ਨਕੋਦਰ ਬੇਅਦਬੀ ਕਾਂਡ ਦੀ ਜਾਂਚ ਰਿਪੋਰਟ ਬਾਰੇ ਨਵਾਂ ਖੁਲਾਸਾ

ਨਕੋਦਰ ਬੇਅਦਬੀ ਕਾਂਡ ਦੀ ਜਾਂਚ ਰਿਪੋਰਟ ਬਾਰੇ ਨਵਾਂ ਖੁਲਾਸਾ

ਬਾਦਲ ਦੇ ਮੁੱਖ ਮੰਤਰੀ ਹੁੰਦਿਆਂ ਰਿਪੋਰਟ ਵਿਧਾਨ ਸਭਾ 'ਚ ਹੋਈ ਸੀ ਪੇਸ਼
ਕੋਈ ਕਾਰਵਾਈ ਕਰਨ ਦੀ ਥਾਂ ਅਕਾਲੀ ਸਰਕਾਰ ਨੇ ਵੱਟੀ ਰੱਖੀ ਚੁੱਪੀ

ਜਲੰਧਰ/ਏਟੀ ਨਿਊਜ਼ :
ਨਕੋਦਰ ਬੇਅਦਬੀ ਕਾਂਡ ਬਾਰੇ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਬਣੇ ਦਬਾਅ ਦੇ ਚੱਲਦਿਆਂ ਵੱਡਾ ਖੁਲਾਸਾ ਹੋਇਆ ਹੈ। ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਹੁੰਦਿਆਂ ਹੋਇਆਂ ਇਹ ਰਿਪੋਰਟ ਮਾਰਚ 2001 ਵਿਚ ਵਿਧਾਨ ਸਭਾ 'ਚ ਰੱਖ ਦਿੱਤੀ ਗਈ ਸੀ ਪਰ ਅਕਾਲੀ ਸਰਕਾਰ ਵੱਲੋਂ ਇਸ ਰਿਪੋਰਟ 'ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਰਿਪੋਰਟ ਅਨੁਸਾਰ ਪੁਲੀਸ ਦੀ ਕਾਰਗੁਜ਼ਾਰੀ ਇਥੇ ਵੀ ਉਸੇ ਤਰ੍ਹਾਂ ਸ਼ੱਕੀ ਨਜ਼ਰ ਆਈ ਜਿਸ ਤਰ੍ਹਾਂ ਬਹਿਬਲ ਕਲਾਂ 'ਚ ਨਜ਼ਰ ਆਈ ਸੀ। ਇਹ ਵੀ ਜ਼ਾਹਰ ਹੋਇਆ ਹੈ ਕਿ ਜਸਟਿਸ ਗੁਰਨਾਮ ਸਿੰਘ ਉਸ ਵੇਲੇ ਇਸ ਰਿਪੋਰਟ ਦੇ ਨਾਲ-ਨਾਲ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਹੋਈ ਮੌਤ ਬਾਰੇ ਵੀ ਜਾਂਚ ਕਰ ਰਹੇ ਸਨ।
ਮਿਲੀ ਜਾਣਕਾਰੀ ਮੁਤਾਬਿਕ ਨਕੋਦਰ ਬੇਅਦਬੀ ਕਾਂਡ ਬਾਰੇ ਜਸਟਿਸ ਗੁਰਨਾਮ ਸਿੰਘ ਦੀ ਜਾਂਚ ਰਿਪੋਰਟ ਵਿਚ ਪੁਲੀਸ ਦੀ ਕਾਰਗੁਜ਼ਾਰੀ 'ਤੇ ਵੱਡੇ ਸਵਾਲ ਉਠਾਏ ਗਏ ਹਨ। 33 ਸਾਲ ਪਹਿਲਾਂ ਵਾਪਰੇ ਇਸ ਕਾਂਡ ਦੀ ਰਿਪੋਰਟ ਨੂੰ ਜਨਤਕ ਕਰਨ ਦੀ ਮੰਗ ਪੀੜਤ ਪਰਿਵਾਰਾਂ ਵੱਲੋਂ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕੀਤੀ ਜਾ ਰਹੀ ਸੀ। ਜਸਟਿਸ ਗੁਰਨਾਮ ਸਿੰਘ ਨੇ ਆਪਣੀ ਰਿਪੋਰਟ ਦੇ ਸਫ਼ਾ ਨੰਬਰ 49 'ਤੇ ਲਿਖਿਆ ਹੈ ਕਿ ਪੁਲੀਸ ਦੇ ਗੋਲੀਆਂ ਚਲਾਉਣ ਤੋਂ ਬਾਅਦ ਵੀ ਪੁਲੀਸ ਅਧਿਕਾਰੀ ਏਕੇ ਸ਼ਰਮਾ ਨੇ ਜ਼ਿਲ੍ਹਾ ਮੈਜਿਸਟਰੇਟ ਨੂੰ ਇਸ ਬਾਰੇ ਕੋਈ ਸੂਚਨਾ ਨਹੀਂ ਦਿੱਤੀ, ਜਦਕਿ ਉਸ ਵੇਲੇ ਜ਼ਿਲ੍ਹਾ ਮੈਜਿਸਟਰੇਟ ਉਨ੍ਹਾਂ ਕੋਲੋਂ ਇਕ ਕਿਲੋਮੀਟਰ ਹੀ ਦੂਰ ਸਨ। ਹਾਲਾਤ ਇਹ ਦਰਸਾਉਂਦੇ ਹਨ ਕਿ ਭੀੜ ਹਿੰਸਕ ਨਹੀਂ ਸੀ।
