ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨਡੀਪੀ. ਨੇ ਮਤਾ ਪਾਸ ਕਰ ਖੇਤੀ ਕਾਨੂੰਨਾਂ ਦੀ ਕੀਤੀ ਨਿੰਦਾ

ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨਡੀਪੀ. ਨੇ ਮਤਾ ਪਾਸ ਕਰ ਖੇਤੀ ਕਾਨੂੰਨਾਂ ਦੀ ਕੀਤੀ ਨਿੰਦਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਟੋਰਾਂਟੋ : ਜਗਮੀਤ ਸਿੰਘ ਦੀ ਅਗਵਾਈ ਵਾਲੀ ਕੈਨੇਡੀਅਨ ਨਿਊ ਡੈਮੋਕ੍ਰੈਟਿਕ ਪਾਰਟੀ  ਨੇ ਭਾਰਤ ਸਰਕਾਰ ਵੱਲੋਂ ਪਿਛਲੇ ਵਰ੍ਹੇ ਪਾਸ ਕੀਤੇ ਤਿੰਨ ਨਵੇਂ ਖੇਤੀ ਕਾਨੂੰਨਾਂ ਦੀ ਨਿਖੇਧੀ ਕਰਦਿਆਂ ਉਨ੍ਹਾਂ ਵਿਰੁੱਧ ਮਤਾ ਪਾਸ ਕਰ ਦਿੱਤਾ ਹੈ। ਦਰਅਸਲ, 'ਭਾਰਤੀ ਕਿਸਾਨਾਂ ਨਾਲ ਅੰਤਰਰਾਸ਼ਟਰੀ ਇਕਜੁੱਟਤਾ ਲਈ ਮਤੇ ਨੂੰ ਏਜੰਡੇ ਵਿਚ ਤਰਜੀਹ ਦਿੱਤੀ ਗਈ ਸੀ। ਇਸ ਦੇ ਇਲਾਵਾ ਵਿਸ਼ਵ ਵਿਚ ਕੈਨੇਡਾ ਦੇ ਸਥਾਨ ਨੂੰ ਮੁੜ ਪਰਿਭਾਸ਼ਿਤ ਕਰਨਾ ਪਾਰਟੀ ਦੀ ਵਿਦੇਸ਼ ਨੀਤੀ ਦਾ  ਟੀਚਾ ਸੀ। 

‘ਭਾਰਤੀ ਕਿਸਾਨਾਂ ਨਾਲ ਅੰਤਰਰਾਸ਼ਟਰੀ ਇਕਜੁੱਟਤਾ’ ਲਈ ਮਤਾ ਬਰੈਂਪਟਨ ਈਸਟ ਤੋਂ ਪਾਰਟੀ ਦੇ ਮੈਂਬਰਾਂ ਵੱਲੋਂ ਲਿਆਂਦਾ ਗਿਆ ਸੀ। ਮਤੇ ਵਿਚ ਕਿਹਾ ਗਿਆ ਹੈ ਕਿ “ਸੰਘੀ ਸਰਕਾਰ ਭਾਰਤ ਦੀਆਂ ਕਾਰਵਾਈਆਂ ਦੀ ਨਿੰਦਾ ਕਰੇ ਤੇ ਕਿਸਾਨਾਂ 'ਤੇ ਭਾਰਤ ਸਰਕਾਰ ਦੁਆਰਾ ਕੀਤੇ ਜਾ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਖੜ੍ਹੇ ਹੋਣ ਲਈ ਦ੍ਰਿੜ ਰੁਖ਼ ਕਰੇ”। ਮੰਗ ਕੀਤੀ ਗਈ ਹੈ ਕਿ “ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਕੌਮਾਂਤਰੀ ਜਵਾਬਦੇਹੀ ਸਖਤ ਕੀਤੀ ਜਾਵੇ। ਮਤੇ ਨੂੰ 88 ਵੋਟਾਂ ਨਾਲ ਪਾਸ ਕੀਤਾ ਗਿਆ ਜਦਕਿ 12 ਵੋਟਾਂ ਵਿਰੋਧ ਵਿਚ ਪਈਆਂ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਦਸੰਬਰ 2013 ਵਿਚ ਜਗਮੀਤ  ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।