ਜਹਾਨੋਂ ਤੁਰ ਗਿਆ ਜੁਝਾਰੂਆਂ ਨੂੰ ਲੋਕਾਂ ਨਾਲ ਜੋੜਨ ਵਾਲਾ ਪੱਤਰਕਾਰ ਦਲਬੀਰ ਸਿੰਘ

ਜਹਾਨੋਂ ਤੁਰ ਗਿਆ ਜੁਝਾਰੂਆਂ ਨੂੰ ਲੋਕਾਂ ਨਾਲ ਜੋੜਨ ਵਾਲਾ ਪੱਤਰਕਾਰ ਦਲਬੀਰ ਸਿੰਘ

ਚੰਡੀਗੜ੍ਹ: 'ਨੇੜਿਓਂ ਡਿਠੇ ਸੰਤ ਭਿੰਡਰਾਂਵਾਲੇ' ਦੇ ਕਰਤਾ ਸ੍ਰ. ਦਲਬੀਰ ਸਿੰਘ (ਪੱਤਰਕਾਰ) ਐਤਵਾਰ ਸ਼ਾਮ 6ਕੁ ਵਜੇ ਦੇ ਕਰੀਬ ਅਕਾਲ ਚਲਾਣਾ ਕਰ ਗਏ ਹਨ।ਉਹਨਾਂ ਦਾ ਅੰਤਿਮ ਸੰਸਕਾਰ ਗੰਨਾ ਪਿੰਡ (ਫਿਲੌਰ) ਵਿਖੇ ਕੀਤਾ ਜਾ ਰਿਹਾ ਹੈ। ਸ੍ਰ. ਦਲਬੀਰ ਸਿੰਘ ਨੇ ਸਾਰੀ ਉਮਰ ਸੰਘਰਸ਼ਸ਼ੀਲ ਜਿੰਦਗੀ ਬਤੀਤ ਕੀਤੀ। ਵਿਦਿਆਰਥੀ ਜੀਵਨ ਤੋਂ ਹੀ ਪਹਿਲਾਂ ਉਹ ਕਮਿਊਨਿਸਟ ਲਹਿਰ ਨਾਲ ਜੁੜੇ ਰਹੇ ਤੇ 1947 ਤੋਂ ਬਾਅਦ ਉਹ ਗ੍ਰਿਫਤਾਰ ਹੋਣ ਵਾਲੇ ਸਭ ਤੋਂ ਛੋਟੀ ਉਮਰ ਦੇ ਨੌਜਵਾਨ ਸਨ ਤੇ ਬਾਅਦ ਵਿਚ 1978 ਵਿਚ ਸ੍ਰੀ ਅਮ੍ਰਿਤਸਰ ਵਿਖੇ ਵਾਪਰੇ ਨਿਰੰਕਾਰੀ ਸਾਕੇ ਤੋਂ ਬਾਅਦ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸਭ ਤੋਂ ਨਜਦੀਕੀ ਸਾਥੀਆਂ ਵਿਚੋਂ ਰਹੇ। ਉਹ ਅਖੀਰ ਤਕ ਸਿੱਖ ਸੰਘਰਸ਼ ਤੇ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਰਾਂਹੀ ਮਨੁੱਖੀ ਅਧਿਕਾਰ ਲਹਿਰ ਨਾਲ ਜੁੜੇ ਰਹੇ। ਪੱਤਰਕਾਰ ਦਲਬੀਰ ਸਿੰਘ ਬਾਰੇ ਪੱਤਰਕਾਰ ਜਸਪਾਲ ਸਿੰਘ ਸਿੱਧੂ ਦੀ ਇਹ ਲਿਖਤ ਸਾਂਝੀ ਕਰ ਰਹੇ ਹਾਂ:

ਜਸਪਾਲ ਸਿੰਘ ਪੱਤਰਕਾਰ 
ਲਹਿੰਦੇ ਪੰਜਾਬ ਤੋਂ ਉਜੜ-ਪੁਜੜ ਕੇ ਆਏ ਲੱਖਾਂ ਸਿਖਾਂ-ਹਿੰਦੂਆਂ ਦੀ ਤਰ੍ਹਾਂ ਸ੍ਰ. ਦਲਬੀਰ ਸਿੰਘ ਵੀ ਅਗਸਤ 1947 ਦੀ ਵੰਡ ਅਤੇ ਕਤਲੇਆਮ ਨੂੰ ਯਾਦ ਕਰਕੇ ਭਾਵੁਕ ਹੋ ਜਾਇਆ ਕਰਦੇ ਸਨ। ਹਮੇਸ਼ਾ ਕਿਹਾ ਕਰਦੇ ਕਿ ''ਅਸੀਂ ਤੇ ਹੋਰ ਪਿੰਡ ਵਾਲਿਆਂ ਨੇ ਕਦੇ ਵੀ ਆਪਣੇ ਘਰ ਛਡਣ ਬਾਰੇ ਸੋਚਿਆ ਹੀ ਨਹੀਂ ਸੀ। ਪਿੰਡ ਛਡ ਕਾਫਲਿਆਂ ਦੇ ਰੂਪ ਵਿਚ ਉਹ ਚੜ੍ਹਦੇ ਪੰਜਾਬ ਵਲ ਚਲ ਪਏ। ਉਹਨਾਂ ਦਿਨਾਂ ਵਿਚ ਸ੍ਰ. ਦਲਬੀਰ ਸਿੰਘ 17 ਸਾਲ ਦੀ ਚੜ੍ਹਦੀ ਉਮਰ ਦਾ ਮੁਛ ਫੁਟ ਜਵਾਨ ਸੀ। ਉਹ ਭਾਵੇਂ ਜਨਰਲ ਮੋਹਨ ਸਿੰਘ ਦੇ ਹਥਿਆਰਬੰਦ ਸਿਖ ਜਥੇ ਨਾਲ ਜੁੜੇ ਹੋਏ ਸਨ ਪਰ ਉਹਨਾਂ ਦੇ ਪਿਤਾ ਜੀ ਦੀ ਕਈ ਕਮਿਊਨਿਸਟ ਕਾਰਕੁੰਨਾਂ ਨਾਲ ਨੇੜਤਾ ਹੋਣ ਕਰਕੇ ਕਾਮਰੇਡਾਂ ਦੀ ਸਿਆਸਤ ਦੀ ਭਿੰਨਕ ਉਨ੍ਹਾਂ ਨੂੰ ਪੈਂਦੀ ਰਹਿੰਦੀ ਸੀ। ਉਹਨਾਂ ਦੀ ਇਹ ਰਾਜਨੀਤੀ ਵਿਚ ਮੁਢਲੀ ਟ੍ਰੇਨਿੰਗ ਸੀ। 

ਚੜ੍ਹਦੇ ਪੰਜਾਬ ਵਿਚ ਆ ਕੇ ਕੁਝ ਕੁ ਮਹੀਨੇ ਕਪੂਰਥਲੇ ਖਾਲਸਾ ਕਾਲਜ ਵਿਚ ਪੜ੍ਹਨ ਪਿਛੋ ਉਨ੍ਹਾਂ ਨੇ ਅੰਮ੍ਰਿਤਸਰ ਖਾਲਸਾ ਕਾਲਜ ਵਿਚ ਦਾਖਲਾ ਲੈ ਲਿਆ। ਛੇਤੀ ਹੀ ਉਹ ਕਮਿਊਨਿਸਟ ਪਾਰਟੀ ਆਫ ਇੰਡੀਆ (ਸੀ ਪੀ ਆਈ) ਨਾਲ ਜੁੜ ਕੇ ਇੰਡੀਅਨ ਸਟੂਡੈਂਟਸ ਫੈਡਰੇਸ਼ਨ ਦੇ ਕੁਲਵਕਤੀ ਕਾਮਰੇਡ ਬਣ ਗਏ। ਉਨ੍ਹਾਂ ਦਿਨਾਂ ਵਿਚ ਕਮਿਊਨਿਸਟ ਪਾਰਟੀ ਦੇਸ ਦੀ ਅਜ਼ਾਦੀ ਨੂੰ ਸਿਰਫ ਅੰਗਰੇਜ਼ਾਂ ਵਲੋਂ ਦੇਸੀ ਹਾਕਮਾਂ ਦੇ ਹਕ ਵਿਚ 'ਸਤਾ ਤਬਦੀਲੀ' ਹੀ ਕਹਿੰਦੀ ਸੀ ਅਤੇ ਗਰੀਬਾਂ ਤੇ ਮਜ਼ਦੂਰਾਂ ਦਾ ਰਾਜ ਸਥਾਪਤ ਕਰਨ ਦੇ ਨਾਹਰੇ ਨੂੰ ਲੈ ਕੇ ਜਦੋਜਹਿਦ ਕਰ ਰਹੀ ਸੀ। ਇਸੇ ਕਰਕੇ ਸੀ. ਪੀ. ਆਈ. ਨੇ 26 ਜਨਵਰੀ 1950 ਨੂੰ 'ਪੂਰਨ ਅਜ਼ਾਦੀ' ਦੇ ਲਖਾਇਕ ਪਹਿਲੇ 'ਗਣਤੰਤਰ ਦਿਵਸ੍ਯ' ਦਾ ਵਿਰੋਧ ਕਰਨ ਦਾ ਸਦਾ ਦਿਤਾ। ਅੰਮ੍ਰਿਤਸਰ ਵਿਚ ਹੋਏ ਵਿਰੋਧ-ਮੁਜ਼ਾਹਰੇ ਵਿਚ ਸ੍ਰ. ਦਲਬੀਰ ਸਿੰਘ ਮੂਹਰਲੀਆਂ ਸਫਾਂ ਵਿਚ ਸੀ। ਉਸ ਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਹੋ ਗਏ ਸਨ। ਉਹ ਰੂਪੋਸ਼ ਹੋ ਗਿਆ। ਅਖੀਰ ਮਾਰਚ 1951 ਵਿਚ ਦਲਬੀਰ ਸਿੰਘ ਨੂੰ ਪਬਲਿਕ ਸੇਫਟੀ ਐਕਟ ਆਫ ਇੰਡੀਆ ਅਧੀਨ ਗ੍ਰਿਫ਼ਤਾਰ ਕਰਕੇ ਕਾਗੜਾਂ ਦੀ ਯੌਲ ਜੇਲ੍ਹ ਵਿਚ ਭੇਜ ਦਿਤਾ ਗਿਆ। ਚਾਲੀ ਕੁ ਕਾਮਰੇਡਾਂ ਵਿਚੋਂ ਉਹ ਸਭ ਤੋਂ ਉਮਰ ਵਿਚ ਛੋਟਾ ਸੀ। ਜੇਲ੍ਹ ਵਿਚ ਕਈ ਵਡੇ ਕਾਮਰੇਡ ਸਨ, ਜਿਨ੍ਹਾਂ ਦੀ 14 ਮਹੀਨੇ ਲੰਬੀ ਸੰਗਤ ਵਿਚ ਸ੍ਰ. ਦਲਬੀਰ ਸਿੰਘ ਨੇ ਮਾਰਕਸਵਾਦ ਦੀ ਮੁਢਲੀ ਪੜ੍ਹਾਈ ਕੀਤੀ ਤੇ 'ਪਾਰਲੀਮੈਂਟ ਦੀਆਂ ਚੋਣਾਂ ਵਿਚ ਹਿਸਾ ਲੈਣਾ ਕਿ ਨਹੀਂ ਇਸ ਮਸਲੇ ਉਤੇ ਹੁੰਦੀ ਭਰਵੀਂ ਬਹਿਸ ਰਾਹੀਂ ਦੇਸਵਿਆਪੀ ਸਿਆਸਤ ਨੂੰ ਸਮਝਿਆ। ਆਸਤਿਕਤਾ-ਨਾਸਤਿਕਤਾ ਦੇ ਮੁਦੇ ਨੂੰ ਲੈ ਕੇ ਕਾਮਰੇਡਾਂ ਵਲੋਂ ਸਿਖਾਂ ਦਾ ਵਿਰੋਧ ਕਰਨਾ ਉਨ੍ਹਾਂ ਨੂੰ ਕਦੇ ਵੀ ਗਵਾਰਾ ਨਹੀਂ ਹੋਇਆ। 

