ਆਪਣੀ ਜਾਨ 'ਤੇ ਖੇਡ ਕੇ ਅੱਗ ਲੱਗੀ ਵੈਨ ਚੋਂ ਬੱਚੇ ਕੱਢਣ ਵਾਲੀ ਅਮਨਦੀਪ ਕੌਰ ਨੇ ਦੱਸੀ ਦਿਲ ਕੰਬਾਊ ਘਟਨਾ

ਆਪਣੀ ਜਾਨ 'ਤੇ ਖੇਡ ਕੇ ਅੱਗ ਲੱਗੀ ਵੈਨ ਚੋਂ ਬੱਚੇ ਕੱਢਣ ਵਾਲੀ ਅਮਨਦੀਪ ਕੌਰ ਨੇ ਦੱਸੀ ਦਿਲ ਕੰਬਾਊ ਘਟਨਾ

ਸੰਗਰੂਰ: ਲੋਂਗੋਵਾਲ ਵਿਖੇ ਸਕੂਲ ਵੈਨ ਵਿਚ ਅੱਗ ਲਗਣ ਨਾਲ ਵਾਪਰੇ ਦਰਦਨਾਕ ਹਾਦਸੇ ਮੌਕੇ ਆਪਣੀ ਬਹਾਦਰੀ ਨਾਲ ਬੱਚਿਆਂ ਨੂੰ ਬਚਾਉਣ ਵਾਲੀ ਸੱਤਵੀਂ ਜਮਾਤ ਦੀ ਵਿਦਿਆਰਥਣ ਅਮਨਦੀਪ ਕੌਰ ਦੀ ਬਹਾਦਰੀ ਦੀਆਂ ਚਾਰੇ ਪਾਸੇ ਸਿਫਤਾਂ ਹੋ ਰਹੀਆਂ ਹਨ। ਹਲਾਂਕਿ 4 ਬੱਚੇ ਇਸ ਹਾਦਸੇ ਵਿਚ ਬੁਰੀ ਤਰ੍ਹਾਂ ਜਿਉਂਦਿਆਂ ਸੜਨ ਕਰਕੇ ਮਾਰੇ ਗਏ ਜਿਸ ਦਾ ਅਮਨਦੀਪ ਕੌਰ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ ਤੇ ਉਹ ਅਜੇ ਤਕ ਸੜ ਰਹੇ ਬੱਚਿਆਂ ਦੀਆਂ ਚੰਘਿਆੜਾਂ ਦੇ ਦਰਦ ਤੋਂ ਬਾਹਰ ਨਹੀਂ ਨਿੱਕਲ ਸਕੀ ਹੈ। ਪਰ ਮੌਕੇ 'ਤੇ ਵਰਤੀ ਸੂਝ ਅਤੇ ਦਲੇਰੀ ਨਾਲ ਉਸ ਨੇ ਕਈ ਨਿੱਕੀਆਂ ਜਾਨਾਂ ਨੂੰ ਬਚਾ ਲਿਆ। 

