ਪੰਜਾਬ ਤੇ ਹਰਿਆਣਾ 'ਚ ਮਿਲਾਵਟੀ ਦੁੱਧ ਸਪਲਾਈ ਕਰਨ ਵਾਲੇ ਗਰੋਹ ਦਾ ਪਰਦਾਫ਼ਾਸ਼, ਤਿੰਨ ਗ੍ਰਿਫ਼ਤਾਰ

ਪੰਜਾਬ ਤੇ ਹਰਿਆਣਾ 'ਚ ਮਿਲਾਵਟੀ ਦੁੱਧ ਸਪਲਾਈ ਕਰਨ ਵਾਲੇ ਗਰੋਹ ਦਾ ਪਰਦਾਫ਼ਾਸ਼, ਤਿੰਨ ਗ੍ਰਿਫ਼ਤਾਰ

ਸੰਗਰੂਰ, (ਜਗਸੀਰ ਲੌਂਗੋਵਾਲ): ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਗਰਗ ਨੇ ਪੁਲਿਸ ਲਾਈਨ ਵਿਖੇ ਪੱਤਰਕਾਰ ਮਿਲਣੀ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਜਾਅਲੀ ਅਤੇ ਮਿਲਾਵਟੀ ਵਸਤਾਂ ਤਿਆਰ ਕਰਕੇ ਲੋਕਾਂ ਦੀ ਜਿੰਦਗੀ ਨਾਲ ਖਿਲਵਾੜ ਕਰਨ ਵਾਲੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਡੀ.ਐਸ.ਪੀ (ਡੀ) ਮੋਹਿਤ ਅਗਰਵਾਲ ਦੀ ਨਿਗਰਾਨੀ ਹੇਠ ਸਬ-ਇੰਸਪੈਕਟਰ ਕਰਮਜੀਤ ਸਿੰਘ ਇੰਚਾਰਜ ਐਟੀ ਨਾਰਕੋਟਿਕ ਸੈੱਲ ਸੰਗਰੂਰ ਦੀ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਮੁਖਬਰੀ ਮਿਲਣ 'ਤੇ ਵਰਿੰਦਰਪਾਲ ਉਰਫ ਬੰਟੀ ਪੁੱਤਰ ਜਗਦੀਸ਼ ਚੰਦ ਵਾਸੀ ਨਿਊ ਫਰੈਂਡਸ ਕਲੌਨੀ ਸੰਗਰੂਰ ਜੋ ਕਿ ਪਿੰਡ ਸੋਹੀਆਂ ਵਿਖੇ ਦੁੱਧ ਦੀ ਫੈਕਟਰੀ ਚਲਾ ਰਿਹਾ ਹੈ, ਜੋ ਇਸ ਫੈਕਟਰੀ ਵਿੱਚ ਜਾਅਲੀ ਦੁੱਧ ਤਿਆਰ ਕਰਕੇ, ਮੋਟਾ ਮੁਨਾਫਾ ਕਮਾਉਣ ਦੇ ਲਾਲਚ ਵਿੱਚ ਆ ਕੇ ਆਮ ਲੋਕਾਂ ਨੂੰ ਧੋਖੇ ਵਿੱਚ ਰੱਖ ਕੇ ਅਤੇ ਉਹਨਾਂ ਦੀ ਜਾਨ ਨੂੰ ਖਤਰੇ ਵਿੱਚ ਪਾ ਕੇ, ਅੱਗੇ ਵੇਚਦਾ ਹੈ। ਜਿਸ 'ਤੇ ਐਸ.ਸੀ ਕਰਮਜੀਤ ਸਿੰਘ ਇੰਚਾਰਜ ਐਟੀ ਨਾਰਕੋਟਿਕ ਸੈਲ ਸੰਗਰੂਰ ਨੇ ਮੁਕੱਦਮਾ ਨੰਬਰ 08 ਮਿਤੀ 12-01-2020 ਅ/ਧ 308, 272, 273, 420 ਥਾਣਾ ਸਦਰ ਸੰਗਰੂਰ ਵਿਖੇ ਦਰਜ ਕਰਵਾਇਆ ਅਤੇ ਰਵਿੰਦਰ ਗਰਗ ਸਹਾਇਕ ਫੂਡ ਕਮਿਸ਼ਨਰ ਅਤੇ ਚਰਨਜੀਤ ਸਿੰਘ ਫੂਡ ਸੇਫਟੀ ਅਫਸਰ ਜਿਲ੍ਹਾ ਮਾਨਸਾ ਨਾਲ ਮੌਕੇ 'ਤੇ ਪਹੁੰਚਣ ਲਈ ਤਾਲਮੇਲ ਕੀਤਾ ਗਿਆ। 
    
