ਸੈਕਰਾਮੈਂਟੋ ‘ਚ ਗੈਸ ਸਟੇਸ਼ਨ ‘ਤੇ ਕੰਮ ਕਰਦੇ 20 ਸਾਲਾ ਸਿੱਖ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

ਸੈਕਰਾਮੈਂਟੋ ‘ਚ ਗੈਸ ਸਟੇਸ਼ਨ ‘ਤੇ ਕੰਮ ਕਰਦੇ 20 ਸਾਲਾ ਸਿੱਖ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

ਸੈਕਰਾਮੈਂਟੋ/ਹੁਸਨ ਲੜੋਆ ਬੰਗਾ :
ਸਾਊਥ ਸੈਕਰਾਮੈਂਟੋ ਦੇ ਫਲੋਰਨ ਰੋਡ ‘ਤੇ ਸਥਿਤ ਸ਼ੈਵਰਨ ਗੈਸ ਸਟੇਸ਼ਨ ‘ਤੇ ਰਾਤ 10.30 ਵਜੇ ਮੈਕਸੀਕੋ ਨਾਲ ਸਬੰਧ ਰੱਖਣ ਵਾਲੇ 2 ਵਿਅਕਤੀਆਂ ਨੇ ਸਿੱਖ ਨੌਜਵਾਨ ਸਿਮਰਨਜੀਤ ਸਿੰਘ ਭੰਗੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਗੈਸ ਸਟੇਸ਼ਨ ਦੇ ਬਾਕੀ ਮੁਲਾਜ਼ਮਾਂ ਮੁਤਾਬਕ ਉਹ ਉਸ ਸਮੇਂ ਗੈਸ ਸਟੇਸ਼ਨ ‘ਤੇ ਬਾਹਰ ਸਫ਼ਾਈ ਕਰ ਰਿਹਾ ਸੀ। ਜਦੋਂ ਉਹ ਅੰਦਰ ਜਾਣ ਲੱਗਾ ਤਾਂ ਬਾਹਰ ਪਾਰਕਿੰਗ ਵਿਚ ਬੈਠੇ ਦੋ ਮੈਕਸੀਕੋ ਨਿਵਾਸੀਆਂ ਨੇ ਉਸ ਦੇ 7 ਗੋਲੀਆਂ ਮਾਰੀਆਂ ਪਰ 3 ਸਿਮਰਨਜੀਤ ਸਿੰਘ ਦੇ ਸਰੀਰ ਦੇ ਉਪਰਲੇ ਹਿੱਸੇ ਵਿਚ ਲੱਗੀਆਂ। ਤੁਰੰਤ ਐਂਬੂਲਸ ਆਈ ਪਰ ਸਿਮਰਨਜੀਤ ਸਿੰਘ ਥਾਂ ‘ਤੇ ਹੀ ਮਰ ਗਿਆ। ਬਾਕੀ ਵੇਰਵੇ ਅਨੁਸਾਰ ਤੇ ਸੈਕਰਾਮੈਂਟੋ ਕਾਊਂਟੀ ਸੈਂਰਫ ਇਨਵੈਸਟੀਗੇਟ ਡਿਪਾਰਟਮੈਂਟ ਅਨੁਸਾਰ ਇਸੇ ਗੈਸ ਸਟੇਸ਼ਨ ‘ਤੇ ਹੀ ਕੰਮ ਕਰ ਰਹੇ ਪਾਕਿਸਤਾਨੀ ਮੂਲ ਦੇ ਮੁਲਾਜ਼ਮ ਨਾਲ ਪਹਿਲਾਂ ਇਹ ਮੈਕਸੀਕੋ ਹੱਥੋਪਾਈ ਵੀ ਹੋਏ ਸਨ ਪਰ ਉਹ ਉਸਤੋਂ ਬਾਅਦ ਅੰਦਰ ਜਾ ਕੇ 911 ‘ਤੇ ਕਾਲ ਕਰਨ ਚਲਾ ਗਿਆ। ਐਨੇ ਨੂੰ ਮਾੜੀ ਕਿਸਮਤ ਕਰਕੇ ਸਿਮਰਨਜੀਤ ਪਾਰਕਿੰਗ ਸਾਫ਼ ਕਰਕੇ ਅੰਦਰ ਜਾ ਰਿਹਾ ਸੀ ਤੇ ਬਿਨਾਂ ਵਜ•ਾ ਮੈਕਸੀਕੋਆਂ ਨੇ ਉਸ ਉਪਰ ਗੋਲੀਆਂ ਚਲਾ ਦਿੱਤੀਆਂ। ਪਤਾ ਲੱਗਾ ਹੈ ਕਿ ਪਾਕਿਸਤਾਨੀ ਮੁਲਾਜ਼ਮ ਇਨ•ਾਂ ਮੈਕਸੀਕੋਆਂ ਨੂੰ ਪਾਰਕਿੰਗ ਲਾਟ ਵਿਚ ਸ਼ਰਾਬ ਪੀਣ ਤੋਂ ਰੋਕਣ ਗਿਆ ਸੀ, ਜਿਸ ਕਰਕੇ ਉਸ ਨਾਲ ਹੱਥੋਪਾਈ ਹੋ ਗਈ ਤੇ ਬਾਅਦ ਵਿਚ ਸਿਮਰਨਜੀਤ ਸਿੰਘ ਨੂੰ ਸ਼ਾਇਦ ਪਤਾ ਵੀ ਨਹੀਂ ਸੀ ਕਿ ਕੀ ਗੱਲ ਹੋਈ ਹੈ।
ਸਿਮਰਨਜੀਤ ਸਿੰਘ ਪੰਜਾਬ ਵਿਚਲੇ ਇਲਾਕੇ ਮੋਹਾਲੀ ਦਾ ਰਹਿਣ ਵਾਲਾ ਸੀ ਤੇ 3 ਭੈਣਾਂ ਦਾ ਇਕੱਲਾ ਭਰਾ ਸੀ ਤੇ ਵਿਦਿਆਰਥੀ ਵੀਜ਼ੇ ‘ਤੇ ਸਿਰਫ਼ ਡੇਢ ਸਾਲ ਪਹਿਲਾਂ ਹੀ ਅਮਰੀਕਾ ਆਇਆ ਸੀ ਤੇ ਆਪਣੀ ਭੈਣ ਤੇ ਜੀਜੇ ਕੋਲ ਰਹਿੰਦਾ ਸੀ। ਇਸ ਘਟਨਾ ਨੇ ਸਥਾਨਕ ਭਾਈਚਾਰੇ ਨੂੰ ਸੁੰਨ ਕਰਕੇ ਰੱਖ ਦਿੱਤਾ ਹੈ। ਅੱਜ ਸ਼ੈਰਫ ਡਿਪਾਰਟਮੈਂਟ ਨੇ ਮੌਕੇ ‘ਤੇ ਭੱਜੇ ਮੈਕਸੀਕੇ ਨੂੰ, ਜਿਸ ਦਾ ਨਾਂ ਅਲੈਗਜ਼ੈਂਡਰ ਲੋਪੇਜ ਦੱਸਿਆ ਗਿਆ ਹੈ, ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਇਲਾਵਾ ਪੁਲੀਸ ਮੁਤਾਬਕ ਦੋ ਹੋਰ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ ਜੋ ਇਸ ਕਤਲ ਵਿਚ ਲੋੜੀਂਦੇ ਹਨ।