ਹੁਣ ਜੋੜੀਆਂ ‘ਉੱਪਰੋਂ’ ਨਹੀਂ, ਆਇਲੈਟਸ ਕੇਂਦਰਾਂ ਵਿੱਚੋਂ ਬਣ ਕੇ ਆਉਂਦੀਆਂ ਹਨ     

ਹੁਣ ਜੋੜੀਆਂ ‘ਉੱਪਰੋਂ’ ਨਹੀਂ, ਆਇਲੈਟਸ ਕੇਂਦਰਾਂ ਵਿੱਚੋਂ ਬਣ ਕੇ ਆਉਂਦੀਆਂ ਹਨ     

ਵਿਸ਼ੇਸ਼ ਮੁਦਾ 

 ਸਾਡੇ ਰੰਗਲੇ ਪੰਜਾਬ ਵਿੱਚ ਕਿਸੇ ਸਮੇਂ ਮੁੰਡੇ ਦਾ ਰਿਸ਼ਤਾ ਤੈਅ ਕਰਨ ਵੇਲੇ ਵਿਚੋਲੇ ਨੂੰ ਆਮ ਹੀ ਸਭ ਤੋਂ ਪਹਿਲਾਂ ਤਾਕੀਦ ਕਰ ਕੇ ਇਹ ਕਿਹਾ ਜਾਂਦਾ ਸੀ ਕਿ ਕੁੜੀ ਬਣਦੀ-ਤਣਦੀ ਹੋਵੇ, ਉੱਚੀ-ਲੰਮੀ ਤੇ ਸਾਡੇ ਟੱਬਰ ਵਿੱਚ ਰਲਦੀ-ਮਿਲਦੀ ਹੋਵੇ, ਫੇਰ ਹਾਂ ਕਰੀਂ ਮੁੰਡਾ ਦੇਖਣ ਲਈ। ਲੈਣ-ਦੇਣ ਦਾ ਸਾਨੂੰ ਕੋਈ ਲਾਲਚ ਨਹੀਂ। ਪ੍ਰੰਤੂ ਅੱਜ ਪੰਜਾਬੀਆਂ ਦੇ ਰਿਸ਼ਤਿਆਂ ਪ੍ਰਤੀ ਇਹ ਹਾਲਾਤ ਨਹੀਂ ਰਹੇ। ਹੁਣ ਤਾਂ ਵਿਚੋਲੇ ਵੀ ਰਿਸ਼ਤਾ ਕਰਵਾਉਣ ਲਈ ਮੁੰਡੇ-ਕੁੜੀ ਵਾਲਿਆਂ ਤੋਂ ਪੈਸੇ ਲੈਣ ਲਈ ਆਪੋ-ਆਪਣੇ ਫਿਕਸ ਰੇਟਾਂ ਦੇ ਬੋਰਡ ਲਾਈ ਸਰੇ-ਆਮ ਘੁੰਮ ਰਹੇ ਹਨ। ਖੈਰ! ਜਿਹੜੇ ਰਾਹ ’ਤੇ ਅੱਜ ਪੰਜਾਬ ਦੀ ਨੌਜਵਾਨ ਪੀੜ੍ਹੀ ਤੇ ਉਨ੍ਹਾਂ ਦੇ ਮਾਪੇ ਤੁਰ ਪਏ ਹਨ, ਉਹ ਰਾਹ ਪਤਾ ਨਹੀਂ ਕਿੱਧਰ ਨੂੰ ਜਾਂਦਾ ਹੈ। ਹੁਣ ਰਿਸ਼ਤਾ ਕਰਨ ਲਈ ਕੁੜੀ ਦੇ ਨਾਨਕੇ ਨਹੀਂ, ਬੈਂਡ ਪੁੱਛੇ ਜਾਂਦੇ ਹਨ। ਮੁੰਡੇ ਵਾਲੇ ਕੁੜੀ ਨੂੰ ਤੋਰ ਕੇ ਵੇਖਣ ਦੀ ਬਜਾਏ ਬੈਂਡ ਵਾਲੇ ਸਰਟੀਫਿਕੇਟ ਨੂੰ ਦੇਖ ਕੇ ਸਟੱਡੀ ਵੀਜ਼ੇ ਲਈ ਕੁੜੀ ਦਾ ਸਾਰਾ ਖਰਚਾ ਕਰਨ ਦੀ ਗੱਲ ਨੂੰ ਓਟ ਕੇ ਆਪਣੇ ਨਿਖੱਟੂ ਨੂੰ ਕਨੇਡਾ ਵਾਲੇ ਜਹਾਜ਼ ਚਾੜ੍ਹਨ ਲਈ ਜ਼ਿਆਦਾ ਕਾਹਲ਼ੇ ਦਿਸਦੇ ਹਨ।ਇਸਦੇ ਵਰਤਾਰੇ ਪਿੱਛੇ ਅਸਲੀ ਕਾਰਨ ਇਹ ਹੈ ਕਿ ਅੱਜ ਪੰਜਾਬੀ ਮੁੰਡੇ ਪੜ੍ਹਾਈ ਨਾਲੋਂ ਜ਼ਿਆਦਾ ਧਿਆਨ ਐਸ਼ ਪ੍ਰਸਤੀ ਵੱਲ ਦਿੰਦੇ ਹਨ। ਚੰਗੀ ਜ਼ਮੀਨ-ਜਾਇਦਾਦ ਤੇ ਪੈਸੇ ਨੇ ਅੱਜ ਦੇ ਨੌਜਵਾਨਾਂ ਨੂੰ ਫੁਕਰੇ ਬਣਾ ਕੇ, ਆਈ ਟੀ ਭਾਵ ਇਨਫਰਮੇਸ਼ਨ ਟੈਕਨਾਲੋਜੀ ਨੂੰ ਸਮਝਣ ਦੀ ਬਜਾਏ ਉਸ ਦੀ ਗਲਤ ਵਰਤੋਂ ਕਰਨ ਲਈ ਉਨ੍ਹਾਂ ਦੇ ਦਿਮਾਗ਼ਾਂ ਨੂੰ ਪੁੱਠੇ ਰਾਹਾਂ ਦੇ ਪਾਂਧੀ ਬਣਾ ਕੇ ਵਿੱਦਿਆ ਪੱਖੋਂ ਪਛਾੜਿਆ ਹੈ। ਇਸ ਪਛੜੇਪਨ ਨੂੰ ਦੂਰ ਕਰਨ ਲਈ ਮਾਪਿਆਂ ਨੇ ਆਪਣੇ ਪੁੱਤਾਂ ਤੇ ਐੱਨ ਆਰ ਆਈ ਦਾ ਠੱਪਾ ਲਗਾਉਣ ਲਈ ਵੱਧ ਬੈਂਡਾਂ ਵਾਲੀਆਂ ਕੁੜੀਆਂ ਤੇ ਪੱਚੀ-ਤੀਹ ਲੱਖ ਖਰਚ ਕੇ ਉਨ੍ਹਾਂ ਨਾਲ, ਅਸਲੀ ਜਾਂ ਨਕਲੀ ਵਿਆਹ ਕਰਕੇ, ਸਪਾਊਸ ਵੀਜ਼ੇ ’ਤੇ ਜਾਂ ਮੰਗਣੀ ਕਰਕੇ, ਕੁੜੀ ਦੀ ਪੜ੍ਹਾਈ ਪੂਰੀ ਹੋਣ ’ਤੇ ਪੀਆਰ ਹੋਣ ਉਪਰੰਤ ਜਾਂ ਪਹਿਲਾਂ, ਆਪਣੇ ਮੁੰਡੇ ਨੂੰ ਬਾਹਰਲੇ ਮੁਲਕ ਭੇਜਣ ਵਾਲੇ ਹੱਥਕੰਡੇ ਅਪਨਾਉਣੇ ਸ਼ੁਰੂ ਕੀਤੇ ਹਨ।

