ਤਵਾਰੀਖ਼ ਦੇ ਪੰਨਿਆਂ 'ਤੇ ਜੂਨ 1984  (ਭਾਗ 2)

ਤਵਾਰੀਖ਼ ਦੇ ਪੰਨਿਆਂ 'ਤੇ ਜੂਨ 1984  (ਭਾਗ 2)

*ਸਰਕਾਰ ਦਾ ਅਕਾਲ ਤਖ਼ਤ ਤੇ ਵਜਿਆ ਪਹਿਲਾ ਗੋਲਾ ਖਾਲਿਸਤਾਨ ਦੀ ਨੀਂਹ ਰੱਖੇਗਾ

ਪਹਿਲੇ ਲੇਖ ਵਿਚ ਅਸੀਂ ਤੀਜੇ ਘੱਲੂਘਾਰੇ ਦੇ ਕਾਰਨ ਜਾਨਣ ਦੀ ਕੋਸ਼ਿਸ਼ ਕੀਤੀ ਸੀ। ਇਸ ਭਾਗ ਦੇ ਵਿਚ ਤੀਜੇ ਘੱਲੂਘਾਰੇ ਦੇ ਪਿਛੋਕੜ ਦੇ ਬਣੇ ਹਾਲਾਤਾਂ ਦੀ ਬਾਤ ਪਾਵਾਂਗੇ | ਅੰਗਰੇਜ ਸਰਕਾਰ ਨੇ ਬਹੁਤ ਵੱਡੇ ਵੱਡੇ ਸਿਧਾਂਤਕ ਹਮਲਿਆਂ ਨਾਲ ਸਿੱਖ ਕੌਮ ਨੂੰ ਜੜ੍ਹ ਤੋਂ ਕਮਜ਼ੋਰ ਕੀਤਾ, ਪਰ ਸਿੱਧੀ ਲੜਾਈ ਨਹੀਂ ਕੀਤੀ (ਇਸ ਨੁਕਤੇ ਤੇ ਵੱਡੀ ਚਰਚਾ ਲੋੜੀਂਦੀ ਹੈ ) ਬਲਕਿ ਸਿੱਖ ਗੁਰਧਾਮਾਂ ਨੂੰ 1920 ਵਿਚ ਹੀ ਅਜ਼ਾਦ ਕਰ ਦਿੱਤਾ ਗਿਆ | 1947 ਮਗਰੋਂ ਹਿੰਦ ਦੇ ਨਵੇਂ ਮਾਲਕਾਂ ਨੂੰ ਸਿੱਖਾਂ ਤੋਂ ਦੋ ਵੱਡੀਆਂ ਚਣੌਤੀਆਂ ਸਨ ,ਪਹਿਲੀ, ਗੁਰਬਾਣੀ ਵਲੋਂ ਬਿਪਰਵਾਦ ਦਾ ਖਾਤਮਾਂ ,ਇਹ ਪੰਜ ਸਦੀਆਂ ਪੁਰਾਣਾ ਸਿਧਾਂਤਕ ਵੈਰ ਸੀ ਪਰ ਸਦੀਆਂ ਤੋਂ ਗੁਲਾਮ ਹੋਣ ਕਾਰਨ ਬਿਪਰ ਦਾ ਕੋਈ ਵੱਸ ਨਹੀਂ ਚੱਲਿਆ ਸਿੱਖੀ ਨੂੰ ਮੁਕਾਉਣ ਲਈ | ਦੂਜੀ, ਚਣੌਤੀ ਸੀ ਸਿੱਖ ਮਾਨਸਿਕਤਾ ਵਿਚ ਖਾਲਸਾ ਰਾਜ ਦਾ ਸੰਕਲਪ | ਦੋਵਾਂ ਚਣੌਤੀਆਂ ਨਾਲ ਨਜਿੱਠਣ ਲਈ ਅਜ਼ਾਦ ਭਾਰਤ ਦੇ ਬ੍ਰਾਹਮਣਵਾਦੀ ਮਾਲਕਾਂ ਨੇ 1947 ਤੋਂ ਵੀ ਪਹਿਲਾਂ ਤੋਂ ਤਿਆਰੀ ਸ਼ੁਰੂ ਕਰ ਦਿੱਤੀ ਸੀ, ਜਦ ਸਿੱਖ ਲੀਡਰਾਂ ਨੇ ਨਹਿਰੂ ਗਾਂਧੀ ਦੇ ਲਾਰਿਆਂ ਵਿਚ ਆ ਕੇ ਭਾਰਤ ਨਾਲ ਕੌਮ ਦੀ ਤਕਦੀਰ ਗੰਢਣ ਦਾ ਫੈਸਲਾ ਕੀਤਾ ਤਾਂ ਮੁਹੰਮਦ ਅਲੀ ਜ਼ਿਨਾਹ ਨੇ ਕਿਹਾ ਸੀ ਸਿੱਖੋ ! ਤੁਸੀਂ ਇਹਨਾਂ ਨੂੰ ਸਦੀਆਂ ਤੋਂ ਗੁਲਾਮ ਵੇਖਿਆ ਹੈ ਅਜ਼ਾਦ ਕੁਰਸੀ ਤੇ ਬੈਠੇ ਇਹ ਬਹੁਤ ਖ਼ਤਰਨਾਕ ਹੋਣਗੇ ,ਓਹੀ ਗੱਲ ਵਾਪਰੀ ,ਅਜ਼ਾਦੀ ਦੇ ਜਸ਼ਨ ਮੁੱਕੇ ਵੀ ਨਹੀਂ ਸਨ ਕਿ ਸਰਕਾਰ ਨੇ ਸਿੱਖਾਂ ਨੂੰ ਜਰਾਇਮ ਪੇਸ਼ਾ ਘੋਸ਼ਿਤ ਕਰ ਦਿੱਤਾ ,ਅਜਾਦੀ ਦੀ ਜੰਗ ਵਿਚ ਸਭ ਤੋਂ ਵੱਧ ਨੁਕਸਾਨ ਕਰਵਾਉਣ ਵਾਲੀ ਕੌਮ ਨੂੰ ਆਪਣੀ ਪੰਜਾਬ ਸਟੇਟ ਬਣਾਉਣ ਲਈ ਮੋਰਚਾ ਲਾਉਣਾ ਪਿਆ। ਦਿੱਲੀ ਨੇ ਪੰਜਾਬ ਦੇ ਹੋਰ ਟੋਟੇ ਕਰ ਕੇ ਨਿੱਕੀ ਜਹੀ ਸਟੇਟ ਪੰਜਾਬ ਬਣਾ ਦਿੱਤੀ ਪਰ ਨਾਲ  ਹੀ ਲਗਾਤਾਰ ਪੰਜਾਬ ਉਜਾੜਨ ਅਤੇ  ਸਿੱਖ ਕੌਮ ਦੇ ਸਰਵਨਾਸ਼ ਦੀਆਂ ਸਾਜਿਸ਼ਾਂ ਆਰੰਭ ਕਰ ਦਿੱਤੀਆਂ ਜਿਸ ਦੇ ਤਹਿਤ ਹੀ ਸਾਜਸ਼ੀ ਢੰਗ ਨਾਲ 1978 ਦੀ ਵਿਸਾਖੀ ਮੌਕੇ ਦਿੱਲੀ ਦੇ ਇਕ ਨਕਲੀ ਨਿਰੰਕਾਰੀ ਬਾਬੇ ਗੁਰਬਚਨੇ ਨੇ  ਅੰਮ੍ਰਿਤਸਰ ਸਾਹਿਬ ਦੀ  ਪਵਿੱਤਰ ਨਗਰੀ ਵਿਚ ਸਿੱਖ ਕੌਮ ਨੂੰ ਉਕਸਾਉਣ ਲਈ ਗੁਰੂ ਸਾਹਿਬਾਨ ਦੇ ਨਿਰਾਦਰ ਦੀ ਕਾਰਵਾਈ ਕੀਤੀ ,ਇਸ ਮਾੜੀ ਕਰਤੂਤ ਤੇ ਜਦ ਅਖੰਡ ਕੀਰਤਨੀ ਜੱਥੇ ਅਤੇ ਦਮਦਮੀ ਟਕਸਾਲ ਦੇ ਸਿੰਘ ਉਸ ਨਾਲ ਵਿਚਾਰ ਕਰਨ ਲਈ ਗਏ ਤਾਂ ਉਸ ਦੇ ਗੁੰਡਿਆਂ ਨੇ 13 ਸਿੰਘ ਸ਼ਹੀਦ ਕਰ ਦਿੱਤੇ , ਸਰਕਾਰ ਨੇ 13 ਸਿੰਘਾਂ ਦੀ ਸ਼ਹੀਦੀ ਤੇ ਇਨਸਾਫ ਦੇਣ ਦੀ ਬਜਾਏ ਗੁਰਬਚਨੇ ਪਾਪੀ ਦਾ ਸਾਥ ਦਿੱਤਾ , ਸਿੱਖ ਕੌਮ ਨੇ  ਇਸ ਬੇਇਨਸਾਫੀ ਨੂੰ ਨਾ ਸਹਾਰਦਿਆਂ ਹੋਇਆਂ ਸੰਘਰਸ਼ ਦਾ ਬਿਗਲ ਵਜਾ ਦਿੱਤਾ ,ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਅਖੰਡ ਕੀਰਤਨੀ ਜੱਥੇ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਮਿਲਕੇ ਇਨਸਾਫ ਦੀ ਮੰਗ ਕੀਤੀ | ਅਕਾਲੀਆਂ ਦੇ ਲੀਡਰ ਅੰਦਰੋਂ ਸਾਫ ਨੀਤ ਨਾਲ ਸੰਘਰਸ਼ ਦਾ ਹਿੱਸਾ ਨਹੀਂ ਸਨ ਪਰ ਪੰਥ ਦੀਆਂ ਵੋਟਾਂ ਖਾਤਰ ਅਤੇ ਸੰਤ ਜਰਨੈਲ ਸਿੰਘ ਦੇ ਡਰ ਤੋਂ ਪੰਜਾਬ ਦੀਆਂ ਹੱਕੀ ਮੰਗਾਂ ਲਈ ਧਰਮ ਯੁੱਧ ਮੋਰਚਾ ਲਾਉਣ ਲਈ ਰਾਜੀ ਹੋ ਗਏ 1981 ਵਿਚ ਧਰਮ ਯੁੱਧ ਮੋਰਚਾ ਆਰੰਭ ਹੋਇਆ ਅਕਾਲੀ ਪ੍ਰਧਾਨ ਹਰਚਰਨ ਸਿੰਘ ਲੰਗੋਵਾਲ ਮੋਰਚੇ ਦਾ ਡਿਕਟੇਟਰ ਲਾਇਆ ਗਿਆ | ਪੰਜਾਬ ਦੀਆਂ ਹੱਕੀ ਮੰਗਾਂ ਖਾਤਰ ਲੱਗੇ ਮੋਰਚੇ ਦੀਆਂ ਮੰਗਾਂ ਪ੍ਰਵਾਨ ਕਰਨ ਦੀ ਥਾਂ ਸਰਕਾਰ ਤੇ ਉਸ ਦੀ ਪਾਲਤੂ ਮਸ਼ੀਨਰੀ ਨੇ ਸਿੱਖਾਂ ਨੂੰ ਵੱਖਵਾਦੀ ਗਰਦਾਨ ਕੇ ਬਦਨਾਮ ਕੀਤਾ ,ਜਗਬਾਣੀ ਅਖਬਾਰ ਵਿਚ ਗੁਰੂ ਸਾਹਿਬ ਦੀ ਬੇਅਦਬੀ ਭਰੇ ਬਿਆਨ ਆਉਣ ਲੱਗ ਪਏ ,ਗੁਰੂ ਦੀ ਬੇਅਦਬੀ ਨਾ ਸਹਾਰਦਿਆਂ ਸਿੰਘਾਂ ਨੇ ਜਗਬਾਣੀ ਦੇ ਮਾਲਕ ਲਾਲਾ ਜਗਤ ਨਰੈਣ ਦਾ ਕਤਲ ਕਰ ਦਿੱਤਾ ,ਸਰਕਾਰ ਨੇ ਲਾਲੇ ਦੇ ਕਤਲ ਦੇ ਦੋਸ਼ ਵਿਚ ਸੰਤ ਜਰਨੈਲ ਸਿੰਘ ਦੇ ਵਾਰੰਟ ਕੱਢ ਦਿੱਤੇ ,ਸੰਤ ਜੀ ਨੂੰ ਫੜਨ ਲਈ ਪੁਲਿਸ ਚੰਦੋਕਲਾ ਗਈ ,ਸੰਤ ਜੀ ਤਾਂ ਨਹੀਂ ਮਿਲੇ ਪਰ ਪੁਲਿਸ ਨੇ ਜੱਥੇ ਦੀਆਂ ਦੋ ਬੱਸਾਂ ਸਾੜ ਦਿੱਤੀਆਂ ਜਿਨ੍ਹਾਂ ਵਿਚ ਗੁਰਬਾਣੀ ਦੀਆਂ ਪੋਥੀਆਂ ਅਤੇ ਗੁਟਕਾ ਸਾਹਿਬ ਸਨ ,ਇਸ ਹੌਲਨਾਕ ਘਟਨਾ ਨੇ ਬਾਬਾ ਜਰਨੈਲ ਸਿੰਘ ਸਮੇਤ ਸਮੁੱਚੀ ਕੌਮ ਨੂੰ ਝਿੰਜੋੜ੍ਹ ਕੇ ਰੱਖ ਦਿੱਤਾ , ਹਫ਼ਤੇ ਮਗਰੋਂ ਸੰਤ ਜੀ ਨੂੰ ਟਕਸਾਲ ਦੇ ਹੈਡ ਕੁਆਟਰ ਮਹਿਤਾ ਚੌਂਕ ਤੋਂ ਗ੍ਰਿਫਤਾਰ ਕੀਤਾ ਗਿਆ ,ਇਸ ਮੌਕੇ ਵੀ ਪੁਲਿਸ ਦੀ ਗੋਲੀ ਨਾਲ ਸਿੰਘ ਸ਼ਹੀਦ ਹੋਏ | 25 ਦਿਨਾਂ ਮਗਰੋਂ ਬਿਨਾ ਸ਼ਰਤ ਸੰਤ ਜੀ ਨੂੰ ਰਿਹਾਅ ਕੀਤਾ ਗਿਆ ,ਸਰਕਾਰ ਦੀਆਂ ਐਸੀਆਂ ਕਾਰਵਾਈਆਂ ਤੋਂ ਸਿੱਖਾਂ ਅਤੇ ਸਰਕਾਰ ਦਾ ਵਿਰੋਧਾਭਾਸ ਨਿਰੰਤਰ ਵੱਧ ਰਿਹਾ ਸੀ | ਪੰਜਾਬ ਦੀਆਂ ਹੱਕੀ ਮੰਗਾਂ ਵਿਚ ਪੰਜਾਬ ਦੇ ਦਰਿਆਈ ਪਾਣੀਆਂ ਦੇ ਇਵਜਾਨੇ ਦੀ ਮੰਗ ਵੀ ਸੀ ਪਰ ਸਿੱਖਾਂ ਦੇ ਰੋਹ ਨੂੰ ਹੋਰ ਲਾਂਬੂ ਲਾਉਣ ਲਈ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜਾਣਬੁਝ ਕੇ ਕਪੂਰੀ ਵਿਖੇ ਸਤਲੁੱਜ ਯਮਨਾ ਲਿੰਕ ਨਹਿਰ ਦਾ ਨੀਂਹ ਪੱਥਰ ਰੱਖਿਆ , ਸਰਕਾਰੀ ਸਾਜਿਸ਼ਾਂ ਨਾਲ ਮਸਲਾ ਦਿਨੋ ਦਿਨ ਵਿਗੜਦਾ ਜਾ ਰਿਹਾ ਸੀ | ਇਕ ਪਾਸੇ ਸਰਕਾਰ ਗੱਲਬਾਤ ਦਾ ਰਾਹ ਖੋਲ ਰਹੀ ਸੀ ਦੂਜੇ ਪਾਸੇ ਸਰਕਾਰੀ ਸਾਜਿਸ਼ਾਂ ਤਹਿਤ ਪਿੰਡਾਂ ਵਿਚ ਸਿੱਖ ਨੌਜਵਾਨਾਂ ਤੇ ਪੁਲਿਸ ਵਲੋਂ ਭਾਰੀ ਤਸ਼ੱਦਦ ਕਰ ਕੇ ਮਰਿਆ ਜਾ ਰਿਹਾ ਸੀ , ਭਾਈ ਅਮਰੀਕ ਸਿੰਘ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਝੂਠੇ ਕੇਸ ਵਿਚ ਗ੍ਰਿਫਤਾਰ ਕੀਤਾ ,ਤਰਨ ਤਾਰਨ ਵਿਖੇ ਅਕਾਲੀ ਮੋਰਚੇ ਤੇ ਜਾ ਰਹੀ ਬੱਸ ਅਤੇ ਰੇਲ ਦੀ ਟੱਕਰ ਵਿਚ 34 ਸਿੰਘ ਸ਼ਹੀਦ ਹੋ ਗਏ ,ਅਕਾਲੀ ਦਲ ਦੇ ਰਸਤਾ ਰੋਕੋ ਪ੍ਰੋਗਰਾਮ ਸਮੇਂ ਸ਼ਾਂਤਮਈ ਧਰਨਾ ਦੇ ਰਹੇ 26 ਸਿੰਘਾਂ ਨੂੰ ਪੁਲਿਸ ਨੇ ਸ਼ਹੀਦ ਕੀਤਾ , ਮੋਰਚੇ ਦੀ ਬਦਨਾਮੀ ਲਈ ਸਰਕਾਰ ਇਥੋਂ ਤੱਕ ਗਿਰ ਗਈ ਕਿ ਬੱਸਾਂ ਵਿਚੋਂ ਹਿੰਦੂ ਕੱਢ ਕੇ ਮਾਰੇ ਜਾਣ ਲੱਗੇ , ਇਸ ਤਰਾਂ ਰੋਜਾਨਾ ਦੀਆਂ ਖੂਨੀ ਘਟਨਾਵਾਂ ਨੇ ਹੋਲੀ ਹੋਲੀ ਪੰਜਾਬ ਦੇ ਮਾਹੌਲ ਨੂੰ ਅੱਗ ਵਿਚ ਝੋਕ ਦਿੱਤਾ | ਹਿੰਦੂ ਸਿੱਖਾਂ ਦੇ ਕਤਲਾਂ ਦਾ ਸਿਲਸਿਲਾ ਲਗਾਤਾਰ ਵੱਧਣ ਲੱਗਾ | ਅੰਮ੍ਰਿਤਸਰ ਵਿਚ ਹਿੰਦੂ ਸੁਰਕਸ਼ਾ ਸਮਿਤੀ ਨੇ  ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਦਰਬਾਰ ਸਾਹਿਬ ਦੇ ਮਾਡਲ ਦੀ ਭਨ ਤੋੜ ਕੀਤੀ , ਰੋਹ ਵਿਚ ਆਏ ਸਿੰਘਾਂ ਵਲੋਂ ਹਰਬੰਸ ਲਾਲ ਖੰਨੇ ਦੀ ਹੱਤਿਆ ਕਰ ਦਿੱਤੀ , ਖੰਨੇ ਦੀ ਅੰਤਿਮ ਯਾਤਰਾ ਮੌਕੇ ਭੀੜ ਨੇ ਸਿੰਘਾਂ ਤੇ ਹਮਲਾ ਕੀਤਾ ਤੇ 8 ਸਿੰਘ ਸ਼ਹੀਦ ਕੀਤੇ, ਜਗਬਾਣੀ ਦੇ ਦੂਜੇ ਮਾਲਿਕ ਰਮੇਸ਼ ਦੀ ਹੱਤਿਆ ਕੀਤੀ ਗਈ , ਜੂਨ 1984 ਤੱਕ ਉਹ ਪੂਰਾ ਮਾਹੌਲ ਤਿਆਰ ਹੋ ਗਿਆ ਸੀ ਜਿਸ ਦਾ ਹਿੰਦ ਹਕੂਮਤ ਤੇ ਉਸ ਦੀ ਮਾਲਕ ਇੰਦਰਾ ਗਾਂਧੀ ਨੂੰ ਇੰਤਜਾਰ ਸੀ , ਹਿੰਦੂਆਂ ਨੂੰ ਬੁਰੀ ਤਰਾਂ ਡਰਾ ਲਿਆ ਗਿਆ ,ਸਿੱਖਾਂ ਨੂੰ ਅੱਤਵਾਦੀ ਗਰਦਾਨ ਕੇ ਬੁਰੀ ਤਰਾਂ ਜ਼ੁਲਮੀ ਸਿੱਧਾ ਕਰ ਦਿੱਤਾ ਗਿਆ ਤੇ ਅੰਤ ਉਹ ਸਮਾਂ ਆਗਿਆ ਜਦ ਇੰਦਰਾ ਗਾਂਧੀ ਸਿੱਖਾਂ ਨੂੰ ਬੁਰੀ ਤਰਾਂ ਰਗੜ ਕੇ ਹਿੰਦੂ ਬਹੁਗਿਣਤੀ ਨੂੰ ਖੁਸ਼ ਕਰਨਾ ਚਾਹੁੰਦੀ ਸੀ |

ਸੰਤ ਜਰਨੈਲ ਸਿੰਘ ਮੰਜੀ ਸਾਹਿਬ ਤੋਂ ਲਗਾਤਾਰ ਰੋਜਾਨਾਂ ਦੇ ਦੀਵਾਨ ਵਿਚ ਸਰਕਾਰੀ ਸਾਜਿਸ਼ਾਂ ,ਸਰਕਾਰੀ ਬਦਨੀਤੀਆਂ, ਭਾਰਤ ਵਿਚ ਸਿੱਖਾਂ ਦੀ ਗੁਲਾਮੀ ਦੀ ਦਾਸਤਾਨ ਸੁਣਾਉਂਦੇ ਤੇ ਕੌਮ ਨੂੰ ਜਗਾਉਂਦੇ ਸਨ ,ਸੰਤ ਜੀ ਨੇ ਦਲੀਲਾਂ ਅਤੇ  ਤੱਥਾਂ ਦੇ ਅਧਾਰ ਤੇ ਸਰਕਾਰ ਨੂੰ ਨਿਰਉੱਤਰ ਕੀਤਾ ਸੀ ਪਰ ਹਕੂਮਤ ਦਲੀਲਾਂ ਦੀ ਜੁਆਬਦੇਹੀ ਕਰਨ ਦੀ  ਬਜਾਏ ਕਈ ਮਹੀਨਿਆਂ ਤੋਂ ਚਕਾਰਤਾ ਵਿਚ ਦਰਬਾਰ ਸਾਹਿਬ ਸਮੂਹ ਦਾ ਨਕਲੀ ਮਾਡਲ ਬਣਾ ਕੇ ਸਿੱਖ ਕੌਮ ਦੇ ਖਾਤਮੇ ਦੀਆਂ ਜੰਗੀ ਮਸ਼ਕਾਂ ਕਰ ਰਹੀ ਸੀ | ਅੰਤ ਇਕ ਜੂਨ ਨੂੰ ਹਿੰਦ ਦੀ ਰਾਣੀ ਆਪਣੀ ਆਖਰੀ ਜੰਗ ਦਾ ਬਿਗਲ ਵਜਾਉਂਦਿਆਂ ਦਰਬਾਰ ਸਾਹਿਬ ਤੇ ਗੋਲੀਆਂ ਦਾ ਮੀਂਹ ਵਰਸਾਉਂਦੀ ਹੈ ਜਿਸ ਵਿਚ ਕੌਮੀ ਸ਼ੇਰ ਸ਼ਹੀਦ ਮਹਿੰਗਾ ਸਿੰਘ ਬੱਬਰ ਸਮੇਤ 11  ਸਿੰਘ ਸ਼ਹੀਦ ਹੋਏ ਸਨ | ਰਾਤ 9 ਵਜੇ 32 ਘੰਟਿਆਂ ਦਾ ਕਰਫਿਊ ਲਾ ਦਿੱਤਾ ਗਿਆ , ਸੰਤ ਜਰਨੈਲ ਸਿੰਘ ਵੀ ਕੌਮੀ ਹੋਂਦ ਦੀ ਇਸ ਜੰਗ ਅਤੇ ਹਿੰਦ ਦੀ ਰਾਣੀ ਦੇ ਕੋਝੇ ਮਨਸੂਬੇ ਬਹੁਤ ਨੇੜੇ ਤੋਂ ਮਹਿਸੂਸ ਕਰ ਚੁੱਕੇ ਸਨ ,ਇਸੇ ਲਈ ਟਿਕਾਣਾ ਅਕਾਲ ਤਖ਼ਤ ਸਾਹਿਬ ਤੇ ਕਰ ਲਿਆ ਗਿਆ |  2 ਜੂਨ ਨੂੰ ਸਵੇਰ ਤੋਂ ਹੀ  ਸੰਤ ਲੰਗੋਵਾਲ, ਜਥੇਦਾਰ ਟੋਹੜਾ ,ਅਕਾਲ ਤਖ਼ਤ ਦੇ ਜਥੇਦਾਰ ਅਤੇ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਵਲੋਂ ਪੱਤਰਕਾਰ ਬੁਲਾ ਕੇ  ਇਕ ਜੂਨ ਦੀ ਗੋਲਾਬਾਰੀ ਖਿਲਾਫ ਸਖ਼ਤ ਬਿਆਨ ਦਿੱਤੇ ਗਏ ,ਸੰਤ ਜਰਨੈਲ ਸਿੰਘ ਅਕਾਲ ਤਖ਼ਤ ਸਾਹਿਬ ਤੇ ਬੈਠੇ ਭਵਿੱਖ ਦੇ ਹਾਲਾਤਾਂ ਨਾਲ ਜੂਝਣ ਲਈ ਬਿਲਕੁਲ ਤਿਆਰ ਬਰ ਤਿਆਰ ਸਨ ,ਉਹਨਾਂ ਨੂੰ ਜਾਂਬਾਜ ਜੁਝਾਰੂ ਕਮਾਂਡਰ ਜਰਨਲ ਸੁਬੇਗ ਸਿੰਘ ਦੀ ਨੀਤੀ ਅਤੇ ਕੌਮੀ ਜੰਗਜੂਆਂ ਉਤੇ ਖੁਦ ਤੋਂ ਵੀ ਵੱਧ ਭਰੋਸਾ ਸੀ ਤਾਂ ਹੀ ਸ਼ਾਮ ਨੂੰ ਪੱਤਰਕਾਰ ਵਾਰਤਾ ਵਿਚ ਕੌਮ ਦੇ ਨਾਮ ਆਖਰੀ ਸੰਦੇਸ਼ ਦਿੱਤਾ ਤੇ ਨਾਲ ਕਿਹਾ ਕਿ ਜੇ ਹਮਲਾ ਹੋਇਆ ਤਾਂ ਇਸ ਦਾ ਸਿੱਧਾ ਮਤਲਬ ਹੈ ਕਿ ਸਰਕਾਰ ਸਾਡੇ ਹੱਕ ਦੇਣ ਦੀ ਬਜਾਏ ਸਾਨੂੰ ਵੱਖ ਕਰਨ ਦਾ ਰਸਤਾ ਅਖਤਿਆਰ ਕਰ ਰਹੀ ਹੈ ਸਰਕਾਰ ਦਾ ਅਕਾਲ ਤਖ਼ਤ ਤੇ ਵਜਿਆ ਪਹਿਲਾ ਗੋਲਾ ਖਾਲਿਸਤਾਨ ਦੀ ਨੀਂਹ ਰੱਖੇਗਾ | ਸੰਤ ਜੀ ਨੇ ਕਿਹਾ ਕਿ ਪਹਿਲੀ ਗੱਲ ਤਾਂ ਸਰਕਾਰ ਐਡਾ ਗ਼ਲਤ ਫੈਸਲਾ ਨਹੀਂ ਲੈ ਸਕਦੀ ਪਰ ਜੇ ਕਿਧਰੇ ਭੁੱਲੀ ਹੋਈ ਸਰਕਾਰ ਨੇ ਹਮਲੇ ਦੀ ਕਰਤੂਤ ਕੀਤੀ ਤਾਂ ਉਹ ਜੁਆਬ ਦੇਵਾਂਗਾ ਕਿ ਰਹਿੰਦੀ ਦੁਨੀਆਂ ਤੱਕ ਯਾਦ ਕਰੋਗੇ ,ਸੱਚ ਮੁੱਚ ਐਸਾ ਹੀ ਹੋਇਆ ,ਰਾਤ ਨੂੰ ਇਕ ਪਾਸੇ ਤਾਂ ਇੰਦਰਾ ਗਾਂਧੀ ਟੀਵੀ ਤੇ ਪੰਜਾਬ ਮਸਲੇ ਦਾ ਹੱਲ ਕਰਨ ਦਾ ਡਰਾਮਾਂ ਕਰ ਰਹੀ ਸੀ ਦੂਜੇ ਪਾਸੇ ਤੋਪਾਂ ਤੇ ਟੈਂਕਾਂ ਦੀ ਡਾਰ ਦਰਬਾਰ ਸਾਹਿਬ ਦੇ ਰਾਹ ਪੈ ਗਈ ਸੀ , ਟੀਵੀ ਤੇ ਸਰਕਾਰੀ  ਡਰਾਮੇ ਮਗਰੋਂ  ਕੁਝ ਮਿੰਟਾਂ ਵਿਚ ਹੀ ਪੰਜਾਬ ਭਾਰਤੀ ਫੌਜ ਦੇ ਹਵਾਲੇ ਕਰ ਦਿੱਤਾ ਗਿਆ ,ਤੇ ਕੌਮ ਦਾ ਜਰਨੈਲ ਦੇਰ ਰਾਤ ਤੱਕ ਮੋਰਚਿਆਂ ਵਿਚ ਡੱਟੇ ਕੌਮੀ ਜੰਗਜੂਆਂ ਨੂੰ ਵੈਰੀ ਦੀ ਘੰਡੀ ਮਰੋੜਨ ਦਾ ਵੱਲ ਅਤੇ  ਸ਼ਹੀਦੀ ਦਾ ਸਬਕ ਯਾਦ ਕਰਵਾਉਂਦਾ ਰਿਹਾ,ਕਿਉਂਕਿ ਸਰਕਾਰ ਨੇ ਹੋਰ ਕੋਈ ਰਸਤਾ ਨਹੀਂ ਛੱਡਿਆ ਸੀ , ਹੁਣ ਉਹ ਯੋਧਾ ਵੈਰੀ ਨਾਲ ਆਰ ਪਾਰ ਲਈ ਪੂਰੀ ਤਰਾਂ ਤਿਆਰ ਸੀ ..........ਚਲਦਾ
 

ਪਰਮਪਾਲ ਸਿੰਘ ਸਭਰਾਅ 
981499 1699