ਸ਼ਾਬਦਿਕ ਹਿੰਸਾ: ਕਹਿਣੀ ਤੌਹੀਦ, ਕਰਨੀ ਤੌਹੀਨ

ਸ਼ਾਬਦਿਕ ਹਿੰਸਾ: ਕਹਿਣੀ ਤੌਹੀਦ, ਕਰਨੀ ਤੌਹੀਨ

ਡਾ.ਸੇਵਕ ਸਿੰਘ
(ਫੋਨ ਸੰਪਰਕ : 9885 84313)

ਪੰਜਾਬ ਦੀ ਰਾਜਨੀਤੀ, ਸਮਾਜਕ ਜੀਵਨ ਅਤੇ ਸਭਿਆਚਰਕ ਪਿੜ ਵਿਚ ਓਹੀ ਕੁਝ ਹੋ ਰਿਹਾ ਹੈ ਜੋ ਸਾਡੇ ਸਮਾਜ ਦੇ ਸਭ ਤੋਂ ਸਿਆਣੇ ਬੰਦੇ ਗਿਆਨ ਦੇ ਖੇਤਰ ਵਿਚ ਕਰ ਰਹੇ ਹਨ। ਨਸ਼ਾ ਪਦਾਰਥਕ ਹੀ ਨਹੀਂ ਸਗੋਂ ਗਿਆਨ/ਅਗਿਆਨ ਦਾ ਵੀ ਹੁੰਦਾ ਹੈ। ਕੋਈ ਮਨੁੱਖੀ ਸਮਾਜ ਓਨਾ ਚਿਰ ਗੁਲਾਮੀ ਦਾ ਆਦੀ ਨਹੀਂ ਹੁੰਦਾ ਜਿੰਨਾ ਚਿਰ ਉਹ ਆਪਣੀ ਕਮਜੋਰੀ/ਮਜਬੂਰੀ ਦੀ ਹਾਲਤ ਵਿਚੋਂ ਸੁਆਦ ਲੈਣ ਦੇ ਨਸ਼ੇ ਨਹੀਂ ਲੱਗ ਜਾਂਦਾ। ਜਦੋਂ ਮਨੁੱਖੀ ਸਮਾਜ ਦਾ ਪੱਧਰ ਇਸ ਤਰ੍ਹਾਂ ਦਾ ਹੋ ਜਾਵੇ ਤਾਂ ਉਹ ਮਨੋਰੰਜਨ ਦੀ ਬੁਨਿਆਦੀ ਰੁਚੀ ਕਾਰਨ ਬੇਇਜਤੀ ਵਿਚੋਂ ਵੀ ਸੁਆਦ ਲੈਣਾ ਸ਼ੁਰੂ ਕਰ ਦਿੰਦਾ ਹੈ। ਅੱਜ ਸਾਡੇ ਲੋਕ ਨਾ ਸਿਰਫ ਬੇਇਜਤੀ ਬਰਦਾਸ਼ਤ ਕਰ ਹੀ ਰਹੇ ਹਨ ਸਗੋਂ ਆਪਣੀ ਅਤੇ ਆਪਣਿਆਂ ਦੀ ਬੇਇਜਤੀ ਵਿਚੋਂ ਵੀ ਸੁਆਦ ਲੈ ਰਹੇ ਹਨ। ਇਸ ਮਾਨਸਿਕ ਬੌਧਿਕ ਹਾਲਤ ਦੀ ਸਭ ਤੋਂ ਵੱਡੀ ਮਿਸਾਲ ਹੈ ਕਿ ਖਾਲਿਸਤਾਨ ਦੀਆਂ ਗੱਲਾਂ ਕਰਨ ਵਾਲੇ ਸੱਜਣਾਂ ਨੇ ਵੀ ਬਾਦਲ ਦਲ ਨੂੰ ਚੋਣਾਂ ਚ ਹਰਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾੜੇ ਹੋਏ ਅੰਗਾਂ ਦੀਆਂ ਤਸਵੀਰਾਂ ਅੱਗੇ ਅੱਗੇ ਭੇਜੀਆਂ। ਹਰ ਵਾਰ ਚੋਣਾਂ ਵੇਲੇ ਦਰਬਾਰ ਸਾਹਿਬ ਦੇ ਹਮਲੇ, ਸਿੱਖ ਕਤਲੇਆਮ ਅਤੇ ਬੇਪਤੀ ਨੂੰ ਜਿਵੇਂ ਉਛਾਲਿਆ ਅਤੇ ਵਰਤਿਆ ਜਾਂਦਾ ਹੈ, ਉਸ ਵਰਤਾਰੇ ਨੂੰ ਗਾਹਲਾਂ ਕੱਢ ਕੇ ਗੱਲ ਨਹੀਂ ਬਣਦੀ। ਜੇ ਕੋਈ ਭਾਵੁਕਤਾ ਕਰਕੇ, ਅਗਿਆਨਤਾ ਕਰਕੇ, ਲਹਿਰ ਅਤੇ ਖਾਲਿਸਤਾਨ ਤੋਂ ਭਗੌੜੇ ਹੋਣ ਕਰਕੇ ਜਾਂ ਕਿਸੇ ਵੀ ਹੋਰ ਕਾਰਨ ਕਰਕੇ (ਮੰਨ ਲਓ) ਗਾਹਲਾਂ ਕੱਢਦਾ ਹੈ ਤਾਂ ਕੋਈ ਦੂਜਾ ਜੋ ਆਪਣੇ ਆਪ ਨੂੰ ਉਸ (ਦੋਸ਼ੀ) ਨਾਲੋਂ ਕਿਸੇ ਵੀ ਤਰੀਕੇ ਵਧੀਆ ਸਮਝਦਾ ਅਤੇ ਸਿੱਧ ਕਰਦਾ ਹੈ ਤਾਂ ਉਸ ਲਈ ਇਹ ਗੱਲ ਸੋਭਾ ਵਾਲੀ ਕਿਵੇਂ ਹੈ ਕਿ ਉਹ ਉਹਨਾਂ ਬੁਰੇ ਸ਼ਬਦਾਂ ਨੂੰ ਝੰਡੀ ਬਣਾ ਕੇ ਘੁੰਮਾਉਂਦਾ ਫਿਰੇ? ਦੂਜੇ ਦੇ ਔਗੁਣ ਨਸ਼ਰ ਕਰਕੇ ਜਾਂ ਉਸ ਤੇ ਕਿਸੇ ਕਿਸਮ ਦੇ ਦੋਸ਼ ਲਾ ਕੇ ਆਪਣੇ ਆਪ ਨੂੰ ਵੱਡੇ/ਚੰਗੇ ਜਾਂ ਸਹੀ ਮੰਨਣਾ ਕਿਸ ਕਿਸਮ ਦੀ ਪਰਾਪਤੀ ਹੈ? ਕਿਸੇ ਵੀ ਦੂਜੇ ਦੀ ਗਲਤੀ ਕਿਸੇ ਹੋਰ ਲਈ ਵੱਡੇ ਹੋਣ ਦਾ ਪਰਵਾਨਾ ਕਿਵੇਂ ਬਣ ਸਕਦੀ ਹੈ?
ਇਸ ‘ਚਣੌਤੀ’ ਬਾਰੇ ਲਿਖਣ ਲਈ ਜਾਣਕਾਰਾਂ ਨੇ ਕਈ ਵਾਰ ਆਖਿਆ ਪਰ ਸਮਝਦਾਰਾਂ (ਖਾਸਕਰ ਜੋ ਦੋਵਾਂ ਸੱਜਣਾਂ ਨੂੰ ਜਾਣਦੇ ਸਨ) ਨੇ ਸਾਫ ਰੋਕਿਆ। ਮੈਂ ਮੰਨਦਾ ਹਾਂ ਕਿ ਇਹ ਕੋਈ ਵਿਚਾਰ ਚਰਚਾ ਨਹੀਂ ਏ ਪਰ ਮੈਨੂੰ ਲਗਦੈ ਜਦੋਂ ਕੋਈ ਵਾਰ-ਵਾਰ ਗਲਤ ਗੱਲਾਂ ਕਰ ਰਿਹਾ ਹੈ ਤਾਂ ਉਸ ਨੂੰ ਘੱਟੋ ਘੱਟ ਇਕ ਵਾਰ ਤਾਂ ਕਹਿਣਾ ਬਣਦਾ ਹੀ ਏ ਕਿ ਭਾਈ ਇਹ ਦਲੀਲਾਂ ਨਹੀਂ ਕੁਝ ਹੋਰ ਹੈ।
ਜੋ ਕਹਿਣ ਨੂੰ ਬਹਿਸ ਹੈ ਪਰ ਉਹ ਲਿਖਤ ਅਸਲ ਵਿਚ ਕਿਹੜਾ ਰੂਪ ਧਾਰਦੀ ਹੈ ਅਗਲੀਆਂ ਗੱਲਾਂ ਉਸ ਬਾਰੇ ਹਨ:
(1) ਚਰਚਾ ਮੁੱਦਾ 
1.1 ਚਿੰਤਨ
ਜਿਸ ਗੱਲ ਤੋਂ ਗੱਲ ਸ਼ੁਰੂ ਹੋਈ ਉਹ ਇਕ ਮੁਲਾਕਾਤ ਹੈ। ਇਸ ਮੁਲਾਕਾਤ ਵਿਚ ਸਰਦਾਰ ਅਜਮੇਰ ਸਿੰਘ ਨੇ ਉਹਨਾਂ ਲੋਕਾਂ ਦੀ ਸਮਝ ਤੇ ਵਿਹਾਰ ਬਾਰੇ ਗੱਲ ਕੀਤੀ ਜਿਨ੍ਹਾਂ ਵਿਚ ਉਹ ਆਪ ਅਤੇ ਉਹਨਾਂ ਦੇ ਹੱਕ/ਵਿਰੋਧ ਵਾਲੇ ਵੀ ਆਉਂਦੇ ਹਨ। ਮਸਲਾ ਇਹ ਹੈ ਕਿ ਅਜਮੇਰ ਸਿੰਘ ਨੇ (ਬਹੁਤ ਪਛੜ ਕੇ) ਪਿਛਲੇ ਕੁਝ ਸਮੇਂ ਤੋਂ ਪੱਛਮੀ ਚਿੰਤਨ ਬਾਰੇ ਬੋਲਣਾ ਸ਼ੁਰੂ ਕੀਤਾ ਹੈ। ਅਜੇ ਵੀ ਉਹ ਉਸ ਦੀਆਂ ਦੋ ਪਰਤਾਂ (ਗਿਆਨ ਪ੍ਰਬੰਧ ਅਤੇ ਰਾਜ ਪ੍ਰਬੰਧ) ਦੀਆਂ ਘਾਟਾਂ ਜਾਂ ਬੁਰਾਈਆਂ ਦੀ ਗੱਲ ਹੀ ਕਰ ਰਹੇ ਹਨ। ਉਹੀ ਗੱਲਾਂ ਜੋ ਡਾ. ਗੁਰਭਗਤ ਸਿੰਘ ਅਤੇ ਹਰਿੰਦਰ ਸਿੰਘ ਮਹਿਬੂਬ, ਪ੍ਰੋ. ਪੂਰਨ ਸਿੰਘ, ਭਾਈ ਵੀਰ ਸਿੰਘ ਅਤੇ ਭਾਈ ਰਣਧੀਰ ਸਿੰਘ ਅਤੇ ਰਬਿੰਦਰ ਨਾਥ ਟੈਗੋਰ ਨੇ ਵੀ ਪਹਿਲਾਂ ਕਹਿ ਦਿੱਤੀਆਂ ਸਨ। ਜੇ ਗੱਲ ਸਿਧਾਂਤਕ ਵਿਰੋਧ ਤੱਕ ਸੀਮਤ ਹੁੰਦੀ ਤਾਂ ਸੱਚਮੁੱਚ ਵਿਚਾਰ ਵਰਗੀ ਹੋਣੀ ਸੀ ਕਿਉਂਕਿ ਇਸ ਕਿਸਮ ਦੀ ਚਰਚਾ ਵਿਚ ਇਤਰਾਜ ਸੁਕਰਾਤ ਪਲੈਟੋ ਦੇ ਵੇਲਿਆਂ ਤੋਂ ਹੁੰਦੇ ਆਏ ਹਨ।ਦੁਨੀਆ ਵਿਚ ਕਿਸੇ ਵੀ ਵੇਲੇ ਦੇ ਸਾਰੇ ਸਿਆਣੇ ਰਾਜ ਦੇ ਕਿਸੇ ਵੀ ਇਕ ਰੂਪ ਨਾਲ ਸਹਿਮਤ ਨਹੀਂ ਰਹੇ ਹਨ।
1.2 ਮਾਰਕਸੀ ਸਮਝ ਦਾ ਮਾਮਲਾ
ਸਰਦਾਰ ਕਰਮਜੀਤ ਸਿੰਘ ਨੇ ਲਿਖਿਆ ਹੈ ਕਿ ਅਜਮੇਰ ਸਿੰਘ ਨੂੰ ਗੁਰਬਾਣੀ ਅਤੇ ਇਤਿਹਾਸ (ਖਾਸ ਕਰਕੇ ਵਰਤਮਾਨ) ਦੀ ਸਮਝ ਨਹੀਂ ਹੈ। ਇਸੇ ਗੱਲ ਨੂੰ ਅਜਮੇਰ ਸਿੰਘ ਨੇ ਉਹਨਾਂ ਦੇ ਲਿਖਣ ਤੋਂ ਪਹਿਲਾਂ (ਟੁਟਵੇਂ ਰੂਪ ਵਿਚ) ਕਈ ਵਾਰ ਕਈ ਥਾਂ ਮੰਨਿਆ ਹੈ ਕਿ ਕਾਮਰੇਡੀ ਪਿਛੋਕੜ ਹੋਣ ਕਰਕੇ ਉਹਨਾਂ ਨੂੰ ਗੁਰਬਾਣੀ ਦੀ ਸਮਝ ਨਹੀਂ ਹੈ। ਜਿਸ ਬੰਗਲੌਰ ਵਾਲੇ ਵਿਖਿਆਨ ਦੀ ਚਰਚਾ ਹੋਈ ਹੈ ਉਸ ਦੇ ਸ਼ੁਰੂ ਵਿਚ ਇਹ ਜਿਕਰ ਹੈ ਕਿ ‘ਮੇਰੀ ਕੋਈ ਘਾਟ ਹੈ ਅਜੇ ਮੈਂ ਅੰਮ੍ਰਿਤ ਨਹੀਂ ਛਕਿਆ’। ੪ ਜੂਨ ੨੦੧੬ ਨੂੰ ਕਿਸਾਨ ਭਵਨ, ਚੰਡੀਗੜ੍ਹ ਵਿਖੇ ਹੋਈ ਗੱਲਬਾਤ ਵਿਚ ਵੀ ਆਪਣੇ ਕਾਮਰੇਡੀ ਪਿਛੋਕੜ ਦਾ ਜਿਕਰ ਕੀਤਾ ਹੈ। ਇਕ ਤਰ੍ਹਾਂ ਨਾਲ ਦੋਵਾਂ ਸੱਜਣਾਂ ਨੇ ਤਸਦੀਕ ਕੀਤਾ ਹੈ ਕਿ ਕਾਮਰੇਡੀ ਸਮਝ ਨਾਲ ਸਿੱਖੀ ਨੂੰ ਨਹੀਂ ਸਮਝਿਆ ਜਾ ਸਕਦਾ।ਬੰਦਾ ਆਪਣੀ ਜੋ ਘਾਟ ਆਪ ਮੰਨੇ ਉਸ ਨੂੰ ਓਸੇ ਦਾ ਮਿਹਣਾ ਦੇਣਾ?
