ਫੂਲਕਾ ਦਾ ਅਸਤੀਫਾ ਸਪੀਕਰ ਨੇ ਮਨਜ਼ੂਰ ਕੀਤਾ

ਫੂਲਕਾ ਦਾ ਅਸਤੀਫਾ ਸਪੀਕਰ ਨੇ ਮਨਜ਼ੂਰ ਕੀਤਾ
ਹਰਵਿੰਦਰ ਸਿੰਘ ਫੂਲਕਾ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਹਲਕਾ ਦਾਖਾ ਤੋਂ ਐੱਮ.ਐੱਲ.ਏ ਹਰਵਿੰਦਰ ਸਿੰਘ ਫੂਲਕਾ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ। ਫੂਲਕਾ ਨੇ ਪਿਛਲੇ ਸਾਲ ਆਮ ਆਦਮੀ ਪਾਰਟੀ ਤੋਂ ਅਤੇ ਐੱਮ.ਐੱਲ.ਏ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਪਰ ਉਹ ਹੁਣ ਤੱਕ ਸਪੀਕਰ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ ਸੀ। ਬੀਤੇ ਦਿਨ ਫੂਲਕਾ ਨੇ ਸਪੀਕਰ ਨੂੰ ਬੇਨਤੀ ਕੀਤੀ ਸੀ ਕਿ ਉਹਨਾਂ ਦਾ ਅਸਤੀਫਾ ਤੁਰੰਤ ਮਨਜ਼ੂਰ ਕੀਤਾ ਜਾਵੇ ਨਹੀਂ ਉਹ ਸੁਪਰੀਮ ਕੋਰਟ ਜਾਣ ਲਈ ਮਜ਼ਬੂਰ ਹੋਣਗੇ।

ਫੂਲਕਾ ਦਾ ਅਸਤੀਫਾ ਮਨਜ਼ੂਰ ਹੋਣ ਨਾਲ ਹੁਣ ਦਾਖਾ ਵਿਧਾਨ ਸਭਾ ਹਲਕੇ ਵਿੱਚ ਜ਼ਿਮਨੀ ਚੋਣ ਦਾ ਰਾਹ ਪੱਧਰਾ ਹੋ ਗਿਆ ਹੈ। ਆਸ ਪ੍ਰਗਟਾਈ ਜਾ ਰਹੀ ਹੈ ਕਿ ਅਕਤੂਬਰ ਵਿੱਚ ਹੋਣ ਜਾ ਰਹੀਆਂ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਹੀ ਪੰਜਾਬ ਦੇ ਤਿੰਨ ਹਲਕਿਆਂ ਦਾਖਾ, ਫਗਵਾੜਾ ਅਤੇ ਜਲਾਲਾਬਾਦ ਵਿੱਚ ਜ਼ਿਮਨੀ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ। 

ਜਲਾਲਾਬਾਦ ਤੋਂ ਐੱਮ.ਐੱਲ.ਏ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਐੱਮ.ਪੀ ਬਣ ਚੁੱਕੇ ਹਨ ਅਤੇ ਫਗਵਾੜਾ ਸੀਟ ਤੋਂ ਐੱਮ.ਐੱਲ.ਏ ਸੋਮ ਪ੍ਰਕਾਸ਼ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਐਮ.ਪੀ ਬਣ ਚੁੱਕੇ ਹਨ।