ਵੱਡੀ ਗਿਣਤੀ ਵਿੱਚ ਲੜਕੇ ਵਾਲਿਆਂ ਨੇ ਆਪ ਤਿਆਰ ਕੀਤੀ ਇਸ ਸਕੀਮ ਦਾ ਲਾਹਾ ਵੀ ਰੱਜ ਕੇ ਖੱਟਿਆ ਹੈ। ਵੱਡਿਆਂ ਘਰਾਂ ਦੇ ਕਾਕੇ ਜ਼ਮੀਨ ਅਤੇ ਪੈਸੇ ਦੇ ਫਤੂਰ ਵਿੱਚ ਪੜ੍ਹਾਈ ਤਾਂ ਕਰਦੇ ਨਹੀਂ, ਇਸਦੇ ਉਲਟ ਕੁੜੀਆਂ ਜ਼ਿਆਦਾ ਪਰਸੈਂਟੇਜ਼ ਲੈ ਕੇ ਦੁਨੀਆਂ ਦੇ ਹਰ ਖੇਤਰ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਹਨ। ਜ਼ਿਆਦਾਤਰ ਮੁੰਡੇ ਅੰਗਰੇਜ਼ੀ ਵਿੱਚ ਕਮਜ਼ੋਰ ਹੋਣ ਕਾਰਨ ਮਸਾਂ ਹੀ ਬਾਰ੍ਹਵੀਂ ਪਾਸ ਕਰਦੇ ਹਨ। ਅੱਗੇ ਦੀ ਪੜ੍ਹਾਈ ਕਰਨ ਲਈ ਤਾਂ ਉਨ੍ਹਾਂ ਦੀ ਬੱਸ ਹੀ ਹੋ ਜਾਂਦੀ ਹੈ। ਜੇਕਰ ਆਈਲੈਟਸ ਕਰਨ ਦੀ ਗੱਲ ਆਵੇ ਤਾਂ ਸਾਲ ਭਰ ਆਈਲੈਟਸ ਸੈਂਟਰਾਂ ’ਤੇ ਧੱਕੇ ਖਾਣ ਤੋਂ ਬਾਅਦ ਵੀ ਬਹੁਤਿਆਂ ਦੇ ਪੰਜ ਬੈਂਡ ਮਸਾਂ ਹੀ ਆਉਂਦੇ ਹਨ। ਆਈਲੈਟਸ ਇਨ੍ਹਾਂ ਲਈ ਹਊਆ ਬਣ ਜਾਂਦਾ ਹੈ। ਮੁਕਾਬਲੇ ਵਿੱਚ ਕੁੜੀਆਂ ਮੰਨ ਲਾ ਕੇ ਪੜ੍ਹਦੀਆਂ ਹਨ, ਜਿਸ ਕਰਕੇ ਆਈਲੈਟਸ ਸੈਂਟਰਾਂ ਵਾਲਿਆਂ ਦੇ ਮਸ਼ਹੂਰੀ ਵਾਲੇ ਬੋਰਡਾਂ ਉੱਪਰ ਮੁੰਡਿਆਂ ਨਾਲੋਂ ਵੱਧ ਫੋਟੋਆਂ ਕੁੜੀਆਂ ਦੀਆਂ ਹੁੰਦੀਆਂ ਹਨ। ਮੇਰੀ ਬੇਟੀ ਨੇ ਬਾਰ੍ਹਵੀਂ ਕਰਨ ਤੋਂ ਬਾਅਦ ਆਈਲੈਟਸ ਦਾ ਟੈਸਟ ਸਿਰਫ਼ ਇੱਕ ਮਹੀਨੇ ਦੀ ਤਿਆਰੀ ਕਰਨ ਤੋਂ ਬਾਅਦ ਦਿੱਤਾ। ਓਵਰਆਲ ਸੱਤ ਬੈਂਡ ਆਏ। ਮੇਰੇ ਕੋਲ ਵੀ ਸਟੱਡੀ ਵੀਜ਼ੇ ਰਾਹੀਂ ਵਿਦੇਸ਼ ਭੇਜਣ ਵਾਸਤੇ ਨੋਟਾਂ ਦੀ ਪੰਡ ਨਹੀਂ ਹੈ। ਪੈਸੇ ਲਾ ਕੇ ਆਪਣੇ ਮੁੰਡੇ ਨੂੰ ਵਿਦੇਸ਼ ਭੇਜਣ ਲਈ ਹਰ ਦੂਜੇ ਤੀਜੇ ਦਿਨ ਫੋਨਾਂ ਦਾ ਸਿਲਸਿਲਾ ਅੱਜ ਵੀ ਬਰਕਰਾਰ ਹੈ। ਮੇਰੀ ਬੇਟੀ ਨੇ ਆਇਲੈਟਸ ਸੈਂਟਰ ’ਤੇ ਕੋਚਿੰਗ ਦੇਣ ਦੀ ਨੌਕਰੀ ਸ਼ੁਰੂ ਕਰ ਲਈ ਹੈ ਅਤੇ ਨਾਲ-ਨਾਲ ਵਿਦੇਸ਼ ਗਏ ਮੁੰਡੇ ਕੁੜੀਆਂ ਦੀਆਂ ਅਸਾਈਨਮੈਂਟ ਬਣਾਉਣ ਦਾ ਕੰਮ ਸ਼ੁਰੂ ਕਰ ਲਿਆ ਹੈ। ਉਨ੍ਹਾਂ ਵਿੱਚ ਬਹੁਤੇ ਮੁੰਡਿਆਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਇਸ ਅਸਾਈਨਮੈਂਟ ਵਿੱਚ ਲਿਖਿਆ ਕੀ ਹੈ, ਤੇ ਉਹ ਉਸ ਨੂੰ ਸਬਮਿੱਟ ਕਰਵਾਉਣ ਲਈ ਵੀ ਮਿਨਤਾਂ ਕੱਢਦੇ ਰਹਿੰਦੇ ਹਨ। ਪੰਜਾਬੀਓ!! ਅਸੀਂ ਕਰ ਕੀ ਰਹੇ ਹਾਂ? ਜਾ ਕਿੱਧਰ ਨੂੰ ਰਹੇ ਹਾਂ? ਜ਼ਰਾ ਸੋਚੋ!! ਸਿੱਖਿਆ ਦਾ ਵਪਾਰੀਕਰਨ ਹੋਣ ਕਰਕੇ ਪੜ੍ਹਾਈ ਦਾ ਮਿਆਰ ਅੱਜ ਲਗਭਗ ਖਤਮ ਹੋਣ ਕੰਢੇ ਹੈ! ਕਿਸੇ ਸਮੇਂ ਪੰਜਾਬ ਦੇ ਬਾਸ਼ਿੰਦੇ ਆਪਣੇ ਬੱਚਿਆਂ ਦੀ ਉਚੇਰੀ ਸਿੱਖਿਆ ਲਈ ਇਸ ਗੱਲੋਂ ਚਿੰਤਤ ਰਹਿੰਦੇ ਸਨ ਕਿ ਮੇਰੇ ਬੱਚੇ ਨੇ ਦਸਵੀਂ ਜਾਂ ਬਾਰ੍ਹਵੀਂ ਕਰ ਲਈ ਹੈ, ਹੁਣ ਅੱਗੇ ਕਿਹੜੇ ਕੋਰਸ ਵਿੱਚ ਉਸ ਨੂੰ ਦਾਖਲ ਕਰਵਾਇਆ ਜਾਵੇ, ਜਿਸ ਨਾਲ ਇਹ ਆਪਣੇ ਸਾਥੀਆਂ ਨਾਲ਼ੋਂ ਵੱਧ ਜਾਣਕਾਰੀ ਨਾਲ ਤਰੱਕੀ ਕਰਕੇ ਸਾਡਾ ਹੀ ਨਹੀਂ, ਬਲਕਿ ਆਪਣੇ ਪਿੰਡ ਜਾਂ ਸ਼ਹਿਰ ਦਾ ਨਾਮ ਰੋਸ਼ਨ ਕਰ ਸਕੇ। ਇਹ ਸਲਾਹਾਂ ਸਕੂਲ ਦੇ ਟੀਚਰਾਂ ਜਾਂ ਕਾਲਜ ਦੇ ਪ੍ਰੋਫੈਸਰਾਂ ਤੋਂ ਮਾਪੇ ਆਮ ਹੀ ਲੈਂਦੇ ਦੇਖੇ ਜਾਂਦੇ ਸਨ।

ਜਿਉਂ-ਜਿਉਂ ਸਮਾਂ ਬਦਲਦਾ ਗਿਆ ਤਿਉਂ-ਤਿਉਂ ਇਹ ਰੁਝਾਨ ਵੀ ਘਟਦਾ ਗਿਆ। ਪਿਛਲੇ ਸਮੇਂ ਦੌਰਾਨ ਕੰਧਾਂ ’ਤੇ ਚੰਗੇ ਸਕੂਲਾਂ ਜਾਂ ਕਾਲਜਾਂ ਦੀਆਂ ਮਸ਼ਹੂਰੀਆ ਵਾਲੀਆਂ ਪੱਟੀਆਂ ਆਮ ਹੀ ਲਿਖੀਆਂ ਦਿਸਦੀਆਂ ਸਨ, ਪ੍ਰੰਤੂ ਅੱਜ ਕਿਸੇ ਪਿੰਡ, ਸ਼ਹਿਰ, ਗਲੀ-ਚੁਰਾਹੇ ਨਜ਼ਰਾਂ ਮਾਰੋ, ਸਭ ਪਾਸੇ ਆਈਲੈਟਸ ਸੈਂਟਰਾਂ ਦੀਆਂ ਮਸ਼ਹੂਰੀਆਂ ਵਾਲੇ ਬੋਰਡਾਂ ਦੀ ਭਰਮਾਰ ਹੈ। ਬੱਚਿਆਂ ਅਤੇ ਮਾਪਿਆਂ ਨੂੰ ਭਰਮਾਉਣ ਲਈ ਉਨ੍ਹਾਂ ਉੱਪਰ ਸੱਤ, ਅੱਠ ਜਾਂ ਨੌਂ ਬੈਂਡ ਲੈਣ ਵਾਲੇ ਬੱਚਿਆਂ ਦੀਆਂ ਫੋਟੋਆਂ ਲਾਅ ਕੇ ਆਪਣੇ ਆਪ ਨੂੰ ਦੂਜੇ ਸੈਂਟਰਾਂ ਤੋਂ ਵੱਧ ਪ੍ਰਫੈਕਟ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਤਾਂ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਆਪਣੇ ਵੱਲ ਖਿੱਚਿਆ ਜਾਵੇ। ਸਾਡੇ ਪੰਜਾਬੀ ਹਰ ਸਾਲ ਆਈਲੈਟਸ ਕੋਰਸਾਂ ਦੀ ਪ੍ਰੀਖਿਆ ਫੀਸ ਲਈ ਚਾਰ ਸੌ ਪੰਜਾਹ ਕਰੋੜ ਤੋਂ ਵੱਧ ਖਰਚਾ ਕਰ ਰਹੇ ਹਨ। ਤੇ ਤਕਰੀਬਨ ਡੇਢ ਤੋਂ ਦੋ ਲੱਖ ਮੁੰਡੇ-ਕੁੜੀਆਂ ਹਰ ਸਾਲ ਵਿਦੇਸ਼ਾਂ ਵਿੱਚ ਸਟੱਡੀ ਵੀਜ਼ੇ ’ਤੇ ਪੰਜਾਬ ਛੱਡ ਕੇ ਜਾ ਰਹੇ ਹਨ। ਉਨ੍ਹਾਂ ਮੁੰਡੇ-ਕੁੜੀਆਂ ਉੱਤੇ ਹਰ ਸਾਲ ਸਤਾਈ ਹਜ਼ਾਰ ਕਰੋੜ ਰੁਪਏ ਸਲਾਨਾ ਖਰਚੇ ਜਾ ਰਹੇ ਹਨ।ਇਸ ਸਾਰੇ ਵਰਤਾਰੇ ਪਿਛਲੇ ਅਸਲੀ ਕਾਰਨਾਂ ਨੂੰ ਸਾਡੇ ਵੱਲੋਂ ਅੱਖੋਂ-ਪਰੋਖੇ ਕੀਤਾ ਜਾ ਰਿਹਾ ਹੈ। ਅੱਜ ਪੰਜਾਬ ਵਿੱਚ ਪੜ੍ਹਨ ਤੇ ਪੜ੍ਹਾਉਣ ਦਾ ਮਿਆਰ ਖਾਤਮੇ ਵੱਲ ਵਧ ਰਿਹਾ ਹੈ। ਮੁੰਡਿਆਂ ਦੇ ਮੁਕਾਬਲੇ ਕੁੜੀਆਂ ਪੜ੍ਹਨ ਵਿੱਚ ਠੰਢੇ ਤੇ ਸ਼ਾਂਤ ਸੁਭਾਅ ਕਾਰਨ ਹੁਸ਼ਿਆਰ ਹੁੰਦੀਆਂ ਹਨ। ਮੁੰਡਿਆਂ ਨੂੰ ਅਜੋਕੇ ਇੰਨਫਰਮੇਸ਼ਨ ਤੇ ਟੈਕਨਾਲੋਜੀ ਦੇ ਦੌਰ ਤੇ ਨਸ਼ੇ ਨੇ ਪੜ੍ਹਨ ਦੇ ਕਾਬਿਲ ਹੀ ਨਹੀਂ ਛੱਡਿਆ! ਮੁੰਡੇ ਦਿਮਾਗੀ ਤੌਰ ’ਤੇ ਪਛੜ ਗਏ ਹਨ। ਹਰੇਕ ਨੂੰ ਪਤਾ ਹੈ ਕਿ ਪੰਜਾਬ ਦੀ ਨੌਜੁਆਨੀ ਖਰਾਬ ਹੋ ਰਹੀ ਹੈ। ਮਾਪਿਆਂ ਦਾ ਇੱਕੋ ਚਾਰਾ ਹੈ ਕਿ ਕਿਸੇ ਵੀ ਤਰੀਕੇ ਇਨ੍ਹਾਂ ਨੂੰ ਬਚਾ ਕੇ, ਪੈਦਾ ਹੋਏ ਮਾੜੇ ਹਾਲਾਤ ਵਿੱਚੋਂ ਕੱਢਿਆ ਜਾਵੇ। ਸਾਡਾ ਸਿਸਟਮ ਤਾਂ ਬਰਬਾਦ ਹੋ ਹੀ ਚੁੱਕਾ ਹੈ। ਮਾਪਿਆਂ ਦੀ ਕੋਸ਼ਿਸ਼ ਹੈ ਕਿ ਆਪਣੇ ਪੁੱਤ ਨੂੰ ਬਚਾਉਣ ਲਈ ਜ਼ਮੀਨ ਜਾਂ ਕਿਸੇ ਹੋਰ ਤਰ੍ਹਾਂ ਦੇ ਧਨ ਦੀ ਕੁਰਬਾਨੀ ਦੇ ਕੇ, ਕਰਜ਼ਾ ਚੱਕ ਕੇ, ਕਿਸੇ ਵੀ ਜਾਇਜ਼ ਜਾਂ ਨਜਾਇਜ਼ ਤਰੀਕੇ ਬੈਂਡਾਂ ਵਾਲੀ ਕੁੜੀ ਨਾਲ ਅਸਲੀ ਜਾਂ ਨਕਲੀ ਵਿਆਹ ਕਰਕੇ ਛੇਤੀ ਤੋਂ ਛੇਤੀ ਕੁੜੀ ਦੇ ਮੋਢਿਆਂ ’ਤੇ ਚੜ੍ਹਾ ਕੇ ਇਸ ਦਲਦਲ ਵਿੱਚੋਂ ਬਾਹਰ ਕੱਢ ਦੇਈਏ।ਇਸੇ ਹੀ ਤਰੀਕੇ ਨੂੰ ਅਪਣਾ ਕੇ ਧਨੌਲਾ ਦੇ ਪਿੰਡ ਗੋਬਿੰਦਪੁਰਾ ਦੇ ਵਾਸੀ ਲਵਪ੍ਰੀਤ ਸਿੰਘ ਨੂੰ ਮਾਪਿਆਂ ਨੇ ਖੁੱਡੀ ਕਲਾਂ ਦੀ ਵਸਨੀਕ ਬੇਅੰਤ ਕੌਰ ਬਾਜਵਾ, ਨਾਲ ਵਿਆਹ ਕੇ ਕੈਨੇਡਾ ਨੂੰ ਸੁਪਨਿਆਂ ਵਿੱਚ ਵਸਾਇਆ ਸੀ। ਇਸਦੇ ਨਤੀਜੇ ਪਿਛਲੇ ਦਿਨੀਂ ਭਿਆਨਕ ਨਿਕਲੇ। ਲਵਪ੍ਰੀਤ ਨਾਲ ਬੇਅੰਤ ਕੌਰ ਨੇ ਦੂਰੀਆਂ ਨੂੰ ਕਿਸੇ ਕਾਰਨ ਵਧਾ ਕੇ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰ ਦਿੱਤਾ। ਅਜਿਹਾ ਸਭ ਕੁਝ ਸੋਸ਼ਲ ਮੀਡੀਆ ’ਤੇ ਦੇਖਣ ਸੁਣਨ ਨੂੰ ਮਿਲਿਆ ਹੈ। ਪ੍ਰੰਤੂ ਉਸ ਦੇ ਅਸਲ ਕਾਰਨ ਅਜੇ ਵੀ ਪੂਰੀ ਤਰ੍ਹਾਂ ਸਾਨੂੰ ਪਤਾ ਨਹੀਂ ਹਨ। ਸਿਰਫ ਉਹਨਾਂ ਦੋਨਾਂ ਦੇ ਮੋਬਾਇਲਾਂ ਦੀ ਆਪਸੀ ਚੈਟ ਨੂੰ ਪੜ੍ਹ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਖੁਦਕੁਸ਼ੀ ਤੋਂ ਪਹਿਲਾਂ ਤਾਂ ਕੋਈ ਹੋਰ ਗੱਲ ਬਾਹਰ ਨਿਕਲ ਕੇ ਨਹੀਂ ਆਈ ਸੀ। ਇਹ ਘਟਨਾ ਹੁਣ ਪੂਰੀ ਦੁਨੀਆਂ ਵਿੱਚ ਤਮਾਸ਼ਾ ਬਣ ਗਈ ਹੈ। ਅਜਿਹਾ ਕਰਕੇ ਬਾਹਰਲੇ ਮੁਲਕਾਂ ਦੀਆਂ ਸਰਕਾਰਾਂ ਨੂੰ ਅਸੀਂ ਭਲੀ-ਭਾਂਤ ਇਹ ਚਿੱਟੇ ਦਿਨ ਵਾਂਗ ਸਪਸ਼ਟ ਕਰ ਦਿੱਤਾ ਹੈ ਕਿ ਤੁਹਾਡੇ ਮੁਲਕਾਂ ਵਿੱਚ ਆਉਣ ਲਈ ਅਸੀਂ ਭਾਵੇਂ ਵਿੱਦਿਆ ਪੱਖੋਂ ਪਛੜੇ ਹਾਂ, ਪਰ ਜੁਗਾੜ ਲਾਉਣ ਵਿੱਚ ਸਾਡਾ ਕੋਈ ਸਾਨੀ ਨਹੀਂ ਹੈ, ਜਿਸ ਨਾਲ ਉਹ ਹੁਣ ਸਾਡੇ ਇਨ੍ਹਾਂ ਤੌਰ-ਤਰੀਕਿਆਂ ’ਤੇ ਅੰਕੁਸ਼ ਲਗਾਉਣ ਲਈ ਉਹ ਸੋਚਣਗੇ ਜ਼ਰੂਰ।

ਮੈਂਨੂੰ ਲਵਪ੍ਰੀਤ ਤੇ ਬੇਅੰਤ ਦੇ ਪਰਿਵਾਰ ਨਾਲ ਹਮਦਰਦੀ ਹੈ। ਪਰ ਕਿਤੇ ਨਾ ਕਿਤੇ ਦੋਹਾਂ ਪਰਿਵਾਰਾਂ ਦੇ ਮੁਖੀਆਂ ਕੋਲੋਂ ਗਲਤੀ ਤਾਂ ਜ਼ਰੂਰ ਹੋਈ ਹੈ, ਜਿਸ ਨਾਲ ਰੱਬ ਦੀ ਦਿੱਤੀ ਅਣਮੁੱਲੀ ਦਾਤ ਸਾਥੋਂ ਸਦਾ ਲਈ ਵਿੱਛੜ ਗਈ ਹੈ। ਇਹ ਉਮਰ ਹੀ ਕੱਚੀ ਹੁੰਦੀ ਹੈ। ਇਸ ਉਮਰੇ ਵਧੀਆ ਫੈਸਲੇ ਲੈਣੇ ਔਖੇ ਹਨ। ਨੌਜਵਾਨ ਭਾਵੁਕ ਜਲਦੀ ਹੁੰਦੇ ਹਨ। ਨਤੀਜੇ ਬੇਹੱਦ ਭਿਆਨਕ ਨਿਕਲਿਆ। ਪੰਜਾਬੀਓ ਸੰਭਲੋ! ਸਾਡੇ ਪੰਜਾਬੀਆਂ ਦੇ ਸੁਭਾਅ ਵਿੱਚ ਇਹ ਸ਼ਾਮਿਲ ਹੈ ਕਿ ਅਸੀਂ ਹਰ ਕੰਮ ਵਿੱਚ ਪਹਿਲਾ ਨੰਬਰ ਲੈਣ ਤੋਂ ਪਿੱਛੇ ਨਹੀਂ ਹਟਦੇ! ਦੇਖਿਓ ਕਿਤੇ … ਸੰਭਲ ਜਾਓ! ਜਵਾਨੀ ਨੂੰ ਬਚਾ ਲਵੋ।