ਉਹ ਅਕਸਰ ਕਿਹਾ ਕਰਦੇ ਸਨ ਕਿ ''ਜਿਹੜੇ 'ਮੂਲਵਾਦੀ' ਜਾਂ 'ਫੰਡਾਮੈਂਟਲਿਜ਼ਮ' ਵਿਸ਼ੇਸ਼ਣ ਰਾਹੀਂ ਕਾਮਰੇਡ ਸਿਖਾਂ ਨੂੰ ਭੰਡਦੇ ਹਨ, ਉਹ ਮਾਰਕਸਵਾਦੀ ਸ਼ਬਦਾਵਲੀ ਨਹੀਂ ਹੈ ਬਲਕਿ ਲਿਬਰਲ ਡੈਮੋਕਰੇਟਸ ਰਾਹੀਂ 1960 ਵਿਆਂ ਵਿਚ ਮੁਸਲਮਾਨਾਂ ਤੇ ਸਿਖਾਂ ਦੀ ਸਿਆਸਤ ਨੂੰ ਨਿੰਦਣ ਲਈ ਘੜੇ ਗਏ ਮੁਹਾਵਰੇ ਹਨ। ਉਹ ਜ਼ੋਰ ਦੇ ਕੇ ਕਿਹਾ ਕਰਦੇ ਸਨ ਕਿ ਕਾਂਗੜਾ ਜੇਲ੍ਹ ਵਿਚ ਫੜੇ ਗਏ ਕਮਿਊਨਿਸਟਾਂ ਵਿਚ 10-12 ਅੰਮ੍ਰਿਤਧਾਰੀ ਸਿਖ ਵੀ ਸ਼ਾਮਿਲ ਸਨ। ਜੇਲ੍ਹ ਅੰਦਰ ਵੀ ਉਹ ਪਕੇ ਨਿਤਨੇਮੀ ਸਨ। ਸੋਚਣ ਵਾਲੀ ਗਲ ਇਹ ਹੈ ਕਿ ਉਹ ਕਿਉਂ ਕਮਿਉਨਿਸਟਾਂ ਨਾਲ ਮੁਜ਼ਾਹਰਿਆਂ ਵਿਚ ਸ਼ਾਮਿਲ ਹੁੰਦੇ ਸਨ? ਇਕ ਸਾਂਝੀ ਸਿਆਸਤ ਦੋਨਾਂ ਧਿਰਾਂ ਨੂੰ ਇਕ ਪਲੇਟਫਾਰਮ ਉਤੇ ਲੈ ਕੇ ਆਈ ਸੀ।'' ਸ੍ਰ. ਦਲਬੀਰ ਸਿੰਘ ਮਾਸਕੋ ਤੋਂ ਵਾਪਸ ਆਏ ਭਾਈ ਸੰਤੋਖ ਸਿੰਘ ਵਰਗੇ ਗਦਰੀਆਂ ਦੀ ਉਦਾਹਰਣ ਦਿੰਦਿਆਂ ਕਿਹਾ ਕਰਦੇ, ''ਉਹ ਪੰਜਾਬ ਵਿਚ 1925 ਵਿਚ ਕਮਿਊਨਿਸਟ ਪਾਰਟੀ ਦੀ ਨੀਂਹ ਰਖਣ ਵਾਲਿਆਂ ਵਿਚੋਂ ਸਨ। ਉਸ ਸਮੇਂ ਕਮਿਊਨਿਸਟਾਂ ਦੀਆਂ ਮੀਟਿੰਗਾਂ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਹੋਇਆ ਕਰਦੀਆਂ ਸਨ। ਭਾਈ ਸੰਤੋਖ ਸਿੰਘ ਸਿਖ ਧਰਮ ਵਿਚ ਪਰਪਕ ਸੀ। ਉਸਨੂੰ ਸਿਖ ਮਿਸ਼ਨਰੀ ਕਾਲਜ ਨੇ ਰਸਾਲਾ ਕਢਣ ਲਈ ਜਗ੍ਹਾ ਦਿਤੀ ਸੀ ਅਤੇ 'ਲਾਲ ਝੰਡਾ' ਵੀ ਸਭ ਤੋਂ ਪਹਿਲਾਂ ਉਸੇ ਕਾਲਜ ਦੀ ਬਿਲਡਿੰਗ ਉਤੇ ਲਹਿਰਾਇਆ ਗਿਆ ਸੀ।'' 

ਧਰਮਯੁਧ ਮੋਰਚੇ ਦੌਰਾਨ 1983 ਦੇ ਅਖੀਰ ਭਾਅ ਜੀ ਅਤੇ ਮੈਂ ਦਰਬਾਰ ਸਾਹਿਬ ਅੰਦਰ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਕੋਲ ਉਸ ਦੇ ਕਮਰੇ ਵਿਚ ਬੈਠੇ ਸਾਂ। ਆਪਣੇ ਹੀ ਤੌਰ ਤਰੀਕਿਆਂ ਨਾਲ ਭਾਈ ਸਾਹਿਬ ਆਪਣੇ ਹੋਰ ਫੈਡਰੇਸ਼ਨ ਦੇ ਸਾਥੀਆਂ ਦੀ ਸੰਗਤ ਵਿਚ ਕਾਮਰੇਡਾਂ ਦੀ ਖਿਲ੍ਹੀ ਉਡਾਂਦਿਆਂ ਮਾਰਕਸਵਾਦ ਦੇ ਸਿਧਾਂਤ ਉਤੇ ਕੁਝ ਅਣਜਾਣ ਟਿਪਣੀਆਂ ਕਰ ਬੈਠੇ। ਭਾਅ ਜੀ ਇਕਦਮ ਉਹਨਾਂ ਦੇ ਗਲ ਪੈ ਗਏ, ''ਮਾਰਕਸਵਾਦ ਕਦੇ ਪੜ੍ਹਿਆ?.... ਪਤੈ ਕਿੰਨਾ ਮਹਾਨ ਫਲਸਫੈ? ਇਹਨਾਂ ਕਾਮਰੇਡਾਂ ਨੂੰ ਕੀ ਪਤਾ ਮਾਰਕਸਵਾਦ ਦਾ? '' ਕਮਰੇ ਵਿਚ ਚੁਪ ਵਰਤ ਗਈ। ਭਾਅ ਜੀ ਜ਼ੋਰ ਨਾਲ ਕਹਿ ਰਹੇ ਸਨ, ''ਸਿਖੀ ਅਤੇ ਮਾਰਕਸਵਾਦ ਦੇ ਮਾਨਵਵਾਦੀ ਸਰੋਕਾਰ ਅਤੇ ਉਦੇਸ਼ ਇਕੋ ਹਨ...ਬਸ ਰਸਤੇ ਵਖਰੇ ਵਖਰੇ ਹਨ।'' ਸ੍ਰ. ਦਲਬੀਰ ਸਿੰਘ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੰਗਤ, ਨੇੜਤਾ ਤੇ ਸਿਆਸੀ ਸਾਂਝ ਕਦੇ ਵੀ ਅਜੋੜ ਜਾਂ ਗਲਤ ਨਹੀਂ ਸੀ ਲਗੀ। ਉਨ੍ਹਾਂ ਨੂੰ ਸਗੋ ਹਮੇਸ਼ਾਂ ਗਿਲਾ ਰਿਹਾ ਕਿ ''ਪਛਮੀ ਸਕੂਲੀ-ਕਾਲਜੀ ਵਿਦਿਆ ਪ੍ਰਾਪਤ ਕਰਕੇ ਇੰਡੀਅਨ ਮਧ ਵਰਗੀ ਕਲਾਸ ਵਿਚੋਂ ਨਿਕਲੇ ਕਾਮਰੇਡ ਸਿਖੀ ਦੇ ਇਨਕਲਾਬੀ ਵਿਰਸੇ ਅਤੇ ਪਰੰਪਰਾਵਾਂ ਨੂੰ ਸਮਝ ਹੀ ਨਹੀਂ ਸਕੇ....ਉਹਨਾਂ ਨੂੰ ਅਪਨਾਉਣ ਦੀ ਬਜਾਏ, ਉਹਨਾਂ ਵਿਰੁਧ ਆਢਾ ਲਾ ਬੈਠੇ ਹਨ....ਜਿਸ ਕਰਕੇ ਕਾਮਰੇਡਾਂ ਦੀ ਸਿਆਸਤ 'ਇੰਡੀਅਨ ਨੇਸ਼ਨ ਸਟੇਟ' ਦੇ ਹਕ ਵਿਚ ਜਾ ਖੜ੍ਹੀ ਹੈ।''

ਸੰਨ 1952 ਦੇ ਅਧ ਵਿਚ ਕਾਗੜਾਂ ਜੇਲ੍ਹ ਵਿਚੋਂ ਰਿਹਾਅ ਹੋਣ ਪਿਛੋਂ ਦਲਬੀਰ ਸਿੰਘ ਛੇਹਰਟਾ ਦੇ ਮਜ਼ਦੂਰਾਂ ਅਤੇ ਟਰੇਡ ਯੂਨੀਅਨਾਂ ਵਿਚ ਕੁਲਵਕਤੀ ਤੌਰ ਉਤੇ ਕੰਮ ਕਰਨ ਲਗ ਪਏ। ਇਥੇ ਉਸਦੇ ਸਤਪਾਲ ਡਾਂਗ ਤੇ ਉਸਦੀ ਪਤਨੀ ਬਿਮਲਾ ਡਾਂਗ ਨਾਲ ਨੇੜਲੇ ਸਬੰਧ ਬਣੇ। ਅਗਲੇ ਸਾਲ ਹੀ ਮਜ਼ਦੂਰਾਂ ਦੀਆਂ ਮੰਗਾਂ ਉਤੇ ਹੜਤਾਲਾਂ ਕਰਵਾਉਂਦੇ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਅੰਬਾਲਾ ਜੇਲ੍ਹ ਅੰਦਰ ਪੰਜ ਹੋਰ 'ਖਤਰਨਾਕ ਕਾਮਰੇਡਾਂ' ਨਾਲ ਚਕੀਆਂ ਵਿਚ ਬੰਦ ਕਰ ਦਿਤਾ। ਉਥੇ ਉਸਨੂੰ 9 ਮਹੀਨੇ ਲੰਬੀ ਚਕੀਆਂ ਦੀ ਭੈੜੀ ਦੁਰਦਸ਼ਾ ਵਿਚ ਰਹਿਣ ਕਰਕੇ ਪਲੂਰਸੀ ਦੀ ਬਿਮਾਰੀ ਚੰਬੜ ਗਈ। ਜੇਲ੍ਹ ਤੋਂ ਰਿਹਾਅ ਹੋ ਕੇ ਉਹ ਫਲੌਰ ਦੇ ਨੇੜੇ ਆਪਣੇ 'ਗੰਨਾ' ਪਿੰਡ ਵਿਚ ਡੇਢ ਦੋ ਸਾਲ ਬਿਸਤਰੇ ਉਤੇ ਰਹੇ ਫਿਰ ਤੰਦਰੁਸਤ ਹੋਏ। ਸਿਹਤਯਾਬ ਹੋਣ ਤੋਂ ਬਾਅਦ ਦਲਬੀਰ ਸਿੰਘ ਫਿਰ ਕਮਿਊਨਿਸਟ ਪਾਰਟੀ ਦੇ ਕੁਲਵਕਤੀ ਵਰਕਰ ਦੇ ਤੌਰ ਉਤੇ ਅੰਮ੍ਰਿਤਸਰ ਵਿਚ ਰਾਜਨੀਤਕ ਸਰਗਰਮੀਆਂ ਵਿਚ ਕੁਦ ਪਏ। 

ਉਹਨਾਂ ਦਿਨਾਂ ਵਿਚ ਕਮਿਊਨਿਸਟਾਂ ਦੇ ਚਾਨਣ-ਮੁਨਾਰੇ ਸੋਵੀਅਤ ਯੂਨੀਅਨ ਅੰਦਰ ਵਡੀਆਂ ਸਿਧਾਂਤਕ ਅਤੇ ਰਾਜਨੀਤਕ ਤਬਦੀਲੀਆਂ ਆਈਆਂ ਅਤੇ ਸਟਾਲਿਨ ਵਰਗੇ ਮਜ਼ਬੂਤ ਨੇਤਾ ਦੀ ਸਾਖ ਨੂੰ ਖੋਰਾ ਲਗਣ ਲਗਿਆ। ਇਨਕਲਾਬ ਦੇ ਛੇਤੀ ਆਉਣ ਦੀ ਆਸ ਲਾਈ ਬੈਠੇ ਦਲਬੀਰ ਸਿੰਘ ਦਾ ਵਿਸ਼ਵਾਸ ਵੀ ਤਿੜਕਣ ਲਗਿਆ। ਦੂਜੇ ਪਾਸੇ ਝਾਤੀ ਮਾਰੀ ਤਾਂ ਉਸ ਕੋਲ ਪੜ੍ਹਾਈ ਦੀਆਂ ਲੋੜੀਂਦੀਆਂ ਡਿਗਰੀਆਂ ਦੀ ਕਮੀ ਵੀ ਖਟਕਣ ਲਗੀ। ਉਪਰੋਂ ਪਾਰਲੀਮੈਂਟਰੀ ਚੋਣ ਪ੍ਰਕਿਰਿਆ ਵਿਚ ਫਸੀ ਕਮਿਊਨਿਸਟ ਪਾਰਟੀ ਵੀ ਚੋਣਾਂ ਜਿਤਣ ਦੀ ਗਿਣਤੀ ਮਿਣਤੀ ਵਿਚ ਪਈ ਕਈ ਗ਼ੈਰ-ਸਿਧਾਂਤਕ ਅਤੇ ਮੌਕਾਪ੍ਰਸਤ ਸਮਝੌਤੇ ਕਰਨ ਦੇ ਰਾਹ ਪੈ ਗਈ। ਉਹ ਪਿਛਲੇ 60 ਸਾਲ ਤੋਂ ਸਮਝੋਤਾ ਰਾਜਨੀਤੀ ਹੀ ਕਰਦੀ ਆ ਰਹੀ ਸੀ। ਸ੍ਰ. ਦਲਬੀਰ ਸਿੰਘ ਦੇ ਮਾਨੋ ਸਿਰ ਉਤੇ ਪਹਾੜ ਹੀ ਡਿਗ ਪਿਆ ਜਦੋਂ ਪੰਜਾਬ ਦੀ ਪਾਰਟੀ ਦੇ ਸਕਤਰ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ ਅਗਵਾਈ ਵਿਚ ਪਾਰਟੀ ਦੀ ਸੂਬਾ ਕਮੇਟੀ ਨੇ ਪੰਜਾਬ ਅਸੈਂਬਲੀ ਦੀਆਂ ਚੋਣਾਂ ਦੌਰਾਨ 'ਫਿਰਕੂ ਪਾਰਟੀ' ਜਨਸੰਘ ਨਾਲ ਸੰਧੀ ਕਰ ਲਈ। ਦਲਬੀਰ ਸਿੰਘ ਇਸ ਫੈਸਲੇ ਵਿਰੁਧ ਡਟ ਗਿਆ। ਜਦੋਂ ਲੀਡਰਸ਼ਿਪ ਨੇ ਉਸਦੀ ਕੋਈ ਗਲ ਨਾ ਸੁਣੀ ਤਾਂ ਉਸ ਨੇ ਪਾਰਟੀ ਦੇ ਜਲੰਧਰ ਹੈਡਕੁਆਰਟਰਜ਼ ਅਗੇ ਮਰਨ-ਵਰਤ ਰਖਣ ਦੀ ਧਮਕੀ ਦੇ ਦਿਤੀ। ਇਸ ਲੜੋ-ਲੜਾਈ ਵਿਚ ਦਲਬੀਰ ਸਿੰਘ ਪਾਰਟੀ ਤੋਂ ਕਿਨਾਰਾ ਕਰ ਗਿਆ। 

