ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਖੁਲ੍ਹਾ ਪੱਤਰ  

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਖੁਲ੍ਹਾ ਪੱਤਰ  

  ਮਾਨਯੋਗ ਗਿਆਨੀ ਹਰਪ੍ਰੀਤ ਸਿੰਘ ਜੀ 

 ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ 

 ਸ੍ਰੀ ਅੰਮ੍ਰਿਤਸਰ ਸਾਹਿਬ

       ਮਾਣਯੋਗ ਸਿੰਘ ਸਾਹਿਬ ਜੀ  ਆਪ ਜੀ ਵੱਲੋਂ ਪਿਛਲੇ ਦਿਨੀਂ ਦਮਦਮਾ ਸਾਹਿਬ ਵਿਖੇ ਸਿੱਖ ਜਥੇਬੰਦੀਆਂ ਦੀ ਇਕ ਪੰਥਕ ਇਕੱਤਰਤਾ ਬੁਲਾਈ ਸੀ । ਤੁਸੀ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਜਾਂ ਹੋਰ ਵੀ ਬੇਅਦਬੀ ਕੇਸਾਂ ਦੀ ਜਾਣਕਾਰੀ ਲੈਣ ਬਾਬਤ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਰਣਵੀਰ ਸਿੰਘ ਖਟੜਾ  ਨੂੰ ਵੀ ਬੁਲਾਇਆ ਸੀ। ਇਸੇ ਤਹਿਤ ਅਸੀਂ ਇਕ ਬੇਨਤੀ ਸਿਰਸਾ ਸਾਧ ਦੀ ਮੁਆਫ਼ੀ ਬਾਬਤ ਸਿੱਖ ਸੰਗਤ ਦੇ ਤਰਫੋ ਵੀ ਕਰਨੀ ਚਾਹੁੰਦੇ ਹਾਂ ਕਿ ਹੁਣ ਆਪ ਜੀ ਸ੍ਰੋਮਣੀ  ਕਮੇਟੀ ਦੇ ਮੁਲਾਜ਼ਮਾਂ ਨੂੰ ਵੀ ਜ਼ਰੂਰ ਬੁਲਾਵਾ ਭੇਜੋ ਕਿ ਤੁਸੀ ਤਕਰੀਬਨ 90 ਲੱਖ ਰੁਪਏ ਦੇ ਇਸ਼ਤਿਹਾਰ ਕਿਸ ਦੇ ਕਹਿਣ ਤੇ ਅਤੇ ਕਿਉਂ ਦਿੱਤੇ ਸਨ। ਸਮੂਹ ਜਥੇਬੰਦੀਆਂ ਅਤੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੂੰ ਵੀ ਇਕੱਠੇ ਤੌਰ ਬੁਲਾਵਾ ਭੇਜ ਕੇ ਸਿਰਸਾ ਸਾਧ ਮੁਆਫ਼ੀ ਮਸਲੇ ਤੇ ਇਹ ਵੀ ਪੁੱਛਿਆ ਜਾਵੇ ਕਿ “ਸਿੰਘ ਸਾਹਿਬ ਜੀ ਕਿਸ ਦੇ ਕਹਿਣ ਤੇ ਕੌਣ ਚਿੱਠੀ ਲੈਕੇ ਆਇਆ” ਅਤੇ ਨਾਲ ਹੀ ਗਿਆਨੀ ਗੁਰਮੁੱਖ ਸਿੰਘ ਜੀ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਵੀ ਸਨ,ਜਿਹਨਾਂ ਨੇ ਮੀਡੀਆ ਦੇ ਸਾਹਮਣੇ ਸਭ ਕੁੱਝ ਦੱਸਿਆ ਵੀ ਸੀ। ਪਰ ਫਿਰ ਵੀ ਉਹਨਾਂ ਨੂੰ ਵੀ ਬੁਲਾਇਆ ਜਾਵੇ ਕਿ ਕਿਸ ਦੇ ਰਾਹੀਂ ਇਹ ਮੁਆਫ਼ੀ ਦੀ ਗੱਲ ਚੱਲੀ ਅਤੇ ਕਿਸਦੇ ਕਹਿਣ ਤੇ ਕਿਉਂ ਮੁਆਫ਼ੀ ਦਿੱਤੀ ਗਈ, ਅਤੇ ਫਿਰ ਕਿਸਦੇ ਕਹਿਣ ਤੇ ਇਹ ਮੁਆਫ਼ੀ ਵਾਪਸ ਵੀ ਲੈ ਲਈ ਗਈ ਸੀ। ਇਸ ਮਸਲੇ ਤੇ ਬਹੁਤ ਜ਼ਿਆਦਾ ਪੜਚੋਲ ਕਰਨ ਦੀ ਲੋੜ ਹੈ ਕਿਉਕਿ ਉਸ ਸਮੇ ਦੇ  ਗਿਆਨੀ ਇਕਬਾਲ ਸਿੰਘ ਤਖਤ  ਪਟਨਾ ਸਾਹਿਬ ਵੀ ਮੌਜੂਦ ਸਨ। ਜਦੋਂ ਕਿਸੇ ਪਰਿਵਾਰ ਵਿੱਚ ਕਿਸੇ ਪ੍ਰਕਾਰ ਦੀ ਕੋਈ ਚੋਰੀ ਦੀ ਜਾਂ ਹੋਰ ਘਟਨਾ ਵਾਪਰਦੀ ਹੈ ਤਾਂ ਪ੍ਰਸਾਸਨਿਕ ਅਧਿਕਾਰੀ ਆਉਂਦੇ ਹਨ ਤਾਂ ਉਹ ਵੀ ਸਭ ਤੋਂ ਪਹਿਲਾਂ ਪਰਿਵਾਰ ਤੋਂ ਹੀ ਘਟਨਾ ਬਾਬਤ ਪੁੱਛਦੇ ਹਨ। ਸਾਡਾ ਵੀ ਕੌਮ ਦਾ ਇਹ ਸਿੱਖ ਪਰਿਵਾਰ ਹੈ ਇਸੇ ਤਰਾਂ ਸਾਨੂੰ ਵੀ ਆਪਣੇ ਪੰਥਕ ਪਰਿਵਾਰਕ ਮੈਂਬਰਾਂ ਤੋਂ ਜ਼ਰੂਰ ਪੁੱਛਗਿੱਛ ਕਰਨੀ ਚਾਹੀਦੀ ਹੈ।