ਸਾਡੇ ਇਸ ਮੋਬਾਇਲ ਨੇ ਜਿੱਥੇ ਸਾਡੀਆਂ ਦੂਰੀਆਂ ਨੂੰ ਖਤਮ ਕੀਤਾ ਹੈ, ਉੱਥੇ ਨਾਲ-ਨਾਲ ਸਾਡੀਆਂ ਸ਼ਰਮ ਹਯਾ ਦੀਆਂ ਸਾਰੀਆਂ ਕੰਧਾਂ ਨੂੰ ਢਾਹ ਕੇ ਸਾਡੀਆਂ ਬੱਚੀਆਂ ਨੂੰ ਵਿਦੇਸ਼ੀ ਕਲਚਰ ਨਾਲ ਧੁਰ ਅੰਦਰ ਤਕ ਜੋੜ ਕੇ ਮਾਪਿਆਂ ਨੂੰ ਵੀ ਵਿਚਾਰੇ ਤੇ ਮਜਬੂਰੀ ਦੇ ਪਾਤਰ ਬਣਾਇਆ ਹੈ। ਇੱਕ ਸਮਾਂ ਸੀ, ਜਦੋਂ ਸਾਡੀਆਂ ਨੂੰਹਾਂ-ਧੀਆਂ, ਸਹੁਰੇ, ਜੇਠ ਜਾਂ ਓਪਰੇ ਬੰਦਿਆਂ ਤੋਂ ਪਰਦਾ ਕਰਦੀਆਂ ਸਨ। ਉਹ ਸ਼ਰਮ ਹਯਾ ਦਾ ਪੱਲਾ ਜਾਂਦਾ-ਜਾਂਦਾ ਸਾਡੇ ਤਨ ਢਕਣ ਵਾਲੇ ਕੱਪੜੇ ਵੀ ਨਾਲ ਲੈ ਗਿਆ। ਕਿਸੇ ਘਰ ਜਾ ਵੜੋ, ਨੂੰਹ-ਧੀ ਦੀ ਪਛਾਣ ਹੀ ਖ਼ਤਮ ਹੋ ਚੁੱਕੀ ਹੈ। ਇਸੇ ਕਲਚਰ ਵਿੱਚ ਸਾਡੀਆਂ ਬੱਚੀਆਂ ਗਲ-ਗਲ ਤਕ ਧਸ ਕੇ, ਮਾਪਿਆਂ ਤੋਂ ਬਾਹਰੀਆਂ ਹੋ ਕੇ, ਆਪਣੇ ਬੁਆਏ ਫ੍ਰੈਂਡ ਨਾਲ ਬੇਸ਼ਰਮ ਬਣ ਕੇ ਸਰੇ-ਆਮ ਘੁੰਮ ਰਹੀਆਂ ਹਨ। ਫਰੈਂਡ ਪੈਸੇ ਖਰਚ ਕੇ ਬਾਹਰ ਲਿਜਾਣ ਦੇ ਕਾਬਲ ਨਹੀਂ, ਪੈਸੇ ਖਰਚਣ ਵਾਲੇ ਨਾਲ ਤਾਂ ਫਿਰ ਅਜਿਹੀ ਅਣਹੋਣੀ ਹੀ ਵਾਪਰੇਗੀ। ਅਜਿਹੇ ਸੈਂਕੜੇ ਨੌਜਵਾਨਾਂ ਵੱਲੋਂ ਇਕੱਠੇ ਹੋ ਕੇ ਮਹਿਲਾ ਕਮਿਸ਼ਨ ਪੰਜਾਬ ਅੱਗੇ ਵੀ ਗੁਹਾਰ ਲਗਾਈ ਗਈ ਹੈ। ਉਨ੍ਹਾਂ ਨੇ ਕੈਨੇਡਾ, ਅਮਰੀਕਾ, ਇੰਗਲੈਂਡ ਜਾਂ ਨਿਊਜ਼ੀਲੈਂਡ ਜਾਣ ਵਾਸਤੇ ਪੱਚੀ-ਤੀਹ ਲੱਖ ਖਰਚ ਕੇ, ਕੱਚੇ ਜਾਂ ਪੱਕੇ ਵਿਆਹ ਕੀਤੇ ਸਨ। ਹੁਣ ਜਦੋਂ ਉਹ ਕੁੜੀਆਂ ਬੰਦਿਸ਼ਾਂ ਵਾਲਾ ਘਰ ਛੱਡ ਕੇ ਪਰੀ ਲੋਕ ਵਿੱਚ ਗਈਆਂ, ਉੱਥੋਂ ਦੇ ਕਾਬਿਲ ਨਹੀਂ ਸਨ। ਉੱਥੋਂ ਦੇ ਮੌਸਮ ਤੇ ਕਾਨੂੰਨ ਨੇ ਦਿਮਾਗ ਨੂੰ ਚੱਕ ਦਿੱਤਾ। ਹੁਣ ਉਹ ਪੰਜਾਬ ਵਾਲਾ ਲਾਡੀ ਕਿੱਥੇ ਚੰਗਾ ਲਗਦਾ ਹੈ। ਨਾਲ ਦੀਆਂ ਵੀ ਇਹ ਸਮਝਾਉਂਦੀਆਂ ਕਿ ਵੇਖੀਂ ਕਿਤੇ, ਝੁੱਡੂ ਨੂੰ ਬੁਲਾ ਲਏਂ। ਇੱਥੋਂ ਦੀਆਂ ਮੌਜਾਂ ਮੁੱਕ ਜਾਣਗੀਆਂ! ਫਿਰ ਕੁੜੀ ਦਾ ਦਿਮਾਗ਼ ਸੱਤਵੇਂ ਅਸਮਾਨ ’ਤੇ ਚੜ੍ਹਦਾ ਹੈ! ਆਪਣੇ ਆਪ ਨੂੰ ਅੰਗਰੇਜ਼ਣ ਸਮਝਣ ਲਗਦੀ ਹੈ।ਫਿਰ ਸੁਭਾਵਿਕ ਹੀ ਸਾਡੇ ਨੌਜੁਆਨ ਜਿਹੜੇ ਪੰਜ ਬੈਂਡ ਤੋਂ ਨਹੀਂ ਵਧਦੇ, ਹੁਣ ਪੁਲਿਸ ਥਾਣੇ ਜਾਂ ਕਚਹਿਰੀਆਂ ਦੇ ਗੇੜੇ ਕੱਢਦੇ ਹੋਏ ਨਾ ਘਰ ਦੇ ਰਹੇ ਨਾ ਘਾਟ ਦੇ। ਨਾ ਤਾਂ ਉਹ ਹੋਰ ਵਿਆਹ ਕਰਵਾ ਸਕਦੇ ਹਨ ਤੇ ਨਾ ਹੀ ਕਨੇਡਾ ਜਾ ਸਕਦੇ ਹਨ। ਮਾਪੇ ਅੱਡ ਦੁਖੀ! ਲੋਕ ਮੇਹਣੇ ਮਾਰਦੇ ਹਨ- ਆ ਗਿਆ ਕਨੇਡਾ, ਅਮਰੀਕਾ ਆਲਾ! ਫਿਰ ਅਜਿਹੇ ਹਾਦਸੇ ਵਾਪਰਨੇ ਲਾਜ਼ਮੀ ਹਨ।