ਸਿੱਖ ਨਸਲਕੁਸ਼ੀ 1984 ਨੂੰ ਇਨਸਾਫ ਮਿਲਿਆ ਹੁੰਦਾ ਤਾਂ ਗੁਜਰਾਤ ਕਤਲੇਆਮ 2002 ਨਾ ਵਾਪਰਦਾਂ: ਰਾਣਾ ਅਯੂਬ

ਸਿੱਖ ਨਸਲਕੁਸ਼ੀ 1984 ਨੂੰ ਇਨਸਾਫ ਮਿਲਿਆ ਹੁੰਦਾ ਤਾਂ ਗੁਜਰਾਤ ਕਤਲੇਆਮ 2002 ਨਾ ਵਾਪਰਦਾਂ: ਰਾਣਾ ਅਯੂਬ

ਮੌਂਟਰੀਅਲ/ਬਿਊਰੋ ਨਿਊਜ਼:
ਗੁਜਰਾਤ ਵਿੱਚ ਮੁਸਲਮਾਨਾਂ ਦੇ ਝੁਠੇ ਪੁਲਿਸ ਮੁਕਾਬਲਿਆਂ ਵਿੱਚ ਉਸ ਵੇਲੇ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਇਸ਼ਾਰਿਆਂ ਉੱਤੇ ਭਾਰਤੀ ਅਧਿਕਾਰੀਆਂ ਦੀ ਸ਼ਮੂਲੀਅਤ ਜੱਗ ਜ਼ਾਹਰ ਕਰਨ ਵਾਲੀ ਲੇਖਕ ਤੇ ਪੱਤਰਕਾਰ ਰਾਣਾ ਅਯੂਬ ਦਾ ਕਹਿਣਾ ਹੈ ਕਿ ਜੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਨੂੰ ਇਨਸਾਫ ਮਿਲਿਆ ਹੁੰਦਾ ਤਾਂ ਮੁੰਬਈ 1993 ਦੀ ਨਸ਼ਲਕੁਸ਼ੀ ਨਾ ਹੁੰਦੀ ਜੇ 1993 ਦੀ ਨਸ਼ਲਕੁਸ਼ੀ ਨੂੰ ਇਨਸਾਫ ਮਿਲਿਆ ਹੁੰਦਾ ਤਾਂ 2002 ਵਿੱਚ ਮੁਸਲਮਾਨਾਂ ਦੀ ਨਸਲਕੁਸ਼ੀ ਨਾ ਹੁੰਦੀ। ਬਹੁ ਚਰਚਿਤ ਕਿਤਾਬ ‘ਗੁਜਰਾਤ ਫਾਈਲਜ਼’ ਦੀ ਲੇਖਿਕਾ ਰਾਣਾ ਅਯੂਬ ਨੇ ਇਹ ਵਿਚਾਰ ਗੁਰੂਦੁਆਰਾ ਗੁਰੂ ਨਾਨਕ ਦਰਬਾਰ ਮੌਟੀਰੀਅਲ (ਕਿਉਬਿਕ) ਦੀ ਸਿੱਖ ਸੰਗਤ ਵੱਲੋਂ ਸਨਮਾਨਿਤ ਕੀਤੇ ਜਾਣ ਉਪਰੰਤ ਸੰਗਤ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ।
ਵਰਨਣਯੋਗ ਹੈ ਕਿ ਪੱਤਰਕਾਰ ਰਾਣਾ ਅਯੂਬ ਨੇ ‘ਤਹਿਲਕਾ’ ਰਸਾਲੇ ਲਈ ਇਕ ਸਟਿੰਗ ਅਪਰੇਸ਼ਨ ਦੌਰਾਨ ਮੁਸਲਮਾਨਾਂ ਦੇ ਝੁਠੇ ਪੁਲਿਸ ਮੁਕਾਬਲਿਆਂ ਵਿੱਚ ਪੁਲੀਸ ਤੇ ਪ੍ਰਸ਼ਾਸਕੀ ਅਧਿਕਾਰੀਆਂ ਦੀ ਸ਼ਮੂਲੀਅਤ ਸਾਹਮਣੇ ਲਿਆਂਦੀ ਸੀ।
ਇਸ ਤੋਂ ਪਹਿਲਾਂ ਰਾਣਾ ਅਯੂਬ ਵਲੋਂ ‘ਤਹਿਲਕਾ’ ਲਈ ਇੱਕ ਵਿਸ਼ੇਸ਼ ਰਿਪੋਰਟ ਵਿੱਚ ਉਭਾਰੇ ਤੱਥਾਂ ਦੀ ਰੋਸ਼ਨੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਪ੍ਰਧਾਨ ਅਮਿਤ ਸ਼ਾਹ, ਜੋ ਉਸ ਵਕਤ ਗੁਜਰਾਤ ਦਾ ਮੰਤਰੀ ਸੀ, ਨੂੰ ਦੰਗੇ ਭੜਕਾਉਣ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਗਿਆ ਸੀ। ਭਾਵੇਂ ਬਾਅਦ ਵਿੱਚ ਰਾਜਸੀ ਕਾਰਨਾਂ ਕਾਰਨ ਉਸ ਵਿਰੁਧ ਲੇਸ ਰਫਾ ਦਫਾ ਕਰ ਦਿੱਤਾ ਗਿਆ।
ਸਟਿੰਗ ਅਪਰੇਸ਼ਨ ਲਈ ਰਾਣਾ ਅਯੂਬ ਨੇ ਮੈਥਲੀ ਤਿਆਗੀ ਨਾਂ ਦੀ ਵਿਦੇਸ਼ੀ ਫਿਲਮਸਾਜ਼ ਦਾ ਭੇਸ ਧਾਰਿਆ ਸੀ, ਜਿਸ ਕਾਰਨ ਪ੍ਰਸ਼ਾਸਕੀ ਤੇ ਪੁਲੀਸ ਅਫ਼ਸਰਾਂ ਤੱਕ ਉਸ ਦੀ ਪਹੁੰਚ ਆਸਾਨ ਬਣੀ.