ਸੋਮ ਪ੍ਰਕਾਸ਼ ਤੇ ਅਸ਼ਵਨੀ ਸ਼ਰਮਾ ਦਾ ਫੇਰ  ਕਿਸਾਨਾਂ ਵਲੋਂ ਘਿਰਾਉ     

ਸੋਮ ਪ੍ਰਕਾਸ਼ ਤੇ ਅਸ਼ਵਨੀ ਸ਼ਰਮਾ ਦਾ ਫੇਰ  ਕਿਸਾਨਾਂ ਵਲੋਂ ਘਿਰਾਉ     

 *ਪੁਲਿਸ ਨਾਲ ਵੀ ਧੱਕਾ-ਮੁੱਕੀ

*ਆਦਮਪੁਰ ਵਿੱਚ ਭਾਜਪਾ ਤੇ ਆਰਐੱਸਐੱਸ ਦਾ ਵਿਰੋਧ

*ਫਗਵਾੜਾ ਵਿੱਚ ਕਿਸਾਨ ਅਤੇ ਭਾਜਪਾਈ ਆਹਮੋ-ਸਾਹਮਣੇ

ਅੰਮ੍ਰਿਤਸਰ ਟਾਈਮਜ਼ ਬਿਉਰੋ

ਮੁਕੇਰੀਆਂ: ਖੇਤੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਆਗੂ ਲਗਾਤਾਰ ਕਿਸਾਨਾਂ ਦੇ ਵਿਰੋਧ ਦਾ ਸ਼ਿਕਾਰ ਹੋ ਰਹੇ ਹਨ। ਮੁਕੇਰੀਆਂ 'ਚ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ।ਇਸ ਮੌਕੇ ਕਿਸਾਨ ਨੇ ਕਿਹਾ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਆਗੂਆਂ ਦਾ ਵਿਰੋਧ ਜਾਰੀ ਰਹੇਗਾ।ਇਸ ਮੌਕੇ ਵਿਰੋਧ ਕਰ ਰਹੇ ਕਿਸਾਨਾਂ ਨੂੰ ਰੋਕਣ ਦੌਰਾਨ ਪੁਲਿਸ ਨਾਲ ਵੀ ਧੱਕਾ-ਮੁੱਕੀ ਹੋਈ।ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਦੀ ਮੋਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਉਦੋਂ ਤੱਕ ਭਾਜਪਾ ਆਗੂਆਂ ਨੂੰ ਪੰਜਾਬ 'ਚ ਨਾ ਮੀਟਿੰਗਾਂ ਕਰਨ ਦਿੱਤੀਆਂ ਜਾਣਗੀਆਂ ਅਤੇ ਨਾ ਹੀ ਪਿੰਡਾਂ 'ਚ ਵੜਨ ਦਿੱਤਾ ਜਾਏਗਾ।ਇਸੇਤਰ੍ਹਾਂ ਸੰਯੁਕਤ ਕਿਸਾਨ ਮੋਰਚੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਆਦਮਪੁਰ ਵਿੱਚ ਦੋਆਬੇ ਦੀਆਂ ਕਿਸਾਨ ਜਥੇਬੰਦੀਆਂ ਨੇ ਭਾਜਪਾ ਤੇ ਆਰਐੱਸਐੱਸ ਦਾ ਡਟਵਾਂ ਵਿਰੋਧ ਕੀਤਾ। ਕਿਸਾਨਾਂ ਨੇ ਦੱਸਿਆ ਕਿ ਗੁਰੂ ਪੂਰਨਿਮਾ ਮਨਾਉਣ ਲਈ ਆਰਐੱਸਐੱਸ ਕਾਰਕੁਨ ਆਦਮਪੁਰ ਵਿੱਚ ਸਮਾਗਮ ਕਰ ਰਹੇ ਸਨ ਪਰ ਸੂਹ ਮਿਲਦਿਆਂ ਹੀ ਵੱਡੀ ਗਿਣਤੀ ਵਿੱਚ ਕਿਸਾਨ ਇਸ ਸਮਾਗਮ ਦੇ ਵਿਰੋਧ ਲਈ ਇਕੱਠੇ ਹੋਣੇ ਸ਼ੁਰੂ ਹੋ ਗਏ।ਇਸ ਮਗਰੋਂ ਕਿਸਾਨਾਂ ਦੇ ਵਿਰੋਧ ਕਾਰਨ ਭਾਜਪਾ ਤੇ ਆਰਐੱਸਐੱਸ ਵਰਕਰਾਂ ਨੇ ਸਮਾਗਮ ਮੁਲਤਵੀ ਕਰ ਦਿੱਤਾ। ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਉਪ ਪ੍ਰਧਾਨ ਮੁਕੇਸ਼ ਚੰਦਰ, ਜਨਰਲ ਸਕੱਤਰ ਬਲਵਿੰਦਰ ਸਿੰਘ, ਸਕੱਤਰ ਦਵਿੰਦਰ ਸਿੰਘ, ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਹੋਣ ਤੱਕ ਕੇਂਦਰ ਦੀ ਮੋਦੀ ਸਰਕਾਰ ਦੇ ਹਮਾਇਤੀਆਂ ਨੂੰ ਕੋਈ ਸਮਾਗਮ ਨਹੀਂ ਕਰਨ ਦਿੱਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਦਿੱਲੀ ਵਿੱਚ ਚੱਲ ਰਹੇ ਸੰਘਰਸ਼ ਦੌਰਾਨ ਸਾਢੇ ਪੰਜ ਸੌਂ ਤੋਂ ਵੱਧ ਕਿਸਾਨ ਮਜ਼ਦੂਰ ਸ਼ਹੀਦ ਹੋ ਚੁੱਕੇ ਹਨ ਪਰ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਟੱਸ ਤੋਂ ਮੱਸ ਨਹੀਂ ਹੋ ਰਹੀ। ਭਾਰਤੀ ਜਨਤਾ ਪਾਰਟੀ ਦੇ ਆਗੂ ਅਸ਼ੋਕ ਦੁੱਗਲ ਦੇ  ਫਗਵਾੜਾ ਵਿਖੇ ਨਵੇਂ ਸੈਨੇਟਰੀ  ਦੇ ਉਦਘਾਟਨ ਮੌਕੇ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ, ਜਦੋਂ ਸਾਬਕਾ ਕੇਂਦਰੀ ਮੰਤਰੀ ਤੇ ਕੌਮੀ ਐੱਸਸੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਦੇ ਇੱਥੇ ਉਦਾਘਾਟਨ  ਕਰਨ ਲਈ ਪੁੱਜਣ ਬਾਰੇ  ਭਿਣਕ ਕਿਸਾਨਾਂ ਦੇ ਕੰਨੀਂ ਪੈ ਗਈ। ਕਿਸਾਨਾਂ ਨੇ ਇਕੱਠੇ ਹੋ ਕੇ ਭਾਜਪਾ ਆਗੂ ਦੇ ਪ੍ਰੋਗਰਾਮ ਦਾ ਵਿਰੋਧ ਕੀਤਾ, ਜਿਸ ਮਗਰੋਂ ਭਾਜਪਾ ਆਗੂ ਤੇ ਕਿਸਾਨ ਆਹਮੋ-ਸਾਹਮਣੇ ਹੋ ਗਏ।

