ਨਹਿਰੀ ਪਾਣੀ ਖਾਤਰ ਮਰਨ ਵਰਤ 'ਤੇ ਬੈਠਣਗੇ ਕਿਸਾਨ

ਨਹਿਰੀ ਪਾਣੀ ਖਾਤਰ ਮਰਨ ਵਰਤ 'ਤੇ ਬੈਠਣਗੇ ਕਿਸਾਨ

ਮਾਨਸਾ: ਸੱਤ ਪਿੰਡਾਂ ਦੇ ਕਿਸਾਨਾਂ ਵੱਲੋਂ ਨਹਿਰੀ ਪਾਣੀ ਦੀ ਤੋਟ ਲਈ ਲਗਾਤਾਰ ਚਾਰ ਦਿਨਾਂ ਤੋਂ ਸਿੰਜਾਈ ਵਿਭਾਗ ਦੇ ਐਕਸੀਅਨ ਦਫ਼ਤਰ ਮੂਹਰੇ ਧਰਨਾ ਦੇਣ ਤੋਂ ਬਾਅਦ 9 ਅਗਸਤ ਤੋਂ ਆਰ-ਪਾਰ ਦੀ ਲੜਾਈ ਵਿੱਢਣ ਲਈ ਮਰਨ ਵਰਤ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੀ ਅਗਵਾਈ ਹੇਠ ਲੜੇ ਜਾ ਰਹੇ ਇਸ ਅੰਦੋਲਨ ਤਹਿਤ ਚਾਰ ਜਣੇ ਮਰਨ ਵਰਤ ਉਤੇ ਬੈਠਣਗੇ।

ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਪ੍ਰੈਸ ਸਕੱਤਰ ਰੇਸ਼ਮ ਸਿੰਘ ਯਾਤਰੀ ਨੇ ਕਿਹਾ ਕਿ ਸਰਕਾਰ ਖਿਲਾਫ਼ ਦਿੱਤੇ ਧਰਨੇ ਨੂੰ 100 ਘੰਟਾ ਬੀਤ ਗਿਆ ਹੈ, ਹੁਣ ਅੰਦੋਲਨ ਨੂੰ ਤਿੱਖਾ ਰੂਪ ਦੇਣ ਲਈ ਮਰਨ ਵਰਤ ਦਾ ਸਹਾਰਾ ਲੈਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਖੇਤ ਪਹਿਲਾਂ ਹੀ ਮਾਰ ਦਿੱਤੇ ਹਨ ਅਤੇ ਹੁਣ ਅੰਨਦਾਤਾ ਮਰਨ ਲਈ ਮਜਬੂਰ ਹੋਣ ਲੱਗਾ ਹੈ। 

ਆਗੂ ਨੇ ਕਿਹਾ ਕਿ ਉਨ੍ਹਾਂ ਨੂੰ 3 ਹਜ਼ਾਰ 55 ਏਕੜ ਰਕਬੇ ਨੂੰ ਨਹਿਰੀ ਪਾਣੀ ਘਾਟ ਚੱਲ ਰਹੀ ਹੈ ਅਤੇ ਧਰਤੀ ਹੇਠਲਾ ਪਾਣੀ ਬੇਹੱਦ ਕੌੜਾ ਹੋਣ ਕਾਰਨ ਖੇਤਾਂ ਨੂੰ ਬੰਜਰ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਆਂਢੀ ਪਿੰਡਾਂ ਦੀ ਜ਼ਮੀਨ ਦਾ ਠੇਕਾ 55 ਤੋਂ 60 ਹਜ਼ਾਰ ਰੁਪਏ ਲੱਗ ਰਿਹਾ ਹੈ, ਪਰ ਉਨ੍ਹਾਂ ਦੀ ਜ਼ਮੀਨ 35 ਤੋਂ 40 ਹਜ਼ਾਰ ਰੁਪਏ ਮਸਾਂ ਠੇਕੇ ‘ਤੇ ਲੱਗਦੀ ਹੈ।

ਕਿਸਾਨ ਆਗੂ ਪਰਮਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਟੇਲਾਂ ’ਤੇ ਪੈਂਦੇ ਸੱਤ ਪਿੰਡਾਂ ਨੂੰ ਕੋਟਲਾ ਬਰਾਂਚ ਦੀ ਬੁਰਜੀ ਨੰਬਰ 3668200 ਭਾਈ ਬਖਤੌਰ ਲਿੰਕ ਚੈਨਲ ਬਣਾਇਆ ਗਿਆ ਹੈ, ਜਦੋਂ ਕਿ ਇਸ ਚੈਨਲ ਦਾ ਕੋਟ ਭਾਰਾ, ਕੋਟ ਫੱਤਾ ਅਤੇ ਭੂੰਦੜ ਨੂੰ ਕੰਮ ਮੁਕੰਮਲ ਹੋ ਚੁੱਕਿਆ ਹੈ, ਪਰ ਚਾਰ ਪਿੰਡ ਯਾਤਰੀ, ਜੋਧਪੁਰ, ਮਾਈਸਰ ਖਾਨਾ, ਭਾਈ ਬਖਤੌਰ ਦੇ ਲਿੰਕ ਚੈਨਲ ਦਾ ਕੰਮ ਅੱਜ ਤੱਕ ਚਾਲੂ ਹੀ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਹ 24 ਜੁਲਾਈ 2019 ਨੂੰ ਡੀਸੀ ਬਠਿੰਡਾ ਅਤੇ 30 ਜੁਲਾਈ ਨੂੰ ਡੀ.ਸੀ. ਮਾਨਸਾ ਨੂੰ ਅਰਜ਼ੀ ਦੇ ਕੇ ਜਾਣੂ ਕਰਵਾ ਚੁੱਕੇ ਹਾਂ, ਪਰ ਅੱਜ ਤੱਕ ਇਸ ‘ਤੇ ਨਾ ਗੌਰ ਕਰਨ ਕਰ ਕੇ ਜਥੇਬੰਦੀ ਵੱਲੋਂ 5 ਅਗਸਤ 2019 ਨੂੰ ਐਕਸੀਅਨ ਜਵਾਹਰਕੇ ਦੇ ਦਫਤਰ ਅੱਗੇ ਲਗਾਤਾਰ ਦਿਨ ਰਾਤ ਦਾ ਧਰਨਾ ਚਾਲੂ ਕੀਤਾ ਹੋਇਆ ਹੈ, ਪਰ ਤਿੰਨ ਦਿਨ ਬੀਤ ਜਾਣ ਤੋਂ ਬਾਅਦ ਵੀ ਨਹਿਰੀ ਵਿਭਾਗ ਅਤੇ ਪ੍ਰਸ਼ਾਸਨ ਦੇ ਕੰਨ ’ਤੇ ਜੂੰ ਨਹੀਂ ਸਰਕੀ। ਹੋਰਨਾਂ ਤੋਂ ਇਲਾਵਾ ਬੋਘ ਸਿੰਘ, ਗੁਰਚਰਨ ਸਿੰਘ ਭੀਖੀ, ਅਮਰਜੀਤ ਸਿੰਘ ਯਾਤਰੀ ਆਦਿ ਨੇ ਵੀ ਸੰਬੋਧਨ ਕੀਤਾ।