1984 ਦੇ ਸਾਕਾ ਨੀਲਾ ਤਾਰਾ ਕਾਰਵਾਈ ਦੀ ਬੀਬੀ ਪ੍ਰੀਤਮ ਕੌਰ 

1984 ਦੇ ਸਾਕਾ ਨੀਲਾ ਤਾਰਾ ਕਾਰਵਾਈ ਦੀ ਬੀਬੀ ਪ੍ਰੀਤਮ ਕੌਰ 
Bibi Pritam Kaur

19 ਮਈ 1984 ਨੂੰ ਬੇਟੇ ਮਨਪ੍ਰੀਤ ਸਿੰਘ ਦਾ ਜਨਮ ਹੋਇਆ

    1984 ਦੇ ਸਾਕਾ ਨੀਲਾ ਤਾਰਾ ਕਾਰਵਾਈ ਦੀ ਬੀਬੀ ਪ੍ਰੀਤਮ ਕੌਰ ਅਜਿਹੀ ਗਵਾਹ ਹੈ, ਜਿਸ ਨੇ ਇਸ ਕਾਰਵਾਈ ਸਮੇਂ ਦਰਦਮਈ ਘਟਨਾਵਾਂ ਨੂੰ ਆਪਣੀਆਂ ਅੱਖਾਂ ਨਾਲ ਸਿਰਫ਼ ਵੇਖਿਆ ਹੀ ਨਹੀਂ ਸੀ, ਸਗੋਂ ਹੱਡੀਂ ਵੀ ਹੰਢਾਇਆ ਸੀ। ਉਸ ਨੂੰ ਇਸ ਕਾਰਵਾਈ ਦੌਰਾਨ ਫ਼ੌਜ਼ ਨੇ ਗੰਭੀਰ ਜ਼ਖ਼ਮੀ ਹੋਣ ਸਮੇਂ ਮੋਰਚੇ ਤੋਂ 5 ਜੂਨ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਤੋਂ ਕੁਝ ਘੰਟੇ ਪਹਿਲਾਂ ਉਸ ਦਾ 17 ਦਿਨਾਂ ਦਾ ਬੇਟਾ ਮਨਪ੍ਰੀਤ ਸਿੰਘ, ਜੋ ਦੁੱਧ ਚੁੰਘ ਰਿਹਾ ਸੀ, ਫੌਜ ਦੀ ਗੋਲੀ ਦਾ ਸ਼ਿਕਾਰ ਹੋ ਗਿਆ। ਬੱਚੇ ਨੂੰ ਚੀਰਦੀ ਹੋਈ ਗੋਲੀ ਬੀਬੀ ਦੀ ਛਾਤੀ 'ਚੋਂ ਆਰ-ਪਾਰ ਹੋ ਗਈ। ਇਸ ਦਰਮਿਆਨ ਹੀ ਪਤੀ (ਰਛਪਾਲ ਸਿੰਘ, ਪੀ ਏ, ਸੰਤ ਜਰਨੈਲ ਸਿੰਘ ਭਿੰਡਰਾਂਵਾਲਾ) ਫ਼ੌਜ ਦੀ ਇੱਕ ਹੋਰ ਗੋਲੀ ਉਸ ਦੀ ਪੁੜਪੜੀ 'ਚ ਲੱਗਣ ਕਾਰਨ ਉਹ ਉਥੇ ਹੀ ਢਹਿ ਢੇਰੀ ਹੋ ਗਿਆ ਸੀ।ਅੱਜ ਤੋਂ  37 ਸਾਲ ਪਹਿਲਾਂ ਵਾਪਰੇ ਇਸ ਸਾਕੇ ਨੂੰ ਬੀਬੀ ਪ੍ਰੀਤਮ ਕੌਰ ਹੁਣ ਵੀ ਕੱਲ੍ਹ ਵਾਪਰੀ ਘਟਨਾ ਵਾਂਗ ਬਿਆਨ ਕਰਦੀ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਵੱਡੇ ਭਰਾ ਕੈਪਟਨ ਹਰਚਰਨ ਸਿੰਘ ਅਤੇ ਭੈਣ ਦਲਜੀਤ ਕੌਰ ਜਦੋਂ ਸੰਤਾਂ ਦੀ ਲਾਸ਼ ਪਛਾਨਣ ਗਏ ਸਨ ਤਾਂ ਬੀਬੀ ਪ੍ਰੀਤਮ ਕੌਰ ਵੀ ਉਨ੍ਹਾਂ ਦੇ ਨਾਲ ਸਨ ਪਰ ਸੰਤਾਂ ਦੇ ਜ਼ਿੰਦਾ ਹੋਣ ਵਰਗੇ ਭਰਮ ਪਾਲ ਰਹੇ ਲੋਕਾਂ 'ਤੇ ਉਨ੍ਹਾਂ ਨੂੰ ਸਖ਼ਤ ਗਿਲਾ ਹੈ। ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਫ਼ੌਜੀ ਹਮਲੇ ਦਾ ਹਾਲ ਬਿਆਨਦਿਆਂ ਉਨ੍ਹਾਂ ਦੱਸਿਆ ਕਿ 19 ਮਈ 1984 ਨੂੰ ਬੇਟੇ ਮਨਪ੍ਰੀਤ ਸਿੰਘ ਦਾ ਜਨਮ ਹੋਇਆ ਤਾਂ ਦੋਵੇਂ ਪਰਿਵਾਰਾਂ ਦੇ ਕਰੀਬੀ ਰਿਸ਼ਤੇਦਾਰ ਪਹਿਲੀ ਜੂਨ ਨੂੰ ਬੱਚੇ ਨੂੰ ਦੇਖਣ ਆਏ ਸਨ, ਪਰ ਉਦੋਂ ਸ੍ਰੀ ਦਰਬਾਰ ਸਾਹਿਬ ਅਤੇ ਆਸ ਪਾਸ ਦੀ ਸਥਿਤੀ ਤਣਾਅਪੂਰਨ ਸੀ। ਉਸ ਦੇ ਪਤੀ ਰਛਪਾਲ ਸਿੰਘ ਨੂੰ ਸ਼ਾਇਦ ਇਸ ਅਣਹੋਣੀ ਦਾ ਪਹਿਲਾਂ ਹੀ ਤੌਖਲਾ ਹੋਣ 'ਤੇ ਰਿਸ਼ਤੇਦਾਰਾਂ ਨੂੰ ਪਹਿਲਾਂ ਹੀ ਵਾਪਸ ਭੇਜ ਦਿੱਤਾ ਸੀ। ਅਗਲੇ ਦਿਨ ਹੀ ਸੁਰੱਖਿਆ ਦਸਤਿਆਂ ਨੇ ਘੇਰਾ ਹੋਰ ਤੰਗ ਕਰ ਦਿੱਤਾ।