1.3 ਚਰਚਾ
ਸਰਦਾਰ ਕਰਮਜੀਤ ਸਿੰਘ ਨੇ ਸਿਧਾਂਤਕ ਚਰਚਾ ਵਜੋਂ ਅਜਮੇਰ ਸਿੰਘ ਦਾ ਕਿਰਦਾਰ ਇਸ ਤਰ੍ਹਾਂ ਚਿਤਰਿਆ ਹੈ:
J ”ਇਸ ਸਿੱਖ ਵਿਦਵਾਨ ਨੇ ਖ਼ਾਲਿਸਤਾਨ ਲਈ ਹਜ਼ਾਰਾਂ ਵੀਰਾਂ ਤੇ ਭੈਣਾਂ ਦੇ ਡੁੱਲ੍ਹੇ ਖੂਨ ਨੂੰ ਅਣਦੇਖਿਆ ਅਤੇ ਅਣਗੌਲਿਆ ਕਰਕੇ ਇਹ ਸੰਦੇਸ਼ ਦਿੱਤਾ ਹੈ ਕਿ ਉਹ ਸਾਰਾ ਸੰਘਰਸ਼ ਹੀ ਗਲਤ ਸੀ”।
J ”ਸੰਤ ਜਰਨੈਲ ਸਿੰਘ ਦੀ ਸਖਸ਼ੀਅਤ ਦੇ ਦਿਮਾਗੀ ਦੀਦਾਰ ਤਾਂ ਕੀਤੇ ਹਨ ਪਰ ਰੂਹਾਨੀ ਦੀਦਾਰ ਨਹੀਂ ਕਰ ਸਕੇ”।
J ”ਖ਼ਾਲਿਸਤਾਨ ਉਹਨਾਂ ਦੀ ਆਪਣੀ ਇੱਛਾ ਜਾਂ ਮਰਜ਼ੀ ਦਾ ਹਿੱਸਾ ਹੀ ਨਹੀਂ ਹੈ”।
J ਸਿੱਖਾਂ ਦੇ ਗਲ਼ (ਦੂਜੀ/ਤੀਜੀ) ਗੁਲਾਮੀ ਪੱਕੀ ਕਰਨਾ ਚਾਹੁੰਦਾ ਹੈ।
J ”ਦੋ ਮਿੰਟ ਵੀ ਨਹੀਂ ਬੈਠ ਸਕਦੇ ਅਜਮੇਰ ਸਿੰਘ ਖ਼ਾਲਿਸਤਾਨੀਆਂ ਨਾਲ”
ਖੋਜ ਵਿਧੀ ਦਾ ਸਿਧਾਂਤ ਵਰਤਦਿਆਂ ਉਹਨਾਂ ਨੇ ਪਹਿਲਾਂ ਮੁਸ਼ਕਲ ਲੱਭੀ, ਸਮੱਗਰੀ ਇਕੱਠੀ ਕੀਤੀ ਅਤੇ ਜੋ ਲੱਭਤਾਂ ਕੀਤੀਆਂ ਉਹਨਾਂ ਵਿਚੋਂ ਕੁਝ ਉਪਰ ਲਿਖੀਆਂ ਹਨ। ਲੱਭਤਾਂ ਦੇ ਅਧਾਰ ਤੇ ਜੋ ਸਿਧਾਂਤ ਸਾਹਮਣੇ ਲਿਆਂਦਾ ਉਸ ਬਾਰੇ ਸ. ਕਰਮਜੀਤ ਸਿੰਘ ਦੀ ਆਪਣੇ ਦੋਸਤਾਂ ਨਾਲ ਚਰਚਾ ਹੋਈ ਹੈ।
(2) ਚਰਚਾ ਘੇਰਾ
ਸਰਦਾਰ ਕਰਮਜੀਤ ਸਿੰਘ ਨੇ ਆਪਣੀ ਚਿਰੋਕਣੀ ਇੱਛਾ ਅਧੀਨ ਵੱਡਾ ਘੇਰਾ ਵਗਲਣ ਲਈ ਇਸ ਤਰ੍ਹਾਂ ਮਿਹਨਤ ਕੀਤੀ ਹੈ:
J ਕਾਮਰੇਡ ਭਾਈਆਂ ਦਾ ਲਾਹਾ ਲੈਣ ਸਿੱਖਾਂ ਪ੍ਰਤੀ ਕਿਸੇ ਤਰ੍ਹਾਂ ਦਾ ਝੁਕਾਅ ਰੱਖਣ ਵਾਲੇ ਮਰਹੂਮ ਕਾਮਰੇਡ ਸੱਜਣਾਂ (ਪ੍ਰੋ. ਕਿਸ਼ਨ ਸਿੰਘ ਤੇ ਸੰਤ ਸਿੰਘ ਸੇਖੋਂ) ਨੂੰ ਵੀ ਅਜਮੇਰ ਸਿੰਘ ਵਾਲੀ ਕਤਾਰ ਵਿਚ ਖੜ੍ਹਾ ਕੇ ਰੱਦਿਆ ਹੈ। ਦੂਜੇ ਪਾਸੇ ਘੇਰਾ ਵੱਡਾ ਕਰਦਿਆਂ ਉਹਨਾਂ ਨੇ ਕਾਲ ਦੀਆਂ ਹੱਦਾਂ ਪਾਰ ਕਰਕੇ ਸਰਦਾਰ ਭਗਤ ਸਿੰਘ ਨੂੰ ਸਿੱਖ ਨੈਸ਼ਨਲ ਕਾਲਜ ਲਾਹੌਰ ਵਿਚ ਪੜ੍ਹਨ ਲਾਇਆ। ਤੀਜਾ ਉਹਨਾਂ ਨੇ ਇਹ ਸਿੱਧ ਕੀਤਾ ਕਿ ਅਜਮੇਰ ਸਿੰਘ ਦਾ ਕਾਮਰੇਡਾਂ ਨੂੰ ਛੱਡਣ ਦਾ ਕਾਰਨ ਸਿਧਾਂਤਕ ਨਹੀਂ ਸੀ ਸਗੋਂ ਉਹ ਆਪਣੀ ‘ਖਿਝੂ-ਖਿਝੂ ਮਾਨਸਿਕਤਾ’ ਕਰਕੇ ਉਹਨਾਂ ਨੂੰ ਛੱਡ ਕੇ ਆਏ।
J ਮਾਨ ਸਾਹਿਬ ਦੇ ਸਮਰਥਕਾਂ ਨੂੰ ਨਾਲ ਲੈਣ ਲਈ ਬਫਰ ਸਟੇਟ ਬਾਰੇ ਵਿਕੀਪੀਡੀਆਂ ਦਾ ਪੰਨਾ ਪੜ੍ਹਿਆ, ਮਾਨ ਸਾਹਿਬ ਦੇ ਪਰਮਾਣੂ ਜੰਗ ਵਾਲੇ ਬਿਆਨ ਨੂੰ ਵੱਡੀ ਸਿਆਣਪ ਕਿਹਾ ਅਤੇ ਦੇਸ਼ ਕਾਲ ਤੋਂ ਉਪਰ ਉਠ ਕੇ ਪੰਜਾਬ ਨੂੰ ਕਸ਼ਮੀਰ ਵਾਲੀ ਜੀਓ ਪੋਲੋਟੀਕਲ ਥਾਂ ਵਿਚ ਪਾ ਦਿੱਤਾ।
J ਸਾਰੇ ਖਾਲਿਸਤਾਨੀਆਂ ਨੂੰ ਨਾਲ ਲੈਣ ਦਾ ਜਿਕਰ ਅੱਗੇ ੩.੨ (ਦੋ ਮਿੰਟ ਵੀ ਨਹੀਂ ਬੈਠ ਸਕਦੇ) ਵਾਲੇ ਹਿੱਸੇ ਵਿਚ ਹੈ।
J ਸ਼ੱਕ-ਸਿਧਾਂਤ ਅਧੀਨ ਅਜਮੇਰ ਸਿੰਘ ਦੀਆਂ ਗੱਲਾਂ ਖਾਲਿਸਤਾਨ ਦਾ ਲੁਕਵਾਂ ਵਿਰੋਧ ਕਰਨ ਅਤੇ ਸਿੱਖਾਂ ਨੂੰ ਭੁਲੇਖਾ ਦੇਣ ਦੀਆਂ ਚਾਲਾਂ ਹਨ।
J ਤੀਜੀ ਅੱਖ ਨਾਲ ਵੇਖਣ ਅਤੇ ਅਣਕਹੇ ਨੂੰ ਸੁਣਨ ਦੇ ਦਾਅਵੇ ਅਤੇ ”ਪਹਿਲਾਂ ਹੀ ਪਤਾ ਸੀ”, ”ਪਤਾ ਹੀ ਸੀ”, ”ਅਗਾਊਂ ਪਤਾ ਸੀ” ਆਦਿ ਲਿਖ ਕੇ ਆਪਣੇ ਸਰਬਕਾਲੀ ਸਰਬ ਗਿਆਤਾ ਹੋਣ ਦਾ ਸਬੂਤ ਵੀ ਦਿੱਤਾ।
(3) ਚਰਚਾ ਦੇ ਨਾਅਰੇ
ਸ਼ਰਦਾਰ ਕਰਮਜੀਤ ਸਿੰਘ ਨੇ ਅਲੰਕਾਰਕ ਵਿਧੀ ਨਾਲ ਜਿਵੇਂ ਗੱਲਾਂ ਨਾਅਰੇ ਬਣਾਈਆਂ ਹਨ:
”ਇਹਨਾਂ ਅਫਸੋਸਨਾਕ ਟਿੱਪਣੀਆਂ ਨਾਲ ਸਾਰੀ ਦੁਨੀਆ ਵਿਚ ਹੈਰਾਨੀ, ਉਦਾਸੀ, ਮਾਯੂਸੀ, ਰੋਸ ਤੇ ਗੁੱਸੇ ਦਾ ਮਾਹੌਲ ਪੈਦਾ ਹੋ ਗਿਆ”।
‘ਸਾਰੀ ਦੁਨੀਆ’: ਇਸ ਟਿੱਪਣੀ ਵਿਚਲੀ ‘ਸਾਰੀ ਦੁਨੀਆ’ ਨੂੰ ਵੇਖੋ ਤਾਂ ਪਹਿਲਾਂ ਪੰਜਾਬੀਆਂ, ਫਿਰ ਸਿੱਖਾਂ, ਅੱਗੋਂ ਖਾਲਸਤਾਨੀਆਂ ਫਿਰ ਅਜਮੇਰ ਸਿੰਘ ਪੱਖੀਆਂ, ਅੰਤ ਉਹਨਾਂ ਚ ਕੁਝ ਬੁਰਾ ਮੰਨਣ ਵਾਲਿਆਂ ਤੱਕ ਸਿਮਟ ਜਾਂਦੀ ਹੈ।
‘ਡਿਸਗਸਟਿੰਗ’ ਸ਼ਬਦ ਵਾਲੇ ਪੂਰੇ ਬੋਲ ਨੂੰ ਇਕ ਵਾਰ ਵੀ ਸਹੀ ਨਹੀਂ ਲਿਖਿਆ ਜਿਸ ਵਾਕ ਵਿਚ ਇਹ ਸ਼ਬਦ ਆਇਆ ਸੀ।ਉਹਨਾਂ ਬੋਲਾਂ ਬਾਰੇ ਵੀ ਗੱਲ ਕਰਨੀ ਜਰੂਰੀ ਹੈ ਜੋ ਉਹਨਾਂ ਨੇ ਸਿਧਾਂਤਕ ਬਹਿਸ ਲਈ ਵਰਤੇ ਹਨ।
3.1 ਡਿਸਗਸਟਿੰਗ
ਸਰਦਾਰ ਕਰਮਜੀਤ ਸਿੰਘ ਨੇ ਸ਼ਬਦ ਦੀ ਬਹੁਤ ਵਰਤੋਂ ਚਰਚਾ ਕੀਤੀ ਹੈ। ਮਿਸਾਲ ਵਜੋਂ:
J ”ਉਹਨਾਂ ਨੇ ਖ਼ਾਲਿਸਤਾਨੀਆਂ ਬਾਰੇ ਡਿਸਗਸਟਿੰਗ (4isgusting) ਸ਼ਬਦ ਵਰਤਿਆ, ਜਿਸ ਦਾ ਡਿਕਸ਼ਨਰੀ ਮਤਲਬ ਹੈ: ਅੱਕ ਜਾਣਾ ਜਾਂ ਘਿਰਣਾ ਕਰਨਾ। ਦੂਜੇ ਸ਼ਬਦਾਂ ਵਿਚ ਉਹ ਖ਼ਾਲਿਸਤਾਨੀਆਂ ਤੋਂ ਅੱਕ ਚੁੱਕੇ ਹਨ ਅਤੇ ਉਹਨਾਂ ਨੂੰ ਘਿਰਣਾ ਦੀ ਨਿਗ੍ਹਾ ਨਾਲ ਦੇਖਦੇ ਹਨ”।
