ਭਾਰਤ ਨੇ ਹਵਾਈ ਹਮਲਿਆਂ ਵਿਚ ਮਿੱਥਿਆ ਮਕਸਦ ਪੂਰਾ ਹੋਣ ਦਾ ਦਾਅਵਾ ਕੀਤਾ ਪਰ ਮੌਤਾਂ ਦੇ ਵਿਵਾਦਿਤ ਅੰਕੜਿਆਂ ਬਾਰੇ ਧਾਰੀ ਚੁੱਪ

ਭਾਰਤ ਨੇ ਹਵਾਈ ਹਮਲਿਆਂ ਵਿਚ ਮਿੱਥਿਆ ਮਕਸਦ ਪੂਰਾ ਹੋਣ ਦਾ ਦਾਅਵਾ ਕੀਤਾ ਪਰ ਮੌਤਾਂ ਦੇ ਵਿਵਾਦਿਤ ਅੰਕੜਿਆਂ ਬਾਰੇ ਧਾਰੀ ਚੁੱਪ
ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ

ਸ਼੍ਰੀਨਗਰ: ਭਾਰਤ-ਪਾਕਿਸਤਾਨ ਦਰਮਿਆਨ ਪਿਛਲੇ ਦਿਨੀਂ ਚੱਲੀ ਸੀਮਤ ਹਵਾਈ ਜੰਗ ਸਬੰਧੀ ਭਾਰਤੀ ਦਾਅਵਿਆਂ 'ਤੇ ਉੱਠੇ ਸਵਾਲਾਂ ਤੋਂ ਬਾਅਦ ਅੱਜ ਜਵਾਬ ਦੇਣ ਲਈ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਪੱਤਰਕਾਰਾਂ ਦੇ ਰੂਬਰੂ ਹੋਏ। ਰਵੀਸ਼ ਕੁਮਾਰ ਨੇ ਕਿਹਾ ਕਿ ਜੇ ਪਾਕਿਸਤਾਨ 'ਨਵੀਂ ਸੋਚ' ਵਾਲਾ 'ਨਵਾਂ ਪਾਕਿਸਤਾਨ' ਹੋਣ ਦਾ ਦਾਅਵਾ ਕਰਦਾ ਹੈ ਤਾਂ ਉਸਨੂੰ ਅੱਤਵਾਦ ਖਿਲਾਫ 'ਨਵੀਂ ਕਾਰਵਾਈ' ਵੀ ਕਰਕੇ ਦਿਖਾਉਣੀ ਪਵੇਗੀ। 

ਭਾਰਤ ਨੇ ਦਾਅਵਾ ਕੀਤਾ ਹੈ ਕਿ ਜਿਸ ਮਕਸਦ ਨਾਲ ਪਾਕਿਸਤਾਨ ਦੇ ਖੇਤਰ ਵਿਚ ਜੈਸ਼-ਏ-ਮੋਹਮਦ ਦੇ ਕਥਿਤ ਟਿਕਾਣਿਆਂ 'ਤੇ ਹਮਲਾ ਕੀਤਾ ਗਿਆ ਸੀ ਉਹ ਮਕਸਦ ਪੂਰਾ ਹੋਇਆ ਹੈ ਜਿਸ ਰਾਹੀਂ ਸਰਹੱਦ ਪਾਰ ਤੋਂ ਹੋ ਰਹੇ ਅੱਤਵਾਦ ਖਿਲਾਫ ਕਾਰਵਾਈ ਕਰਨ ਦੀ ਭਾਰਤੀ ਇੱਛਾਸ਼ਕਤੀ ਨੂੰ ਸਾਰੀ ਦੁਨੀਆ ਨੇ ਦੇਖਿਆ ਹੈ। ਪਰ ਭਾਰਤੀ ਮੀਡੀਆ ਅਤੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਸਮੇਤ ਵੱਡੇ ਸਿਆਸੀ ਆਗੂਆਂ ਵਲੋਂ 250 ਤੋਂ ਵੱਧ ਅੱਤਵਾਦੀਆਂ ਦੇ ਮਾਰੇ ਜਾਣ ਬਾਰੇ ਕੀਤੇ ਗਏ ਦਾਅਵਿਆਂ ਸਬੰਧੀ ਰਵੀਸ਼ ਕੁਮਾਰ ਨੇ ਕੋਈ ਗੱਲ ਨਹੀਂ ਕੀਤੀ।