ਫਿਰ ਉਹ ਨੈਸ਼ਨਲ ਕਾਲਜ ਸਠਿਆਲਾ ਦੀ ਉਸਾਰੀ ਵਿਚ ਰੁਝ ਗਿਆ। ਇਥੇ ਫਿਰ ਭਾਅ ਜੀ ਕਾਮਰੇਡ ਹਰਕਿਸ਼ਨ ਸੁਰਜੀਤ ਨਾਲ ਆਢਾ ਲਾ ਬੈਠੇ। ਇਸ ਪੇਂਡੂ ਕਾਲਜ ਦੀ ਉਸਾਰੀ ਲਈ ਆਲੇਦੁਆਲੇ ਦੇ ਪਿੰਡਾਂ ਤੋਂ ਉਗਰਾਹੀ ਕੀਤੀ ਗਈ ਸੀ। ਪਰ ਇਸ ਕਾਲਜ ਦੀ ਪ੍ਰਿੰਸੀਪਲ ਜਿਹੜੀ ਆਪਣਾ ਲੜਕੀਆਂ ਦਾ ਵਖਰਾ ਪ੍ਰਾਈਵੇਟ ਕਾਲਜ ਵੀ ਚਲਾਉਂਦੀ ਸੀ, ਫੰਡਾਂ ਦੀ ਦੁਰਵਰਤੋਂ ਕਰ ਰਹੀ ਸੀ। ਦਲਬੀਰ ਸਿੰਘ ਨੇ ਉਸ ਵਲੋਂ ਕੀਤੀ ਪੈਸੇ ਦੀ ਹੇਰਾਫੇਰੀ ਸਭ ਦੇ ਸਾਹਮਣੇ ਜ਼ਾਹਰ ਕਰ ਦਿਤੀ। ਪ੍ਰਿੰਸੀਪਲ ਕਾਮਰੇਡ ਸੁਰਜੀਤ ਦੀ ਬੜੀ ਨਿਕਟਵਰਤੀ ਸੀ। ਭਾਅ ਜੀ ਨੇ ਪ੍ਰਿੰਸੀਪਲ ਦੀ ਘਪਲੇਬਾਜ਼ੀ ਪਾਰਟੀ ਦੀ ਪੰਜਾਬ ਸੂਬਾ ਕਮੇਟੀ ਕੋਲ ਵੀ ਪੇਸ਼ ਕਰ ਦਿਤੀ। ਕਾਮਰੇਡ ਸੁਰਜੀਤ ਜਦੋਂ ਗੁਸੇ ਵਿਚ ਆਇਆ ਦਲਬੀਰ ਸਿੰਘ ਨੂੰ ਧਮਕੀਆਂ ਦੇਣ ਲਗਾ ਤਾਂ ਉਸਨੇ ਪ੍ਰਿੰਸੀਪਲ ਅਤੇ ਸੁਰਜੀਤ ਕਾਮਰੇਡ ਦੇ ਸਬੰਧਾਂ ਦਾ 'ਕਚਾ ਚਿਠਾ' ਪਾਰਟੀ ਦੀ ਕੇਂਦਰੀ ਹਾਈਕਮਾਨ ਕੋਲ ਪਹੁੰਚਾ ਦਿਤਾ। ਕਾਮਰੇਡ ਸੁਰਜੀਤ ਨੂੰ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਅਤੇ ਮਜ਼ਬੂਰੀ ਵਸ ਪਿੰ੍ਰਸੀਪਲ ਨੂੰ ਵੀ ਅਸਤੀਫਾ ਦੇਣਾ ਪਿਆ। ਦਲਬੀਰ ਸਿੰਘ ਦੀ ਕਮਿਊਨਿਸਟ ਪਾਰਟੀ ਨੂੰ ਇਹ ਆਖਰੀ ਸਲਾਮ ਸੀ। 

ਛੇ ਸਾਲਾਂ ਬਾਅਦ ਦਲਬੀਰ ਸਿੰਘ ਨੇ ਫਿਰ ਦੁਬਾਰਾ ਪੜ੍ਹਨਾ ਸ਼ੁਰੂ ਕੀਤਾ। ਐਫ. Â.ੇ, ਬੀ. ਏ. ਕੀਤੀ ਫਿਰ 1960-61 ਵਿਚ ਪੰਜਾਬ ਯੂਨੀਵਰਸਿਟੀ ਵਿਚ ਅੰਗਰੇਜ਼ੀ ਦੀ ਐਮ. ਏ. ਅਤੇ ਪਤਰਕਾਰੀ ਦਾ ਡਿਪਲੋਮਾ ਕੀਤਾ। ਯੂਨੀਵਰਸਿਟੀ ਵਿਚ ਉਹ ਵਿਦਿਆਰਥੀਆਂ ਦੀਆਂ ਸਰਗਰਮੀਆਂ ਵਿਚ ਕੁਦ ਪਿਆ। ਯੂਨੀਵਰਸਿਟੀ ਵਿਚ ਉਸਨੇ ਚੰਡੀਗੜ੍ਹ ਸਟੂਡੈਂਟਸ ਯੂਨੀਅਨ ਦੀ ਬੁਨਿਆਦ ਰਖੀ ਜਿਸਦਾ ਪਹਿਲਾ ਪ੍ਰਧਾਨ ਉਸ ਨੂੰ ਹੀ ਚੁਣਿਆ ਗਿਆ। 1960 ਵਿਆਂ ਦੌਰਾਨ ਇਹੀ ਯੂਨੀਅਨ ਫਿਰ ਖਬੀ ਲਹਿਰ ਦੇ ਆਲਮੀ ਪ੍ਰਭਾਵ ਥਲੇ ਪੰਜਾਬ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੰਜਾਬ ਸਟੂਡੈਂਟਸ ਯੂਨੀਅਨ ਦੇ ਨਾਮ ਹੇਠ ਦੋ ਦਹਾਕੇ ਸਰਗਰਮ ਰਹੀ। ਦਲਬੀਰ ਸਿੰਘ ਨੇ ਹੀ ਚੰਡੀਗੜ੍ਹ ਵਿਚ ਯੂਨੀਅਨ ਵਲੋਂ ਪਹਿਲੀ ਆਲ ਇੰਡੀਆ ਸਟੂਡੈਂਟਸ ਕਾਨਫਰੰਸ ਕਰਵਾਈ ਸੀ। 

ਦਲਬੀਰ ਸਿੰਘ ਦੀ ਪਤਰਕਾਰੀ ਦੀ ਸ਼ੁਰੂਆਤ ਦਿਲੀ ਤੋਂ ਛਪਦੇ ਅੰਗਰੇਜ਼ੀ ਦੇ ਅਖਬਾਰ 'ਪੈਟਰੀਆਟ' ਨਾਲ ਹੋਈ, ਜਿਸਦੀ ਮੈਨੇਜਮੈਂਟ ਦਾ ਉਹਨਾਂ ਦਿਨਾਂ ਵਿਚ ਰੁਝਾਣ ਸੀ. ਪੀ. ਆਈ. ਵਲ ਹੁੰਦਾ ਸੀ। ਪਰ ਕੁਝ ਕੁ ਮਹੀਨਿਆਂ ਬਾਅਦ ਉਹ ਯੂ ਐਨ ਆਈ ਨਿਊਜ ਏਜੰਸੀ ਦੇ ਰੀਪੋਰਟਰ ਬਣ ਕੇ ਜਲੰਧਰ ਆ ਗਏ। ਇਥੇ ਆ ਕੇ ਉਹਨਾਂ ਦਾ ਅਕਾਲੀ ਲੀਡਰਾਂ ਨਾਲ ਨੇੜਲਾ ਵਾਹ ਪਿਆ। ਪੰਜਾਬੀ ਸੂਬੇ ਦੀ ਲੜਾਈ ਜੋਰਾਂ ਉਤੇ ਸੀ, ਜਿਸ ਦੀ ਉਹਨਾਂ ਨੇ ਰੀਪੋਰਟਿੰਗ ਕੀਤੀ। ਸੰਤ ਫਤਹਿ ਸਿੰਘ ਆਦਿ ਦੇ ਮਰਨ ਵਰਤ ਦੇ ਨਾਟਕ ਦੇਖੇ, ਜਿਸ ਕਰਕੇ ਉਹ ਅਕਾਲੀ ਲੀਡਰਾਂ ਦੀਆਂ ਦੋਗਲੀਆਂ ਨੀਤੀਆਂ ਦੇ ਸਖਤ ਵਿਰੋਧੀ ਹੋ ਗਏ। ਅਕਾਲੀ ਵਿਰੋਧੀ ਇਸੇ ਮਾਨਸਿਕ ਗੰਢ ਨੇ 1984 ਵਿਚ ਦਰਬਾਰ ਸਾਹਿਬ ਉਤੇ ਹੋਏ ਫੌਜੀ ਹਮਲੇ ਤੋਂ ਬਾਅਦ ਵਡੇ ਸਦਮੇ ਵਿਚੋਂ ਉਭਰੀ ਸਿਆਸਤ ਉਤੇ ਵਡਾ ਅਸਰ ਪਾਇਆ। ਉਨ੍ਹਾਂ ਅੰਦਰ ਅਮੋੜ ਇਨਕਲਾਬੀ ਊਰਜਾ ਸੀ। ਉਨ੍ਹਾਂ ਵਿਚ ਸਮਿਆਂ ਦੀ ਹਲਚਲ ਵਿਚ ਧਸੀ ਪਈ ਸਥਿਤੀ ਨੂੰ ਤੋੜ੍ਹ ਕੇ ਵਡੇ ਬਦਲਾਅ ਦੇ ਰਾਹ ਪਾ ਦੇਣ ਦੀ ਅਥਾਹ ਸਮਰਥਾ ਸੀ। ਅਜੇਹੇ ਵਡੇ ਕਾਰਜਾਂ ਲਈ ਉਹਨਾਂ ਅੰਦਰ ਲਗਨ ਸੀ। ਪੈਸੇ ਤੇ ਸਿਆਸਤ ਦੀ ਨੇੜਤਾ ਨੂੰ ਫੜਨ ਦੀ ਸਮਝ ਸੀ ਅਤੇ ਲੋੜੀਂਦੀਆਂ ਕੂਟਨੀਤੀਆਂ ਨੂੰ ਬਿਨਾਂ ਜਾਤੀ ਸਮਝੌਤੇ ਕੀਤਿਆਂ ਵਰਤਣ ਦੀ ਮੁਹਾਰਿਤ ਵੀ ਸੀ। 