J ”ਖ਼ਾਲਿਸਤਾਨੀ ਉਹਨਾਂ ਲਈ ‘ਡਿਸਗਸਟਿੰਗ’ ਵਰਗ ਵਿਚ ਆ ਗਏ ਜਿਹਨਾਂ ਕੋਲ ਦੋ ਮਿੰਟ ਬੈਠਣ ਲਈ ਵੀ ਉਹਨਾਂ ਨੂੰ ਕਚਿਆਣ ਮਹਿਸੂਸ ਹੁੰਦੀ ਹੈ”।
J ”ਉਨ੍ਹਾਂ ਨੂੰ ਖਾਲਿਸਤਾਨੀਆਂ ਤੋਂ ਕਚਿਆਣ (ਡਿਸਗਸਟਿੰਗ) ਆਉਂਦੀ ਹੈ”।(ਦੂਜਾ ਲੇਖ)
J ”ਅਜਮੇਰ ਸਿੰਘ ਵਲੋਂ ਸਰਬ ਸਾਂਝੇ ਤੌਰ ‘ਤੇ ਕੀਤੇ ਅਪਮਾਨ ਦਾ ਰੂਪ ਇਸ ਸਾਬਕਾ ਖਿਡਾਰੀ ਨੂੰ ਮਹਿਸੂਸ ਨਹੀਂ ਹੋ ਰਿਹਾ”।(ਦੂਜਾ ਲੇਖ)
ਉਹਨਾਂ ਨੇ ਡਿਕਸ਼ਨਰੀ ਵਿਚੋਂ ਇਸ ਸ਼ਬਦ ਦੇ ਦੋ ਮਤਲਬ ਲੱਭੇ ਤੇ ਦੋਵੇਂ ਹੀ ਇਕੋ ਵਾਕ ਵਿਚ ਵਰਤ ਲਏ ਭਾਵੇਂ ਸ਼ਬਦ ਇਕੋ ਵਾਰ ਵਰਤਿਆ ਗਿਆ ਸੀ। ਕਿਸੇ ਖਾਸ ਵਾਕ ਵਿਚੋਂ ਕਿਸੇ ਸ਼ਬਦ ਨੂੰ ਕੱਢਣ/ਪਾਉਣ ਨਾਲ ਅਤੇ ਪਰਸੰਗ ਬਦਲਣ ਨਾਲ ਅਰਥ ਓਹੀ ਰਹਿ ਜਾਂਦੇ ਹਨ? ਸਰਦਾਰ ਕਰਮਜੀਤ ਸਿੰਘ ਵਲੋਂ ਹੀ ਅਜਮੇਰ ਸਿੰਘ ਦੀ ਮੁਲਾਕਾਤ ਦਾ ਇੰਨ ਬਿੰਨ ਉਤਾਰਾ ਜੋ ਦਿੱਤਾ ਗਿਆ ਹੈ ਉਸ ਵਿਚੋਂ ‘ਡਿਸਗਸਟਿੰਗ’ ਵਾਲਾ ਵਾਕ ਦੁਬਾਰਾ ਪੜ੍ਹਨਾ ਚਾਹੀਦਾ ਹੈ ਉਸੇ ਪਰਸੰਗ ਸਮੇਤ:
ਅਜਮੇਰ ਸਿੰਘ: ”ਇੱਕ ਇਹ ਸਟੇਜ ਵੀ ਆਉਂਦੀ ਹੁੰਦੀ ਬਈ ਜਦੋਂ ਤੁਹਾਨੂੰ ਪੁਰਾਣੀਆਂ ਗੱਲਾਂ ਅਗਜਾਸਟ ਹੋ ਚੁੱਕੀਆਂ ਹੁੰਦੀਆਂ, ਨਵੀਂ ਦਾ ਕੋਈ ਅਜੇ ਸਾਹਮਣੇ ਉੱਭਰ ਕੇ ਨੀ ਆਇਆ ਹੁੰਦਾ.. ਇਹੋ ਜਿਹੇ ਬੰਦੇ ਜਿੰਨ੍ਹਾਂ ‘ਚ ਬਾਕਿਆ ਈ ਸਮਰੱਥਾ ਵੀ ਸੀ, ਅੰਦਰ ਜਜਬਾ ਵੀ ਸੀ ਤਜਰਬਾ ਵੀ ਸੀ, ਪਰ ਹੁਣ ਮੈਂ ਦੇਖ ਰਿਹਾ ਹਾਂ, ਹੁਣ ਉਹ ਕੁਝ ਵੀ ਨਵਾਂ ਨਹੀਂ ਕਰ ਰਹੇ, ਓਹੀ ਗੱਲਾਂ ਨੂੰ ਰਪੀਟ ਕਰ ਰਹੇ ਨੇ ਉਸੇ ਤਰਾਂ”
ਯਾਦਵਿੰਦਰ: ਖਾਲਿਸਤਾਨੀ ਧਿਰਾਂ ਵੀ ਓਹੀ ਗੱਲਾਂ ਨੂੰ ਰਪੀਟ ਕਰ ਰਹੀਆਂ ਨੇ?
ਅਜਮੇਰ ਸਿੰਘ: ਬਿਲਕੁਲ ਖਾਲਿਸਤਾਨੀ ਤਾਂ ਕਾਫੀ ਹੱਦ ਤੱਕ ਬਹੁਤ ਡਿਜ਼ਗਸਟਿੰਗ ਹੱਦ ਤੱਕ ਉਹਦਾ ਤਾਂ, ਲੈਫਟ ਤੇ ਖਾਲਿਸਤਾਨੀ ਇਹ ਇੱਕੋ ਸਿੱਕੇ ਦੇ ਦੋ ਪਾਸੇ ਆ”।
ਪਾਠਕ ਦੀ ਮਰਜੀ ਹੈ ਕਿ:
J ਉਸ ਨੇ ਡਿਸਗਸਟਿੰਗ ਸ਼ਬਦ ਨੂੰ ਵਾਕ ਵਿਚ ਕਿਥੇ ਰੱਖ ਕੇ ਪੜ੍ਹਨਾ ਹੈ
J ਉਸ ਨੇ ਜਵਾਬ ਨੂੰ ਸਵਾਲ ਨਾਲ ਜੋੜਕੇ ਵੇਖਣਾ ਹੈ ਕਿ ਨਹੀਂ
ਕੁਝ ਨਵਾਂ ਨਾ ਕਰਨ ਦੀ ਥਾਂ ‘ਓਹੀ ਗੱਲਾਂ’ ‘ਉਸੇ ਤਰ੍ਹਾਂ’ ਦੁਹਰਾਓਣਾ ਡਿਸਗਸਟਿੰਗ ਹੈ ਜਾਂ ‘ਖਾਲਿਸਤਾਨੀ ਡਿਸਗਸਟਿੰਗ’ ਹਨ। ਖਾਲਿਸਤਾਨੀਆਂ ਬਾਰੇ ਸਰਦਾਰ ਕਰਮਜੀਤ ਸਿੰਘ ਦੇ ਤੀਜੇ ਲੇਖ ਵਾਲਾ ਕਥਨ ਵੀ ਬਰਾਬਰ ਰੱਖ ਕੇ ਵੇਖਣਾ ਬਣਦਾ ਹੈ:
ਕਰਮਜੀਤ ਸਿੰਘ
”ਇਥੋਂ ਤੱਕ ਕਿ ਖਾਲਿਸਤਾਨ ਪ੍ਰਤੀ ਵਚਨਬੱਧ ਜਥੇਬੰਦੀਆਂ ਲਈ ਵੀ ਖਾਲਿਸਤਾਨ ਹੁਣ ਰੂਹ ਦੀ ਪਿਆਸ ਨਹੀਂ ਹੈ, ਬੱਸ ਇਕ ਰਸਮ ਹੈ ਜੋ ਨਿਭਾਈ ਜਾ ਰਹੀ ਹੈ” (ਤੀਜਾ ਲੇਖ)

ਅਜਮੇਰ ਸਿੰਘ
ਬਿਲਕੁਲ ਖਾਲਿਸਤਾਨੀ ਤਾਂ ਕਾਫੀ ਹੱਦ ਤੱਕ ਬਹੁਤ ਡਿਸਗਸਟਿੰਗ ਹੱਦ ਤੱਕ  ਉਹਦਾ ਤਾਂ, ਲੈਫਟ ਤੇ ਖਾਲਿਸਤਾਨੀ ਇਹ ਇੱਕੋ ਸਿੱਕੇ ਦੇ ਦੋ ਪਾਸੇ ਆ”।

ਸਰਦਾਰ ਕਰਮਜੀਤ ਸਿੰਘ ਨੇ ਨਾ ਸਿਰਫ ਅਜਮੇਰ ਸਿੰਘ ਦੀ ਗੱਲ ਨੂੰ ਸੋਧ ਕੇ ਉਸ ਵਿਚੋਂ ਦੁਨੀਆ ਅਤੇ ਪੰਜਾਬ ਦਾ ਪਰਸੰਗ ਖਤਮ ਕੀਤਾ ਸਗੋਂ ਵਾਕ ਵਿਚਲੇ ਅੰਗਰੇਜ਼ੀ ਸ਼ਬਦ ਦੀ ਥਾਂ ਵੀ ਬਦਲ ਦਿੱਤੀ।
ਮੂਲ ਫਰਕ ਇਹੋ ਹੈ ਕਿ ਅਜਮੇਰ ਸਿੰਘ ਨੇ ‘ਰਸਮ ਨਿਭਾਈ’ ਲਈ ‘ਰੂਹ ਦੀ ਪਿਆਸ ਨਹੀਂ ਰਿਹਾ’ ਵਰਗੇ ਵਿਸ਼ੇਸ਼ਣ ਵਰਤਣ ਦੀ ਥਾਂ ਉਹਨਾਂ ਨੇ ਡਿਸਗਸਟਿੰਗ ਕਹਿ ਦਿੱਤਾ। ਸਰਦਾਰ ਕਰਮਜੀਤ ਸਿੰਘ ਨੇ ਮਿਹਨਤ ਕਰਕੇ ਡਿਸਗਸਟਿੰਗ ਸ਼ਬਦ ਨੂੰ ਰਸਮ ਨਿਭਾਈ ਦੁਹਰਾਓ ਨਾਲੋਂ ਤੋੜ ਕੇ ‘ਖਾਲਿਸਤਾਨੀਆਂ’ ਦਾ ਪੂਰਕ ਵਿਸ਼ੇਸ਼ਣ ਬਣਾ ਦਿੱਤਾ।
3.2 ਨਹੀਂ ਬੈਠ ਸਕਦਾ
ਸਰਦਾਰ ਕਰਮਜੀਤ ਸਿੰਘ ਦੇ ਲੇਖਾਂ ਵਿਚ ਸਭ ਤੋਂ ਵਧੇਰੇ ਵਾਰ ਇਹੋ ਜ਼ਿਕਰ ਹੈ ਕਿ:
J ”ਉਹਨਾਂ ਨੇ ਸਭ ਹੱਦਾਂ ਟੱਪ ਕੇ ਇੱਥੋਂ ਤਕ ਕਹਿ ਦਿੱਤਾ ਕਿ, ”ਮੇਰੀ ਅੱਜ ਦੀ ਹਾਲਤ ਹੈ, ਅੱਜ ਲਹਿਰ ਦੇ ਨਾਲ ਜੁੜੇ ਹੋਏ ਬੰਦੇ, ਉਹਨਾਂ ਨਾਲ ਸ਼ਾਇਦ ਮੈਂ ਦੋ ਮਿੰਟ ਵੀ ਨਾ ਬੈਠ ਸਕਾਂ।”
J ”ਸ. ਅਜਮੇਰ ਸਿੰਘ ਨੇ ਖ਼ਾਲਿਸਤਾਨੀਆਂ ਪ੍ਰਤੀ ਦੋ ਮਿੰਟ ਨਾ ਬੈਠਣ ਵਾਲੇ ਗੁੱਸੇ ਦਾ ਤੋਹਫਾ ਸਾਰੇ ਖ਼ਾਲਿਸਤਾਨੀਆਂ ਨੂੰ ਬਰਾਬਰ-ਬਰਾਬਰ ਵੰਡਿਆ ਹੈ ਨਾ ਕਿ ਇਕੱਲਾ ਮਾਨ ਦਲ ਦੇ ਖ਼ਾਲਿਸਤਾਨੀਆਂ ਨੂੰ”।
J ”ਆਖਿਰਕਾਰ ਇਸ ਵਿਦਵਾਨ ਨੂੰ ਖ਼ਾਲਿਸਤਾਨੀ ਵੀਰਾਂ ਨਾਲ ਦੋ ਮਿੰਟ ਵੀ ਬੈਠਣ ਵਿਚ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ”?
