ਕੋਰੋਨਾ ਸੰਕਟ ਦੀ ਦਹਿਸ਼ਤ ਕਾਰਣ ਭਾਰਤ ਛੱਡ ਰਹੇ ਨੇ  ਅਮੀਰ ਲੋਕ

ਕੋਰੋਨਾ ਸੰਕਟ ਦੀ ਦਹਿਸ਼ਤ ਕਾਰਣ ਭਾਰਤ ਛੱਡ ਰਹੇ ਨੇ  ਅਮੀਰ ਲੋਕ

*ਅਮੀਰ ਪਰਿਵਾਰ ਆਪਣੇ ਨਿੱਜੀ ਜਹਾਜ਼ਾਂ ਰਾਹੀਂ  ਪਹੁੰਚ ਰਹੇ ਨੇ ਸਿੰਗਾਪੁਰ

*ਸਿੰਗਾਪੁਰ ਅਮੀਰਾਂ ਲਈ ਸੁਰੱਖਿਅਤ ਟਿਕਾਣਾ ਬਣਿਆ       

 *ਮੁਕੇਸ਼ ਅੰਬਾਨੀ  ਪਰਿਵਾਰ ਸਮੇਤ ਨਿੱਜੀ ਜਹਾਜ਼ ਰਾਹੀਂ ਮੁੰਬਈ ਤੋਂ ਲੰਡਨ ਪਹੁੰਚਿਆ 

  ਮੀਡੀਆ ਵਿਚ ਅਕਸਰ ਵਿਸ਼ਵ ਦੇ ਅਮੀਰਾਂ ਦੀ ਸੂਚੀ ਪ੍ਰਕਾਸ਼ਿਤ, ਪ੍ਰਸਾਰਿਤ ਹੁੰਦੀ ਰਹਿੰਦੀ ਹੈ ਪਰ ਮੈਂ ਕਦੇ ਧਿਆਨ ਨਹੀਂ ਦਿੱਤਾ।ਫਿਰ ਕੋਰੋਨਾ ਸੰਕਟ ਦੇ ਆਰੰਭਲੇ ਮਹੀਨਿਆਂ ਦੌਰਾਨ ਅਮਰੀਕਾ ਤੋਂ ਖ਼ਬਰਾਂ ਆਈਆਂ ਕਿ ਬਹੁਤ ਸਾਰੇ ਧਨਾਢ ਲੋਕ ਨਿਊਯਾਰਕ ਸ਼ਹਿਰ ਛੱਡ ਕੇ ਬਾਹਰ ਖੁੱਲ੍ਹੀਆਂ ਥਾਵਾਂ 'ਤੇ ਨਵੇਂ ਖੁੱਲ੍ਹੇ ਘਰ ਖ਼ਰੀਦ ਕੇ ਰਹਿਣ ਲੱਗੇ ਹਨ। ਇਸ ਨੂੰ ਵੀ ਮੈਂ ਇਸ ਨਜ਼ਰੀਏ ਨਾਲ ਪੜ੍ਹਿਆ ਕਿ ਆਪੋ-ਆਪਣੇ ਵਿੱਤ ਅਨੁਸਾਰ ਜਾਨ ਬਚਾਉਣ ਲਈ ਹਰ ਕੋਈ ਉਪਰਾਲੇ ਕਰ ਰਿਹਾ ਹੈ।