇਸ ਇਲਾਕੇ ਵਿੱਚ ਕਿਉਂ ਰਹਿਣਾ ਚਾਹੇਗਾ।," ਉਸਨੇ ਆਖਿਆ।

ਮਜਬੂਰਨ ਵਿਕਰੀ

ਹਿੰਸਾ ਦੀ ਲਪੇਟ ਚ ਆਏ ਇਲਾਕਿਆਂ ਦੇ ਜ਼ਾਇਦਾਦ ਦਲਾਲਾਂ ਨੇ ਵੀ ਕਿਹਾ ਕਿ ਮੁਸਲਮਾਨ ਪਰਿਵਾਰ ਤੇਜ਼ੀ ਨਾਲ ਆਪਣੀ ਜਾਇਦਾਦ ਵੇਚ ਰਹੇ ਹਨ, ਜਿਸ ਨਾਲ ਘਾਟੇ ਦੀ ਵਿਕਰੀ ਕੀਤੀ ਜਾ ਰਹੀ ਹੈ।

ਰਿਜ਼ਵਾਨ ਖਾਨ, ਜੋ ਕਿ ਪਿਛਲੇ ਸਤਾਰਾਂ ਸਾਲਾਂ ਤੋਂ ਜਾਇਦਾਦ ਦੀ ਦਲਾਲੀ ਦਾ ਕੰਮ ਕਰਦਾ ਹੈ, ਉਸਨੇ ਦੱਸਿਆ ਕਿ ਹੁਣ ਤੱਕ ਪੰਦਰਾਂ ਤੋਂ ਵੀਹ ਗਾਹਕਾਂ ਨੇ ਉਸ ਤੱਕ ਪਹੁੰਚ ਕੀਤੀ ਹੈ, ਜੋ ਕਿ ਆਪਣੀ ਜਾਇਦਾਦ ਵੇਚਣੀ ਚਾਹੁੰਦੇ ਹਨ। ਇਹਨਾਂ ਵਿੱਚੋਂ ਲਗਭਗ ਸਾਰੇ ਹੀ ਮੁਸਲਮਾਨ ਹਨ, ਜੋ ਹਿੰਦੂ ਬਹੁਗਿਣਤੀ ਇਲਾਕੇ ਵਿੱਚ ਰਹਿੰਦੇ ਹਨ। ਜਿਹਨਾਂ ਵਿੱਚੋਂ ਕੁੱਝ ਨੇ ਉਸ ਦੀ ਮਦਦ ਨਾਲ ਜ਼ਾਇਦਾਦ ਵੇਚ ਵੀ ਦਿੱਤੀ ਹੈ।

"ਪਰ ਉਹਨਾਂ ਨੂੰ ਸਹੀ ਕੀਮਤ ਨਹੀਂ ਮਿਲ ਰਹੀ। ਮੰਨ ਲਉ ਬਜ਼ਾਰ ਦਾ ਰੇਟ 20 ਲੱਖ ਹੈ ਤਾਂ ਉਹ ਮਸਾਂ 15 ਲੱਖ ਵਿੱਚ ਹੀ ਜ਼ਾਇਦਾਦ ਵੇਚ ਪਾਉਂਦੇ ਹਨ।"

ਸਥਾਨਕ ਪ੍ਰਸ਼ਾਸਨ ਨੇ ਹਾਲਾਂਕਿ ਕਿਹਾ ਕਿ ਉਹ ਇਹੋ ਜਿਹੇ ਕਿਸੇ ਵੀ ਰੁਝਾਨ ਤੋਂ 'ਬੇਖਬਰ' ਹਨ।

ਪੁਨੀਤ ਕੁਮਾਰ ਪਟੇਲ, ਜੋ ਕਿ ਕਾਰਾਵਲ ਨਗਰ ਦੇ ਸਬ ਡਿਵੀਜਨਲ ਮੈਜਿਸਟਰੇਟ ਹਨ, ਨੇ ਕਿਹਾ, "ਹਿੰਸਾ ਦੇ ਦੌਰਾਨ ਕੁੱਝ ਲੋਕ ਘਰ ਛੱਡ ਕੇ ਚਲੇ ਗਏ ਸਨ, ਪਰ ਹੁਣ ਉਹਨਾਂ ਦੀ ਵਾਪਸੀ ਹੋ ਰਹੀ ਹੈ। ਜੇਕਰ ਅਜਿਹਾ ਕੋਈ ਰੁਝਾਨ ਹੁੰਦਾ ਤਾਂ ਉਹਨਾਂ ਨੂੰ ਖਬਰ ਹੋ ਜਾਣੀ ਸੀ।"

ਦੂਜੇ ਪਾਸੇ, ਸੱਤਾਧਾਰੀ ਬੀ.ਜੇ.ਪੀ. ਨੇ ਇਹਨਾਂ ਘਟਨਾਵਾਂ ਨੂੰ ਮੰਨਿਆ ਹੈ ਅਤੇ  ਭਾਈਚਾਰਿਆਂ ਵਿਚ 'ਵਿਸਵਾਸ਼ ਵਧਾਊ ਹੀਲੇ' ਕੀਤੇ ਜਾਣ ਦੀ ਗੱਲ ਕਹੀ ਹੈ।

"ਇਹ ਬਦਕਿਸਮਤੀ ਵਾਲੀ ਗੱਲ ਹੈ ਕਿ ਹਿੰਸਾ ਵਾਲੇ ਇਲਾਕਿਆਂ ਵਿੱਚ ਹਿੰਸਾ ਤੋਂ ਬਾਅਦ ਦੋਹਾਂ ਭਾਈਚਾਰਿਆਂ ਵਿਚਕਾਰ ਪਾੜਾ ਵਧਿਆ ਹੈ। ਦਿੱਲੀ ਦੇ ਲੋਕਾਂ, ਸਰਕਾਰ ਅਤੇ ਕੇਂਦਰ ਸਰਕਾਰ ਨੂੰ ਇਕੱਠੇ ਬੈਠ ਕੇ ਇਸ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ।," ਬੀ.ਜੇ.ਪੀ. ਦੇ ਸਥਾਨਕ ਬੁਲਾਰੇ ਹਰੀਸ਼ ਖੁਰਾਣਾ ਨੇ ਕਿਹਾ।

ਹਾਲਾਂਕਿ ਕਿ ਬਹੁਤੇ ਦੰਗਾ ਪੀੜਤ ਇਲਾਕਿਆਂ ਵਿੱਚ ਹਾਲਾਤ ਸੁਖਾਵੇਂ ਹੋਣ ਦੀ ਸਥਿਤੀ ਤੋਂ ਬਹੁਤ ਦੂਰ ਹਨ।

ਦੋਹਾਂ ਭਾਈਚਾਰਿਆਂ ਵਿਚਕਾਰ ਸਮਾਜਿਕ ਗਤੀਵਿਧੀਆਂ ਦਾ ਘਟਣਾ

"ਹਾਲਾਤ ਆਮ ਕਿਵੇਂ ਹੋਣਗੇ ਜੇਕਰ ਆਪਸੀ ਮਿਲਵਰਤਨ ਨਹੀਂ ਹੋਵੇਗਾ," ਇਬਰਾਹੀਮ ਨੇ ਚਿੰਤਾ ਜਤਾਈ। ਇਬਰਾਹੀਮ ਦੀ ਸ਼ਿਵ ਵਿਹਾਰ ਵਿੱਚ ਕਰਿਆਨਾ ਦੀ ਦੁਕਾਨ ਹੈ, ਰਹਿੰਦਾ ਉਹ ਮੁਸਲਮਾਨ ਵਸੋਂ ਵਾਲੇ ਇਲਾਕੇ 'ਚ ਹੈ , ਪਰ ਦੁਕਾਨ ਹਿੰਦੂ ਵਸੋਂ ਵਾਲੀ ਗਲੀ ਵਿੱਚ ਹੋਣ ਕਰਕੇ, ਉਸਦਾ ਰੁਜ਼ਗਾਰ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ। ਕਿਉਂਕਿ ਦੰਗਿਆਂ ਤੋਂ ਬਾਅਦ ਉਸਦੇ ਹਿੰਦੂ ਗਾਹਕ ਉਸ ਦੀ ਦੁਕਾਨ ਤੇ ਆਉਣਾ ਪਸੰਦ ਨਹੀਂ ਕਰਦੇ।