J ”ਫੇਰ ਵੀ ਸ. ਅਜਮੇਰ ਸਿੰਘ ਨੂੰ ਜੇ ਦੋ ਮਿੰਟ ਵੀ ਉਹਨਾਂ ਨਾਲ ਬੈਠਣਾ ਠੀਕ ਨਹੀਂ ਲਗਦਾ”।
J ”ਮੈਂ ਖ਼ਾਲਿਸਤਾਨੀਆਂ ਨਾਲ ਸ਼ਾਇਦ ਦੋ ਮਿੰਟ ਵੀ ਨਾ ਬੈਠ ਸਕਾਂ” ਦੀ ਟਿੱਪਣੀ ਉਹਨਾਂ ਦੀ ਵਿਦਵਤਾ ਦਾ ਮਨੋਵਿਗਿਆਨਕ ਵਿਸ਼ਲੇਸ਼ਣ ਕਰਨ ਦੀ ਦਿਸ਼ਾ ਵੱਲ ਸਾਨੂੰ ਲੈ ਗਈ ਹੈ”।
J ”ਅਜਮੇਰ ਸਿੰਘ ਨੇ ਖ਼ਾਲਿਸਤਾਨ ਹਿਮਾਇਤੀਆਂ ਵਿਰੁੱਧ ਨਫਰਤ ਦਾ ਰਿਉੜੀ-ਪ੍ਰਸ਼ਾਦ ਬਿਨਾਂ ਕਿਸੇ ਵਿਤਕਰੇ ਤੋਂ ਸਾਰੇ ਖ਼ਾਲਿਸਤਾਨੀਆਂ ਨੂੰ ਬਰਾਬਰ ਵੰਡਿਆ ਹੈ”।(ਦੂਜਾ ਲੇਖ)
J ”ਅਜਮੇਰ ਸਿੰਘ ਦੀ ਇਸ ਟਿੱਪਣੀ ਉਤੇ ਰਤਾ ਮਾਸਾ ਵੀ ਕਿੰਤੂ ਨਹੀਂ ਕਰ ਰਹੇ ਕਿ ਉਹ ਖ਼ਾਲਿਸਤਾਨੀਆਂ ਨਾਲ ਦੋ ਮਿੰਟ ਵੀ ਨਹੀਂ ਬੈਠ ਸਕਦੇ”।(ਦੂਜਾ ਲੇਖ)
ਇਹਨਾਂ ਨੁਕਤਿਆਂ ਨੂੰ ਪਹਿਲਾਂ ਸਰਦਾਰ ਕਰਮਜੀਤ ਸਿੰਘ ਵਲੋਂ ਹੀ ਮਿਹਨਤ ਨਾਲ ਹੂਬਹੂ ਲਿਖੀ ਗਈ ਅਜਮੇਰ ਸਿੰਘ ਦੀ ਮੁਲਾਕਾਤ ਦੇ ਉਸ ਹਿੱਸੇ ਨਾਲ ਮੇਲ ਕੇ ਵੇਖਣੀ ਬਣਦੀ ਹੈ, ਜਿਥੇ ਇਹ ਗੱਲ ਦਰਜ ਹੈ:
”ਉਹ ਸਾਰਾ ਰਿਸਪੋਂਸ ਫਰੈਸ਼ ਨਵੇਂ ਐਲੀਮੈਂਟ ਵੱਲੋਂ ਹੈ, ਪੁਰਾਣਿਆਂ ਤੋਂ ਮੈਨੂੰ ਕੋਈ ਉਮੀਦ ਨੀ, ਮੇਰੀ ਅੱਜ ਦੀ ਹਾਲਤ ਹੈ, ਅੱਜ ਲਹਿਰ ਦੇ ਨਾਲ ਜੁੜੇ ਹੋਏ ਬੰਦੇ ਉਹਨਾਂ ਨਾਲ ਸ਼ਾਇਦ ਮੈਂ ਦੋ ਮਿੰਟ ਵੀ ਨਾ ਬੈਠ ਸਕਾਂ”।
ਪਾਠਕ ਲਈ ਇਹ ਸਵਾਲ ਹੈ ਕਿ ਉਹ ਇਸ ਵਾਕ ਨੂੰ ਕਿਥੋਂ ਪੜ੍ਹੇ ਕਰਮਜੀਤ ਸਿੰਘ ਦੇ ਲੇਖਾਂ ਵਿਚੋਂ ਜਾਂ ਉਹਨਾਂ ਵਲੋਂ ਹੀ ਕੀਤੇ ਅਜਮੇਰ ਸਿੰਘ ਦੀ ਗੱਲਬਾਤ ਦੇ ਹੂਬਹੂ ਉਤਾਰੇ ਵਿਚੋਂ, ਦੋਵੇਂ ਰੂਪ ਹਾਜਰ ਹਨ:
J ”ਖਾਲਿਸਤਾਨੀਆਂ ਨਾਲ ਦੋ ਮਿੰਟ ਵੀ ਨਹੀਂ ਬੈਠ ਸਕਦਾ” ਪੜ੍ਹੇ ਜਾਂ
J ”ਮੇਰੀ ਅੱਜ ਦੀ ਹਾਲਤ ਇਹ ਹੈ ਕਿ ਲਹਿਰ ਦੇ ਬੰਦਿਆਂ ਨਾਲ ਸ਼ਾਇਦ ਮੈਂ ਦੋ ਮਿੰਟ ਵੀ ਨਾ ਬੈਠ ਸਕਾਂ” ਪੜ੍ਹੇ।
ਦੋਵਾਂ ਵਾਕਾਂ ਵਿਚਲੇ ਭਾਵ ਦੇ ਫਰਕ ਦਾ ਅੰਦਾਜਾ ਸਧਾਰਣ ਬੰਦਾ ਵੀ ਕਰ ਸਕਦਾ ਹੈ। ਇਸੇ ਨਾਅਰੇ ਬਾਰੇ ਕੁਝ ਗੱਲਾਂ ਹੋਰ:
J ਨਵੀਂ ਉਮੀਦ ਦੇ ਪੱਖ ਤੋਂ ਪੁਰਾਣਿਆਂ ਅਤੇ ਨਵਿਆਂ ਬਾਰੇ ਅੱਜ ਦੇ ਪਰਸੰਗ ਨੂੰ ਛੱਡਣਾ, ਦੋਸ਼ ਕਿਸਦਾ ਏ?
J ਆਪਣੀ ਹਾਲਤ (ਨਾ ਕਰ ਸਕਣ ਵਾਲੇ ਰੂਪ ਵਿਚ) ਬਿਆਨ ਕਰਨਾ ਆਪਣੀ ਘਾਟ/ਕਮਜੋਰੀ ਦੱਸਦਾ ਹੈ ਜਾਂ ਦੂਜਿਆਂ ਨੂੰ ਛੋਟੇ ਜਾਂ ਨੀਵੇਂ ਵਿਖਾਉਣਾ ਹੈ?
ਇਕੋ ਵਾਕ ਨੂੰ ਦੁਹਰਾਉਣ ਵੇਲੇ ਤਿੰਨ ਥਾਂਵਾਂ ਤੋਂ ਕਿਉਂ ਤੋੜ ਲਿਆ:
J ‘ਸ਼ਾਇਦ’ ਸ਼ਬਦ ਨੂੰ ਖਾ ਲਿਆ,
J ‘ਨਾ ਬੈਠ ਸਕਾਂ’ ਨੂੰ ‘ਨਹੀਂ ਬੈਠ ਸਕਦਾ’ ਵਿਚ ਬਦਲ ਲਿਆ,
J ‘ਲਹਿਰ ਦੇ ਬੰਦਿਆਂ’ ਦੀ ਥਾਂ ‘ਖਾਲਿਸਤਾਨੀਆਂ’ ਕਰ ਲਿਆ।
ਸਰਦਾਰ ਕਰਮਜੀਤ ਸਿੰਘ ਨੇ ਜੋ ਕਿਸੇ ਅੱਜ ਦੀ ਹਾਲਤ ਦਾ ‘ਸ਼ਾਇਦ…ਨਾ ਸਕਾਂ’ ਵਾਲਾ ਸ਼ੰਕਾ ਸੀ ਉਸ ਨੂੰ ਕਦੇ ਵੀ ‘ਨਹੀਂ੩ ਸਕਦਾ’ ਵਾਲਾ ਯਕੀਨੀ ਰੂਪ ਦੇ ਲਿਆ। ਸ਼ਾਬਦਿਕ ਹਿੰਸਾ ਹੋਰ ਕਿਸ ਚੀਜ ਨੂੰ ਕਹਿੰਦੇ ਹਨ?
ਉਹਨਾਂ ਨੇ ਵਾਕ ਵਿਚੋਂ ‘ਲਹਿਰ’ ਸ਼ਬਦ ਕੱਢ ਕੇ ਉਸਦੀ ਥਾਂ ‘ਖਾਲਿਸਤਾਨ’ ਸ਼ਬਦ ਆਪੇ ਕਿਉਂ ਲੈ ਆਂਦਾ? (ਚੌਥੇ ਘੇਰੇ ਵਾਲਾ ਨੁਕਤਾ) ਬਿਨਾਂ ਸ਼ੱਕ ਖਾੜਕੂ ਲਹਿਰ ਖਾਲਿਸਤਾਨ ਲਈ ਸੀ ਪਰ ਜਦੋਂ ਕੋਈ ਬੰਦਾ ‘ਲਹਿਰ’ ਕਹਿ ਕੇ ਗੱਲ ਕਰਦਾ ਹੈ ਤਾਂ ਉਸ ਦਾ ਸ਼ਬਦ ਬਦਲਕੇ ‘ਖਾਲਿਸਤਾਨੀ’ ਕਰਨ ਵਿਚ ਭੇਦ ਹੈ ਕਿ ਲਹਿਰ ਦੇ ਬੰਦਿਆਂ ਦੀ ਗਿਣਤੀ ਹੁਣ ਇਤਿਹਾਸ ਦਾ ਹਿੱਸਾ ਹੋ ਗਈ ਹੈ ਉਹ ਵੱਧ ਨਹੀਂ ਸਕਦੀ (ਭਾਵੇਂ ਬੰਦੇ ਜੀਂਦੇ ਹਨ)। ਦੂਜੇ ਪਾਸੇ ਖਾਲਿਸਤਾਨ ਵਾਲ਼ਿਆਂ ਦੀ ਗਿਣਤੀ ਪਹਿਲਾਂ ਨਾਲੋਂ ਵਧੀ ਹੋਈ ਹੈ ਤੇ ਹੋਰ ਵਧੇਗੀ। ਤੀਜਾ ਖਾਲਿਸਤਾਨੀ ਹੋਣ ਦਾ ਘੇਰਾ ਹਥਿਆਰਬੰਦ ਤੋਂ ਬਿਨਾਂ ਚੋਣਾਂ ਅਤੇ ਤੀਜੇ ਰਾਹ ਵਾਲਾ ਵੀ ਹੋ ਸਕਦਾ ਹੈ। ਇਸ ਕਰਕੇ ਉਹਨਾਂ ਨੇ ਆਪਣੀ ਤਰਫਦਾਰੀ ਵਧਾਉਣ ਹਿੱਤ ਇਥੇ ‘ਖਾਲਿਸਤਾਨੀ’ ਸ਼ਬਦ ਲੈ ਆਂਦਾ।ਅਜਮੇਰ ਸਿੰਘ ਨੂੰ ਸਾਰੇ ਖਾਲਿਸਤਾਨੀਆਂ ਦੇ ਵਿਰੋਧ ਵਿਚ ਖੜ੍ਹਾ ਕਰਨਾ ਹੀ ਸ਼ਾਇਦ ‘ਉਚ ਪੱਧਰੀ ਬਹਿਸ’ ਦੀ ਮੂਲ ਲੋੜ ਹੈ।
ਜਿਸ ਵਾਕ ਨੂੰ ਸਰਦਾਰ ਕਰਮਜੀਤ ਸਿੰਘ ਨੇ ਸਭ ਤੋਂ ਵੱਧ ਤੋੜਿਆ ਹੈ ਉਸੇ ਵਾਕ ਨੂੰ ਹੀ ਉਹਨਾਂ ਨੇ ਸਭ ਤੋਂ ਵੱਧ ਪਰਚਾਰਿਆ ਹੈ।
4.1 ਚਰਚਾ ਲਈ ਥਾਂ
ਲਿਖਤ ਦਾ ਨਾਂ ”ਚਿੰਤਨ ਨੂੰ ਚਣੌਤੀ” ਰੱਖਣ ਚਣੌਤੀ ਤੋਂ ਬਾਅਦ ਚਰਚਾ ਲਈ ਕਿਹੜੀ ਥਾਂ ਹੁੰਦੀ ਹੈ? ਚਣੌਤੀ ਤੋਂ ਬਾਅਦ ਤਾਂ ਲਲਕਾਰੇ ਹੀ ਵੱਜਿਆ ਕਰਦੇ ਨੇ। ਇਹ ਅਜਮੇਰ ਸਿੰਘ ਬਾਰੇ ਦਿੱਤੇ ਫੈਸਲਿਆਂ ਤੇ ਵਰਤੇ ਗਏ ਬਿੰਬਾਂ ਦੇ ਰੂਪ ਵਿਚ ਸਿੱਧ ਕੀਤੀ ਹੈ।
ਕਹਿਣ ਨੂੰ ਤਾਂ ਉਹਨਾਂ ਨੇ ”ਅਸੀਂ ਗੁਰਬਾਣੀ ਆਧਾਰਤ ਆਪਣੀ ਬੌਧਿਕਤਾ ਦੀ ਕਿਸ਼ਤੀ ਦਰਿਆ ਵਿਚ ਠੇਲ਼੍ਹ ਦਿੱਤੀ ਹੈ” ਪਰ ਉਹਨਾਂ ਦੀ ਲ਼ਿਖਤ ਠੀਕ ਅਗਲੇ ਵਾਕ ਨਾਲ ਹੀ ਬੰਦਾ ਚਰਚਾ ਵਿਚ ਰੁਝ ਕੇ ਫਿਲਮੀ ਗੀਤ ਦੇ ਝਲਕਾਰੇ ਨਾਲ ਮੁੱਕ ਜਾਂਦੀ ਹੈ।
ਬਹੁਤੇ ਸਵਾਲ ਉਠਾ ਕੇ ਉਹਨਾਂ ਨੇ ਆਪ ਹੀ ਉਤਰ ਲੱਭ ਵੀ ਦਿੱਤੇ ਹਨ ਪਰ ਸਰਦਾਰ ਕਰਮਜੀਤ ਸਿੰਘ ਅਤੇ ਉਹਨਾਂ ਦੇ ਸਾਥੀ ਬਾਕਾਇਦਾ ਤੌਰ ਤੇ ਫਿਰ ਕਹਿ ਰਹੇ ਹਨ ਕਿ ਅਜਮੇਰ (ਸਿੰਘ) ਆਪ ਉਤਰ ਦੇਵੇ, ਇਹਨਾਂ ਸਵਾਲਾਂ ਦਾ। ਕੀ ਆਪਣੇ ਵਲੋਂ ਫੈਸਲਾ ਅਤੇ ਉਸ ਦੀ ਵਿਆਖਿਆ ਦੇਣ ਤੋਂ ਬਾਅਦ ਉਤਰ ਮੰਗਣੇ ਚਾਹੀਦੇ ਹਨ? ਜੇ ਹੋਰਾਂ ਦੇ ਕਹਿਣ ਨੂੰ ਮੰਨਿਆ ਨਹੀਂ ਜਾਵੇਗਾ (ਕਿਉਂਕਿ ਉਤਰ ਅਜਮੇਰ (ਸਿੰਘ) ਹੀ ਤੋਂ ਮੰਗਿਆ ਜਾ ਰਿਹਾ ਹੈ) ਤਾਂ ਫਿਰ ਬਾਕੀਆਂ ਲਈ ਬਹਿਸ ਵਾਸਤੇ ਕੀ ਬਚਿਆ ਹੈ? ਸਿਰਫ ਦੂਜੀ ਜਾਂ ਤੀਜੀ ਗੁਲਾਮੀ ਵੱਲ ਲਿਜਾਣ ਵਾਲਾ ਕਹਿਣ ਦੀ ਥਾਂ? ਕੀ ਗਦਾਰ ਕਹਿਣ ਤੋਂ ਉਪਰ ਦੇ ਜੋ ਨਵੇਂ ਨਵੇਂ ਵਿਸ਼ੇਸ਼ਣ ਜਾਂ ਬਿੰਬ ਅਲੰਕਾਰ ਘੜਨੇ ਵੱਡਾ ਸਿਧਾਂਤਕ ਕੰਮ ਹੋਵੇਗਾ, ਜਿਸ ਨਾਲ ਹਲੇਮੀ ਰਾਜ ਦਾ ਉਹ ਮਾਡਲ ਉਸਰ ਜਾਏ ਜੋ ਅਜਮੇਰ ਸਿੰਘ ਦੱਸ ਨਹੀਂ ਸਕੇ?
ਜੇ ਸਰਦਾਰ ਕਰਮਜੀਤ ਸਿੰਘ ਆਪਣੀਆਂ ਲਿਖਤਾਂ ਅਤੇ ਬੋਲੇ ਹੋਏ ਭਾਸ਼ਣਾਂ ਨੂੰ ਅਤੇ ਨਾਲ ਹੀ ਆਪਣੇ ਅੱਜ ਵਾਲੇ ਦੋਸਤਾਂ ਦੀਆਂ ਲ਼ਿਖਤਾਂ ਤੇ ਬੋਲੀਆਂ ਗੱਲਾਂ ਦੇ ਖਜਾਨੇ ਨੂੰ ਫਰੋਲਣ ਤਾਂ ਉਹਨਾਂ ਨੂੰ ਬਹੁਤ ਕੁਝ ਅਜਿਹਾ ਲੱਭੇਗਾ ਜਿਸ ਲਈ ਉਹਨਾਂ ਨੇ ਅਜਮੇਰ ਸਿੰਘ ਨੂੰ ਦੋਸ਼ੀ ਸਿੱਧ ਕੀਤਾ ਹੈ।
4.2 ਰੂਹਾਨੀਅਤ ਦੀ ਚਰਚਾ
ਜਦੋਂ ਕੋਈ ਮਨੁੱਖ ਦੂਜੇ ਦੀ ਗਲਤੀ ਕੱਢਦਾ ਹੈ ਤਾਂ ਇਸ ਦੀ ਇਹੀ ਮਤਲਬ ਤਾਂ ਹੁੰਦਾ ਹੈ ਕਿ ਉਸ ਬੰਦੇ ਨੂੰ ਉਸ ਗੱਲ ਜਾਂ ਕੰਮ ਬਾਰੇ ਗਲਤੀ ਵਾਲੇ ਮਨੁੱਖ ਨਾਲੋਂ ਵੱਧ ਪਤਾ ਹੈ। ਉਹ ਅਜਮੇਰ ਸਿੰਘ ਨੂੰ ਦੋਸ਼ੀ ਮੰਨਦੇ ਹਨ ਕਿ:
”ਨਾ ਤਾਂ ਉਹ ਰੂਹਾਨੀਅਤ ਦਾ ਕੋਈ ਨਵਾਂ ਮਾਡਲ ਦੇ ਰਹੇ ਹਨ ਅਤੇ ਨਾ ਹੀ ਰੂਹਾਨੀਅਤ ਦੀਆਂ ਬਰੀਕ ਰਮਜ਼ਾਂ ਤੇ ਰਹੱਸਾਂ ਬਾਰੇ ਆਪਣਾ ਅਨੁਭਵ ਸੰਗਤਾਂ ਨਾਲ ਸਾਂਝਾ ਕਰ ਰਹੇ ਹਨ।ਕੀ ਉਹ ਰੂਹਾਨੀਅਤ ਦੇ ਭੇਸ ਵਿਚ ਖ਼ਾਲਿਸਤਾਨ ਦਾ ਵਿਰੋਧ ਕਰਨਾ ਚਾਹੁੰਦੇ ਹਨ?”
ਸਰਦਾਰ ਕਰਮਜੀਤ ਸਿੰਘ ਵਲੋਂ ਆਖੇ ਗਏ ਗੁਰਬਾਣੀ ਦੇ ‘ਭਾਵ ਅਰਥ ਵਿਚ ਡੂੰਘਾ ਉਤਰਣ’ ਦੇ ਪੱਖ ਤੋਂ ਇਹ ਗੱਲ ਸਮਝ ਨਹੀਂ ਆਈ ਕਿ ਉਹ ਇਹ ਕਿਉਂ ਚਾਹੁੰਦੇ ਹਨ ਕਿ ਅਜਮੇਰ ਸਿੰਘ ਰੂਹਾਨੀਅਤ ਦਾ ਕੋਈ ਨਵਾਂ ਮਾਡਲ ਦੇਣ? ਕੀ ਸਿੱਖ ਵਜੋਂ ਉਹਨਾਂ ਦਾ ਗੁਰੂ ਤੋਂ ਯਕੀਨ ਉਠ ਗਿਆ ਹੈ ਜੋ ਕਿਸੇ ਗੈਰ ਤੋਂ ਰੂਹਾਨੀਅਤ ਦਾ ਮਾਡਲ ਮੰਗ ਰਹੇ ਹਨ? ਕੀ ਕੋਈ ਬੰਦਾ ਸਿੱਖ ਹੁੰਦਿਆਂ ਜੋ ਰੂਹਾਨੀਅਤ ਦੇ ਨਵੇਂ ਮਾਡਲ ਦੀ ਗੱਲ ਜਾਂ ਕਲਪਨਾ ਕਰੇਗਾ ਉਹ ਸਿੱਖੀ ਦੇ ਘੇਰੇ ਵਿਚ ਸਮਾ ਸਕਦਾ ਹੈ? ਮੇਰੀ ਜਾਚੇ ਸਿੱਖ ਕਿਸੇ ਵੀ ਰਾਜਸੀ ਢਾਂਚੇ ਨਾਲ ਚੱਲ ਕੇ ਸ਼ਾਇਦ ਸਿੱਖ ਰਹਿ ਸਕੇ ਪਰ ਗੁਰੂ ਤੋਂ ਬਿਨਾਂ ਕਿਸੇ ਹੋਰ ਰੂਹਾਨੀਅਤ (ਮਾਡਲ) ਨਾਲ ਉਹ ਸਿੱਖ ਨਹੀਂ ਰਹੇਗਾ ਹੋਰ ਜੋ ਮਰਜੀ ਹੋ/ਬਣ ਜਾਵੇ। ਕੀ ਸਰਦਾਰ ਕਰਮਜੀਤ ਸਿੰਘ ਸਚਮੁੱਚ ਕੋਈ ਹੋਰ ਰੂਹਾਨੀ ਰਾਹ ਤਲਾਸ਼ ਰਹੇ ਹਨ ਜਾਂ ਸਿਰਫ ਅਜਮੇਰ ਸਿੰਘ ਨੂੰ ਗਲਤ ਸਿੱਧ ਕਰਨ ਦੀ ਇੱਛਾ ਵਿਚ ਹੀ ਆਪਣੀ ਸਿੱਖ ਹੋਣ ਦੀ ਹੱਦ ਲੰਘਣ ਤੱਕ ਚਲੇ ਗਏ?
4.3 ਗੁਰਬਾਣੀ ਬਾਰੇ
ਉਹ ਅਜਮੇਰ ਸਿੰਘ ਬਾਰੇ ਲਿਖਦੇ ਹਨ ਕਿ
”ਸਾਡੀ ਸਮਝ ਅਨੁਸਾਰ ਗੁਰਬਾਣੀ ਤਿੰਨ ਹਕੀਕਤਾਂ ਨੂੰ ਥਿਰ ਮੰਨਦੀ ਹੈ, ”ਥਿਰੁ ਨਾਰਾਇਣ, ਥਿਰੁ ਗੁਰੂ, ਥਿਰੁ ਸਚਾ ਬੀਚਾਰੁ”। ਇਸ ਦਾ ਮਤਲਬ ਹੁਣ ਸਾਫ ਹੈ ਕਿ ਸੱਚਾ ਵਿਚਾਰ ਵੀ ਥਿਰ ਹੁੰਦਾ ਹੈ ਜਦਕਿ ਸ. ਅਜਮੇਰ ਸਿੰਘ ਵਿਚਾਰ ਤੇ ਵਿਚਾਰਧਾਰਾ ਨੂੰ ‘ਕਾਤਲਾਂ’ ਦੇ ਵਰਗ ਵਿਚ ਰੱਖ ਰਹੇ ਹਨ”।
ਜੇ ਅਜਮੇਰ ਸਿੰਘ ਅਤੇ ਸਰਦਾਰ ਕਰਮਜੀਤ ਸਿੰਘ ਦੀ ‘ਵਿਚਾਰਧਾਰਾ’ ਅਤੇ ‘ਨੇਸ਼ਨ ਸਟੇਟ’ ਬਾਰੇ ਅੱਜ ਤੱਕ ਦੀ ਕੋਈ ਵੀ ਵਿਚਾਰ ਥਿਰਤਾ ਵਾਲੇ ਸਚੇ ਬੀਚਾਰ ਦੀ ਕੋਟੀ ਵਿਚ ਆਉਂਦੀ ਹੈ (ਜਿਵੇਂ ਕਿ ਸਰਦਾਰ ਕਰਮਜੀਤ ਸਿੰਘ ਆਪਣੀ ਗੱਲ ਸਿੱਧ ਕਰਦੇ ਹਨ) ਤਾਂ ਨਾ ਸਿਰਫ ਪੂਰਾ ਸਮਾਜ ਵਿਗਿਆਨ ਸਗੋਂ ਕੁਦਰਤੀ ਅਤੇ ਜੀਵ ਵਿਗਿਆਨ ਵੀ ਸਚੇ ਬੀਚਾਰ ਅਧੀਨ ਆ ਜਾਣਗੇ।ਫਿਰ ਇਹ ਸਚੇ ਵੀਚਾਰ ਦੀ ਮਾਨਤਾ ਧੁਰ ਓਥੇ ਹੀ ਜਾਏਗੀ ਜਿਥੋਂ ਸਚਮੁਚ ‘ਅਜਮੇਰ ਸਿੰਘ ਥਿੜਕ ਗਏ ਹਨ’ ਤੇ ਕਾਮਰੇਡਾਂ ਦੇ ਵਿਰੋਧ ਦਾ ਸ਼ਿਕਾਰ ਹੋਏ ਹਨ।।
4.4 ਮੈਂ ਦੀ ਗੱਲ
”ਰਤਾ ਗੌਰ ਕਰੋ ਅਤੇ ਵੇਖੋ ਕਿ ਇਸ ਟਿੱਪਣੀ ਵਿਚ ਦੋ ਧਿਰਾਂ ਸਾਹਮਣੇ ਆਈਆਂ ਹਨ। ਇਕ ‘ਮੈਂ’ ਦੀ ਧਿਰ ਤੇ ਦੂਜੀ ‘ਖ਼ਾਲਿਸਤਾਨੀ’ ਧਿਰ। ਇਸ ਦਾ ਡੂੰਘਾ ਮਤਲਬ ਕੀ ਹੈ? ਮਤਲਬ ਸਾਫ ਇਹੋ ਹੈ ਕਿ ‘ਮੈਂ’ ਧਿਰ ‘ਖ਼ਾਲਿਸਤਾਨੀਆਂ’ ਦੇ ਮੁਕਾਬਲੇ ਇਕ ਬਰਾਬਰ ਦੀ ਧਿਰ ਬਣ ਚੁੱਕੀ ਹੈ”।
ਜਦੋਂ ਕੋਈ ਵੀ ਮਨੁੱਖ ਕੋਈ ਵੀ ਗੱਲ ਕਰਦਾ ਹੈ ਤਾਂ ਵਿਆਕਰਣਕ ਤੌਰ ਤੇ ਹੀ ਉਸ ਵਿਚ ਦੋ ਨਹੀਂ ਸਗੋਂ ਤਿੰਨ ਧਿਰਾਂ ਹੁੰਦੀਆਂ ਹਨ। ਜੇ ਕੋਈ ਪੰਜਾਬੀ ਵਿਚ ਗੱਲ ਕਰਦਾ ਹੈ ਤਾਂ ਆਪਣੇ ਆਪ ਨੂੰ ਕਿਸ ਸ਼ਬਦ ਨਾਲ ਜਣਾਵੇ? ਜੋ ਸ਼ਬਦ ਪੰਜਾਬੀ ਵਿਚ ਚਲਦਾ ਪਿਆ ਹੈ ਜਾਂ ਕਿਸੇ ਹੋਰ ਬੋਲੀ ਵਿਚੋਂ ਜਾਂ ਹਲਫੀਆ ਬਿਆਨ ਵਾਂਗ ਆਪਣਾ ਨਾਂ ਬੋਲੇ। ਜੇ ਆਪਣੀ ਹਾਲਤ ਦਸਦਿਆਂ ਵੀ ‘ਮੈਂ’ ਵੀ ਹਉਮੈ ਹੈ ਤਾਂ ਆਪਣੀ ਮੈਂ ਤੋਂ ਵੀ ਉਪਰ ਹੋ ਕੇ ਭਵਿੱਖਬਾਣੀ ਕਰਦਿਆਂ ਜਦੋਂ ਸਰਦਾਰ ਕਰਮਜੀਤ ਸਿੰਘ ਆਪੇ ਨੂੰ ‘ਅਸੀਂ, ਸਾਨੂੰ’ ਲਿਖਦੇ ਹਨ ਤਾਂ ਇਹ ਨੂੰ ਕੀ ਕਹਿਣਗੇ?
ਸਰਦਾਰ ਕਰਮਜੀਤ ਸਿੰਘ ਲਿਖਦੇ ਹਨ ਕਿ ਅਜਮੇਰ ਸਿੰਘ ‘ਖਾਲਿਸਤਾਨ ਦਾ ਵਿਰੋਧ’ ਕਰਦੇ ਹਨ ਕਿਉਂਕਿ ‘ਉਹ ਨੇਸ਼ਨ ਸਟੇਟ ਵਿਰੁੱਧ ਬੋਲਦੇ ਹਨ’। ਦੂਜੇ ਪਾਸੇ ‘੧੯੫ ਨੇਸ਼ਨ ਸਟੇਟਾਂ’ ਅਤੇ ਪਿਛਲੇ ਦੋ ਸੌ ਸਾਲ ਵਿਚ ਅਣਗਿਣਤ ਕਿਤਾਬਾਂ ਦੇ ਬਾਵਜੂਦ ਉਹ ਲਿਖਦੇ ਹਨ ਕਿ: ”…ਬਹਿਸ ਕਿਸੇ ਵੀ ਸਿੱਟੇ ਤਕ ਨਹੀਂ ਪਹੁੰਚੀ।ਸਾਨੂੰ ਨੇਸ਼ਨ ੩ ਉਤੇ ਡੂੰਘੀ ਵਿਚਾਰ ਕਰਨੀ ਪੈਣੀ ਹੈ।…ਆਪਣੀ ਰਾਇ ਬਣਾਉਣੀ ਪਵੇਗੀ”।ਇਸ ਬਿਆਨ ਤੋਂ ਲਗਦਾ ਹੈ ਕਿ ਉਹਨਾਂ ਦੀ ਆਪਣੀ ਰਾਇ ਨਹੀਂ ਬਣੀ। ਫਿਰ ਵੀ ਅਗਾਊਂ ਹੀ ਕਿਸੇ ਦਾ ਵਿਰੋਧ ਸ਼ੁਰੂ ਕਰਨ ਦੀ ਤਕਨੀਕ ਵਧੀਆ ਹੈ।
ਇਕ ਪਾਸੇ ਜਿਸ (ਹਲੇਮੀ ਰਾਜ) ਸੰਕਲਪ ਦਾ ਹਾਲੀ ਖਿਆਲੀ ਰੂਪ ਵੀ ਵਿਦਵਾਨਾਂ ਦੇ ਚੇਤੇ ਵਿਚ ਨਹੀਂ ਆਇਆ ਉਸ ਸੰਕਲਪ ਦਾ ਮਾਡਲ ਨਾ ਦੇਣ ਲਈ ਵੀ ਅਜਮੇਰ ਸਿੰਘ ਦੋਸ਼ੀ ਹੈ, ਦੂਜੇ ਪਾਸੇ ਜਿਹੜਾ ਕੰਮ ਕਰਕੇ ਦੁਨੀਆ ਨੇ ਢੇਰ ਲਾਏ ਪਏ ਹਨ ਉਹਦੇ ਲਈ ਸਰਦਾਰ ਕਰਮਜੀਤ ਸਿੰਘ ਨੂੰ ਹਾਲੇ ਵੀ ਮੋਹਲਤ ਚਾਹੀਦੀ ਹੈ। ਬਹੁਤ ਕਮਾਲ ਦਾ ਪੱਧਰ ਹੈ ਤੁਲਨਾ ਦਾ।
(5) ਤੁਲਨਾ
ਸਰਦਾਰ ਕਰਮਜੀਤ ਸਿੰਘ ਨੂੰ ਇਤਰਾਜ਼ ਹੈ ਕਿ ਕਣਕ ਦਾ ਜਵਾਬ ਛੋਲੇ ਆ ਰਿਹਾ ਹੈ ਪਰ ਉਹਨਾਂ ਨੇ ਜੋ ਅਜਮੇਰ ਸਿੰਘ, ਜਸਜੀਤ ਸਿੰਘ, ਜਸਪਾਲ ਸਿੰਘ ਸਿੱਧੂ ਅਤੇ ਜਸਪ੍ਰੀਤ ਸਿੰਘ ਲਈ ਲਿਖਿਆ ਹੈ ਸਮੇਤ ‘ਸਾਨੂੰ ਪਤਾ ਹੀ ਸੀ’ ਦੇ, ਉਹ ਕੀ ਏ?
J ਜੋ ਸਰਦਾਰ ਕਰਮਜੀਤ ਸਿੰਘ ਵਾਲੇ ‘ਅਸੀਂ/ਸਾਨੂੰ’ ਨੇ ਕਰਨਾ ਹੈ ਉਹ ਸੌਖਾ ਨਹੀਂ ਤੇ ਭਵਿੱਖਮੁਖੀ ਹੈ ਪਰ ਦੂਜੇ ਨੇ ‘ਕਿਉਂ ਨਹੀਂ ਕੀਤਾ, ਕਰ ਵੀ ਨਹੀਂ ਸਕੇਗਾ, ਕਦੇ ਚਾਹਿਆ ਨਹੀਂ ਸੀ’। ਜਦੋਂ ਕਿਸੇ ਦੇ ਤ੍ਰੈਕਾਲ ‘ਤੇ ਠੱਪਾ ਲਾ ਦਿੱਤਾ ਤਾਂ ਹੁਣ ਬਹਿਸ ਲਈ ਕਿਹੜਾ ਰਾਹ ਜਾਂ ਥਾਂ ਹੈ?
J ਜੇ ਅਜਮੇਰ ਸਿੰਘ ਕਹੇ ਕਿ ‘ਵਿਚਾਰਧਾਰਾ ਠੋਸ ਨਹੀਂ ਸਗੋਂ ਕਾਲਪਨਿਕ ਹੈ’ ਤਾਂ ਇਹ ‘ਧੁੰਧੂਕਾਰਾ’ ਹੈ ਤੇ ਜਦੋਂ ਉਹ ਆਪ ਕਹਿੰਦੇ ਹਨ ਕਿ ਵਿਚਾਰਧਾਰਾ ‘ਇਹ ਖਿੜਿਆ ਬਾਗ ਹੋ ਵੀ ਸਕਦੀ ਹੈ ਤੇ ਨਹੀਂ ਵੀ’ ਤਾਂ ਇਹ ਕੀ ਹੈ?
