ਦਲ ਬਾਬਾ ਬਿਧੀ ਚੰਦ ਸਾਹਿਬ ਦੇ ਮੁਖੀ ਬਾਬਾ ਅਵਤਾਰ ਸਿੰਘ ਜੀ ਵੱਲੋਂ ਫਿਲਮ "ਦਾਸਤਾਨ-ਏ-ਮੀਰੀ-ਪੀਰੀ" 'ਤੇ ਰੋਕ ਦੀ ਮੰਗ

ਦਲ ਬਾਬਾ ਬਿਧੀ ਚੰਦ ਸਾਹਿਬ ਦੇ ਮੁਖੀ ਬਾਬਾ ਅਵਤਾਰ ਸਿੰਘ ਜੀ ਵੱਲੋਂ ਫਿਲਮ

ਚੰਡੀਗੜ੍ਹ: ਗੁਰੂ ਸਾਹਿਬ ਨੂੰ ਐਨੀਮੇਟਿਡ ਕਾਰਟੂਨ ਰੂਪ ਵਿੱਚ ਚਿਤਰ ਕੇ ਬੇਅਦਬੀ ਕਰ ਰਹੀ ਫਿਲਮ "ਦਾਸਤਾਨ-ਏ-ਮੀਰੀ-ਪੀਰੀ" ਖਿਲਾਫ ਸਿੱਖ ਸੰਗਤਾਂ ਦਾ ਰੋਹ ਲਗਾਤਾਰ ਵੱਧ ਰਿਹਾ ਹੈ ਪਰ ਸ਼੍ਰੋਮਣੀ ਕਮੇਟੀ ਦੀ ਚੁੱਪੀ ਨਾਲ ਸਿੱਖ ਸੰਗਤਾਂ ਦਰਮਿਆਨ ਸ਼੍ਰੋਮਣੀ ਕਮੇਟੀ ਖਿਲਾਫ ਵੀ ਰੋਹ ਵੱਧ ਰਿਹਾ ਹੈ। ਇਸ ਵਿਰੋਧ ਦਰਮਿਆਨ ਅੱਜ ਨਿਹੰਗ ਸਿੰਘ ਜਥੇਬੰਦੀ ਦਲ ਬਾਬਾ ਬਿਧੀ ਚੰਦ ਦੇ ਮੋਜੂਦਾ ਮੁਖੀ ਬਾਬਾ ਅਵਤਾਰ ਸਿੰਘ ਵੱਲੋਂ ਵੀ ਵਿਵਾਦਿਤ ਫਿਲਮ "ਦਾਸਤਾਨ-ਏ-ਮੀਰੀ-ਪੀਰੀ" 'ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਫਿਲਮ ਨਿਰਮਾਤਾਵਾਂ ਵੱਲੋਂ ਬਾਬਾ ਅਵਤਾਰ ਸਿੰਘ ਜੀ ਦੀ ਫਿਲਮ ਪ੍ਰੋਮਸ਼ਨ ਵਾਲੀ ਬੱਸ ਨਾਲ ਲੱਗੀ ਇੱਕ ਤਸਵੀਰ ਨੂੰ ਫਿਲਮ ਪ੍ਰਮੋਸ਼ਨ ਲਈ ਵਰਤਿਆ ਜਾ ਰਿਹਾ ਸੀ। 

ਇਸ ਸਬੰਧੀ ਗੱਲ ਕਰਦਿਆਂ ਜਥੇ ਦੇ ਸਿੰਘ ਭਾਈ ਗੁਰਜੰਟ ਸਿੰਘ ਬੈਂਕਾ ਨੇ ਦੱਸਿਆ ਕਿ ਬਾਬਾ ਜੀ ਨੂੰ ਜਦੋਂ ਇਸ ਫਿਲਮ ਵਿੱਚ ਗੁਰੂ ਸਾਹਿਬਾਨ ਨੂੰ ਕਾਰਟੂਨ ਰੂਪ ਵਿੱਚ ਪੇਸ਼ ਕਰਨ ਬਾਰੇ ਪਤਾ ਲੱਗਾ ਤਾਂ ਉਹਨਾਂ ਇਸ ਫਿਲਮ 'ਤੇ ਰੋਕ ਲਾਉਣ ਦੀ ਮੰਗ ਕੀਤੀ ਹੈ ਤੇ ਇਸ ਸਬੰਧੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਬੇਨਤੀ ਕੀਤੀ ਹੈ।



ਇਸ ਸਬੰਧੀ ਦਲ ਬਾਬਾ ਬਿਧੀ ਚੰਦ ਵੱਲੋਂ ਇੱਕ ਪੋਸਟਰ ਵੀ ਤਿਆਰ ਕਰਕੇ ਪ੍ਰਚਾਰਿਆ ਜਾ ਰਿਹਾ ਹੈ ਜਿਸ ਵਿੱਚ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਨੂੰ ਬੇਤਨੀ ਕੀਤੀ ਗਈ ਹੈ ਕਿ ਇਸ ਫਿਲਮ ਵਿੱਚ ਸਿੱਖ ਇਤਿਹਾਸ ਮੁਤਾਬਿਕ ਕਮੀਆਂ ਦੇ ਚਲਦਿਆਂ ਤੇ ਗੁਰੂ ਸਾਹਿਬ ਨੂੰ ਕਾਰਟੂਨ ਰੂਪ ਵਿੱਚ ਪੇਸ਼ ਕਰਨ ਦੀ ਅਵੱਗਿਆ ਕਰਨ ਕਰਕੇ ਇਸ ਨੂੰ ਰਿਲੀਜ਼ ਹੋਣ ਤੋਂ ਰੋਕਿਆ ਜਾਵੇ ਤੇ ਸਿਨੇਮਾ ਘਰਾਂ ਵਿੱਚ ਨਾ ਲੱਗਣ ਦਿੱਤਾ ਜਾਵੇ। 
 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