"ਹੁਣ ਮੁਸਲਮਾਨ, ਮੁਸਲਮਾਨ ਦੁਕਾਨਦਾਰਾਂ ਦੀ ਦੁਕਾਨ ਤੇ ਜਾਂਦੇ ਹਨ ਤੇ ਹਿੰਦੂ, ਹਿੰਦੂ ਦੁਕਾਨਦਾਰਾਂ ਕੋਲ।," ਮੁਹੰਮਦ ਆਖਦਾ ਹੈ, "ਪਹਿਲਾਂ ਮੇਰੀ ਦੁਕਾਨ ਤੇ ਹਿੰਦੂ ਤੇ ਮੁਸਲਮਾਨ ਦੋਵੇਂ ਗਾਹਕ ਆਉਂਦੇ ਸਨ, ਪਰ ਹੁਣ ਲਗਭਗ ਸਾਰੇ ਗੈਰ ਮੁਸਲਮਾਨਾਂ ਨੇ ਮੇਰੀ ਦੁਕਾਨ ਤੋਂ ਸਮਾਨ ਲੈਣਾ ਛੱਡ ਦਿੱਤਾ ਹੈ।"

ਮੁਹੰਮਦ ਦੀ ਦੁਕਾਨ ਨੂੰ ਦੰਗਿਆਂ ਦੌਰਾਨ ਪਹਿਲਾਂ ਲੁੱਟ ਕੇ, ਫਿਰ ਸਾੜ ਦਿੱਤਾ ਗਿਆ। ਉਸ ਤੋਂ ਬਾਅਦ ਵੀ ਹਿੰਦੂ ਪਰਿਵਾਰਾਂ ਵੱਲੋਂ ਅਣ-ਐਲਾਨੇ ਸਮਾਜਿਕ ਬਾਈਕਾਟ ਦੇ ਚੱਲਦਿਆਂ ਉਸ ਦਾ ਰੁਜ਼ਗਾਰ ਡਾਵਾਂ-ਡੋਲ ਹੋ ਰਿਹਾ ਹੈ, ਮਜਬੂਰਨ ਉਹ ਦੁਕਾਨ ਨੂੰ ਵੇਚਣ ਦਾ ਸੋਚ ਰਿਹਾ ਹੈ। "ਮੈਂ ਤੇ ਮੇਰੇ ਪਿਤਾ, ਦੁਕਾਨ ਬਦਲਣ ਲਈ ਸੰਭਾਵਿਤ ਟਿਕਾਣਿਆਂ ਤੇ ਵਿਚਾਰ ਕਰ ਰਹੇ ਹਾਂ।" ਮੁਹੰਮਦ ਨੇ ਅਲ-ਜਜੀਰਾ ਨੂੰ ਦੱਸਿਆ।

ਦੰਗਿਆਂ ਤੋਂ ਬਾਅਦ ਦਾਗੀ ਹੋਏ ਰਿਸ਼ਤਿਆਂ ਨੂੰ ਪਹਿਲਾਂ ਤੋਂ ਹੀ ਖਿੱਚੀਆਂ ਹੋਈਆਂ ਲਕੀਰਾਂ ਨੂੰ ਹੋਰ ਗੂੜ੍ਹਾ ਕਰ ਦਿੱਤਾ ਹੈ। "ਸਾਡੇ ਬੱਚੇ ਹੁਣ ਹਿੰਦੂ ਪਰਿਵਾਰਾਂ ਦੇ ਬੱਚਿਆਂ ਨਾਲ ਇਕੱਠੇ ਖੇਡਦੇ ਵੀ ਨਹੀਂ। ਉਹਨਾਂ ਨੇ ਆਪਣੇ ਬੱਚਿਆਂ ਨੂੰ ਅਜਿਹਾ ਕਰਨ ਤੋਂ ਵਰਜ਼ ਦਿੱਤਾ ਹੈ, ਸੋ ਅਸੀਂ ਵੀ ਆਪਣੇ ਬੱਚਿਆਂ ਨੂੰ ਬਾਹਰ ਘੁੰਮਣ ਦੀ ਇਜਾਜ਼ਤ ਨਹੀਂ ਦਿੰਦੇ।," ਨਾਜ਼ੀਆ ਪ੍ਰਵੀਨ ਨੇ ਕਿਹਾ।