ਪ੍ਰਤੱਖਦਰਸ਼ੀਆਂ ਦੇ ਦੱਸਣ ਮੁਤਾਬਕ ਅਮਨਦੀਪ ਕੌਰ 2 ਮਿੰਟ ਤਕ ਅੱਗ ਦੀਆਂ ਲਾਟਾਂ ਵਿਚੋਂ ਬੱਚਿਆਂ ਨੂੰ ਕੱਢਦੀ ਰਹੀ। ਉਸਨੇ ਵੈਨ ਦੀ ਬਾਰੀ ਦਾ ਸ਼ੀਸ਼ਾ ਤੋੜ੍ਹ ਕੇ ਬੱਚਿਆਂ ਨੂੰ ਬਾਹਰ ਕੱਢਿਆ। ਪਿੰਡੀ ਅਮਰ ਸਿੰਘ ਵਾਲਾ ਵਿਚ ਆਪਣੇ ਘਰੇ ਬੇਚੈਨ ਬੈਠੀ ਅਮਨਦੀਪ ਕੌਰ ਨੇ ਰੋਂਦਿਆਂ ਦੱਸਿਆ, "ਜਦੋਂ ਅਸੀਂ ਵੈਨ ਵਿਚ ਬੈਠੇ ਤਾਂ ਮੈਨੂੰ ਪੈਟਰੋਲ ਦੀ ਮੁਸ਼ਕ ਆ ਰਹੀ ਸੀ। ਸ਼ਾਇਦ ਪੈਟਰੋਲ ਲੀਕ ਕਰ ਰਿਹਾ ਸੀ। ਮੈਂ ਵੈਨ ਡਰਾਈਵਰ ਦਲਬੀਰ ਸਰ ਨੂੰ ਇਸ ਬਾਰੇ ਕਿਹਾ, ਪਰ ਉਹਨਾਂ ਕੋਈ ਧਿਆਨ ਨਹੀਂ ਦਿੱਤਾ। ਜਦੋਂ ਵੈਨ ਸਕੂਲ ਤੋਂ ਬਾਹਰ ਨਿਕਲ ਮੁੱਖ ਸੜਕ 'ਤੇ ਆਈ ਤਾਂ ਉਸ ਵਿਚੋਂ ਹੋਰ ਤਰ੍ਹਾਂ ਦੀ ਅਵਾਜ਼ ਆਉਣ ਲੱਗੀ। ਦਲਬੀਰ ਸਰ ਨੇ ਵੈਨ ਰੋਕੀ ਅਤੇ ਉਹ ਬਾਹਰ ਨਿੱਕਲੇ ਤੇ ਸਾਨੂੰ ਵੈਨ ਵਿਚ ਬੈਠੇ ਰਹਿਣ ਲਈ ਕਿਹਾ।"

ਜਿਉਂ ਹੀ ਦਲਬੀਰ ਬਾਹਰ ਨਿੱਕਲਿਆ ਤਾਂ ਵੈਨ ਨੂੰ ਅੱਗ ਪੈ ਗਈ। ਅਮਨਦੀਪ ਨੇ ਉਸ ਘਟਨਾ ਬਾਰੇ ਦਸਦਿਆਂ ਕਿਹਾ, "ਮੈਂ ਪਹਿਲਾਂ ਤਾਕੀਆਂ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਤਾਕੀ ਨਾ ਖੁੱਲ੍ਹੀ, ਮੈਂ ਸ਼ੀਸ਼ਾ ਤੋੜਨ ਲਈ ਕੁੱਖ ਲੱਭਣ ਲੱਗੀ। ਚੰਗੀ ਕਿਸਮਤ ਨਾਲ ਮੈਨੂੰ ਉੱਥੇ ਇਕ ਲੋਹੇ ਦੀ ਰਾਡ ਪਈ ਦਿਖ ਗਈ। ਸ਼ੀਸ਼ਾ ਤੋੜ੍ਹ ਕੇ ਮੈਂ ਉਸ ਵਿਚੋਂ ਬਾਹਰ ਨਿੱਕਲੀ ਤੇ ਫੇਰ ਚਾਰ ਬੱਚਿਆਂ ਨੂੰ ਬਾਹਰ ਕੱਢਿਆ। ਐਨੇ ਨੂੰ ਕੋਲੋਂ ਲੰਘ ਰਹੇ ਲੋਕ ਮਦਦ ਲਈ ਆ ਗਏ ਤੇ ਉਹਨਾਂ ਦੀ ਮਦਦ ਨਾਲ ਅਸੀਂ ਤਿੰਨ ਹੋਰ ਬੱਚੇ ਬਾਹਰ ਕੱਢ ਲਏ।"