ਗੌਰਤਲਬ ਹੈ ਕਿ ਪਾਕਿਸਤਾਨ ਨੇ ਦਾਅਵਾ ਕੀਤਾ ਸੀ ਕਿ ਭਾਰਤੀ ਜਹਾਜ਼ ਜੰਗਲ ਵਿਚ ਬੰਬ ਸੁੱਟ ਕੇ ਵਾਪਿਸ ਮੁੜ ਗਏ ਸੀ ਤੇ ਕੌਮਾਂਤਰੀ ਮੀਡੀਆ ਨੇ ਵੀ ਭਾਰਤੀ ਹਮਲੇ ਵਿਚ ਕਿਸੇ ਇਮਾਰਤ ਜਾਂ ਕੋਈ ਜਾਨੀ ਨੁਕਸਾਨ ਹੋਣ ਦੇ ਕੋਈ ਸਬੂਤ ਨਾ ਮਿਲਣ ਦੀ ਗੱਲ ਕੀਤੀ ਹੈ।  

ਪਾਕਿਸਤਾਨ ਵਲੋਂ ਭਾਰਤੀ ਹਵਾਈ ਜਹਾਜ਼ ਸੁੱਟ ਕੇ ਭਾਰਤੀ ਪਾਇਲਟ ਨੂੰ ਗ੍ਰਿਫਤਾਰ ਕਰਨ ਕਰਕੇ ਨਮੋਸ਼ੀ ਝੱਲ ਰਹੇ ਭਾਰਤ ਵਲੋਂ ਪਾਕਿਸਤਾਨ ਦਾ ਐਫ-16 ਜਹਾਜ਼ ਸੁੱਟਣ ਦੇ ਦਾਅਵੇ ਨੂੰ ਸਹੀ ਦੱਸਦਿਆਂ ਰਵੀਸ਼ ਕੁਮਾਰ ਨੇ ਕਿਹਾ ਕਿ ਅਸੀਂ ਐਫ-16 ਜਹਾਜ਼ ਵਿਚ ਵਰਤੀ ਜਾਣ ਵਾਲੀ ਏਐਮਆਰਏਏਐਮ ਮਿਸਾਈਲ ਦੇ ਟੁਕੜੇ ਦਿਖਾ ਕੇ ਦੁਨੀਆ ਨੂੰ ਇਸ ਗੱਲ ਦਾ ਸਬੂਤ ਦੇ ਚੁੱਕੇ ਹਾਂ।

ਰਵੀਸ਼ ਕੁਮਾਰ ਨੇ ਕਿਹਾ ਕਿ ਜੇ ਪਾਕਿਸਤਾਨ ਵਲੋਂ ਭਾਰਤ ਦੇ ਦੋ ਜਹਾਜ਼ ਸੁੱਟਣ ਦਾ ਦਾਅਵਾ ਸਹੀ ਹੈ ਤਾਂ ਪਾਕਿਸਤਾਨ ਦੂਜੇ ਜਹਾਜ਼ ਦੇ ਸਬੂਤ ਪੇਸ਼ ਕਿਉਂ ਨਹੀਂ ਕਰ ਰਿਹਾ।

ਰਵੀਸ਼ ਕੁਮਾਰ ਨੇ ਦਾਅਵਾ ਕੀਤਾ ਕਿ ਪੁਲਵਾਮਾ ਹਮਲੇ ਤੋਂ ਬਾਅਦ ਸਮੁੱਚਾ ਵਿਸ਼ਵ ਭਾਈਚਾਰਾ ਭਾਰਤ ਨਾਲ ਖੜਾ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