ਇਸੇ ਕਰਕੇ ਉਨ੍ਹਾਂ ਨੇ 1965-66 ਦੇ ਸਮਿਆਂ ਵਿਚ ਅਖਬਾਰਾਂ ਦੇ ਹੈਡ-ਕੁਆਰਟਰ ਜਲੰਧਰ ਵਿਚ ਪਤਰਕਾਰਾਂ ਨੂੰ ਇਕ ਪਲੇਟਫਾਰਮ ਉਤੇ ਇਕਠੇ ਕਰ ਕੇ ਮਾਲਕਾਂ ਤੋਂ ਆਪਣੇ ਹਕ ਮੰਗਣ ਦੇ ਰਾਹ ਤੋਰ ਦਿਤਾ ਸੀ। ਫੋਕੀ ਵਾਹਵਾਹ ਕਰਕੇ ਅਤੇ ਸਰਕਾਰੇ-ਦਰਬਾਰੇ ਸੁਖਾਲੀ ਪਹੁੰਚ ਹੋਣ ਕਰਕੇ ਬਹੁਤੇ ਪਤਰਕਾਰਾਂ ਦੇ ਧਰਤੀ ਉਤੇ ਪੈਰ ਨਹੀਂ ਲਗਦੇ। ਉਹ ਜ਼ਿਆਦਾਤਰ ਸਮਝੌਤਾਵਾਦੀ ਹੁੰਦੇ ਹੋਏ ਦੂਜੇ ਵਰਕਰਾਂ ਜਾਂ ਮੁਲਾਜ਼ਮਾਂ ਵਾਂਗੂ ਆਪਣੇ ਹਕਾਂ ਲਈ ਜਦੋਜਹਿਦ ਕਰਨ ਦੀ ਹਿੰਮਤ ਨਹੀਂ ਕਰਦੇ, ਜਿਸ ਕਰਕੇ ਅਖ਼ਬਾਰ ਮਾਲਕ ਉਹਨਾਂ ਦਾ ਵਡਾ ਸ਼ੋਸ਼ਣ ਕਰਦੇ ਰਹਿੰਦੇ। ਪਰ ਭਾਅ ਜੀ ਦੀ ਵੀ ਕਮਾਲ ਸੀ ਕਿ ਉਹਨਾਂ ਨੇ ਅਜਿਹੇ ਡਡੂਆਂ ਦੀ ਪੰਸੇਰੀ ਵਿਚੋਂ ਪੰਜਾਬ ਵਰਕਿੰਗ ਜਨਰਲਿਸਟ ਯੂਨੀਅਨ ਖੜ੍ਹੀ ਕਰ ਦਿਤੀ। ਦਲਬੀਰ ਸਿੰਘ ਹੀ ਇਸ ਯੂਨੀਅਨ ਦੇ ਤਿੰਨ ਸਾਲ ਪ੍ਰਧਾਨ ਰਹੇ ਅਤੇ ਚੰਡੀਗੜ੍ਹ ਦੇ ਕਹਿੰਦੇ ਕਹਾਉਂਦੇ ਪਤਰਕਾਰਾਂ ਨੂੰ ਇਸ ਯੂਨੀਅਨ ਨੂੰ ਤੋੜ ਕੇ ਵਖਰੀ ਯੂਨੀਅਨ ਖੜੀ ਨਹੀਂ ਕਰਨ ਦਿਤੀ।

ਪੰਜਾਬ ਸਟੂਡੈਂਟਸ ਯੂਨੀਅਨ ਨੂੰ ਖੜ੍ਹੀ ਕਰਨ ਦੀ ਤਰਜ਼ ਉਤੇ ਹੀ ਸ੍ਰ. ਦਲਬੀਰ ਸਿੰਘ ਨੇ ਸਰਕਾਰ ਵਲੋਂ ਦੇਸ ਭਰ ਦੇ ਪਤਰਕਾਰਾਂ ਤੇ ਗੈਰ ਪਤਰਕਾਰਾਂ/ਅਖਬਾਰੀ ਕਾਮਿਆਂ ਲਈ ਪਹਿਲੇ 'ਵੇਜ਼ ਬੋਰਡ' ਨੂੰ ਅਮਲੀ ਜਾਮਾ ਪਹਿਨਾਉਣ ਵਿਚ ਵੀ ਇਤਿਹਾਸਕ ਰੋਲ ਅਦਾ ਕੀਤਾ। ਦੇਸ ਭਰ ਦੇ ਪਤਰਕਾਰ ਸੰਗਠਨ ਅਖਬਾਰੀ ਮਾਲਕਾਂ ਵਲੋਂ ਮਨਮਾਨੇ ਤਰੀਕੇ ਨਾਲ ਉਜਰਤ ਦੇਣ ਨੂੰ ਨਿਯਮਬਧ ਕਰਵਾਉਣ ਲਈ ਅਤੇ ਅਣਮਨੁਖੀ ਕੰਮ-ਕਾਜੀ ਹਾਲਤਾਂ ਨੂੰ ਸੁਧਾਰਨ ਲਈ ਸਰਕਾਰ ਕੋਲੋ ਪਤਰਕਾਰਾਂ ਲਈ ਵਖਰਾ 'ਵੇਜ਼-ਬੋਰਡ' ਕਾਇਮ ਕਰਨ ਦੀ ਮੰਗ ਲੰਬੇ ਸਮੇਂ ਤੋਂ ਕਰਦੇ ਆ ਰਹੇ ਸਨ। ਪਰ ਪਤਰਕਾਰ ਜਥੇਬੰਦੀਆਂ ਦੇ ਜ਼ਿਆਦਾਤਰ ਮੌਕਾਪ੍ਰਸਤ ਲੀਡਰ ਇਸ ਮੰਗ ਨੂੰ ਸੰਜੀਦਾ ਤਰੀਕੇ ਨਾਲ ਨਹੀਂ ਉਠਾ ਰਹੇ ਸਨ। ਇਹਨਾਂ ਲੀਡਰਾਂ ਦੀ ਕਮਜ਼ੋਰੀ-ਮਕਾਰੀ ਅਤੇ ਕਾਮੇ ਪਤਰਕਾਰਾਂ ਦੀ ਮਾੜੀ ਆਰਥਿਕ ਹਾਲਤ ਦਲਬੀਰ ਸਿੰਘ ਨੂੰ ਰੜਕ ਰਹੀ ਸੀ।