ਕੁਝ ਮਹੀਨੇ ਪਹਿਲਾਂ ਜਦ ਕੋਰੋਨਾ ਨੇ ਮਹਾਰਾਸ਼ਟਰ ਵਿਚ ਆਪਣਾ ਰੰਗ ਵਿਖਾਉਣਾ ਸ਼ੁਰੂ ਕੀਤਾ ਤਾਂ ਵੱਡੀਆਂ-ਵੱਡੀਆਂ ਹਸਤੀਆਂ ਇਸ ਦੀ ਲਪੇਟ ਵਿਚ ਆਉਣ ਲੱਗੀਆਂ। ਸਖ਼ਤ ਤਾਲਾਬੰਦੀ ਲੱਗ ਗਈ। ਜ਼ਿੰਦਗੀ ਰੁਕ ਗਈ। ਲੰਡਨ ਦੀਆਂ ਅਖ਼ਬਾਰਾਂ ਵਿਚ ਖ਼ਬਰ ਛਪੀ 'ਅਮੀਰ ਭਾਰਤੀਆਂ ਦੇ ਨਿੱਜੀ ਜਹਾਜ਼ ਗੈਟਵਿਕ ਏਅਰਪੋਰਟ 'ਤੇ ਉੱਤਰ ਰਹੇ ਹਨ।' ਇਹ ਖ਼ਬਰ ਮੁਕੇਸ਼ ਅੰਬਾਨੀ ਨਾਲ ਸਬੰਧਿਤ ਸੀ। ਉਹ ਪਰਿਵਾਰ ਸਮੇਤ ਨਿੱਜੀ ਜਹਾਜ਼ ਰਾਹੀਂ ਮੁੰਬਈ ਤੋਂ ਲੰਡਨ ਪਹੁੰਚ ਗਿਆ ਸੀ। ਇਹ ਵਰਤਾਰਾ ਵਿਸ਼ਵ ਭਰ ਦੇ ਅਮੀਰ ਤਬਕੇ ਵਿਚ ਵੇਖਿਆ ਜਾ ਰਿਹਾ ਹੈ। ਪ੍ਰੰਤੂ ਤਾਜ਼ਾ ਖ਼ਬਰਾਂ ਸਿੰਗਾਪੁਰ ਤੋਂ ਆ ਰਹੀਆਂ ਹਨ। ਜਿਨ੍ਹਾਂ ਨੂੰ ਪੜ੍ਹ ਕੇ ਤੁਸੀਂ ਹੈਰਾਨ ਪ੍ਰੇਸ਼ਾਨ ਰਹਿ ਜਾਂਦੇ ਹੋ। ਇਕ ਪਾਸੇ ਬਹੁਗਿਣਤੀ ਲੋਕਾਂ ਨੂੰ ਰੋਟੀ-ਰੋਜ਼ੀ ਲਈ, ਇਲਾਜ ਲਈ, ਜੀਵਨ ਨਿਰਬਾਹ ਲਈ ਜੂਝਣਾ ਪੈ ਰਿਹਾ ਹੈ। ਦੂਸਰੇ ਪਾਸੇ ਇਸ ਵਰਗ ਦੇ ਰੰਗ-ਢੰਗ ਨਿਆਰੇ ਹਨ। ਭਾਰਤ, ਚੀਨ, ਅਮਰੀਕਾ, ਮਲੇਸ਼ੀਆ, ਇੰਡੋਨੇਸ਼ੀਆ ਦੇ ਬਹੁਤ ਸਾਰੇ ਅਰਬਪਤੀ ਪਰਿਵਾਰ ਸਿੰਗਾਪੁਰ ਜਾ ਕੇ ਰਹਿਣ ਲੱਗੇ ਹਨ। ਸਿੰਗਾਪੁਰ ਉਨ੍ਹਾਂ ਲਈ ਸੁਰੱਖਿਅਤ ਟਿਕਾਣਾ ਬਣ ਗਿਆ ਹੈ। ਅਜਿਹੇ ਅਨੇਕਾਂ ਪਰਿਵਾਰਾਂ ਨੇ ਆਪਣੇ ਬਜ਼ੁਰਗਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਇਥੇ ਭੇਜ ਦਿੱਤਾ ਹੈ। ਕਈ ਵੱਡੀਆਂ ਕੰਪਨੀਆਂ, ਵੱਡੇ ਅਦਾਰੇ ਆਪਣੇ ਦਫ਼ਤਰ ਉਥੇ ਖੋਲ੍ਹ ਰਹੇ ਹਨ। ਕਾਰੋਬਾਰ ਆਰੰਭ ਕਰ ਰਹੇ ਹਨ। ਅਜਿਹੇ ਲੋਕਾਂ ਨੇ ਜਦ ਉਥੇ ਰਹਿਣਾ ਹੈ ਤਾਂ ਉਨ੍ਹਾਂ ਦੀ ਜੀਵਨਸ਼ੈਲੀ ਉਨ੍ਹਾਂ ਦੀਆਂ ਲੋੜਾਂ ਵੀ ਉਹੋ ਜਿਹੀਆਂ ਹੋਣਗੀਆਂ। ਮਹਿੰਗੀਆਂ ਕਾਰਾਂ ਦੇ ਡੀਲਰ ਇਸ ਗੱਲੋਂ ਹੈਰਾਨ ਹਨ ਕਿ ਕਰੋੜਾਂ ਦੀ ਕੀਮਤ ਵਾਲੀਆਂ ਕਾਰਾਂ ਦੇ ਧੜਾਧੜ ਆਰਡਰ ਕਿਉਂ ਆ ਰਹੇ ਹਨ? ਬੈਂਟਲੇ, ਰਾਲਸ ਰਾਇਲ ਅਤੇ ਮਰਸਡੀਜ਼ ਦੀਆਂ ਬੀਤੇ ਕੁਝ ਮਹੀਨਿਆਂ ਦੌਰਾਨ 1300 ਕਾਰਾਂ ਵਿਕ ਗਈਆਂ ਹਨ। ਇਨ੍ਹਾਂ ਕਾਰ ਡੀਲਰਾਂ ਲਈ ਅਚੰਭੇ ਭਰਿਆ ਵਰਤਾਰਾ ਹੈ। ਉਹ ਕੀਮਤ ਪੁੱਛਦੇ ਹਨ, ਕਦੋਂ ਮਿਲੇਗੀ ਪੁੱਛਦੇ ਹਨ ਤੇ ਆਰਡਰ ਦੇ ਦਿੰਦੇ ਹਨ। ਹੁਣ ਮੀਡੀਆ ਰਾਹੀਂ ਸਾਹਮਣੇ ਆਇਆ ਹੈ ਕਿ ਇਹ ਸਾਰੀਆਂ ਕਾਰਾਂ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਦੌਰਾਨ ਉਪਰੋਕਤ ਮੁਲਕਾਂ ਤੋਂ ਸਿੰਗਾਪੁਰ ਆ ਵਸੇ ਅਮੀਰ ਪਰਿਵਾਰਾਂ ਨੇ ਖ਼ਰੀਦੀਆਂ ਹਨ।