ਜਾਣਕਾਰੀ ਮੁਤਾਬਕ ਭਾਜਪਾ ਯੁਵਾ ਮੋਰਚਾ ਦੇ ਆਗੂ  ਦਾ ਅੱਜ ਵਿਜੈ ਸਾਂਪਲਾ ਤੇ ਸੋਮ ਪ੍ਰਕਾਸ਼ ਨੇ ਉਦਘਾਟਨ ਕਰਨਾ ਸੀ। ਸੂਹ ਮਿਲਦਿਆਂ ਹੀ ਭਾਰਤੀ ਕਿਸਾਨ ਯੂਨੀਅਨ ਦੋਆਬਾ ਨੇ ਐਲਾਨ ਕੀਤਾ ਕਿ ਖੇਤੀ ਕਾਨੂੰਨ ਰੱਦ ਹੋਣ ਤੱਕ ਭਾਜਪਾ ਆਗੂਆਂ ਨੂੰ ਕਿਸੇ ਵੀ ਸਮਾਗਮ ’ਚ ਸ਼ਾਮਲ ਹੋਣ ਨਹੀਂ ਦਿੱਤਾ ਜਾਵੇਗਾ।ਮੌਕੇ ’ਤੇ ਮੌਜੂਦ ਪੁਲੀਸ ਅਧਿਕਾਰੀਆਂ ਨੇ ਕਿਸਾਨਾਂ ਨੂੰ ਅੰਦੋਲਨ ਸਮਾਪਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਨਿੱਜੀ ਸਮਾਗਮ ਹੈ ਪਰ ਕਿਸਾਨਾਂ ਦਾ ਕਹਿਣਾ ਸੀ ਕਿ ਉਹ ਸਾਂਪਲਾ ਦਾ ਵਿਰੋਧ ਕਰਨ ਆਏ ਹਨ। ਸਮਾਗਮ ਲਈ ਲੱਗਿਆ ਟੈਂਟ ਹਟਾ ਦਿੱਤਾ ਜਾਵੇ ਤਾਂ ਉਹ ਚਲੇ ਜਾਣਗੇ। ਇਸ ਮਗਰੋਂ ਕਿਸਾਨ ਟੈਂਟ ਨੇੜੇ ਪੁੱਜ ਗਏ ਅਤੇ ਇਸੇ ਦੌਰਾਨ ਭਾਜਪਾ ਆਗੂ ਵੀ ਵਿਰੋਧ ਲਈ ਬਾਹਰ ਆ ਗਏ ਤੇ ਇੱਕ-ਦੂਜੇ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕੁੱਝ ਕਿਸਾਨਾਂ ਨੇ ਟੈਂਟ ਦੇ ਰੱਸੇ ਖੋਲ੍ਹ ਦਿੱਤੇ, ਜਿਨ੍ਹਾਂ ਨੂੰ ਪੁਲੀਸ ਨੇ ਬੜੀ ਮੁਸ਼ਕਲ ਨਾਲ ਰੋਕਿਆ। ਮੌਕੇ ’ਤੇ ਮੌਜੂਦ ਐੱਸਐੱਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੋਵਾਂ ਧਿਰਾਂ ਦੇ ਕੁੱਝ ਵਿਅਕਤੀਆਂ ਦੀ ਮੀਟਿੰਗ ਕਰਵਾ ਕੇ ਮਾਮਲਾ ਸ਼ਾਂਤ ਕਰਵਾਇਆ। ਦੁਕਾਨ ਮਾਲਕ ਭਾਜਪਾ ਆਗੂ ਅਸ਼ੋਕ ਦੁੱਗਲ ਨੇ ਕਿਹਾ ਕਿ ਕਿਸਾਨਾਂ ਨੇ ਉਨ੍ਹਾਂ ਦੇ ਨਿੱਜੀ ਸਮਾਗਮ ’ਚ ਵਿਘਨ ਪਾ ਕੇ ਆਪਸੀ ਭਾਈਚਾਰੇ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਜਦੋਂ ਚੱਲਦੇ ਸਮਾਗਮ ’ਚ ਉਨ੍ਹਾਂ ਦਾ ਟੈਂਟ ਪੁੱਟਣ ਦੀ ਕੋਸ਼ਿਸ਼ ਕੀਤੀ ਗਈ ਤਾਂ ਭਾਜਪਾ ਕਾਰਕੁਨਾਂ ਨੂੰ ਇਨ੍ਹਾਂ ਦਾ ਵਿਰੋਧ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਸਮਾਗਮ ’ਚ ਵਿਜੈ ਸਾਂਪਲਾ ਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਸ਼ਾਮਲ ਹੋਣਾ ਸੀ ਪਰ ਕਿਸਾਨਾਂ ਦੇ ਵਿਰੋਧ ਕਾਰਨ ਉਨ੍ਹਾਂ ਨੂੰ ਪ੍ਰੋਗਰਾਮ ਰੱਦ ਕਰਨਾ ਪਿਆ। ਇਸੇ ਦੌਰਾਨ ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਵਿਜੈ ਸਾਂਪਲਾ ਨੂੰ ਬੇਨਤੀ ਕਰਕੇ ਸਮਾਗਮ ਵਾਲੀ ਥਾਂ ਤੋਂ ਕੁੱਝ ਦੂਰੀ ਤੋਂ ਵਾਪਸ ਮੋੜ ਦਿੱਤਾ।