ਇਹ 1966 ਦਾ ਵਾਕਿਆ ਹੈ ਕਿ ਦਲਬੀਰ ਸਿੰਘ ਪੰਜਾਬ ਵਰਕਿੰਗ ਜਨਰਲਿਸਟ ਯੂਨੀਅਨ ਦੇ ਪ੍ਰਧਾਨ ਦੀ ਹੈਸੀਅਤ ਵਿਚ ਜਲੰਧਰ ਤੋਂ ਦਰਜਨ-ਕੁ-ਪਤਰਕਾਰ ਲੈ ਕੇ ਦਿਲੀ ਪਹੁੰਚ ਗਿਆ। ਪਾਰਲੀਮੈਂਟ ਦਾ ਸ਼ੈਸ਼ਨ ਚਲ ਰਿਹਾ ਸੀ। ਅਗੋ ਦਿਲੀ ਵਿਚ ਕਾਬਜ਼ ਪਤਰਕਾਰ ਲੀਡਰਾਂ ਨੇ ਉਨ੍ਹਾਂ ਨੂੰ ਕਿਹਾ ਕਿ ''ਤੂੰ ਕੌਣ ਹੁੰਨੈ ਕਿ ਦੇਸ-ਵਿਆਪੀ ਮੰਗ ਨੂੰ ਲੈ ਕੇ ਮੋਢੀ ਬਣਿਆ ਫਿਰੇ? '' ਉਨ੍ਹਾਂ ਨੇ ਦਲਬੀਰ ਸਿੰਘ ਦਾ ਬਾਈਕਾਟ ਕਰ ਦਿਤਾ। ਉਨ੍ਹਾਂ ਦਿਨਾਂ ਵਿਚ ਲੋਕਤੰਤਰ ਵਿਚ ਅਜੇ ਲੋੜੀਂਦੀ ਲਚਕ ਬਾਕੀ ਸੀ ਅਤੇ ਪੁਠੇ ਰਾਹ ਪੈ ਕੇ ਅੱਜ ਦੀ ਤਰ੍ਹਾਂ ਸਰਕਾਰੀ ਤੰਤਰ ਧਕਾ ਅਤੇ ਠਗੀ-ਤੰਤਰ ਨਹੀਂ ਸੀ ਬਣਿਆ। ਵਡੇ-ਵਡੇ ਸਿਆਸੀ ਲੀਡਰ ਬਿਨਾ-ਸੁਰਖਿਆ ਦਸਤਿਆਂ ਤੋਂ ਲੋਕਾਂ ਵਿਚ ਘੁੰਮਦੇ ਫਿਰਦੇ ਅਤੇ ਉਹਨਾਂ ਨੂੰ ਮਿਲਦੇ ਰਹਿੰਦੇ ਸਨ। ਇੰਡੀਅਨ ਸਟੇਟ ਦਾ ਲੋਕਾਂ ਨਾਲ ਹਾਕਮ ਤੇ ਹਕੂਕ ਵਾਲਾ ਰਿਸ਼ਤਾ ਨਹੀਂ ਸੀ ਜਿਹੜਾ ਕਿ 1970 ਵਿਆਂ ਅਤੇ ਖਾਸ ਕਰਕੇ 1975 ਦੀ ਐਮਰਜੈਂਸੀ ਤੋਂ ਬਾਅਦ ਕਾਇਮ ਹੋਇਆ। ਉਨ੍ਹਾਂ ਦਿਨਾਂ ਵਿਚ ਪਾਰਲੀਮੈਂਟ ਹਾਊਸ ਤੀਹਰੇ-ਚੌਹਰੇ ਸੁਰਖਿਆ ਘੇਰਿਆ ਵਿਚ ਅਜੇ ਨੂੜ੍ਹਿਆ ਨਹੀਂ ਸੀ ਗਿਆ। ਪਾਰਲੀਮੈਂਟ ਹਾਊਸ ਦੇ ਮੁਖ ਗੇਟ ਤਕ ਮੁਜਾਹਰਕਾਰੀ ਪਹੁੰਚ ਜਾਂਦੇ ਸਨ, ਜਿਨ੍ਹਾਂ ਦੇ ਕੋਲੋ ਦੀ ਸ਼ੈਸ਼ਨ ਵਿਚ ਹਾਜ਼ਰ ਹੋਣ ਲਈ ਬਹੁਤੇ ਮੈਂਬਰ ਪਾਰਲੀਮੈਂਟ ਪੈਦਲ ਹੀ ਗੁਜ਼ਰਦੇ ਸਨ। ਫਿਰ ਵੀ ਉਹਨਾਂ ਭਲਿਆ ਵੇਲਿਆਂ ਵਿਚ ਦਲਬੀਰ ਸਿੰਘ ਦਾ ਜਾਤੀ ਉਦਮ ਤੇ ਸਾਹਸ ਇਕ ਨਿਵੇਕਲਾ ਕਾਰਨਾਮਾ ਸੀ। ਜਦੋਂ ਦੇਸ ਦੀ ਰਾਜਧਾਨੀ ਵਿਚੋਂ ਕੋਈ ਵੀ ਪਤਰਤਕਾਰ ਸੰਗਠਨ ਤੇ ਲੀਡਰ ਨਾਲ ਨਾ ਤੁਰਿਆ ਤਾਂ ਉਹ ਆਪਣੇ ਜਲੰਧਰ ਦੇ ਪਤਰਕਾਰ ਸਾਥੀਆਂ ਨੂੰ ਹੀ ਨਾਲ ਲੈ ਕੇ ਪਾਰਲੀਮੈਂਟ ਅਗੇ ਭੁਖ-ਹੜਤਾਲ ਉਤੇ ਬੈਠ ਗਿਆ। ਦੋ ਸੋਟੀਆਂ ਉਤੇ ਮੋਟੇ ਸਫੈਦ ਅਖਰਾਂ ਵਿਚ ਲਾਲ ਕਪੜੇ ਉਤੇ ਬਣਿਆ ਪੰਜਾਬ ਪਤਰਕਾਰ ਯੂਨੀਅਨ ਦਾ ਬੈਨਰ ਲਟਕਾ ਦਿਤਾ ਤੇ 'ਵੇਜ਼ ਬੋਰਡ' ਦੀ ਮੰਗ ਲੈ ਕੇ ਨਾਹਰੇ ਮਾਰਨੇ ਸ਼ੁਰੂ ਕਰ ਦਿਤੇ। ਪਹਿਲੇ ਦਿਨ ਹੀ ਉਹਨਾਂ ਦਿਨਾਂ ਦਾ ਮਸ਼ਹੂਰ ਕਾਮਰੇਡ ਲੀਡਰ ਏ. ਕੇ. ਗੋਪਾਲਨ ਉਹਨਾਂ ਨੂੰ ਸੰਬੋਧਨ ਕਰਨ ਆ ਗਿਆ। ਲੋਕ ਸਭਾ ਅੰਦਰ ਇਸ ਮਸਲੇ ਉਤੇ ਕਮਿਊਨਿਸਟ ਪਾਰਟੀ ਨੇ 'ਕੰਮ ਰੋਕੂ ਮਤਾ' ਪੇਸ਼ ਕਰ ਦਿਤਾ। ਉਸਦੇ ਜਵਾਬ ਵਿਚ ਸਰਕਾਰ ਨੇ ਹਾਊਸ ਅੰਦਰ ਛੇ ਮਹੀਨੇ ਦੇ ਅੰਦਰ-ਅੰਦਰ 'ਵੇਜ਼ ਬੋਰਡ' ਸਥਾਪਿਤ ਕਰਨ ਦਾ ਯਕੀਨ ਦਿਵਾ ਦਿਤਾ। ਪਿਛਲੇ ਪਹਿਰ ਕੇਂਦਰੀ ਕਿਰਤ ਸਕਤਰ ਨੇ ਦਲਬੀਰ ਸਿੰਘ ਨੂੰ ਬੁਲਾ ਕੇ ਡੇਢ ਘੰਟਾ ਗਲਬਾਤ ਕਰ ਕੇ 'ਵੇਜ਼ ਬੋਰਡ' ਨੂੰ ਸਥਾਪਿਤ ਕਰਨ ਦਾ ਸਰਕਾਰੀ ਪਧਰ ਉਤੇ ਵਿਸ਼ਵਾਸ ਦਿਵਾ ਦਿਤਾ। ਇਉਂ ਦੇਸ ਭਰ ਦੇ ਪਤਰਕਾਰਾਂ ਦੀ ਵਡੀ ਮੰਗ ਮਨਵਾ ਕੇ ਦਲਬੀਰ ਸਿੰਘ ਅਤੇ ਉਸਦੇ ਸਾਥੀ ਰਾਤ ਦੀ ਗਡੀ ਫੜ ਕੇ ਸਵੇਰੇ ਵਾਪਸ ਜਲੰਧਰ ਪਰਤ ਆਏ। 

1967 ਵਿਚ ਯੂ ਐਨ ਆਈ ਦੇ ਉਨ੍ਹਾਂ ਦਿਨਾਂ ਦੇ ਜਨਰਲ ਮੈਨੇਜਰ ਕੁਲਦੀਪ ਨਈਅਰ ਨੂੰ ਦਲਬੀਰ ਸਿੰਘ ਦੀ ਅਕਾਲੀ ਮੋਰਚੇ ਖਾਸ ਕਰਕੇ ਸੰਤ ਫਤਹਿ ਸਿੰਘ ਦੇ ਰੋਲ ਬਾਰੇ ਕੀਤੀ 'ਰੀਪੋਰਟਿੰਗ' ਪਸੰਦ ਨਾ ਆਈ। ਜਦੋਂ ਦਲਬੀਰ ਸਿੰਘ ਦੀ ਬਦਲੀ ਗੁਹਾਟੀ ਯੂ. ਐਨ. ਆਈ. ਆਫਿਸ ਵਿਚ ਕਰ ਦਿਤੀ ਗਈ ਤਾਂ ਉਸਨੇ ਅਸਤੀਫਾ ਦੇ ਕੇ 'ਪੈਟਰੀਆਟ' ਅਖ਼ਬਾਰ ਚੰਡੀਗੜ੍ਹ ਵਿਚ ਜੁਆਇਨ ਕਰ ਲਿਆ।

ਗੁਰੂ ਨਾਨਕ ਦੇਵ ਜੀ ਦੀ ਪੰਜ ਸੌ ਸਾਲਾਂ ਸ਼ਤਾਬਦੀ ਨੂੰ ਮਨਾਉਣ ਸਮੇਂ ਪੰਜਾਬ ਸਰਕਾਰ ਨੇ 1969 ਵਿਚ ਗੁਰੂ ਜੀ ਦੇ ਨਾਮ ਉਤੇ ਅੰਮ੍ਰਿਤਸਰ ਵਿਚ ਯੂਨੀਵਰਸਿਟੀ ਖੋਲ੍ਹਣ ਦਾ ਫੈਸਲਾ ਕੀਤਾ ਪਰ ਜਲੰਧਰ ਦੀ ਮਹਾਸ਼ਾ ਪ੍ਰੈਸ ਨੇ ਇਸ ਦਾ ਡਟ ਕੇ ਵਿਰੋਧ ਕੀਤਾ। ਆਰੀਆ ਸਮਾਜੀ ਅਖਬਾਰਾਂ ਵਿਚ ਯੂਨੀਵਰਸਿਟੀ ਦੇ ਵਿਰੋਧ ਵਿਚ ਵਡੇ ਵਡੇ ਲੇਖ ਛਪਣ ਲਗੇ। ਡੀ ਏ ਵੀ ਕਾਲਜਾਂ ਨੇ ਫੈਸਲਾ ਕਰ ਲਿਆ ਕਿ ਉਹ ਅੰਮ੍ਰਿਤਸਰ ਯੂਨੀਵਰਸਿਟੀ ਨਾਲ ਨਹੀਂ ਜੁੜਨਗੇ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਿਸ਼ਨ ਸਿੰਘ ਸਮੁੰਦਰੀ ਅਤੇ ਰਜਿਸਟਰਾਰ ਭਰਪੂਰ ਸਿੰਘ ਤੋਂ ਵਿਰੋਧੀ ਅਖਬਾਰੀ ਪ੍ਰਚਾਰ ਦਾ ਢੁਕਵਾ ਜਵਾਬ ਨਹੀਂ ਸੀ ਦਿਤਾ ਜਾ ਰਿਹਾ। ਵਾਈਸ ਚਾਂਸਲਰ ਬਿਸ਼ਨ ਸਿੰਘ ਸਮੁੰਦਰੀ ਦੇ ਕਹਿਣ ਉਤੇ ਸ੍ਰ. ਦਲਬੀਰ ਸਿੰਘ ਯੂਨੀਵਰਸਿਟੀ ਦਾ ਲੋਕ ਸੰਪਰਕ ਅਧਿਕਾਰੀ ਬਣ ਕੇ ਮਹਾਸ਼ਾ ਪ੍ਰੈਸ ਦੀ ਭੰਡੀ-ਪ੍ਰਚਾਰ ਵਾਲੀ ਮੁਹਿੰਮ ਨੂੰ ਠਲ੍ਹ ਪਾਉਣ ਵਿਚ ਜੁਟ ਗਿਆ। ਸਤ ਸਾਲ ਦਲਬੀਰ ਸਿੰਘ ਯੂਨੀਵਰਸਿਟੀ ਵਿਚ ਟਿਕਿਆ ਰਿਹਾ। ਪਰ ਵਾਈਸ ਚਾਂਸਲਰ ਸਮੁੰਦਰੀ ਵਲੋਂ ਇਜਾਜ਼ਤ ਨਾ ਦੇਣ ਕਰਕੇ ਉਹ ਆਪਣੀ ਪੀ ਐਚ ਡੀ ਕਰਨ ਦੀ ਤਮੰਨਾ ਪੂਰੀ ਨਾ ਕਰ ਸਕਿਆ।