ਭੀੜ ਵਿਚ ਸ਼ਾਮਲ ਲੋਕਾਂ ਦਾ ਮੰਤਵ ਗੁਰਦੁਆਰੇ ਜਾਣਾ ਸੀ ਕਿਉਂ ਜੋ ਉਨ੍ਹਾਂ ਨੇ ਪਵਿੱਤਰ ਬੀੜਾਂ ਦਾ ਸਾੜਿਆ ਜਾਣਾ ਧਾਰਮਿਕ ਬੇਅਦਬੀ ਦੀ ਕਾਰਵਾਈ ਸਮਝਿਆ ਸੀ। ਜਸਟਿਸ ਗੁਰਨਾਮ ਸਿੰਘ ਨੇ ਆਪਣੀ ਰਿਪੋਰਟ ਵਿਚ ਪੁਲੀਸ ਵੱਲੋਂ ਕੀਤੇ ਇਸ ਦਾਅਵੇ ਨੂੰ ਵੀ ਝੁਠਲਾਇਆ ਹੈ ਕਿ ਭੀੜ ਕੋਲੋਂ ਦੋ ਪਿਸਤੌਲ ਤੇ ਹੋਰ ਮਾਰੂ ਹਥਿਆਰ ਬਰਾਮਦ ਹੋਏ ਸਨ। ਉਨ੍ਹਾਂ ਆਪਣੀ ਰਿਪੋਰਟ 'ਚ ਸਵਾਲ ਖੜ੍ਹਾ ਕੀਤਾ ਕਿ ਜਿਸ ਇੰਸਪੈਕਟਰ ਜਸਵੰਤ ਸਿੰਘ ਦੇ ਗੋਲੀ ਲੱਗਣ ਦਾ ਦਾਅਵਾ ਕੀਤਾ ਗਿਆ ਸੀ, ਉਸ ਗੋਲੀ ਦੀ ਫੌਂਰੈਂਸਿਕ ਜਾਂਚ ਕਿਉਂ ਨਹੀਂ ਕਰਵਾਈ ਗਈ? ਸਿਰਫ਼ ਇਹ ਕਹਿ ਦੇਣਾ ਕਿ ਜ਼ਖ਼ਮ ਵਿਚੋਂ ਛੱਰੇ ਵਰਗੀ ਚੀਜ਼ ਨਿਕਲੀ ਹੈ, ਹਨੇਰੇ ਵਿਚ ਰੱਖਣ ਵਾਲੀ ਗੱਲ ਹੈ ਤੇ ਸ਼ੱਕ ਪੈਦਾ ਕਰਦੀ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੁਲੀਸ ਨੇ ਜਿਹੜੇ ਵਿਅਕਤੀ ਗ੍ਰਿਫ਼ਤਾਰ ਕੀਤੇ ਸਨ ਉਨ੍ਹਾਂ ਨੂੰ ਕੇਵਲ ਲਾਠੀਆਂ ਤੇ ਤਲਵਾਰਾਂ ਨਾਲ ਲੈਸ ਹੀ ਦੱਸਿਆ ਗਿਆ ਸੀ। ਇਹ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿ ਭੀੜ ਵਾਲੇ ਵਿਅਕਤੀ ਭੱਜਦੇ ਸਮੇਂ ਘਟਨਾ ਵਾਲੇ ਥਾਂ 'ਤੇ ਦੇਸੀ ਪਿਸਤੌਲ ਤੇ ਖਾਲੀ ਕਾਰਤੂਸ ਛੱਡ ਗਏ ਸਨ। ਜਿਹੜੇ ਹੋਰ ਪੁਲੀਸ ਵਾਲਿਆਂ ਦੇ ਸੱਟਾਂ ਲੱਗਣ ਦਾ ਦਾਅਵਾ ਕੀਤਾ ਗਿਆ ਸੀ ਉਨ੍ਹਾਂ ਬਾਰੇ ਡਾਕਟਰ ਦੀ ਰਿਪੋਰਟ ਅਨੁਸਾਰ ਇਹ ਸੱਟ ਡਿੱਗਣ ਨਾਲ ਜਾਂ ਲਾਠੀ ਲੱਗਣ ਨਾਲ ਹੋ ਸਕਦੀ ਹੈ। ਇਹ ਵੀ ਕੋਈ ਗੰਭੀਰ ਸੱਟਾਂ ਨਹੀਂ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜ਼ਖਮੀ ਪੁਲੀਸ ਅਧਿਕਾਰੀਆਂ ਦੀਆਂ ਚੋਟਾਂ ਲਾਠੀਆਂ ਨਾਲ ਲੱਗੀਆਂ ਨਹੀਂ ਹੋ ਸਕਦੀਆਂ ਕਿਉਂਕਿ ਜਦੋਂ ਗੋਲੀ ਚਲਾਉਣ ਦਾ ਹੁਕਮ ਦਿੱਤਾ ਗਿਆ ਸੀ ਤੇ ਹੋਰ ਅੱਥਰੂ ਗੈਸ ਗੋਲੇ ਸੁੱਟੇ ਸਨ ਤਾਂ ਭੀੜ ਅਤੇ ਸੁਰੱਖਿਆ ਬਲਾਂ ਵਿਚ ਫਾਸਲਾ 15 ਤੋਂ 20 ਗਜ਼ ਦਾ ਸੀ।
ਰਿਪੋਰਟ ਵਿਚ ਪੁਲੀਸ ਦੇ ਇਸ ਦਾਅਵੇ ਨੂੰ ਵੀ ਝੁਠਲਾਇਆ ਗਿਆ ਹੈ ਕਿ ਭੀੜ ਕੋਲ ਇੱਟਾਂ-ਰੋੜੇ ਸਨ।