ਬੀਤੇ ਦਿਨੀਂ ਕੌਮੀ ਅਖ਼ਬਾਰਾਂ ਦੁਆਰਾ ਮੁੱਖ ਪੰਨੇ 'ਤੇ ਪ੍ਰਮੁੱਖਤਾ ਨਾਲ ਪ੍ਰਸਾਰਿਤ ਕੀਤੀ ਗਈ ਇਕ ਸਟੋਰੀ ਅਨੁਸਾਰ ਅਜਿਹੇ ਸਾਰੇ ਪਰਿਵਾਰ ਆਪਣੇ ਨਿੱਜੀ ਜਹਾਜ਼ਾਂ ਰਾਹੀਂ ਸਿੰਗਾਪੁਰ ਪਹੁੰਚ ਰਹੇ ਹਨ, ਕਿਉਂਕਿ ਹਵਾਈ ਆਵਾਜਾਈ ਬੰਦ ਹੈ। ਪ੍ਰਾਪਰਟੀ ਦੀਆਂ ਕੀਮਤਾਂ ਵਧ ਗਈਆਂ ਹਨ ਕਿਉਂਕਿ ਅਜਿਹੇ ਲੋਕ ਮੂੰਹ ਮੰਗੇ ਪੈਸੇ ਦੇ ਰਹੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਜਿਸ ਕੋਲ 500 ਕਰੋੜ ਦੀ ਜਾਇਦਾਦ ਹੈ ਅਤੇ ਉਹ ਸਿੰਗਾਪੁਰ ਵਿਚ ਕਾਰੋਬਾਰ ਲਈ 14 ਕਰੋੜ ਰੁਪਏ ਲਗਾਉਂਦਾ ਹੈ ਤਾਂ ਉਸ ਨੂੰ ਤੁਰੰਤ ਨਾਗਰਿਕਤਾ ਮਿਲ ਜਾਂਦੀ ਹੈ। ਮਾਪਿਆਂ ਨੂੰ ਲੰਮੇ ਸਮੇਂ ਦਾ ਪਰਮਿਟ ਮਿਲਦਾ ਹੈ। ਅਜਿਹੀਆਂ ਸਹੂਲਤਾਂ ਦੁਨੀਆ ਦੇ ਅਮੀਰਾਂ ਨੂੰ ਖਿੱਚ ਰਹੀਆਂ ਹਨ।ਸਿੰਗਾਪੁਰ ਅਜਿਹਾ ਦੇਸ਼ ਹੈ ਜਿਥੇ ਕੋਰੋਨਾ ਦੇ ਕੇਸ ਬਹੁਤ ਘੱਟ ਹਨ ਅਤੇ ਆਬਾਦੀ ਦੇ ਵੱਡੇ ਹਿੱਸੇ ਨੂੰ ਵੈਕਸੀਨ ਲੱਗ ਚੁੱਕੀ ਹੈ। ਸਾਫ਼-ਸਫ਼ਾਈ ਅਤੇ ਜਨ-ਸੰਖਿਆ ਘੱਟ ਹੋਣ ਕਾਰਨ ਸਰਕਾਰ ਪੁਖਤਾ ਪ੍ਰਬੰਧ ਕਰਨ ਵਿਚ ਕਾਮਯਾਬ ਰਹੀ ਹੈ।ਮਨੁੱਖ ਦੀਆਂ ਮੁਢਲੀਆਂ ਲੋੜਾਂ ਭੋਜਨ, ਕੱਪੜਾ ਤੇ ਮਕਾਨ ਹਨ। ਦੂਸਰੇ ਨੰਬਰ 'ਤੇ ਸੁਰੱਖਿਆ ਹੈ। ਤੀਸਰੇ 'ਤੇ ਰਿਸ਼ਤੇ ਨਾਤੇ ਹਨ। ਅਮੀਰ ਵਰਗ ਨੂੰ ਧਰਤੀ ਦੇ ਕਿਸੇ ਵੀ ਹਿੱਸੇ 'ਤੇ ਮੁਢਲੀਆਂ ਲੋੜਾਂ ਦੀ ਸਮੱਸਿਆ ਨਹੀਂ। ਕੋਰੋਨਾ ਕਾਰਨ ਉਨ੍ਹਾਂ ਨੂੰ ਜੀਵਨ ਰੱਖਿਆ ਅਤੇ ਰਿਸ਼ਤਿਆਂ ਨਾਤਿਆਂ ਦੀ ਚਿੰਤਾ ਸਤਾ ਰਹੀ ਹੈ। ਨਤੀਜੇ ਵਜੋਂ ਉਹ ਆਪਣੇ ਜਹਾਜ਼ ਲੈ ਕੇ ਪਰਿਵਾਰਾਂ ਸਮੇਤ ਮੁਕਾਬਲਤਨ ਸੁਰੱਖਿਅਤ ਦੇਸ਼ਾਂ ਨੂੰ ਜਾ ਰਹੇ ਹਨ।