1969-70ਵਿਆਂ ਵਿਚ ਪੰਜਾਬ ਅੰਦਰ ਨਕਸਲਵਾੜੀ ਲਹਿਰ ਦਾ ਉਭਾਰ ਜ਼ੋਰਾਂ ਉਤੇ ਸੀ। ਉਹ ਕਈ ਨਕਸਲਵਾੜੀ ਆਗੂਆਂ ਦੇ ਸੰਪਰਕ ਵਿਚ ਰਿਹਾ। ਹਾਕਮ ਸਿੰਘ ਸਮਾਓ ਨਾਲ ਉਸਦੀ ਚੰਗੀ ਨੇੜ੍ਹਤਾ ਸੀ। ਬਠਿੰਡੇ ਵਿਚ ਟ੍ਰਿਬਿਊਨ ਦੇ ਰੀਪੋਰਟਰ ਹੋਣ ਸਮੇਂ ਸ੍ਰ. ਦਲਬੀਰ ਸਿੰਘ ਮੈਨੂੰ ਨਾਲ ਲੈ ਕੇ ਹਾਕਮ ਸਿੰਘ ਸਮਾਓ ਨੂੰ ਮਿਲਣ ਉਸਦੇ ਭੀਖੀ ਨੇੜੇ ਪਿੰਡ ਵਿਚ ਗਿਆ। ਐਮਰਜੈਂਸੀ ਪਿਛੋਂ ਹਾਕਮ ਸਿੰਘ ਸਮਾਓ ਗੁਪਤ ਹਥਿਆਰਬੰਦ ਲੜਾਈ ਛਡ ਕੇ ਖੁਲ੍ਹੀ ਖਬੇ ਪਖੀ ਸਿਆਸਤ ਵਿਚ ਸ਼ਾਮਿਲ ਹੋ ਗਿਆ। 

ਗੁਰੂ ਨਾਨਕ ਦੇਵ ਯੂਨੀਵਰਸਿਟੀ ਛਡ ਕੇ ਦਲਬੀਰ ਸਿੰਘ ਕੁਝ ਮਹੀਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਪਬਲਿਕ ਰੀਲੇਸ਼ਨ ਅਫਸਰ ਵੀ ਰਿਹਾ ਅਤੇ ਯੂਨੀਵਰਸਿਟੀ ਵਲੋਂ ਸ਼ੁਰੂ ਕੀਤੇ ਗਏ ਪਹਿਲੇ ਪਤਰਕਾਰੀ ਕੋਰਸ ਵਿਚ ਸਾਨੂੰ ਪੜ੍ਹਾਉਂਦਾ ਵੀ ਰਿਹਾ। ਐਮਰਜੈਂਸੀ ਤੋਂ ਬਾਅਦ ਟ੍ਰਿਬਿਊਨ ਵਿਚ ਬਤੌਰ ਰੀਪੋਰਟਰ ਉਸ ਦੀ 'ਐਂਟਰੀ' ਬੜੇ ਨਾਟਕੀ ਢੰਗ ਨਾਲ ਹੋਈ। ਟ੍ਰਿਬਿਊਨ ਅਖਬਾਰ ਵਿਚ ਇੰਟਰਵਿਊ ਤੋਂ ਪਹਿਲਾਂ ਉਮੀਦਵਾਰਾਂ ਨੂੰ 'ਐਮਰਜੈਂਸੀ' ਉਤੇ ਲੇਖ ਲਿਖਣ ਲਈ ਕਿਹਾ ਗਿਆ। ਪੇਪਰ ਤੇ ਨੰਬਰ ਲਾਉਣ ਵਾਲੇ ਨੇ ਉਸਨੂੰ ਚੌਥੇ ਨੰਬਰ ਉਤੇ ਲਿਆਂਦਾ। ਯਾਨੀ ਇੰਟਰਵਿਊ ਤੋਂ ਬਾਹਰ ਹੀ ਕਢ ਦਿਤਾ। ਪਰ ਟ੍ਰਿਬਿਊਨ ਟਰਸਟ ਦੇ ਮੈਂਬਰ ਡਾ. ਐਮ ਐਸ ਰੰਧਾਵਾ ਨੂੰ ਉਮੀਦਵਾਰਾਂ ਦੇ ਪੇਪਰਾਂ ਉਤੇ ਨੰਬਰ ਲਾਉਣ ਬਾਰੇ ਕੁਝ ਸ਼ਕ ਹੋ ਗਿਆ। ਡਾ. ਰੰਧਾਵਾ ਨੇ ਸਾਰੇ ਪੇਪਰਾਂ ਨੂੰ ਟਰਸਟ ਦੇ ਸਾਹਮਣੇ ਪੇਸ਼ ਕਰਕੇ ਦੁਬਾਰਾ ਨੰਬਰ ਲਾਉਣ ਲਈ ਕਿਹਾ। ਦਲਬੀਰ ਸਿੰਘ ਦਾ 'ਪੇਪਰ' ਪਹਿਲੇ ਨੰਬਰ ਉਤੇ ਆ ਗਿਆ ਤੇ ਉਸ ਦੀ 'ਸਿਲੈਕਸ਼ਨ' ਪਹਿਲੇ ਨੰਬਰ ਉਤੇ ਹੋਈ। 
13 ਅਪ੍ਰੈਲ 1978 ਦੀ ਵੈਸਾਖੀ ਸਮੁਚੇ ਸਿਖ ਪੰਥ ਲਈ ਪੰਜਾਬ ਦੀ ਸਿਆਸਤ ਵਿਚ ਅਣਕਿਆਸਾ ਬਦਲ ਤੇ ਇੰਡੀਅਨ ਰਾਸ਼ਟਰਵਾਦ ਵਿਚ ਇਕ ਨਵਾਂ ਮੋੜ ਲੈ ਕੇ ਆਈ। ਇੰਡੀਆ ਦੀ ਪਹਿਲੇ ਧਰਮ ਨਿਰਪਖ ਨਾਹਰੇ ਵਾਲੀ ਜਮਹੂਰੀਅਤ ਉਤੇ ਪੂਰਨ ਵਿਰਾਮ ਚਿੰਨ ਲਗ ਗਿਆ ਅਤੇ ਨਵੀਂ ਹਿੰਦੂਵਾਦੀ ਰਾਸ਼ਟਰਵਾਦ ਦੀ ਸਿਆਸਤ ਦਾ ਆਰੰਭ ਹੋਇਆ। ਅੰਮ੍ਰਿਤਸਰ ਵਿਚ ਉਸ ਵੈਸਾਖੀ ਵਾਲੇ ਦਿਨ ਹੋਏ ਸਿਖ-ਨਿਰੰਕਾਰੀ ਕਾਂਡ ਨੇ ਦਲਬੀਰ ਸਿੰਘ ਦੀ ਜ਼ਿੰਦਗੀ, ਨਜ਼ਰੀਆ ਅਤੇ ਸਿਆਸੀ ਸੋਚ ਨੂੰ ਉਕਾ ਹੀ ਬਦਲ ਕੇ ਰਖ ਦਿਤਾ। ਟ੍ਰਿਬਿਊਨ ਦੇ ਸੀਨੀਅਰ ਰੀਪੋਰਟਰ ਦੇ ਤੌਰ ਉਤੇ ਉਨ੍ਹਾਂ ਨੇ ਵੈਸਾਖੀ ਵਾਲੇ ਦਿਨ ਹਿੰਸਕ ਕਾਂਡ ਦੇ ਉਭਰਣ, ਵਾਪਰਨ ਅਤੇ ਪੰਜਾਬੀ ਸਮਾਜ ਉਤੇ ਪਏ ਇਸ ਦੇ ਅਮਿਟ ਪ੍ਰਭਾਵਾਂ ਨੂੰ ਚਸ਼ਮਦੀਦ ਗਵਾਹ ਦੇ ਤੌਰ ਉਤੇ ਨੇੜਿਓ ਵਾਚਿਆ ਤੇ ਉਸ ਦੀ ਹੂ-ਬ-ਹੂ 'ਰੀਪੋਰਟਿੰਗ' ਕੀਤੀ। 
ਉਸ ਵੈਸਾਖੀ ਵਾਲੇ ਦਿਨ ਹੀ ਦਲਬੀਰ ਸਿੰਘ ਨੇ ਪਹਿਲੀ ਵੇਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਨੇੜਿਓਂ ਡਿਠਾ। ਦਰਬਾਰ ਸਾਹਿਬ ਦੀ ਮੰਜੀ ਸਾਹਿਬ ਦੀ ਸਟੇਜ ਉਤੇ ਸੰਤ ਭਿੰਡਰਾਂਵਾਲੇ ਦਾ ਪੰਜਾਬ ਦੇ ਉਸ ਸਮੇਂ ਦੇ ਮਾਲ ਮੰਤਰੀ ਜਥੇਦਾਰ ਜੀਵਨ ਸਿੰਘ ਉਮਰਾਨੰਗਲ ਨਾਲ ਅੰਮ੍ਰਿਤਸਰ ਵਿਚ ਚਲ ਰਹੇ ਨਿਰੰਕਾਰੀ ਸਮਾਗਮ ਵਿਚ ਸਿਖ-ਵਿਰੋਧੀ ਭੰਡੀ ਪ੍ਰਚਾਰ ਨੂੰ ਲੈ ਕੇ ਹੋਏ ਖੁਲ੍ਹੇ ਤਕਰਾਰ ਨੂੰ ਸੁਣਿਆ ਦੇਖਿਆ। 

ਜੇ ਦਲਬੀਰ ਸਿੰਘ ਵਲੋਂ ਸਿਖ-ਨਿਰੰਕਾਰੀ ਕਾਂਡ ਦੀ ਨੇੜਿਓ ਤਕੀ ਸਹੀ 'ਰੀਪੋਰਟਿੰਗ' ਨਾ ਕੀਤੀ ਹੁੰਦੀ ਤਾਂ ਪੁਲਿਸ ਤੇ ਮੀਡੀਏ ਨੇ ਉਹ ਕਤਲ 'ਸਿਖ ਹਮਲਾਵਰ ਜਥੇ ਦੇ ਖਾਤੇ ਵਿਚ ਪਾ ਦੇਣੇ ਸਨ। ਸਰਕਾਰੀ ਤੌਰ ਉਤੇ ਆਹਮਣੇ-ਸਾਹਮਣੇ ਤੋਂ ਦੋਨਾਂ ਧਿਰਾਂ ਦਰਮਿਆਨ ਚਲੀ ਗੋਲੀ ਦਾ ਦ੍ਰਿਸ਼ ਸਿਰਜ ਦੇਣਾ ਪੁਲਿਸ ਲਈ ਕੋਈ ਮੁਸ਼ਕਿਲ ਪ੍ਰਕਿਰਿਆ ਨਹੀਂ ਸੀ।' ਦੋ ਧਿਰਾਂ ਦੀ ਆਪਸੀ ਲੜਾਈ ਪੇਸ਼ ਕਰਨ ਨਾਲ ਸਿਖ ਮਾਨਸਿਕਤਾ ਵਿਚ ਨਿਰੰਕਾਰੀ, ਹਿੰਦੂ ਅਤੇ ਆਰੀਆ ਸਮਾਜੀ ਲੀਡਰਾਂ ਵਿਰੁਧ ਗੁਸਾ ਤੇ ਰੋਹ ਉਸ ਰੂਪ ਵਿਚ ਨਹੀਂ ਭੜਕਣਾ ਸੀ। 
ਉਸ ਦਿਨ ਅੰਮ੍ਰਿਤਸਰ ਵਿਚ ਹਾਜ਼ਰ ਪ੍ਰਕਾਸ਼ ਸਿੰਘ ਬਾਦਲ ਦੀ ਮਕਾਰੀ ਤੋਂ ਅਤੇ ਕੇਂਦਰੀ ਸਰਕਾਰ ਵਲੋਂ ਅਤਿਆਚਾਰ ਅਤੇ ਧਕੇਸ਼ਾਹੀ ਦੀ ਗੰਢ ਬਹੁਤੇ ਸਿਖਾਂ ਦੇ ਮਨ-ਮਸਤਕ ਵਿਚ ਉਸੇ ਵੇਲੇ ਬਝ ਗਈ ਸੀ। ਬਾਅਦ ਵਿਚ 1984 ਦੇ ਦੁਖਾਂਤ ਤੇ ਆਉਂਦੇ ਸਮਿਆ ਨੇ ਇਹ ਗੰਢ ਹੋਰ ਵੀ ਪੀਡੀ ਕਰ ਦਿਤੀ। ਜਿਸ ਤਰੀਕੇ ਨਾਲ ਸੰਤ ਭਿੰਡਰਾਂਵਾਲੇ ਨੇ ਅਗੇ ਲਗ ਕੇ ਮ੍ਰਿਤਕ ਸਿੰਘਾਂ ਦੀਆਂ ਲਾਸ਼ਾਂ ਸੰਭਾਲੀਆਂ ਅਤੇ ਅਗਲੇ ਦਿਨ ਆਪਮੁਹਾਰੇ ਹੋਏ ਜੋਸ਼ੀਲੇ ਅਤੇ ਗੁਸੇ ਵਿਚ ਭੜਕੇ ਸਿਖ ਨੌਜਵਾਨਾਂ ਨੂੰ ਕਾਬੂ ਕਰਕੇ ਗੁਰਦੁਆਰੇ ਸ਼ਹੀਦਾਂ ਲਾਗੇ ਸਸਕਾਰ ਕਰਵਾਇਆ, ਉਸ ਤੋਂ ਸ੍ਰ. ਦਲਬੀਰ ਸਿੰਘ ਨੂੰ ਲਗ ਗਿਆ ਸੀ ਕਿ ਲੰਬੇ ਸਮਿਆ ਬਾਅਦ ਸਿਖਾਂ ਨੂੰ ਸੰਤਾਂ ਦੇ ਰੂਪ ਵਿਚ ਇਕ ਸਹੀ ਲੀਡਰ ਮਿਲ ਗਿਆ ਹੈ। ਇਸੇ ਹੀ ਪ੍ਰਭਾਵ ਥਲੇ ਦਲਬੀਰ ਸਿੰਘ ਪਹਿਲੀ ਵਾਰੀ ਖੁਦ ਚਲ ਕੇ ਦਮਦਮੀ ਟਕਸਾਲ ਦੇ ਹੈਡਕੁਆਰਟਰ ਮਹਿਤਾ ਚੌਂਕ ਗਿਆ ਅਤੇ ਸੰਤਾਂ ਦੀ ਤਿੰਨ ਘੰਟੇ ਲੰਬੀ ਇੰਟਰਵਿਊ ਕੀਤੀ। ਉਸਦੇ ਮਨ ਵਿਚ ਸੰਤ ਦੀ ਵਿਲਖਣ ਤੇ ਨਿਵੇਕਲੀ ਸ਼ਖਸੀਅਤ ਦੀ ਛਾਪ ਹੋਰ ਡੂੰਘੀ ਹੋ ਗਈ। 
ਸੰਤਾਂ ਦੇ ਕਮਰੇ ਵਿਚੋਂ ਬਾਹਰ ਨਿਕਲਣ ਸਮੇਂ ਸ੍ਰ. ਦਲਬੀਰ ਸਿੰਘ ਨੇ ਸਪਸ਼ਟ ਹੀ ਬੋਲ ਦਿਤਾ, ''ਸੰਤ ਜੀ ਤੁਸੀਂ 31 ਸਾਲਾਂ ਦੇ ਭਰ ਜਵਾਨ ਹੋ। ਜੇ ਮਾਇਆ ਤੇ ਹੁਸਨ ਦੀ ਅਲੌਕਿਕ ਅਤੇ ਸ਼ਕਤੀਸ਼ਾਲੀ ਲਪੇਟ ਵਿਚੋਂ ਸਬੂਤੇ ਬਚੇ ਰਹੇ ਤਾਂ ਤੁਹਾਡੀ ਸਿਖ ਵਿਚਾਰਧਾਰਾ ਅਤੇ ਉਸਦੇ ਉਤੇ ਅਮਲ ਕਰਨ ਦਾ ਦ੍ਰਿੜ੍ਹ ਨਿਸ਼ਚਾ ਤੁਹਾਨੂੰ ਅਤੇ ਸਾਰੇ ਸਿਖ ਸਮਾਜ ਨੂੰ ਵਡੇ ਇਤਿਹਾਸਕ ਜੋਖਮ ਵਿਚ ਪਾ ਦੇਵੇਗਾ।''

ਉਹ ਇੰਟਰਵਿਊ ਦਲਬੀਰ ਸਿੰਘ ਨੇ ਟ੍ਰਿਬਿਊਨ ਅਖਬਾਰ ਸਮੂਹ ਨੂੰ ਇਕ ਛੋਟੀ ਜਿਹੇ ਫੀਚਰ (ਡਿਸਪੈਚ) ਦੇ ਰੂਪ ਵਿਚ ਭੇਜ ਦਿਤੀ। ਜਿਹੜੀ ਦਮਦਮੀ ਟਕਸਾਲ ਚਲਦੀ-ਫਿਰਦੀ ਯੂਨੀਵਰਸਿਟੀ ਦੇ ਸਿਰਲੇਖ ਹੇਠ ਛਪ ਗਈ। ਨਾਲ ਹੀ ਤੀਰ ਫੜ ਕੇ ਖੜ੍ਹੇ ਸੰਤਾਂ ਦੀ ਤਸਵੀਰ ਸੀ। ਸੰਤਾਂ ਬਾਰੇ ਅਖਬਾਰਾਂ ਵਿਚ ਇਹ ਪਹਿਲੀ ਖਬਰ ਸੀ। ਜਿਵੇਂ ਜਿਵੇਂ ਸੰਤ ਆਪਣੇ ਏਜੰਡੇ ਉਤੇ ਕਾਇਮ ਰਹਿ ਕੇ ਸਿਆਸਤ ਵਿਚ ਵਡਾ ਬੋਹੜ ਬਣ ਕੇ ਅਕਾਲੀ ਲੀਡਰਸ਼ਿਪ ਉਤੇ ਛਾਅ ਗਏ ਉਸੇ ਤਰਜ਼ ਉਤੇ ਸ੍ਰ. ਦਲਬੀਰ ਸਿੰਘ ਪਤਰਕਾਰੀ ਦੀਆਂ ਤੰਗ ਸੀਮਾਵਾਂ ਉਲੰਘਦਾ ਸਿਖਾਂ ਦੀ ਦਿਲੀ ਨਾਲ ਖੁਲ੍ਹਮ ਖੁਲ੍ਹੀ ਲੜਾਈ ਦੀ ਫਿਜਾ ਵਿਚ ਕੁਦ ਪਿਆ।