ਬੀਬੀ ਅਨੁਸਾਰ 4 ਜੂਨ ਨੂੰ 4.30 ਵਜੇ ਫ਼ੌਜ ਵੱਲੋਂ ਗੋਲੀਬਾਰੀ ਸ਼ੁਰੂ ਕਰਨ 'ਤੇ ਉਸਦੇ ਪਤੀ ਰਛਪਾਲ ਸਿੰਘ ਥਮਲਿਆਂ ਕੋਲੋਂ ਦੀ ਬਚਦੇ ਹੋਏ ਸੰਤਾਂ ਕੋਲ ਗਏ ਅਤੇ ਅਗਲੇਰੀ ਰਣਨੀਤੀ ਪੁੱਛੀ। ਉਸ ਨੇ ਦੱਸਿਆ ਕਿ ਕਮਰੇ ਤੋਂ ਉਤਰਦਿਆਂ ਹੀ ਸਿੰਘਾਂ ਨੇ ਮੋਰਚਾ ਸੰਭਾਲਿਆ ਸੀ। ਜਦੋਂ ਕਿ ਛੱਤ 'ਤੇ ਹਜ਼ੂਰ ਸਾਹਿਬ ਵਾਲੇ ਸਿੰਘ ਅਤੇ ਸੱਜੇ ਪਾਸੇ ਸਿੱਖ ਰੈਫ਼ਰੈਂਸ ਲਾਇਬਰੇਰੀ ਵੱਲ ਅਕਾਲ ਫ਼ੈਡਰੇਸ਼ਨ ਦੇ ਸਿੰਘਾਂ ਨੇ ਮੋਰਚਿਆਂ 'ਚ ਪੁਜ਼ੀਸ਼ਨਾਂ ਲੈ ਰੱਖੀਆਂ ਸਨ। ਬੀਬੀ ਪ੍ਰੀਤਮ ਕੌਰ ਨੇ ਦੱਸਿਆ ਕਿ ਇਸੇ ਦਿਨ ਸਾਢੇ ਬਾਰ੍ਹਾਂ ਵਜੇ ਦੇ ਕਰੀਬ ਫ਼ੌਜ ਨੇ ਤੋਪ ਦੇ ਗੋਲਿਆਂ ਨਾਲ ਪਾਣੀ ਦੀ ਟੈਂਕੀ 'ਚ ਮਘੋਰੇ ਕਰ ਦਿੱਤੇ ਅਤੇ ਪਾਣੀ ਦੀ ਸਪਲਾਈ ਕੱਟ ਦਿੱਤੀ। ਉਸ ਦੇ ਪਤੀ ਨੇ ਉਹ ਨੂੰ ਬੱਚੇ ਸਮੇਤ ਹੇਠਾਂ ਇੱਕ ਕਮਰੇ 'ਚ ਭੇਜ ਦਿੱਤਾ, ਜਿੱਥੇ ਗੋਲੀ ਸਿੱਕਾ ਰੱਖਿਆ ਹੋਇਆ ਸੀ ਅਤੇ ਛੋਲਿਆਂ ਅਤੇ ਗੁੜ ਦੀਆਂ ਬੋਰੀਆਂ ਵੀ ਰੱਖੀਆਂ ਸਨ। ਕਮਰੇ ਦੇ ਰੌਸ਼ਨਦਾਨ ਦੀ ਜਾਲੀ ਫਾੜ ਕੇ ਉਸ ਦੇ ਪਤੀ ਨੇ ਐਲ ਐਮ ਜੀ (ਲਾਈਟ ਮਸ਼ੀਨ ਗੰਨ) ਫਿੱਟ ਕਰ ਰੱਖੀ ਸੀ ਜਦੋਂ ਕਿ ਸੰਤਾਂ ਨੇ ਉਸ ਨੂੰ ਤਿੰਨ ਮੋਰਚਿਆਂ ਤੱਕ ਸਾਜੋ ਸਾਮਾਨ ਸਮੇਤ ਗੋਲੀ ਸਿੱਕਾ ਪੁੱਜਦਾ ਕਰਨ ਦੀ ਡਿਊਟੀ ਵੀ ਲਗਾਈ ਸੀ। ਫ਼ੌਜ ਨੇ ਸ਼੍ਰੀ ਦਰਬਾਰ ਸਾਹਿਬ ਦੀ ਬਿਜਲੀ, ਪਾਣੀ ਅਤੇ ਟੈਲੀਫੋਨ ਵਰਗੀਆਂ ਸੇਵਾਵਾਂ ਨੂੰ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ 5 ਜੂਨ ਨੂੰ ਬਾਬਾ ਦੀਪ ਸਿੰਘ ਪਰਿਕਰਮਾ ਕੋਲੋਂ ਦੀ ਟੈਂਕ ਦਾਖ਼ਲ ਹੋਇਆ, ਪਰ ਪਰਿਕਰਮਾ ਤੋਂ ਅੱਗੇ ਨਾ ਜਾ ਸਕਿਆ। ਪਤੀ ਨਾਲ ਆਖ਼ਰੀ ਪਲ਼ਾਂ ਸਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ 5 ਜੂਨ ਦੀ ਰਾਤ ਨੂੰ12.15 ਵਜੇ ਦੇ ਕਰੀਬ ਰਛਪਾਲ ਸਿੰਘ ਕੀਰਤਨ ਸੋਹਿਲਾ ਪੜ੍ਹ ਰਹੇ ਸਨ ਅਤੇ ਉਹ ਬੱਚੇ ਨੂੰ ਦੁੱਧ ਚੁੰਘਾ ਰਹੀ ਸੀ ਜਦੋਂ ਕਿ ਬਾਹਰ ਗੋਲੀਆਂ ਦਾ ਮੀਂਹ ਵਰ੍ਹ ਰਿਹਾ ਸੀ। ਟੈਂਕਾਂ ਦੇ ਤਾਬੜਤੋੜ ਗੋਲਿਆਂ ਨੇ ਕਾਲੀ ਬੋਲੀ ਰਾਤ ਨੂੰ ਚਾਨਣ ਵਿੱਚ ਬਦਲ ਦਿੱਤਾ ਸੀ। ਇਸ ਦੌਰਾਨ ਫ਼ੌਜ ਦੀ ਇੱਕ ਗੋਲੀ ਉਸ ਦੇ ਸਰੀਰ 'ਚ ਲੰਘਦੀ ਹੋਈ ਉਸ ਦੀ ਛਾਤੀ ਨੂੰ ਚੀਰ ਗਈ।

ਇਸ ਮਗਰੋਂ ਮਨਪ੍ਰੀਤ ਦੀ ਮੌਤ ਹੋ ਗਈ ਅਤੇ ਸੇਵਾਦਾਰ ਕੁਲਵੰਤ ਸਿੰਘ ਨੇ ਬੱਚੇ ਦੀ ਲਾਸ਼ ਚੁੱਕ ਕੇ ਛੋਲਿਆਂ ਦੀ ਬੋਰੀ 'ਤੇ ਰੱਖ ਦਿੱਤੀ। ਇਸ ਮਗਰੋਂ ਫੌਜ ਨੇ ਬੀਬੀ ਪ੍ਰੀਤਮ ਕੌਰ ਨੂੰ ਗ੍ਰਿਫਤਾਰ ਕਰ ਲਿਆ। ਬੀਬੀ ਨੇ ਦੱਸਿਆ ਕਿ ਫ਼ੌਜ ਬਹੁਤ ਹੀ ਜ਼ਾਲਮਾਨਾ ਢੰਗ ਨਾਲ ਵਿਹਾਰ ਕਰ ਰਹੀ ਸੀ। ਇਸ ਮਗਰੋਂ 6 ਜੂਨ ਚੜ੍ਹਾ ਚੁੱਕੀ ਸੀ । ਸਿੰਘਾਂ ਕੋਲ ਟੈਂਕਾਂ ਦੇ ਮੁਕਾਬਲੇ ਲਈ ਹਥਿਆਰ ਨਹੀਂ ਸਨ, ਬਾਵਜੂਦ ਮੁਕਾਬਲਾ ਗਹਿਗਚ ਚੱਲ ਰਿਹਾ ਸੀ।