ਦੁਨੀਆ ਭਰ ਦੇ ਅਮੀਰਾਂ ਲਈ ਸਿੰਗਾਪੁਰ ਖਰੀਦੋ-ਫਰੋਖ਼ਤ, ਮੈਡੀਕਲ, ਚੈਕਅੱਪ ਅਤੇ ਕੈਸੀਨੋ ਖੇਡਣ ਲਈ ਹਮੇਸ਼ਾ ਆਕਰਸ਼ਨ ਦਾ ਕੇਂਦਰ ਰਿਹਾ ਹੈ। ਹੁਣ ਇਸ ਸੂਚੀ ਵਿਚ ਜੀਵਨ ਸੁਰੱਖਿਆ ਵੀ ਜੁੜ ਗਈ ਹੈ।ਜਿਨ੍ਹਾਂ ਕੋਲ ਨਿੱਜੀ ਜਹਾਜ਼ ਨਹੀਂ ਹਨ ਪਰ ਉਹ ਪਰਿਵਾਰ ਸਮੇਤ ਦੂਸਰੇ ਦੇਸ਼ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਲੋੜ ਅਨੁਸਾਰ ਦਿੱਲੀ ਦੀ ਇਕ ਨਿੱਜੀ ਜੈੱਟ ਫਰਮ ਸੇਵਾਵਾਂ ਮੁਹੱਈਆ ਕਰ ਰਹੀ ਹੈ, ਬਹੁਤ ਸਾਰੇ ਫ਼ਿਲਮੀ ਕਲਾਕਾਰ ਵੀ ਨਿੱਜੀ ਜਹਾਜ਼ਾਂ ਰਾਹੀਂ ਜਾਂ ਉਪਰੋਕਤ ਸੇਵਾਵਾਂ ਲੈ ਕੇ ਸੁਰੱਖਿਅਤ ਜਗ੍ਹਾ ਚਲੇ ਗਏ ਹਨ। ਹਵਾਈ ਸਫ਼ਰ ਦੀਆਂ ਰੋਕਾਂ ਲੱਗਣ ਤੋਂ ਪਹਿਲਾਂ ਵੀ ਕਾਫੀ ਲੋਕ ਲੰਡਨ, ਡੁਬਈ ਅਤੇ ਮਾਲਦੀਵਜ਼ ਆਦਿ ਥਾਵਾਂ 'ਤੇ ਪਹੁੰਚ ਕੇ ਸੁਰੱਖਿਅਤ ਮਹਿਸੂਸ ਕਰ ਰਹੇ ਹਨ।ਭਾਰਤ ਦੇ ਬਹੁਤ ਸਾਰੇ ਅਮੀਰ ਪਰਿਵਾਰ ਦੇਸ਼ ਅੰਦਰ ਹੀ ਵੱਡੇ ਸ਼ਹਿਰਾਂ 'ਚੋਂ ਛੋਟੇ ਸ਼ਹਿਰਾਂ, ਕਸਬਿਆਂ, ਪਿੰਡਾਂ ਜਾਂ ਫਾਰਮ ਹਾਊਸਾਂ ਵਿਚ ਜਾ ਕੇ ਰਹਿਣ ਲੱਗੇ ਹਨ। ਅਜਿਹੇ ਪਰਿਵਾਰਾਂ ਨੇ ਦੇਸ਼ ਦੁਨੀਆ ਵਿਚ ਕਈ ਥਾਵਾਂ 'ਤੇ ਘਰ ਖਰੀਦੇ ਹੁੰਦੇ ਹਨ। ਇਹੀ ਨਹੀਂ ਕਈ ਮੁਲਕਾਂ ਦੀ ਨਾਗਰਿਕਤਾ ਲੈ ਰੱਖੀ ਹੁੰਦੀ ਹੈ। ਜਿਸ ਦਾ ਕਿਸੇ ਵੀ ਸੰਕਟ ਸਮੇਂ ਪ੍ਰਯੋਗ ਕਰਦੇ ਹਨ।ਦੁਨੀਆ ਭਰ ਦੇ ਮੀਡੀਆ ਵਿਚ ਇਨ੍ਹੀਂ ਦਿਨੀਂ ਅਜਿਹੀਆਂ ਖ਼ਬਰਾਂ ਦਿਲਚਸਪੀ ਨਾਲ ਪੜ੍ਹੀਆਂ, ਸੁਣੀਆਂ ਤੇ ਵੇਖੀਆਂ ਜਾ ਰਹੀਆਂ ਹਨ।ਸਿੰਗਾਪੁਰ ਵਿਚ ਨਿੱਜੀ ਜਹਾਜ਼ ਖੜ੍ਹੇ ਕਰਨ ਲਈ 'ਹੈਂਗਰ ਸਪੇਸ' (ਛੱਤ ਵਾਲੀ ਬੰਦ ਜਗ੍ਹਾ) ਦੀ ਮੰਗ ਵਧ ਗਈ ਹੈ। ਆਉਣ ਵਾਲੇ ਦਿਨਾਂ ਦੌਰਾਨ ਹੋਰ ਵਧਣ ਦੀ ਉਮੀਦ ਹੈ।

 

  ਪ੍ਰੋਫੈਸਰ ਕੁਲਬੀਰ ਸਿੰਘ