J ਆਪਣੇ ਬਾਰੇ: ”ਪਰ ਫੇਰ ਹੱਲ ਕੀ ਹੈ? ਵਿਦਵਾਨਾਂ ਨੂੰ ਇਹ ਹੱਲ ਦੱਸਣਾ ਚਾਹੀਦਾ ਹੈ”। ਅਜਮੇਰ ਸਿੰਘ ਬਾਰੇ: ”ਇਹ ਜਿੰਮੇਵਾਰੀ ਉਹਨਾਂ ਨੇ ਬੁੱਧੀਜੀਵੀਆਂ ਉੱਤੇ ਸੁੱਟ ਕੇ ਆਪਣੇ ਆਪ ਨੂੰ ਬਰੀ ਕਰ ਲਿਆ ਹੈ”।
ਜੇ ਸਰਦਾਰ ਕਰਮਜੀਤ ਸਿੰਘ ਵਿਦਵਾਨਾਂ ਤੇ ਗੱਲ ਸੁੱਟਣ ਤਾਂ ਇਹ ਖੋਜ ਹੈ ਜੇ ਅਜਮੇਰ ਸਿੰਘ ਏਦਾਂ ਕਰਨ ਤਾਂ ਉਹ ਗੁਨਾਹ ਹੈ।
5.1  ਹੂਬਹੂ ਬਾਰੇ
ਜਸਪਾਲ ਸਿੰਘ ਸਿੱਧੂ ਦੇ ਲੇਖ ਵਿਚਲੇ ਕਿਸੇ ਇਕ ਵੀ ਨੁਕਤੇ ਦੀ ਗੱਲ ਕਰਨ ਦੀ ਥਾਂ ਉਸ ਬਾਰੇ ਜਾਸੂਸੀ ਖੋਜ ਵਿਚ ਜਾ ਕੇ ਸਿਧਾਂਤ ਪੇਸ਼ ਕਰ ਦਿੱਤਾ ਕਿ ”ਜਦੋਂ ਤੱਕ ‘ਵਿਚਲੀ ਗੱਲ’ ਬਾਹਰ ਨਾ ਆਏ ਉਦੋਂ ਤੱਕ ਬੰਦੇ ਭੇਤ ਹੀ ਬਣੇ ਰਹਿੰਦੇ ਹਨ”। ਉਹਨਾਂ ਦੀ ਲਿਖਤ ਵਿਚੋਂ ਵੀ ਜੋ ਭੇਤ ਜਾਹਰ ਹੁੰਦੇ ਹਨ ਉਹਨਾਂ ਬਾਰੇ ਵੀ ਥੋੜ੍ਹੀ ਗੱਲ ਕਰਨੀ ਚਾਹੀਦੀ ਹੈ।
ਇਹ ਠੀਕ ਹੈ ਕਿ ਕੋਈ ਵੀ ਮਨੁੱਖ ਕਿਸੇ ਵੀ ਵਿਸ਼ੇ ਬਾਰੇ ਜਾਂ ਅਨੇਕਾਂ ਵਿਸ਼ਿਆਂ ਬਾਰੇ ਗਿਆਤਾ ਹੋ ਸਕਦਾ ਹੈ ਪਰ ਹਰ ਵਿਦਵਾਨ ਤੋਂ ਦੋ ਗੱਲਾਂ ਦੀ ਉਮੀਦ ਬੜੀ ਸੁਭਾਵਿਕ ਹੈ, ਪਹਿਲਾ ਜਿਸ ਬੋਲੀ ਦਾ ਉਹ ਜਮਾਂਦਰੂ ਬੁਲਾਰਾ ਹੈ ਉਸਦੀ ਜਾਣਕਾਰੀ, ਦੂਜਾ ਜੋ ਉਸਦਾ ਕਿੱਤਾ ਹੈ ਉਸ ਦੀ ਮੂਲ ਜਾਣਕਾਰੀ।
ਅਜਮੇਰ ਸਿੰਘ ਦੀ ਯਾਦਵਿੰਦਰ ਕਰਫਿਊ ਨਾਲ ਮੁਲਾਕਾਤ ਦਾ ਜੋ ਇੰਨ ਬਿੰਨ ਉਤਾਰਾ ਸਰਦਾਰ ਕਰਮਜੀਤ ਸਿੰਘ ਵਲੋਂ ਛਾਪਿਆ ਗਿਆ ਹੈ ਉਸ ਤੇ ਵੀ ਇਕ ਨਜ਼ਰ ਮਾਰਨੀ ਚਾਹੀਦੀ ਹੈ। ਉਸ ਲਿਖਤ ਨੂੰ ਜੇ ਕੋਈ ਸਧਾਰਣ ਪੰਜਾਬੀ ਪੜ੍ਹਿਆ ਬੰਦਾ ਵੀ ਵੇਖੇ ਤਾਂ ਸ਼ਬਦ ਜੋੜਾਂ ਦੀਆਂ ਗਲਤੀਆਂ ਵਾਧੂ ਦਿਸਣਗੀਆਂ। ਸਰਦਾਰ ਕਰਮਜੀਤ ਸਿੰਘ ਨੇ ਪੰਜਾਬੀ ਟ੍ਰਿਬਿਊਨ ਦੀ ਸਹਿ-ਸੰਪਾਦਕੀ ਦਾ ਰੁਤਬਾ ਹੰਢਾਇਆ ਹੈ ਅਤੇ ਉਹਨਾਂ ਦੇ ਤਜਰਬੇ ਦੇ ਹਿਸਾਬ ਨਾਲ ਸੋਚਿਆ ਵੀ ਨਹੀਂ ਜਾ ਸਕਦਾ ਕਿ ਇਹ ਲਿਖਤ ਉਹਨਾਂ ਦੀ ਬਾਜ਼ ਅੱਖ ਹੇਠੋਂ ਗੁਜ਼ਰੀ ਹੈ। ਅਖਬਾਰ ਦੇ ਬਰੀਕ ਛਾਪੇ ਵਿਚੋਂ ਪੈਰ ਬਿੰਦੀਆਂ ਦੀ ਗਲਤੀ ਫੜਨ ਵਾਲੇ ਵਿਦਵਾਨ ਪੱਤਰਕਾਰ ਹੱਥੋਂ ਥੋਕ ਦੇ ਭਾਅ ਗਲਤੀਆਂ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ।
J ਕੁਝ ਖਾਸ ਧੁਨੀਆਂ ਨੂੰ ਵਾਰ-ਵਾਰ ਗਲਤ ਲਿਖਿਆ ਹੈ ਅਤੇ ਗਲਤੀਆਂ ਦੀਆਂ ਕੁਝ ਖਾਸ ਤਰਤੀਬਾਂ ਹਨ। ਸ਼ਬਦ ਜੋੜਾਂ ਦੀਆਂ ਉਹਨਾਂ ਗਲਤੀਆਂ ਦੀ ਗੱਲ ਇਥੇ ਨਹੀਂ ਕਰਨੀ ਜੋ ਵੱਖਰੇ ਅਰਥ ਪੈਦਾ ਨਾ ਕਰਦੀਆਂ ਹੋਣ ਪਰ ਜਿਥੇ ਗੱਲ ਉਕਾ ਹੀ ਬਦਲ ਜਾਵੇ ਉਹ ਨਮੂਨੇ ਵੇਖਣੇ ਬਣਦੇ ਹਨ (ਜਿਵੇਂ ‘ਜਾਂ ਤਾਂ’ ਨੂੰ ‘ਜਾਂਦਾ’, ‘ਬਚਦੀ’ ਨੂੰ ‘ਵੱਜਦੀ’)।
J ਛਾਪੇਖਾਨੇ ਨਾਲ ਸਬੰਧਤ ਲੋਕਾਂ ਨੂੰ ਵੀ ਇਹ ਗੱਲ ਪਤਾ ਹੁੰਦੀ ਹੈ ਕਿ ਘੱਟੋ ਘੱਟ ਇਕ ਲਿਖਤ ਵਿਚ ਇਕ ਸ਼ਬਦ ਦਾ ਸ਼ਬਦ ਜੋੜ ਤਾਂ ਇਕ ਹੋਣਾ ਚਾਹੀਦਾ ਹੈ (ਟੌਹੜਾ ਟੋਹੜਾ, ਪੋਲੀਟਿਕਸ ਪੌਲੀਟਿਕਸ, ਅਲਟਰਨੇਟਿਵ ਅਲਟਰਨੈਟਿਵ, ਐਂਡੀਟਿਟੀ ਆਇਡੈਂਟਿਟੀ ਆਇਡੈਂਟੀਟੀ, ਐਕਸਟਰੀਮ ਐਕਸਟੀਮ, ਐਕਸੀਪੀਰੀਂਅਸ ਐਕਸਪੀਰੀਅੰਸ ਐਕਸਪੀਰੀਐਂਸ, ਰਿਲਾਈਟੀ ਰਿਐਲੀਟੀ)।
J ਉਹਨਾਂ ਦੀ ਹੂਬਹੂ ਲਿਖਤ ਵਿਚ ਤੀਜਾ ਪੁਰਖ ਵਾਲੇ ਕਿਰਿਆ ਰੂਪ ਵਾਰ ਵਾਰ ਪਹਿਲੇ ਪੁਰਖ ਵਜੋਂ ਲਿਖੇ ਗਏ ਹਨ:
J ‘ਹੋਊਗਾ’ ਨੂੰ ‘ਹੋਊਂਗਾ’ ‘ਕਰੂਗਾ, ਕਰੂਗੀ’ ਨੂੰ ‘ਕਰੂੰਗਾ, ਕਰੂੰਗੀ’, ‘ਜਾਊਗਾ’ ਨੂੰ ‘ਜਾਊਂਗਾ’ ਇਹਨਾਂ ਗਲਤੀਆਂ ਨੂੰ ਵਾਰ ਵਾਰ ਦੁਹਰਾਇਆ ਗਿਆ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਸਿਰਫ ਮਸ਼ੀਨ ਦੇ ਬੀੜੇ ਨੱਪਣ ਦੀ ਗਲਤੀ ਨਹੀਂ ਹੈ।
J ਕੁਝ ਸ਼ਬਦ ਏਦਾਂ ਵੀ ਹਨ: ਐਥਮਿਕ, ਐਂਟਪਟ, ਕੰਡੀਨਸ਼ਨਾਂ, ਸਰਟਗਲ,  ਐ ਕੁਝਲੀ,
‘ਕੁਝ ਨਮੂਨੇ ਹਨ ਵਾਕਾਂ ਨੂੰ ਹੂ ਬਹੂ ਲਿਖਤੀ ਰੂਪ ਦੇ (ਨਾਲ ਵਾਕਾਂ ਦਾ ਓਹ ਰੂਪ ਲਿਖਿਆ ਹੈ ਜੋ ਮੈਂ ਸੁਣਿਆ ਹੈ)।
ਜੋ ਕਰਮਜੀਤ ਸਿੰਘ ਨੇ ਲਿਖਿਆ
1. ਬਿਲਕੁਲ ਖਾਲਿਸਤਾਨੀ ਤਾਂ ਕਾਫੀ ਹੱਦ ਤੱਕ ਬਹੁਤ ਡਿਜ਼ਗਸਟਿੰਗ ਹੱਦ ਤੱਕ ਉਹਦਾ ਤਾਂ, ਲੈਫਟ ਤੇ ਖਾਲਿਸਤਾਨੀ ਇਹ ਇੱਕੋ ਸਿੱਕੇ ਦੇ ਦੋ ਪਾਸੇ ਆ
2. ਯਾਦਵਿੰਦਰ: (ਗਾਲਾਂ ਬਹੁਤ ਕੱਢਦੇ)
3. ਆਇਡੋਲੋਜੀ ਜਿੱਥੇ ਬਹੁਤ ਕੁਝ ਸਿਖਾਉਂਦੀ ਐ ਉੱਥੇ ਸਬਜੈਕਟਿਵ ਲਿਮੀਟੇਸ਼ਨਸ ਨੇ
4. ਆਪਦੀ ਹਿਸਟਰੀ ਉਹੀ ਔਰੀਐਂਟਡ ਹੈ
5. ਕਈ ਐਕਸ਼ਨ ਇਨਵਿਨਸੀਬਲ ਹੁੰਦੇ ਨੇ
6. ਇਹ ਜਿਹੜੀ ਇਨਸਿਕਉਰਟੀ ਪੈਦਾ ਕਰਨੀ ਮਿਨਓਰਟੀ ਦੇ ਵਿੱਚ ਇਹ ਵੀ ਐਨਾ ਗਲਤ ਪਾਸੇ ਨੂੰ ਧੱਕ ਦਿੰਦੀ ਹੈ
7. ਟਕਰਾਂ ਖਾ ਕੇ
8. ਆਇਡੋਲੋਜੀ ਦੇ ਬੰਦੇ ਰੀਥਿੰਕ ਕਰਨ ਨੂੰ ਤਿਆਰ ਨਹੀਂ