ਐਸ.ਐਸ.ਪੀ ਨੇ ਦੱਸਿਆ ਕਿ ਐਂਟੀ ਨਾਰਕੋਟਿਕ ਸੈਲ ਸੰਗਰੂਰ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਵਰਿੰਦਰਪਾਲ ਉਰਫ ਬੰਟੀ ਦੀ ਫੈਕਟਰੀ 'ਤੇ ਰੇਡ ਕਰਕੇ ਮੌਕੇ ਤੇ ਇੱਕ ਟਾਟਾ 407 ਜਿਸ ਦਾ ਨੰਬਰ ਪੀ.ਬੀ 13 ਏ.ਏ 8265 ਵਿੱਚ ਕਰੀਬ 4 ਹਜਾਰ ਲੀਟਰ ਮਿਲਾਵਟੀ ਦੁੱਧ, ਇੱਕ ਟਾਟਾ 409 ਜਿਸ ਦਾ ਨੰਬਰ ਪੀ.ਬੀ 10 ਈ.ਐਸ 1492 ਵਿੱਚ ਕਰੀਬ 3 ਹਜਾਰ ਲੀਟਰ ਮਿਲਾਵਟੀ ਦੁੱਧ (ਕੁੱਲ 7 ਹਜਾਰ ਲੀਟਰ ਮਿਲਾਵਟੀ ਦੁੱਧ), ਇੱਕ ਡਰੰਮ ਪਲਾਸਟਿਕ ਜਿਸ ਵਿੱਚ 200 ਲੀਟਰ ਸੋਰਬੀਟੋਲ ਤੇਲ, 18 ਟੀਨ ਵਨਸਪਤੀ ਡਾਲਡਾ ਘੀ, ਇਲੈਕਟ੍ਰਿਕ ਭੱਠੀ ਸਮੇਤ ਦੇਗਾ ਜਿਸ ਵਿੱਚ ਡਾਲਡਾ ਘੀ ਅਤੇ ਮਿਲਾਵਟੀ ਮਟੀਰੀਅਲ, ਇੱਕ ਮਿਕਸਰ ਗ੍ਰੈਂਡਰ ਸਮੇਤ ਡਰੰਮੀ ਜਿਸ ਵਿੱਚ ਕਰੀਬ 20 ਲੀਟਰ ਮਿਲਾਵਟੀ ਦੁੱਧ ਤਿਆਰ ਕਰਨ ਵਾਲਾ ਤਰਲ ਪਦਾਰਥ, ਇੱਕ ਟੀਨ ਡਰੰਮ ਜਿਸ ਵਿੱਚ 175 ਲੀਟਰ ਆਰ.ਐਮ, 11 ਥੈਲੇ ਪਲਾਸਟਿਕ ਜਿਸ ਵਿੱਚ ਗੂਲੁਕੋਜ ਪਾਊਡਰ ਅਤੇ ਇੱਕ ਛੋਟਾ ਹਾਥੀ ਬਰਾਮਦ ਕਰਵਾਇਆ ਅਤੇ ਮੌਕੇ ਤੇ ਬਰਾਮਦ ਵਸਤੂਆਂ ਦੇ ਸੈਂਪਲ ਸਿਹਤ ਵਿਭਾਗ ਦੀ ਟੀਮ ਵੱਲੋਂ ਲਏ ਗਏ ਸਨ। 

ਐਸ.ਐਸ.ਪੀ ਨੇ ਦੱਸਿਆ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਵਰਿੰਦਰਪਾਲ ਉਰਫ ਬੰਟੀ ਪੁੱਤਰ ਜਗਦੀਸ਼ ਚੰਦ ਵਾਸੀ ਨਿਊ ਫਰੈਂਡਸ ਕਲੋਨੀ ਕਾਫੀ ਲੰਮੇ ਸਮੇਂ ਤੋਂ ਜਾਅਲੀ ਦੁੱਧ ਵੱਡੇ ਪੱਧਰ 'ਤੇ ਸਪਲਾਈ ਕਰਨ ਲਈ ਤਿਆਰ ਕਰਦਾ ਹੈ। ਉਨ੍ਹਾਂ ਦੱਸਿਆ ਕਿ ਸੈਂਟਰ 'ਤੇ ਫੂਡ ਵਿਭਾਗ ਵੱਲੋਂ ਪਹਿਲਾਂ ਵੀ 6 ਵਾਰ ਰੇਡ ਹੋ ਚੁੱਕੀ ਹੈ। 

ਐਸ.ਐਸ.ਪੀ ਨੇ ਦੱਸਿਆ ਕਿ ਪੁੱਛ ਗਿੱਛ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾਅਲੀ ਦੁੱਧ ਦੀ ਸਪਲਾਈ ਕੀਤੀ ਜਾਂਦੀ ਸੀ, ਜੋ ਇਹ ਜਾਅਲੀ ਦੁੱਧ ਚਾਣਕੀਆ ਡਾਇਰੀ ਫਤਿਹਗੜ ਸਾਹਿਬ, ਦੁਰਗਾ ਡਾਇਰੀ ਕੁਰਕਸ਼ੇਤਰ, ਖੇਤਪਾਲ ਡਾਇਰੀ ਜਗਰਾਓਂ, ਕਾਥਪਾਲ ਡਾਇਰੀ ਫਤਿਹਗੜ ਪੰਜਤੂਰ ਜਿਲ੍ਹਾ ਮੋਗਾ ਤੇ ਮਾਨਸਾ ਨੂੰ ਸਪਲਾਈ ਕਰਦੇ ਸਨ। ਦੋਸ਼ੀਆਨ ਪਾਸੋਂ ਹੋਰ ਪੁੱਛਗਿੱਛ ਜਾਰੀ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।