ਬਾਹਰ ਜਾਣ ਸਾਰ ਕੁੜੀ ਨੂੰ ਉੱਥੋਂ ਦਾ ਮੌਸਮ ਤੇ ਕਾਨੂੰਨ ਬਹੁਤ ਖੁੱਲਾਂ ਦਿੰਦਾ ਹੈ, ਪੰਜਾਬ ਦੇ ਮੁਕਾਬਲੇ! ਮਾਂ ਪਿਓ ਦੀਆਂ ਬੰਦਿਸ਼ਾਂ ਦੀਆਂ ਜ਼ੰਜੀਰਾਂ, ਜੋ ਹਰ ਵਕਤ ਉਸ ਦੇ ਪੈਰਾਂ ਵਿੱਚ ਰਹਿੰਦੀਆਂ ਸਨ, ਦਿੱਲੀ ਹਵਾਈ ਅੱਡੇ ’ਤੇ ਹੀ ਰਹਿ ਜਾਂਦੀਆਂ ਹਨ। ਸਾਰੀਆਂ ਸ਼ਰਮਾ ਦੇ ਝੱਗੇ ਲਹਿ ਜਾਂਦੇ ਹਨ। ਹੁਣ ਕੁੜੀ ਕੋਲ ਪੜ੍ਹਾਈ ਦਾ ਹੁਨਰ ਵੀ ਹੈ, ਦੂਜਾ ਦੇਸ਼ ਬਹੁਤ ਵਧੀਆ ਮਿਲ ਗਿਆ ਅਤੇ ਤੀਜਾ ਲੱਗੀ ਕਾਣੀ ਕੌਡੀ ਵੀ ਨਹੀਂ! ਉਸ ਕੁੜੀ ਨੂੰ ਆਪਣੀ ਜ਼ਿੰਦਗੀ ਆਪਣੇ ਢੰਗ ਨਾਲ ਜਿਊਣ ਦੀ ਇੱਛਾ ਪੈਦਾ ਹੋ ਜਾਂਦੀ ਹੈ। ਜਦੋਂ ਅਜਿਹੀ ਪੁਜੀਸ਼ਨ ਬਣ ਜਾਂਦੀ ਹੈ ਉਦੋਂ ਸੌਦੇ-ਸੂਦੇ ਕਿਹਦੇ ਯਾਦ ਰਹਿੰਦੇ ਹਨ। ਸਭ ਕੌਲ ਕਰਾਰ ਭੁੱਲ ਜਾਂਦੇ ਹਨ! ਫਿਰ ਤਾਂ ਉਸ ਦੀ ਇਹ ਮਾਨਸਿਕਤਾ ਹੁੰਦੀ ਹੈ, ਮਾਂ ਪਿਉ ਵੀ ਖਾਣ ਖਸਮਾ ਨੂੰ! ਉਦੋਂ ਜਿਨ੍ਹਾਂ ਦਾ ਪੈਸਾ ਦਾਅ ’ਤੇ ਲੱਗਾ ਹੁੰਦਾ ਹੈ, ਤੇ ਕੁੜੀ ਦੇ ਮਾਂ ਪਿਓ, ਦੋਨੋਂ ਹੀ ਨਿਰਾਸ਼ ਹੁੰਦੇ ਹਨ।

ਪੰਜਾਬੀਓ!! ਸੋਚੋ ਬਈ, ਇਹ ਕਲਚਰ ਅਸੀਂ ਆਪਣੇ ਹੱਥੀਂ ਆਪ ਹੀ ਪੈਦਾ ਕੀਤਾ ਹੈ। ਅਜਿਹਾ ਨਹੀਂ ਕਿ ਸਾਰੀਆਂ ਕੁੜੀਆਂ ਹੀ ਇਸੇ ਤਰ੍ਹਾਂ ਦੀਆਂ ਹਨ। ਭਾਵ ਇੱਕ ਲਿੱਬੜੀ ਮੱਝ ਸਾਰੀਆਂ ਨੂੰ ਲਿਬੇੜ ਦਿੰਦੀ ਹੈ! ਅੱਜ ਦੋਨੋਂ ਪਰਿਵਾਰਾਂ ਨੂੰ ਸਾਡੀ ਹਮਦਰਦੀ ਦੀ ਲੋੜ ਹੈ ਜੇਕਰ ਇੱਕ ਉਂਗਲ ਅਸੀਂ ਕਿਸੇ ਵੱਲ ਕਰਦੇ ਹਾਂ ਤਾਂ ਬਾਕੀ ਦੀਆਂ ਤਿੰਨ ਸਾਡੇ ਵੱਲ ਹੁੰਦੀਆਂ ਹਨ? ਅੱਜ ਤੋਂ ਪਿਛਲੇ ਪੰਦਰਾਂ ਸਾਲਾਂ ਵਾਲੇ ਸਮੇਂ ਵੱਲ ਜੇਕਰ ਨਜ਼ਰ ਮਾਰੀਏ ਤਾਂ ਉਦੋਂ ਸਾਡੇ ਪੰਜਾਬੀ ਮੁੰਡੇ ਜੋ ਬਾਹਰਲੇ ਮੁਲਕਾਂ ਵਿੱਚ ਪੱਕੇ ਸਨ, ਉਨ੍ਹਾਂ ਨੇ ਇੱਕ ਵਿਆਹ ਉੱਥੇ ਕਰਵਾ ਰੱਖਿਆ ਸੀ ’ਤੇ ਇੱਕ ਜਾਂ ਦੋ ਵਿਆਹ ਪੰਜਾਬ ਕਰਵਾ ਕੇ, ਫਿਰ ਕਦੇ ਵੀ ਇਨ੍ਹਾਂ ਪੰਜਾਬ ਵਿੱਚਲੀਆਂ ਲੜਕੀਆਂ ਨੂੰ ਨਾਲ ਲੈ ਕੇ ਨਹੀਂ ਗਏ। ਉਹ ਉਡੀਕਦੀਆਂ ਬੁੱਢੀਆਂ ਹੋ ਗਈਆਂ। ਹਰ ਦੂਜੇ ਤੀਜੇ ਸਾਲ ਪੰਜਾਬ ਆ ਕੇ ਉਨ੍ਹਾਂ ਨਾਲ ਰਾਤਾਂ ਨੂੰ ਰੰਗੀਨ ਬਣਾ ਕੇ, ਲਾਰਿਆਂ ਦੇ ਛਣਕਣੇ ਫੜਾ ਜਾਂਦੇ ਸੀ। ਉਨ੍ਹਾਂ ਨੂੰ ਨੱਥ ਪਾਉਣ ਵਾਲਾ ਉਦੋਂ ਕੋਈ ਨਹੀਂ ਸੀ। ਅੱਜ ਬੇਅੰਤ ਕੌਰ ਦੀ ਮਿੱਟੀ ਪੱਟਣ ਲਈ, ਇੱਥੋਂ ਤਕ ਕਿ ਉਸਦੀ ਮਾਂ ਨੂੰ ਵੀ ਲੋਕ ਪਤਾ ਨਹੀਂ ਕੀ ਕੁਝ ਕਹਿ ਕੇ ਆਪਣੀ ਭੜਾਸ ਕੱਢ ਰਹੇ ਹਨ। ਕਦੇ ਅਸੀਂ ਅਜਿਹਾ ਕਰਨ ਤੋਂ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਿਆ ਹੈ?