ਪਰ ਸਮੇਂ ਨੇ ਹੋਰ ਸਮਾਂ ਨਾ ਦਿੱਤਾ ਤੇ ਤਾਕੀਆਂ ਜਾਮ ਹੋਣ ਕਰਕੇ 5 ਸਾਲਾਂ ਦੀ ਅਰਾਧਿਆ, 5 ਸਾਲਾਂ ਦਾ ਸਿਮਰਨਜੀਤ ਸਿੰਘ, 5 ਸਾਲਾਂ ਦੀ ਕਮਲਪ੍ਰੀਤ ਕੌਰ ਅਤੇ 4 ਸਾਲਾਂ ਦੀ ਨਵਜੋਤ ਕੌਰ ਵੈਨ ਵਿਚ ਹੀ ਸੜ੍ਹ ਗਏ। 

ਅਮਨਦੀਪ ਕੌਰ ਨੇ ਦੱਸਿਆ, "ਉਹਨਾਂ ਬੱਚਿਆਂ ਦੀਆਂ ਚੰਘਿਆੜਾਂ ਸਾਨੂੰ ਸੁਣ ਰਹੀਆਂ ਸੀ, ਪਰ ਅਸੀਂ ਉਹਨਾਂ ਨੂੰ ਨਾ ਬਚਾ ਸਕੇ। ਜਦੋਂ ਵੀ ਮੈਂ ਆਪਣੀਆਂ ਅੱਖਾਂ ਬੰਦ ਕਰਦੀ ਹਾਂ, ਤਾਂ ਉਹ ਜਲਦੀ ਵੈਨ ਮੇਰੀਆਂ ਅੱਖਾਂ ਸਾਹਮਣੇ ਆ ਜਾਂਦੀ ਹੈ। ਮੈਨੂੰ ਹੁਣ ਤੱਕ ਉਹਨਾਂ ਦੀਆਂ ਚੀਕਾਂ ਸੁਣਦੀਆਂ ਹਨ।"

ਅਮਨਦੀਪ ਕੌਰ ਦੀ ਬਹਾਦਰੀ ਦੀਆਂ ਸਾਰੇ ਸਿਫਤਾਂ ਕਰ ਰਹੇ ਹਨ। ਜ਼ਿਲ੍ਹੇ ਦੇ ਕਮਿਸ਼ਨਰ ਵੱਲੋਂ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਅਮਨਦੀਪ ਕੌਰ ਨੂੰ ਬਹਾਦਰੀ ਇਨਾਮ ਨਾਲ ਸਨਮਾਨਿਤ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਮਨਦੀਪ ਕੌਰ ਦੀ ਬਹਾਦਰੀ ਦੀ ਸਿਫਤ ਕਰਦਿਆਂ ਉਸ ਨਾਲ ਮਿਲਣ ਦੀ ਗੱਲ ਕਹੀ ਹੈ। 

ਪਰ ਸਵਾਲ ਇਹ ਹੈ ਕਿ ਅਮਨਦੀਪ ਕੌਰ ਨੇ ਤਾਂ ਆਪਣਾ ਫਰਜ਼ ਨਿਭਾਇਆ ਪਰ ਹੁਣ ਅਮਨਦੀਪ ਕੌਰ ਦੀ ਬਹਾਦਰੀ 'ਤੇ ਸਿਫਤਾਂ ਦੇ ਬਿਆਨ ਦੇਣ ਵਾਲੇ ਜ਼ਿਲ੍ਹਾ ਕਮਿਸ਼ਨਰ ਅਤੇ ਮੁੱਖ ਮੰਤਰੀ ਕੀ ਆਪਣੇ ਫਰਜ਼ ਨਿਭਾ ਰਹੇ ਹਨ। ਕੀ ਸਕੂਲੀ ਵੈਨ ਦੇ ਇਸ ਦਰਦਨਾਕ ਹਾਦਸੇ ਲਈ ਸਰਕਾਰ ਅਤੇ ਸਰਕਾਰੀ ਪ੍ਰਸ਼ਾਸਨ ਜ਼ਿੰਮੇਵਾਰ ਨਹੀਂ।