       ਇਹ ਵੀ ਨਾਲ ਹੀ ਦੱਸਣਯੋਗ ਹੈ ਕਿ ਪੰਜਾਬ ਦੀ ਪੰਥਕ ਸਰਕਾਰ ਵੱਲੋਂ ਡੇਰਾ ਸਰਸਾ ਦੀਆਂਂ ਫਿਲਮਾਂ ਵੀ ਚਲਾਈਆਂ ਗਈਆਂ ਸਨ ਅਤੇ ਸਾਡੇ ਪੰਥਕ ਕਹਾਉਂਦੇ ਲੀਡਰ ਵੀ ਹੁਕਮਨਾਮਾ ਸਾਹਿਬ ਦੀ ਘੋਰ ਉਲੰਘਣਾ ਕਰਕੇ ਵੋਟਾਂ ਲਈ ਡੇਰਾ ਸਿਰਸਾ ਹਾਜ਼ਰੀਆਂ ਭਰਦੇ ਰਹੇ ਹਨ। ਇਹਨਾਂ ਸਾਰੇ ਮਾਮਲਿਆਂ ਦੀ ਜਾਂਚ ਹੋਣੀ ਵੀ ਬਹੁਤ ਜ਼ਰੂਰੀ ਹੈ, ਡੇਰਾ ਸਿਰਸਾ ਦੇ ਫ਼ਿਲਮੀ ਪੋਸਟਰਾਂ ਤੱਕ ਸਕਿਉਰਟੀ ਦਿੱਤੀ ਗਈ। ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸਾਡੇ ਇਸ਼ਟ ਦੀ ਬੇਅਦਬੀ ਹੋ ਜਾਂਦੀ ਹੈ ਸਿੱਖ ਸੰਗਤਾਂ ਜਾਪ ਕਰਦੀਆਂ ਤੇ ਸਾਡੀ ਪੰਥਕ ਸਰਕਾਰ ਦੇ ਰਾਜ ਵਿੱਚ ਅੰਨੇਵਾਹ ਲਾਠੀਚਾਰਜ ਕੀਤਾ ਜਾਂਦਾ ਹੈ। ਬਹਿਬਲ ਕਲਾਂ ਸ਼ਾਂਤ ਚਿੱਤ ਬੈਠੀ ਗੁਰਬਾਣੀ ਪੜ ਰਹੀ ਸਿੱਖ ਸੰਗਤ ਤੇ ਗੋਲੀ ਚੱਲਦੀ ਹੈ ਅਤੇ ਦੋ ਨੌਜਵਾਨ ਸਿੰਘ ਸ਼ਹੀਦ ਕਰ ਦਿੱਤੇ ਜਾਂਦੇ ਹਨ, ਪਰ ਕਾਰਵਾਈ ਕਿਸੇ ਤੇ ਕੋਈ ਨਹੀਂ ਹੁੰਦੀ ਨਾਂ ਹੀ ਉਸ ਵੇਲੇ ਦੀ ਸਰਕਾਰ ਨੇ ਕੋਈ ਬੇਅਦਬੀ ਘਟਨਾ ਤੇ ਰੁਚੀ ਦਿਖਾਈ ਅਤੇ ਨਾਂ ਹੀ ਗੁਟਕਾ ਸਾਹਿਬ ਜੀ ਦੀ ਸੁਹੰ ਖਾ ਕੇ ਬਣੀ ਸਰਕਾਰ ਨੇ ਕੋਈ ਕਦਮ ਪੁੱਟਿਆ ਜਦਕਿ ਤਕਰੀਬਨ ਪੌਣੇ ਪੰਜ ਸਾਲ ਬੀਤ ਜਾਣ ਤੇ ਵੀ ਬੇਅਦਬੀ ਮਸਲਾ, ਬਹਿਬਲ ਗੋਲੀ ਕਾਂਡ ਦਾ ਕੋਈ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਬਲਕਿ ਦਿਨੋ ਦਿਨ ਬੇਅਦਬੀ ਦੀਆ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ। ਇਸ ਤੋਂ ਵੱਡਾ ਨਿਘਾਰ ਕੋਈ ਹੋਰ ਨਹੀਂ ਹੋ ਸਕਦਾ। ਆਸ ਕਰਦੇ ਹਾਂ ਕਿ ਇਸੇ ਤਰਾਂ ਪੰਥਕ ਜਥੇਬੰਦੀਆਂ ਨੂੰ ਬੁਲਾਕੇ ਵਿਚਾਰਾਂ ਕਰਕੇ ਇਹਨਾਂ ਮਸਲਿਆਂ ਤੇ ਸੁਣਵਾਈ ਕਰੋਗੇ ਅਤੇ ਬਹੁਤ ਸਾਰੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਹੋਂਦ ਵਿੱਚ ਆਈ ਸਾਡੀ ਸਿਰਮੌਰ ਸੰਸਥਾ ਸ੍ਰੋਮਣੀ ਕਮੇਟੀ ਤੇ ਉੱਠ ਰਹੇ ਸੁਆਲਾਂ ਦੇ ਜੁਆਬ ਦੇਣ ਲਈ ਆਪ ਜੀ ਜ਼ਰੂਰ ਇਹਨਾਂ ਧਿਆਨ ਵਿੱਚ ਲਿਆਂਦੇ ਗਏ ਮਸਲਿਆਂ ਤੇ ਗ਼ੌਰ ਕਰੋਗੇ। 

 

             ਗੁਰੂ ਪੰਥ ਦੇ ਦਾਸ

           ਭਾਈ ਕੁਲਵੰਤ ਸਿੰਘ ਰਾਊਕੇ

           ਜ਼ਿਲ੍ਹਾ ਪ੍ਰਧਾਨ

          ਸਿੱਖ ਸਟੂਡੈਟਸ ਫੈਡਰੇਸ਼ਨ ਮੋਗਾ

           094647-10761