ਕਿਸੇ ਦੇ ਘਰ ਲੱਗੀ ਅੱਗ ਨੂੰ ਅੱਜ ਅਸੀਂ ਬਸੰਤਰ ਸਮਝ ਰਹੇ ਹਾਂ, ਕੱਲ੍ਹ ਨੂੰ ਕਿਤੇ ਸਾਡੇ ਘਰ ਨਾ ਆ ਜਾਵੇ! ਉਹ ਪੁਰਾਣੇ ਸਮੇਂ ਯਾਦ ਕਰੋ ਜਦ ਪਿੰਡ ਦੀ ਨੂੰਹ-ਧੀ ਨੂੰ ਸਾਰਾ ਪਿੰਡ ਆਪਣੀ ਨੂੰਹ, ਧੀ ਸਮਝਦਾ ਸੀ। ਪਰ ਅੱਜ ਖਿੱਲੀ ਉਡਾਈ ਜਾਂਦੀ ਹੈ।ਇਹ ਸੌਦੇਬਾਜ਼ੀਆਂ ਅਸੀਂ ਪਹਿਲਾਂ ਸਭ ਕੁਝ ਜਾਣਦੇ ਬੁੱਝਦੇ ਹੋਏ ਕਰਕੇ, ਆਪਣੇ ਆਪ ਨੂੰ ਕਨੇਡਾ ਵਾਸੀ ਸਮਝ ਕੇ ਕਰਦੇ ਹਾਂ। ਸਾਡੇ ਕੋਲ ਪੈਸਾ ਹੈ ਤੇ ਮੁੰਡਾ ਨਿਖੱਟੂ ਹੈ! ਅਗਲਿਆਂ ਕੋਲ ਕੁੜੀ ਪੜ੍ਹੀ-ਲਿਖੀ ਤੇ ਹੁਨਰਮੰਦ ਹੈ। ਸਾਡੇ ਨੌਜੁਆਨਾਂ ਨੂੰ ਨਿਖੱਟੂ ਸਾਡੇ ਕਲਚਰ ਨੇ ਬਣਾਇਆ ਹੈ। ਟੈਲੀਵਿਜ਼ਨ ਅਤੇ ਯੂ-ਟਿਊਬ ਦੇ ਚੈਨਲਾਂ ਅਤੇ ਸਾਡੇ ਮਹਾਨ ਗਾਇਕਾਂ, ਜਿਨ੍ਹਾਂ ਨੂੰ ਸਾਡੀ ਨੌਜੁਆਨੀ ਆਪਣਾ ਮਾਰਗ ਦਰਸ਼ਕ ਸਮਝਦੀ ਹੈ, ਦੇ ਗਾਣਿਆਂ ਵਿੱਚ ਜੱਟ ਹਥਿਆਰਾਂ ਦਾ ਸ਼ੌਕੀ, ਕਤਲ, ਨਸ਼ੇ, ਪੇਸ਼ੀ ਪਤਾ ਨਹੀਂ ਕਿੱਥੇ ਪੈਂਦੀ ਹੈ, ਸੁਣਦੇ ਤੇ ਵੇਖਦੇ ਹਨ। ਫਿਰ ਅਸੀਂ ਆਸਾਂ ਲਾਈ ਬੈਠੇ ਹਾਂ ਕਿ ਸਾਡਾ ਕਾਕਾ ਅੱਠ ਬੈਂਡ ਲੈ ਕੇ ਕਨੇਡਾ ਜਾਊਗਾ। ਇਹ ਹੋ ਹੀ ਨਹੀਂ ਸਕਦਾ! ਸੂਝਵਾਨ ਲੋਕਾਂ ਨੂੰ ਇਹ ਸਿਸਟਮ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਨਹੀਂ ਤਾਂ ਇਹ ਬੇਅੰਤ ਕੌਰ ਜਾਂ ਲਵਪ੍ਰੀਤ ਇਕੱਲੇ ਨਹੀਂ ਹਨ, ਇਸ ਤਰ੍ਹਾਂ ਦੇ ਹਜ਼ਾਰਾਂ ਕੇਸ ਹਨ।ਅੱਜ ਤੋਂ ਤਕਰੀਬਨ ਸੱਤਰ-ਅੱਸੀ ਸਾਲ ਪਹਿਲਾਂ ਕੁੜੀਆਂ ਦੇ ਰਿਸ਼ਤੇ ਲਈ ਮੁੰਡੇ ਵਾਲਿਆਂ ਤੋਂ ਪੈਸੇ ਲਏ ਜਾਂਦੇ ਸਨ, ਜਿਸ ਨੂੰ ਉੱਖਲੀ ਭਰਾਉਣ ਜਾਂ ਚਾਦਰ ਵਿਛਾ ਲਈ ਦੇ ਨਾਮ ਜਾਣਿਆ ਜਾਂਦਾ ਸੀ। ਸਮਾਂ ਪਾ ਕੇ ਇਹ ਰੀਤ ਬੰਦ ਹੋ ਗਈ ਸੀ ਕਿਉਂਕਿ ਲੋਕਾਂ ਵਿੱਚ ਜਾਗਰਤੀ ਆਉਣ ਕਰਕੇ ਤੇ ਕਮਾਈ ਦੇ ਸਾਧਨ ਵਧਣ ਨਾਲ ਲੋਕ ਤਰੱਕੀ ਕਰ ਕੇ ਉਸ ਨੂੰ ਬੁਰਾ ਸਮਝਣ ਲੱਗੇ ਸਨ। ਫਿਰ ਇੱਕ ਸਮਾਂ ਅਜਿਹਾ ਆਇਆ ਕਿ ਮੁੰਡੇ ਵਾਲਿਆਂ ਨੇ ਦਾਜ ਦੇ ਨਾਲ-ਨਾਲ ਮਹਿੰਗੀਆਂ ਕਾਰਾਂ ਤੇ ਲੱਖਾਂ ਦੇ ਹਿਸਾਬ ਨਾਲ ਨਗਦੀ ਲੈਣੀ ਸ਼ੁਰੂ ਕਰ ਦਿੱਤੀ। ਕੁਦਰਤ ਬਲਵਾਨ ਹੈ ਹਰ ਚੀਜ਼ ਵਿੱਚ ਬਦਲਾਅ ਹੁੰਦਾ ਹੈ। ਅੱਜ ਫਿਰ ਦੁਬਾਰਾ ਕੁੜੀ ਵਾਲਿਆਂ ਵੱਲੋਂ ਆਪਣੀਆਂ ਲਾਡਲੀਆਂ ਧੀਆਂ ਨੂੰ ਬੈਂਡਾਂ ਵਾਲੇ ਸਿਸਟਮ ਨਾਲ ਮੁੰਡੇ ਨੂੰ ਕੈਨੇਡਾ, ਅਮਰੀਕਾ ਪਹੁੰਚਾਉਣ ਲਈ, ਪੱਚੀ-ਤੀਹ ਲੱਖ ਵਿੱਚ ਵੇਚਣ ਵਾਲੇ ਪੰਜਾਬੀਆਂ ਵੱਲੋਂ ਸ਼ੁਰੂ ਕਰਕੇ ਇਸ ਨੂੰ ਧੰਦੇ ਦੇ ਰੂਪ ਵਿੱਚ ਆਪਣਾ ਲਿਆ ਹੈ ਜੋ ਕਿ ਸਾਡੀਆਂ ਜ਼ਮੀਰਾਂ ’ਤੇ ਸਵਾਲੀਆ ਨਿਸ਼ਾਨ ਹੈ?

ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਨੂੰ ਬੰਦ ਕਰਕੇ ਹਰੇਕ ਬੱਚੇ ਦੀ ਪੜ੍ਹਾਈ ਲਈ ਆਪਣੇ ਤੌਰ ’ਤੇ ਪਹਿਲੀ ਕਲਾਸ ਤੋਂ ਹੀ ਵਿਦੇਸ਼ ਵਿੱਚ ਪੜ੍ਹਨ ਲਈ ਕਾਨੂੰਨ ਬਣਾਵੇ ਕਿਉਂਕਿ ਆਖਰ ਬਾਰ੍ਹਵੀਂ ਤੋਂ ਬਾਅਦ ਵਿੱਚ ਵੀ ਤਾਂ ਤੀਹ ਲੱਖ ਲਾ ਕੇ ਜਦ ਬੱਚੇ ਨੇ ਵਿਦੇਸ਼ ਜਾ ਕੇ ਹੀ ਪੱਕੇ ਤੌਰ ’ਤੇ ਰਹਿਣਾ ਹੈ ਤਾਂ ਫਿਰ ਇਹ ਸਲਾਨਾ ਆਈਲੈਟਸ ਅਤੇ ਸਟੱਡੀ ਵੀਜ਼ੇ ’ਤੇ ਖਰਚੇ ਜਾਣ ਵਾਲੇ ਅਠਾਈ ਸੌ ਕਰੋੜ ਰੁਪਏ ਤਾਂ ਬਚਣਗੇ। ਜੇਕਰ ਸਰਕਾਰ ਅਜਿਹਾ ਨਹੀਂ ਕਰ ਸਕਦੀ ਤਾਂ ਸਰਕਾਰ ਪੰਜਾਬ ਦੇ ਲੋਕਾਂ ਦੇ ਪ੍ਰਵਾਸ ਨੂੰ ਰੋਕਣ ਲਈ, ਨੌਕਰੀਆਂ, ਸਰਕਾਰੀ ਸਿਹਤ ਸਹੂਲਤਾਂ ਸਭ ਲਈ ਇੱਕੋ ਜਿਹੀਆਂ, ਸਰਕਾਰੀ ਪੜ੍ਹਾਈ ਸਭ ਲਈ ਇੱਕੋ ਜਿਹੀ, ਸ਼ੁੱਧ ਪੀਣ ਵਾਲਾ ਪਾਣੀ ਤੇ ਸ਼ੁੱਧ ਹਵਾ ਦਾ ਯੋਗ ਪ੍ਰਬੰਧ ਕਰੇ। ਨਹੀਂ ਤਾਂ ਲੋਕਾਂ ਨੇ ਇਸ ਦਿਨੋਂ-ਦਿਨ ਵਿਗੜਦੇ ਜਾ ਰਹੇ ਨਿਜ਼ਾਮ ਤੋਂ ਖਹਿੜਾ ਛੁਡਾਉਣ ਲਈ ਵਿਦੇਸ਼ ਜਾਣ ਵਾਲਾ ਰਾਹ ਤਾਂ ਚੁਣ ਹੀ ਲਿਆ ਹੈ, ਜਿਸ ਵਿੱਚ ਸਰਕਾਰ ਨੇ ਅੰਦਰਖਾਤੇ ਸਹਿਮਤੀ ਦਿੱਤੀ ਹੀ ਹੋਈ ਹੈ। ਖ਼ੈਰ, ਜੇਕਰ ਅਸੀਂ ਵਿਦੇਸ਼ ਜਾਣ ਵਾਲੇ ਸੁਭਾਅ ਨੂੰ ਨਾ ਬਦਲਿਆ ਤਾਂ ਪੰਜਾਬੀਓ ਯਾਦ ਰੱਖਿਓ! ਸਾਡੀਆਂ ਇਹ ਜ਼ਮੀਨਾਂ ਜੋ ਅਸੀਂ ਸੱਠ ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇ ’ਤੇ ਦਿੰਦੇ ਹਾਂ, ਇਨ੍ਹਾਂ ਨੂੰ ਬੰਜਰ ਹੁੰਦਿਆਂ ਦੇਰ ਨਹੀਂ ਲੱਗਣੀ! ਕਿਉਂਕਿ ਜਦ ਕੋਈ ਵਾਹੁਣ ਵਾਲਾ ਹੀ ਨਾ ਰਿਹਾ ਤਾਂ ਕੌਣ ਠੇਕੇ ’ਤੇ ਲਵੇਗਾ। ਸਾਰੇ ਤਾਂ ਵਿਦੇਸ਼ ਜਾ ਬੈਠਣਗੇ। ਸੂਝਵਾਨਾਂ ਨੇ ਤਾਂ ਆਪਣੇ ਬੱਚੇ ਪੀ.ਆਰ. ਕਰਵਾ ਕੇ ਆਪਣੀ ਸਾਰੀ ਜ਼ਮੀਨ ਵਿਕਾਊ ਕਰ ਛੱਡੀ ਹੈ। ਖਰੀਦਣ ਵਾਲੇ ਤਾਂ ਅੱਜ ਨਹੀਂ ਲੱਭਦੇ, ਫਿਰ ਉਦੋਂ ਕਿਸ ਨੇ ਬਹੁੜਨਾ ਹੈ? ਸੋਚਣ ਵਾਲੀ ਗੱਲ ਹੈ? ਭਰਾਵੋ ਅੱਜ ਹੀ ਸੰਭਲ ਜਾਓ, ਸਮਾਂ ਕਿਸੇ ਦਾ ਰੋਕਿਆ ਨਹੀਂ ਰੁਕਦਾ। ਆਪਣੀ ਮਸਤ ਚਾਲ ਚਲਦਾ ਹੀ ਰਹਿੰਦਾ ਹੈ।ਇਹਨਾਂ ਆਈਲੈਟਸ ਸੈਂਟਰਾਂ ਵਾਲੇ ਵਿਚੋਲਿਆਂ ਰਾਹੀਂ ਬੈਂਡਾਂ ਵਾਲੀਆਂ ਕੁੜੀਆਂ ਨਾਲ ਸੌਦੇਬਾਜ਼ੀ ਛੱਡ ਕੇ ਆਪਣੇ ਕਾਕਿਆਂ ਨੂੰ ਸਭ ਤੋਂ ਪਹਿਲਾਂ ਨੈਤਿਕਤਾ ਦਾ ਪਾਠ ਪੜ੍ਹਾਉਣ ਲਈ ਚਾਰਾਜੋਈ ਕੀਤੀ ਜਾਣੀ ਚਾਹੀਦੀ ਹੈ, ਆਈਲੈਟਸ ਦੇ ਬੈਂਡ ਤਾਂ ਆਪਣੇ ਆਪ ਹੀ ਭੱਜੇ ਆਉਣਗੇ! ਨਹੀਂ ਤਾਂ ਫਿਰ ਲਵਪ੍ਰੀਤ ਵਾਂਗ ਹੀ ਘਟਨਾਵਾਂ ਵਾਪਰਨਗੀਆਂ।

 

 ਇੰਜ. ਜਗਜੀਤ ਸਿੰਘ ਕੰਡਾ