ਭਾਰਤ ਦੇ ਲਗਭਗ 20 ਕਰੋੜ ਮੁਸਲਮਾਨ ਨਿੱਤ-ਦਿਨ ਹੁੰਦੀਆਂ ਵਾਰਦਾਤਾਂ ਨੇ ਹਾਸ਼ੀਏ ਤੇ ਧੱਕ ਦਿੱਤੇ ਹਨ, ਤੇ ਜਦੋਂ ਵੀ ਕੋਈ ਅਜਿਹੀ ਘਟਨਾ ਹੁੰਦੀ ਹੈ ਤਾਂ ਉਹਨਾਂ ਨੂੰ ਭੱਜਕੇ ਆਪਣੀ ਬਹੁ-ਗਿਣਤੀ ਵਾਲੇ ਇਲਾਕੇ ਵਿੱਚ ਪਨਾਹ ਲੈਣੀ ਪੈਂਦੀ ਹੈ।2014 ਵਿੱਚ ਮੋਦੀ ਦੀ ਬੀ.ਜੇ.ਪੀ. ਸਰਕਾਰ ਆਉਣ ਨਾਲ ਇਸ ਰੁਝਾਨ ਵਿੱਚ ਤੇਜੀ ਦੇਖਣ ਨੂੰ ਮਿਲੀ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਮੁਸਲਮਾਨਾਂ ਦਾ ਇਜ ਤਰਾਂ ਚੁੱਪਚਾਪ ਉੱਠ ਕੇ ਆਪਣੀ ਵਸੋਂ ਵਾਲੇ ਪਾਸੇ ਚਲੇ ਜਾਣਾ, ਸੱਭਿਆਚਾਰਕ ਵਿਭਿੰਨਤਾਵਾਂ ਵਾਲੇ ਦੇਸ਼ ਵਿੱਚ ਉਹਨਾਂ ਦੇ ਪਾੜਿਆਂ ਅਤੇ ਬੇਗਾਨਗੀ ਦੇ ਅਹਿਸਾਸ ਨੂੰ ਤੇਜ਼ ਕਰੇਗਾ।

'Midnight'borders- A people s history of modern India' ਦੇ ਲੇਖਕ ਅਤੇ ਨਿਊਯਾਰਕ ਤੋਂ ਵਕੀਲ ਸੁਚਿਤਰਾ ਵਿਜਿਆਨ ਨੇ ਕਿਹਾ, "ਇਹ ਬਿਲਕੁਲ ਕੋਈ ਨਵਾਂ ਵਰਤਾਰਾ ਨਹੀਂ ਹੈ। ਕਈ ਵਾਰ ਤਾਂ ਇੱਕ ਪਰਿਵਾਰ ਨੂੰ ਹਿੰਸਾ ਦੇ ਚੱਲਦਿਆਂ ਕਈ ਵਾਰ ਆਪਣਾ ਘਰ ਬਦਲਣਾ ਪੈਂਦਾ ਹੈ। ਇਹ ਹਾਸ਼ੀਏ ਤੇ ਧੱਕੇ ਜਾ ਰਹੇ ਮੁਸਲਮਾਨ ਭਾਈਚਾਰੇ ਲਈ ਬਹੁਤ ਆਮ ਗੱਲ ਹੋ ਗਈ ਹੈ। ਗੁਜਰਾਤ ਦੰਗੇ(2002) ਹੋਣ, ਨੇਲੀ ਕਤਲੇਆਮ(1983) ਹੋਵੇ ਜਾਂ ਫਿਰ ਤਾਜਾ ਤਰੀਨ ਨਵੀਂ ਦਿੱਲੀ ਦੀਆਂ ਘਟਨਾਵਾਂ, ਮੁਸਲਮਾਨਾਂ ਨੂੰ ਕਈ ਵਾਰ ਅਜਿਹੇ ਹਲਾਤਾਂ ਕਰਕੇ ਆਵਾਸ ਬਦਲਣ ਲਈ ਮਜਬੂਰ ਹੋਣਾ ਪਿਆ ਹੈ।

ਫੈਡਰਲ ਸਰਕਾਰ ਦੁਆਰਾ ਗਠਿਤ ਸਚਾਰ ਨਿਆਂਇਕ ਕਮੇਟੀ ਦੀ 2006 ਦੀ ਰਿਪੋਰਟ ਵਿੱਚ ਵੀ ਇਹ ਤੱਥ ਜ਼ਾਹਿਰ ਕੀਤਾ ਕਿ ਆਪਣੀ ਸੁਰੱਖਿਆ ਦਾ ਫਿਕਰ ਕਰਦੇ ਹੋਏ ਮੁਸਲਮਾਨ ਭਾਈਚਾਰਾ ਲਗਾਤਾਰ ਵੱਧ ਮੁਸਲਿਮ ਵਸੋਂ ਵਾਲੇ ਮੁਹੱਲਿਆਂ, ਕਾਲੋਨੀਆਂ, ਇਲਾਕਿਆਂ ਵਿੱਚ ਤੇਜੀ ਨਾਲ ਪ੍ਰਵਾਸ ਕਰ ਰਿਹਾ ਹੈ।