ਜੋ ਮੈਂ ਸੁਣਿਆ
1. ਬਿਲਕੁਲ ਈ ਖਾਲਿਸਤਾਨੀ ਤਾਂ ਬਹੁਤ ਡਿਸਗਸਟਿੰਗ ਹੱਦ ਤੱਕ ਐ ਨਾ  ਉਹਦਾ ਤਾਂ ਬਿਲਕੁਲ ਈ, ਲੈਫਟ ਤੇ ਖਾਲਿਸਤਾਨੀ ਅੱਜ ਇਹ ਇੱਕੋ ਸਿੱਕੇ ਦੇ ਦੋ ਪਾਸੇ ਆ
2. ਯਾਦਵਿੰਦਰ: ਉਹ ਤਾਂ ਇਕ ਦੂਜੇ ਨੂੰ ਗਾਲਾਂ ਬਹੁਤ ਕੱਢਦੇ ਨੇ
3. ਆਇਡੋਲੋਜੀ ਜਿੱਥੇ ਬਹੁਤ ਉਬਜੈਕਟਿਵਲੀ ਸਿਖਾਉਂਦੀ ਐ ਉੱਥੇ ਸਬਜੈਕਟਿਵ ਲਿਮੀਟੇਸ਼ਨਜ਼ ਨੇ
4. ਪੰਜਾਬ ਦੀ ਹਿਸਟਰੀ ਐਕਸ਼ਨ ਓਰੀਐਂਟਡ ਐ
5. ਕਈ ਐਕਸ਼ਨ ਇਨਵਿਜੀਬਲ ਹੁੰਦੇ ਨੇ
6. ਇਹ ਜਿਹੜੀ ਇਨਸਿਕਉਰਟੀ ਪੈਦਾ ਕਰਨੀ ਮਿਨਓਰਟੀ ਦੇ ਵਿੱਚ ਉਹ ਵੀ ਉਹਨਾਂ ਨੂੰ ਗਲਤ ਪਾਸੇ ਨੂੰ ਧੱਕ ਦਿੰਦੀ ਹੈ
7. ਟਕਰਾ ਕੇ
8. ਆਇਡੋਲੋਜੀ ਦੇ ਬੰਦੇ ਰੀਥਿੰਕ ਕਰਦੇ ਈ ਨਹੀਂ

ਇਹਨਾਂ ਦੋਵਾਂ ਤਰ੍ਹਾਂ ਦੇ ਵਾਕਾਂ ਨਾਲ ਮੂਲ ਭਾਵ ਵਿਚ ਬਹੁਤਾ ਫਰਕ ਨਹੀਂ ਪੈਂਦਾ ਪਰ ਜਦੋਂ ਅਸੀਂ ਕਿਸੇ ਨਾਲ ਸਿਧਾਂਤਕ ਚਰਚਾ ਕਰਨ ਦੀ ਗੱਲ ਕਰਦੇ ਹਾਂ ਤਾਂ ਦੂਜੇ ਦੀ ਗੱਲ ਨੂੰ ਕਿੰਨੀ ਸੰਜੀਦਗੀ ਨਾਲ ਲੈਂਦੇ ਹਾਂ ਉਸ ਨਾਲ ਹੀ ਬਹੁਤ ਕੁਝ ਤੈਅ ਹੋ ਜਾਂਦਾ ਹੈ। ਇਹ ਕੋਈ ਜਰੂਰੀ ਨਹੀਂ ਸੀ ਕਿ ਉਸ ਮੁਲਾਕਾਤ ਨੂੰ ਸਾਰਾ ਅਤੇ ਹੂਬਹੂ ਲਿਖਿਆ ਜਾਂਦਾ ਪਰ ਜਦੋਂ ਇਹ ਦਾਅਵਾ ਕੀਤਾ ਕਿ ਅਸੀਂ ਕਿਸੇ ਪੱਖਪਾਤ ਦੇ ਦੋਸ਼ ਤੋਂ ਬਚਣਾ ਹੈ ਤਾਂ ਇਹ ਬਹੁਤ ਜਰੂਰੀ ਸੀ ਕਿ ਆਪੇ ਪੈਦੇ ਕੀਤੇ ਮਿਆਰ ਨਾਲ ਨਿਭਿਆ ਜਾਂਦਾ।
ਮੁਲਾਕਾਤ ਵਿਚਲੇ ਅੰਗਰੇਜ਼ੀ ਸ਼ਬਦਾਂ ਨੂੰ ਜਿਸ ਤਰੀਕੇ ਨਾਲ ਲਿਖਿਆ ਹੈ ਉਹ ਅੰਗਰੇਜੀ ਬਾਰੇ ਸਮਝ ਦੀ ਪੇਸ਼ਕਾਰੀ ਕਰਦਾ ਹੈ:
ਜੋ ਕਰਮਜੀਤ ਸਿੰਘ ਨੇ ਲਿਖਿਆ
ਸਿੰਬੋਲਿਂਮ
ਇਫਰਟ
ਜਰਨੀਇੰਗ
ਪ੍ਰਟੀਕੂਲਰ
ਇਨਵਿਨਸੀਬਲ
ਇਟ ਵਿਲ ਟੇਕ ਟਾਇਮ
ਆਇਡੋਲੋਜੀ ਇਟਸ ਆ ਔਰਗੇਡਾਇਮੇਜੀਨੇਸ਼ਨ
ਕੌਰਕੋਸ ਆਫ ਦੀ ਪੌਲੀਟਿਕਸ
ਬਿਦਾਊਟ ਵੀਂਗ ਵਾਇਲੈਂਸ

ਜੋ ਅਜਮੇਰ ਸਿੰਘ ਨੇ ਬੋਲਿਆ
Symbolism
afford
churning
peculiar
invisible
9t may take time
9deology it’s a organi੍ਰed 9magination
3rux of the politics
Without being violent

ਕਿਰਿਆ ਪਿਛੇਤਰਾਂ ਜਾਂ ਕਾਲ ਬੋਧਕਾਂ ਨੂੰ ਥਾਂ ਥਾਂ ਛੱਡਿਆ ਹੈ, ਕਈ ਥਾਈਂ ਅੱਧਾ-੨ ਵਾਕ ਹੀ ਲਿਖਿਆ ਨਹੀਂ ਹੈ।
ਲਗਭਗ ਹਰ ਦੂਜੇ ਤੀਜੇ ਵਾਕ ਵਿਚ ਕੋਈ ਨਾ ਕੋਈ ਸ਼ਬਦ ਲਿਖਣ ਤੋਂ ਛੱਡਿਆ ਗਿਆ ਹੈ ਅਤੇ
ਕੁਝ ਕੁਝ ਥਾਵਾਂ ਤੇ ਆਪਣੇ ਕੋਲੋਂ ਵੀ ਸ਼ਬਦ ਪਾਏ ਗਏ ਹਨ।
ਇਹ ਗੱਲਾਂ ਲਿਖਣ ਵਾਲੇ ਮਨੁੱਖ ਦੀ ਪੰਜਾਬੀ ਅੰਗਰੇਜ਼ੀ ਦੀ ਸਮਝ ਬਾਰੇ ਕੀ ਦੱਸਦੀਆਂ ਹਨ ਪਾਠਕ ਤੇ ਨਿਰਭਰ ਕਰਦਾ ਹੈ?
ਗੁਰਬਾਣੀ ਅੰਦਰ ਕੁਝ ਮਨੁੱਖਾਂ ਦੀ ਸੰਗਤ ਤੋਂ ਵਰਜਿਆ ਗਿਆ ਹੈ: ਨਿਗੁਰਾ, ਮਨਮੁਖ, ਸਾਕਤ ਤੇ ਮੂਰਖ।ਸਰਦਾਰ ਕਰਮਜੀਤ ਸਿੰਘ ਵਲੋਂ ਗਿਣਾਏ ਔਗੁਣਾਂ ਦੇ ਹਿਸਾਬ ਨਾਲ ਅਜਮੇਰ ਸਿੰਘ ਇਹਨਾਂ ਮਨੁੱਖਾਂ ਦੇ ਘੱਟੋ-ਘੱਟ ਇਕ ਜਾਂ ਸਾਰੇ ਰੁਤਬਿਆਂ ਅਧੀਨ ਆ ਸਕਦੇ ਹਨ। ਉਸ ਹਿਸਾਬ ਨਾਲ ਐਡੇ ਵੱਡੇ ਅਤੇ ਐਨੇ ਜਿਆਦਾ ਔਗੁਣ (ਜੇ ਸੱਚੀਂ ਹੋਣ) ਬਾਰੇ ਸਰਬ ਸੰਪੰਨ ਫੈਸਲਾ ਹੋਣ ਦੇ ਬਾਵਜੂਦ ਦੋਸ਼ੀ ਨੂੰ ਸੱਦਾ ਦਿੱਤਾ ਜਾ ਰਿਹਾ ਹੈ? ਸ਼ਾਇਦ ਅਦਾਲਤੀ ਕਾਰਵਾਈ ਦੀ ਰਸਮ ਅਨੁਸਾਰ ਜੱਜ ਵਲੋਂ ਫੈਸਲਾ ਸੁਣਾਉਣ ਸਮੇਂ ਦੋਸ਼ੀ ਨੂੰ ਆਪਣੀ ਭਾਵਨਾ ਦਰਜ ਕਰਾਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ ਭਾਵੇਂ ਕਿ ਕਿਸੇ ਵੀ ਹਾਲ ਜੱਜ ਦਾ ਫੈਸਲਾ ਬਦਲਦਾ ਨਹੀਂ ਪਰ ਕਾਨੂੰਨੀ ਰਸਮ ਤਾਂ ਪੂਰੀ ਕਰਨੀ ਹੀ ਬਣਦੀ ਹੈ।
ਸਰਦਾਰ ਕਰਮਜੀਤ ਸਿੰਘ ਦੇ ਲਿਖਣ ਅਨੁਸਾਰ ਉਹਨਾਂ ਨੂੰ ਪਹਿਲਾਂ ਪਤਾ ਸੀ। ਜੇ ਪਹਿਲਾਂ ਨਹੀਂ ਤਾਂ ਘੱਟੋ ਘੱਟ ਪਤਾ ਲੱਗਣ ਮਗਰੋਂ ਹੀ ਅਜਮੇਰ ਸਿੰਘ ਦੀਆਂ ਗੱਲਾਂ/ਲਿਖਤਾਂ ਵਿਚੋਂ ਘਾਟਾਂ ਲੱਭਣ ਨਾਲੋਂ ਕੁਝ ਪੂਰਨੇ ਪਾਉਂਦੇ।ਸਹੀ ਹੱਲ ਤਾਂ ਇਹੋ ਹੀ ਸੀ। ਇਹਨਾਂ ਭਵਿੱਖਮੁਖੀ ਕਾਵਿਕ ਵਾਕਾਂ ਨੇ ਬੇਇਜਤੀ ਬੇਇਜਤੀ ਖੇਡਣ ਤੋਂ ਬਿਨਾਂ ਪੰਥ ਦਾ ਕੀ ਸੁਆਰ ਦੇਣਾ ਹੈ ਕਿ ”ਅਜਮੇਰ ਸਿੰਘ ਰੂਪੀ ਲੱਕੜ ਉੱਤੇ ਖਾਲਿਸਤਾਨ ਦੀ ਨਕਾਸ਼ੀ ਨਹੀਂ ਹੋ ਸਕੇਗੀ”? ਜੇ ਖਾੜਕੂ ਉਭਾਰ ਤੋਂ ਪਹਿਲਾਂ ਚੇਤੰਨ ਸਿੱਖ ਵਿਦਵਾਨ, ਸੰਤਾਂ ਨਾਲ ਨੇੜਤਾ ਰੱਖਣ ਵਾਲੇ ਖਾਸ ਸੱਜਣ ਅਤੇ ਮਾਣਯੋਗ ਸੰਪਰਦਾ ਦੇ ਵਾਰਸ (ਸਰਦਾਰ ਕਰਮਜੀਤ ਸਿੰਘ) ਲਹਿਰ ਦਾ ਦਰਦ ਦੀਆਂ ਸੂਖਮ ਗਹਿਰਾਈਆਂ ਫੜਨ ਵਾਲੇ ਇਤਿਹਾਸ ਨਹੀਂ ਸਾਂਭ ਸਕੇ, ਨਾ ਭਵਿੱਖ ਦਾ ਨਕਸ਼ਾ ਨਹੀਂ ਖਿੱਚ ਸਕੇ ਸਗੋਂ ਬਹਿਸ ਦੇ ਨਾਂ ਉਤੇ ਉਪਰੋਕਤ ਗੱਲਾਂ ਕਰ ਰਹੇ ਹਨ ਤਾਂ ਹੋਰਾਂ ਦਾ ਕੀ ਦੋਸ਼?