ਕਰਜ਼ੇ ‘ਚ ਡੁੱਬੇ ਪੰਜਾਬ ਦੇ 6 ਕਿਸਾਨਾਂ ਵਲੋਂ ਖ਼ੁਦਕੁਸ਼ੀ

ਕਰਜ਼ੇ ‘ਚ ਡੁੱਬੇ ਪੰਜਾਬ ਦੇ 6 ਕਿਸਾਨਾਂ ਵਲੋਂ ਖ਼ੁਦਕੁਸ਼ੀ

ਜਲੰਧਰ/ਬਿਊਰੋ ਨਿਊਜ਼ :
ਪੰਜਾਬ ਵਿਚ ਵੱਖ-ਵੱਖ ਥਾਈਂ ਕਰਜ਼ੇ ਵਿਚ ਡੁੱਬੇ 6 ਕਿਸਾਨਾਂ ਨੇ ਖੁਦਕੁਸ਼ੀ ਕਰ ਲਈ। ਫਿਰੋਜ਼ਪੁਰ ਦੇ ਪਿੰਡ ਚੁਗੱਤੇ ਵਾਲਾ ਦੇ ਕਿਸਾਨ ਰਤਨ ਸਿੰਘ, ਬਰੇਟਾ ਨੇੜਲੇ ਪਿੰਡ ਸਸਪਾਲੀ ਦੇ ਕਿਸਾਨ ਕ੍ਰਿਸ਼ਨ ਦੇਵ, ਸਬ-ਡਿਵੀਜ਼ਨ ਮੌੜ ਅਧੀਨ ਆਉਂਦੇ ਪਿੰਡ ਕੋਟਭਾਰਾ ਦੇ ਕਿਸਾਨ ਬਲਦੇਵ ਸਿੰਘ, ਸ੍ਰੀ ਮਾਛੀਵਾੜਾ ਸਾਹਿਬ ਨੇੜਲੇ ਪਿੰਡ ਚੱਕਲੀ ਮੰਗਾ ਦੇ ਕਿਸਾਨ ਵੀਰਪਾਲ ਸਿੰਘ, ਭੁੱਚੋ ਮੰਡੀ ਨੇੜਲੇ ਪਿੰਡ ਚੱਕ ਬਖ਼ਤੂ ਦੇ ਕਿਸਾਨ ਗੁਰਦਰਸ਼ਨ ਸਿੰਘ ਅਤੇ ਸੰਗਤ ਮੰਡੀ ਨੇੜਲੇ ਪਿੰਡ ਕੁੱਟੀ ਕਿਸ਼ਨਪੁਰਾ ਦੇ ਕਿਸਾਨ ਕੁਲਦੀਪ ਸਿੰਘ ਨੇ ਕਰਜ਼ੇ ਤੋਂ ਪ੍ਰ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ।
ਜ਼ਿਕਰਯੋਗ ਹੈ ਕਿ ਫ਼ਿਰੋਜ਼ਪੁਰ ਦੇ ਪਿੰਡ ਚੁਗੱਤੇ ਵਾਲਾ ਦੇ ਕਿਸਾਨ ਰਤਨ ਸਿੰਘ ਨੇ ਆੜ੍ਹਤੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਥਾਣਾ ਕੁਲਗੜ੍ਹੀ ਦੇ ਮਾਮਲੇ ਨਾਲ ਸਬੰਧਤ ਜਾਂਚ ਅਧਿਕਾਰੀ ਅਮਰਜੀਤ ਸਿੰਘ ਅਨੁਸਾਰ ਕਿਸਾਨ ਰਤਨ ਸਿੰਘ ਜੋ ਕਿ ਆਪਣੀ ਫ਼ਸਲ ਜਰਨੈਲ ਸਿੰਘ ਦੀ ਆੜ੍ਹਤ ‘ਤੇ ਸੁੱਟਦਾ ਸੀ ਅਤੇ ਫ਼ਸਲ ਘੱਟ ਹੋਣ ਕਾਰਨ ਉਕਤ ਕਿਸਾਨ ਉੱਪਰ 2 ਲੱਖ ਰੁਪਏ ਦਾ ਕਰਜ਼ਾ ਚੜ੍ਹ ਗਿਆ ਸੀ। ਆੜ੍ਹਤੀਆ ਜਰਨੈਲ ਸਿੰਘ ਤੇ ਉਸ ਦਾ ਮੁਨੀਮ ਕਸ਼ਮੀਰ ਸਿੰਘ ਕਿਸਾਨ ਰਤਨ ਸਿੰਘ ਨੂੰ ਰੁਪਏ ਵਾਪਸ ਮੋੜਨ ਲਈ ਤੰਗ ਪ੍ਰੇਸ਼ਾਨ ਕਰਦੇ ਸਨ। ਇਨ੍ਹਾਂ ਤੋਂ ਤੰਗ ਆ ਕੇ ਉਕਤ ਕਿਸਾਨ ਨੇ ਕੋਈ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਦੇ ਲੜਕੇ ਭੁਪਿੰਦਰ ਸਿੰਘ ਦੇ ਬਿਆਨਾਂ ‘ਤੇ ਪੁਲੀਸ ਨੇ ਆੜ੍ਹਤੀ ਤੇ ਮੁਨੀਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਬਰੇਟਾ ਦੇ ਪਿੰਡ ਸਸਪਾਲੀ ਦੇ ਕਿਸਾਨ ਨੇ ਕਰਜ਼ੇ ਕਾਰਨ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਕ੍ਰਿਸ਼ਨ ਦੇਵ (46) ਦੇ ਵੱਡੇ ਭਰਾ ਰਾਮ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਕੋਲ 11 ਏਕੜ ਜ਼ਮੀਨ ਸੀ ਅਤੇ ਉਸ ਦੇ ਸਿਰ ਬੈਂਕ ਦਾ ਲਗਭਗ 18 ਲੱਖ 70 ਹਜ਼ਾਰ ਰੁਪਏ ਦੇ ਕਰਜ਼ਾ ਸੀ ਜਿਸ ਦੇ ਚੱਲਦਿਆਂ ਉਹ ਅਕਸਰ ਪ੍ਰੇਸ਼ਾਨ ਰਹਿੰਦਾ ਸੀ। ਉਹ ਹਰਿਆਣਾ ਦੇ ਰਤੀਆ ਵਿਚ ਦਵਾਈ ਲੈਣ ਜਾ ਰਿਹਾ ਸੀ ਕਿ ਪਿੰਡ ਬਾਦਲਗੜ੍ਹ ਕੋਲ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਸਬ-ਡਿਵੀਜ਼ਨ ਮੌੜ ਦੇ ਅਧੀਨ ਆਉਂਦੇ ਪਿੰਡ ਕੋਟਭਾਰਾ ਦੇ ਕਿਸਾਨ ਬਲਦੇਵ ਸਿੰਘ (37) ਪੁੱਤਰ ਹਰਮੇਲ ਸਿੰਘ ਨੇ ਕੋਈ ਜ਼ਹਿਰੀਲੀ ਕੀਟਨਾਸ਼ਕ ਦਵਾਈ ਪੀ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਮ੍ਰਿਤਕ ਕਿਸਾਨ ਆਪਣੇ ਚੜ੍ਹੇ ਕਰਜ਼ੇ ਕਾਰਨ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ। ਮ੍ਰਿਤਕ ਕਿਸਾਨ ਕੋਲ ਆਪਣੀ ਢਾਈ ਏਕੜ ਜ਼ਮੀਨ ਸੀ ਜਿਸ ਵਿਚੋਂ ਵੀ ਕਰਜ਼ੇ ਕਾਰਨ ਉਸ ਨੇ 6 ਕਨਾਲਾਂ ਜ਼ਮੀਨ ਬੀਤੇ ਸਮੇਂ ਵਿਚ ਵੇਚ ਦਿੱਤੀ ਸੀ ਤੇ ਇਸੇ ਕਰਜ਼ੇ ਦੀ ਪ੍ਰੇਸ਼ਾਨੀ ਕਾਰਨ ਹੀ ਉਸ ਦੇ ਬਾਪ ਨੇ ਵੀ ਬੀਤੇ ਸਾਲ ਖ਼ੁਦਕੁਸ਼ੀ ਕਰ ਲਈ ਸੀ। ਮ੍ਰਿਤਕ ਸਿਰ 6.70 ਲੱਖ ਦਾ ਕਰਜ਼ਾ ਸੀ। ਰਾਮ ਸਿੰਘ ਕੋਟਭਾਰਾ ਸਾਬਕਾ ਸਰਪੰਚ ਤੇ ਹੋਰ ਮੋਹਤਬਰ ਵਿਅਕਤੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।
ਸ੍ਰੀ ਮਾਛੀਵਾੜਾ ਸਾਹਿਬ ਦੇ ਨੇੜਲੇ ਪਿੰਡ ਚੱਕਲੀ ਮੰਗਾ ਦੇ ਗ਼ਰੀਬ ਪਰਿਵਾਰ ਦਾ ਇੱਕੋ-ਇੱਕ ਸਹਾਰਾ ਕਿਸਾਨ ਵੀਰਪਾਲ ਸਿੰਘ ਪੁੱਤਰ ਰਤਨਾ ਰਾਮ ਨੇ ਕਰਜ਼ੇ ਦੇ ਬੋਝ ਨੂੰ ਨਾ ਸਹਾਰਦੇ ਹੋਏ ਸਰਹਿੰਦ ਨਹਿਰ ਵਿਚ ਛਲਾਂਗ ਮਾਰ ਕੇ ਖੁਦਕੁਸ਼ੀ ਕਰ ਲਈ। ਕੁਝ ਦਿਨ ਪਹਿਲਾਂ ਵਾਪਰੇ ਇਸ ਹਾਦਸੇ ਦੌਰਾਨ ਉਸ ਦੀ ਲਾਸ਼ ਨਹਿਰ ਵਿਚੋਂ ਬਰਾਮਦ ਵੀ ਕਰ ਲਈ ਗਈ। ਪਰਿਵਾਰ ਨੂੰ ਨੇੜੇ ਤੋਂ ਜਾਣਨ ਵਾਲਿਆਂ ਦਾ ਕਹਿਣਾ ਹੈ ਕਿ ਪਿਛਲੇ ਕਾਫ਼ੀ ਸਮੇਂ ਤੋਂ ਖੇਤੀ ਦੇ ਧੰਦੇ ਵਿਚੋਂ ਹੋ ਰਹੇ ਨੁਕਸਾਨ ਨਾਲ ਮ੍ਰਿਤਕ ਕਿਸਾਨ ਕਾਫ਼ੀ ਦਿਨਾਂ ਤੋਂ ਪ੍ਰੇਸ਼ਾਨ ਸੀ ਜਿਸ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ।
ਭੁੱਚੋ ਮੰਡੀ ਵਿਚ ਕਰਜ਼ੇ ਦੇ ਬੋਝ ਤੋਂ ਪ੍ਰੇਸ਼ਾਨ ਪਿੰਡ ਚੱਕ ਬਖਤੂ ਦੇ ਇਕ ਕਿਸਾਨ ਨੇ ਮੰਡੀ ਵਿਚ ਰੇਲ ਗੱਡੀ ਹੇਠ ਆ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਮ੍ਰਿਤਕ ਕਿਸਾਨ ਗੁਰਦਰਸ਼ਨ ਸਿੰਘ 2.5 ਏਕੜ ਜ਼ਮੀਨ ਦਾ ਮਾਲਕ ਸੀ ਅਤੇ ਉਸ ਦੇ ਸਿਰ 6 ਲੱਖ ਰੁਪਏ ਦਾ ਕਰਜ਼ਾ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਸੰਤੋਖ ਸਿੰਘ ਲਹਿਰਾ ਖਾਨਾ, ਬਲਾਕ ਆਗੂ ਮਨਜੀਤ ਸਿੰਘ ਭੁੱਚੋ ਖੁਰਦ ਅਤੇ ਕਿਸਾਨ ਆਗੂ ਸੁਖਦੇਵ ਸਿੰਘ ਚੱਕ ਬਖਤੂ ਨੇ ਕਿਹਾ ਕਿ ਸਰਕਾਰਾਂ ਕਿਸਾਨਾਂ ਦੀ ਹਾਲਤ ਪ੍ਰਤੀ ਗੰਭੀਰ ਨਹੀਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਪੱਖੀ ਨੀਤੀਆਂ ਲਾਗੂ ਕਰ ਕੇ ਹੀ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਤੋਂ ਰੋਕਿਆ ਜਾ ਸਕਦਾ ਹੈ।
ਕਿਸਾਨ ਦੀ ਲਾਸ਼ ਲਸਾੜਾ ਡਰੇਨ ਵਿਚੋਂ ਮਿਲੀ
ਸੰਗਤ ਮੰਡੀ ਦੇ ਪਿੰਡ ਕੁੱਟੀ ਕਿਸ਼ਨਪੁਰਾ ਦੇ ਇਕ ਕਿਸਾਨ ਦੀ ਲਾਸ਼ ਪਿੰਡ ਨੇੜਿਓਂ ਲੰਘਦੇ ਸੇਮ ਨਾਲੇ ਵਿਚੋਂ ਮਿਲੀ ਹੈ। ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਪੁੱਤਰ ਅਵਤਾਰ ਸਿੰਘ (55) ਜਿਹੜਾ ਕਿ ਪਿਛਲੇ ਤਿੰਨ ਦਿਨਾਂ ਤੋਂ ਗੁੰਮ ਸੀ ਦੀ ਲਾਸ਼ ਲਸਾੜਾ ਡਰੇਨ ‘ਚੋਂ ਮਿਲੀ ਹੈ। ਥਾਣਾ ਸੰਗਤ ਦੇ ਮੁੱਖ ਪੁਲੀਸ ਅਧਿਕਾਰੀ ਪਰਮਜੀਤ ਸਿੰਘ ਡੋਡ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਕਿਸਾਨ ਨੇ ਕੋਈ ਜ਼ਹਿਰੀ ਦਵਾਈ ਪੀ ਕੇ ਲਸਾੜਾ ਡਰੇਨ ਵਿਚ ਛਾਲ ਮਾਰੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਕਿਸਾਨ ਸਿਰ ਬੈਂਕਾਂ ਤੇ ਸੁਸਾਇਟੀ ਦਾ 8 ਲੱਖ ਰੁਪਏ ਦਾ ਕਰਜ਼ਾ ਸੀ, ਜਿਸ ਕਾਰਨ ਉਹ ਅਕਸਰ ਹੀ ਪ੍ਰੇਸ਼ਾਨ ਰਹਿੰਦਾ ਸੀ। ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਮ੍ਰਿਤਕ ਕਿਸਾਨ ਦੇ ਪਰਿਵਾਰ ਲਈ ਸਰਕਾਰ ਪਾਸੋਂ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ।

ਆਤਮਦਾਹ ਕਰਨ ਵਾਲੇ ਕਿਸਾਨ ਨੇ ਦਮ ਤੋੜਿਆ :
ਬਰਨਾਲਾ : ਪੈਟਰੋਲ ਛਿੜਕ ਕੇ ਆਪਣੇ ਆਪ ਨੂੰ ਅੱਗ ਲਾਉਣ ਵਾਲੇ ਮਹਿਲ ਖੁਰਦ ਦੇ ਕਿਸਾਨ ਦੀ ਡੀਐਮਸੀ ਹਸਪਤਾਲ ਲੁਧਿਆਣਾ ਵਿੱਚ ਮੌਤ ਹੋ ਗਈ। ਥਾਣਾ ਮਹਿਲ ਕਲਾਂ ਦੇ ਮੁੱਖ ਅਫ਼ਸਰ ਪਰਗਟ ਸਿੰਘ ਨੇ ਦੱਸਿਆ ਕਿ ਪਿੰਡ ਮਹਿਲ ਖੁਰਦ ਦੇ ਕਿਸਾਨ ਅਵਤਾਰ ਸਿੰਘ ਉਰਫ ਇਕਬਾਲ ਪੁੱਤਰ ਜੱਗਾ ਸਿੰਘ ਨੇ ਮਾਨਸਿਕ ਪ੍ਰੇਸ਼ਾਨੀ ਕਾਰਨ ਆਪਣੇ ‘ਤੇ ਪੈਟਰੋਲ ਛਿੜਕ ਕੇ ਅੱਗ ਲਾ ਲਈ ਸੀ। ਉਸ ਦੀ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਮੌਤ ਹੋ ਗਈ। ਕਿਸਾਨ ਵੱਲੋਂ ਹਸਪਤਾਲ ਵਿੱਚ ਦਿੱਤੇ ਬਿਆਨ ਅਨੁਸਾਰ ਉਸ ਨੇ ਲੜਕੀ ਦੇ ਵਿਆਹ ਅਤੇ ਘਰ ਪਾਉਣ ਲਈ 10 ਲੱਖ ਰੁਪਏ ਕਰਜ਼ਾ ਲਿਆ ਸੀ। ਉਸ ਨੇ ਆਪਣੀ ਸਾਰੀ ਦੋ ਏਕੜ ਜ਼ਮੀਨ ਗਹਿਣੇ ਰੱਖ ਕੇ ਸੱਤ ਲੱਖ ਰੁਪਏ ਵਾਪਸ ਕਰ ਦਿੱਤੇ ਸਨ ਪਰ ਬਾਕੀ ਕਰਜ਼ੇ ਅਤੇ ਜ਼ਮੀਨ ਗਹਿਣੇ ਹੋਣ ਕਾਰਨ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ। ਉਹ ਆਪਣਾ ਪਿੰਡ ਮਹਿਲ ਖੁਰਦ ਛੱਡ ਕੇ ਸਹੁਰੇ ਪਿੰਡ ਬੜੂੰਦੀ ਚਲਾ ਗਿਆ ਸੀ। ਉਸ ਨੇ ਮਾਨਸਿਕ ਪ੍ਰੇਸ਼ਾਨੀ ਕਾਰਨ ਮਹਿਲ ਖੁਰਦ ਆ ਕੇ ਆਪਣੇ ਆਪ ਨੂੰ ਅੱਗ ਲਾ ਲਈ, ਜਿਸ ਕਾਰਨ ਉਹ 70 ਫ਼ੀਸਦੀ ਝੁਲਸ ਗਿਆ ਸੀ। ਮ੍ਰਿਤਕ ਦੇ ਭਰਾ ਲਖਵੀਰ ਸਿੰਘ ਅਤੇ ਪਿੰਡ ਵਾਸੀਆਂ ਨੇ ਪੀੜਤ ਪਰਿਵਾਰ ਲਈ ਢੁਕਵੇਂ ਮੁਆਵਜ਼ੇ ਤੇ ਪਰਿਵਾਰ ਦੇ ਇਕ ਮੈਂਬਰ ਲਈ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ।