" ਸ੍ਰੀ ਗੁਰੂ ਕੇ ਮਹਿਲ " ਸ੍ਰੀ ਅੰਮ੍ਰਿਤਸਰ ਤੋਂ " ਸੰਗਤ ਟੋਲਾ" ਢਾਕਾ ਬੰਗਲਾ ਦੇਸ਼

ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ  400 ਸਾਲਾ ਪ੍ਰਕਾਸ਼ ਪੁਰਬ

400ਸਾਲਾਂ ਗੁਰੂ ਤੇਗ ਬਹਾਦਰ ਪ੍ਰਕਾਸ਼ ਦਿਵਸ ਹਿੰਦੁਸਤਾਨ ਅਤੇ ਸੰਸਾਰ ਪੱਧਰ ਉੱਤੇ ਸਿੱਖ ਧਰਮ ਦੇ ਪੈਰੋਕਾਰਾਂ ਵੱਲੋਂ ਬਹੁਤ ਹੀ ਹਰ ਸੌ ਹੁਲਾਸ ਨਾਲ ਮਨਾਇਆ ਜਾ ਰਿਹਾ ਹੈ ।ਧਿਆਨ ਰਹੇ ਵਿਰਾਸਤ ਦੇ ਫੱਕਰ ਨੂੰ ਯਾਦ ਕਰਨਾ ਜਾਗਦੀਆਂ ਕੌਮਾਂ ਦੀ ਨਿਸ਼ਾਨੀ ਹੁੰਦੀ ਹੈ । ਸਿੱਖ ਕੌਮ ਅਜਿਹੇ ਵੱਡੇ ਦਿਨ ਮਨਾ ਕੇ ਪਾਤਸ਼ਾਹ ਹਜ਼ੂਰ ਦੇ ਸਾਹਮਣੇ ਆਪਣੇ ਆਪ ਨੂੰ ਜਾਗਦੀਆਂ ਕੌਮਾਂ ਦੇ ਪ੍ਰਸੰਗ ਵਿੱਚ ਪੇਸ਼ ਕਰਨ ਲਈ  ਤੱਤਪਰ ਹਨ  । ਮਨੁੱਖਤਾ ਨੂੰ ਸੱਚ ਨਾਲ ਜੋੜਨ ਦੇ ਲਈ  ਗੁਰੂ ਸਾਹਿਬ ਨੇ ਅੰਮ੍ਰਿਤਸਰ ਤੋਂ ਲੈ ਕੇ  ਪੂਰਵ ਤਕ ਯਾਤਰਾਵਾਂ ਕੀਤੀਆਂ । ਜਿਨ੍ਹਾਂ ਨਾਲ ਸਬੰਧਿਤ ਇਤਿਹਾਸਕ ਸਥਾਨ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕੀ ਪਾਤਸ਼ਾਹ ਹਜ਼ੂਰ ਨੇ ਇਨਸਾਨ ਨੂੰ ਉਸ ਅਕਾਲ ਪੁਰਖ ਨਾਲ ਜੋੜਨ ਦੇ ਲਈ ਲੰਮਾ ਪੈਂਡਾ ਤੈਅ ਕੀਤਾ । ਪਰ ਸਮੇਂ ਦੇ ਨਾਲ ਸਿੱਖਾਂ ਨੇ ਉਨ੍ਹਾਂ ਵਿਰਾਸਤੀ ਸਥਾਨਾਂ ਵੱਲੋਂ ਸੁਚੇਤ ਪੱਧਰ ਤੇ ਧਿਆਨ ਨਾ ਦਿੱਤਾ  ਜਿਸ ਦਾ ਨਤੀਜਾ ਇਹ ਨਿਕਲਿਆ ਕਿ ਉਨ੍ਹਾਂ ਵਿੱਚੋਂ ਬਹੁਤ ਸਾਰੇ ਗੁਰਦੁਆਰੇ  ਸੰਤਾਂ ਮਹਾਤਮਾਂ ਮਸੰਦਾਂ ਦੀਆਂ ਕਬੀਲਦਾਰ ਗੱਦੀਆਂ ਬਣ ਕੇ ਰਹਿ  ਗੲੀਅਾਂ ਹਨ  ।ਉਨ੍ਹਾਂ ਦੀ ਨਿਸ਼ਾਨਦੇਹੀ ਕਰਨੀ ਅੱਜ ਦੇ ਸਮੇਂ ਦੀ ਮੁੱਖ ਲੋਡ਼ ਹੈ ਇਸ ਨੂੰ ਧਿਆਨ ਵਿੱਚ ਰੱਖਦੇ ਕੁਝ ਇਕ ਕੁ ਪਵਿੱਤਰ ਸਥਾਨਾਂ ਦੀ ਬਾਤ ਪਾਉਣ ਦਾ ਯਤਨ ਕਰ ਰਹੇ ਹਾਂ ਤਾਂ ਜੋ ਸਦੇਵ ਸਮਿਆਂ ਲਈ ਉਨ੍ਹਾਂ ਪਵਿੱਤਰ ਸਥਾਨਾਂ ਨੂੰ ਕੁਲ ਸਿੱਖਾਂ ਦੀ ਮਸਤਕ ਦਾ ਭਾਗ  ਬਣਾ ਕੇ ਪਾਤਸ਼ਾਹ ਦੇ ਨਾਦੀ ਪੁੱਤਰ ਹੋਣ ਦਾ ਦਾਅਵਾ ਕਰ ਸਕੀਏ  । 

ਡਾ .ਸਰਬਜਿੰਦਰ ਸਿੰਘ ਜੀ ਦੀ ਕਲਮ ਤੋਂ  ਇਨ੍ਹਾਂ ਪਵਿੱਤਰ ਅਸਥਾਨਾਂ ਬਾਰੇ ਜਾਣਾਂਗੇ ਅਤੇ  ਅਜੋਕੇ ਸਮੇਂ ਜੋ ਵੀ ਹਾਲਾਤ ਹਨ ।ਉਨ੍ਹਾਂ ਉੱਤੇ ਰੋਸ਼ਨੀ ਪਾ ਕੇ ਉਨ੍ਹਾਂ ਦੀ ਸਾਂਭ ਸੰਭਾਲ  ਸਬੰਧੀ ਵੇਰਵਾ ਵੀ ਇਕੱਤਰ  ਕਰਨ ਦਾ ਯਤਨ ਕਰਾਂਗੇ ।

ਡਾ.ਸਰਬਜਿੰਦਰ ਸਿੰਘ ਜੀ 

ਚੈਅਰਪਰਸਨ ਭਾਈ ਗੁਰਦਾਸ ਚੇਅਰ 

ਪੰਜਾਬੀ ਯੂਨੀਵਰਸਿਟੀ ਪਟਿਆਲਾ  

ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ  400 ਸਾਲਾ ਪ੍ਰਕਾਸ਼ ਪੁਰਬ ਸਾਡੇ ਸਮਕਾਲ ਦੇ ਸਨਮੁੱਖ ਹੈ ।ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਸਾਡੇ ਸਮਕਾਲ ਦੇ ਸਨਮੁੱਖ ਹੈ , ਮੇਰੀ ਇਹ ਪਵਿੱਤਰ ਭਾਵਨਾ ਹੈ ਕਿ ਇੰਨਾਂ ਦਿਨਾਂ ਚ ਆਪਾਂ " ਸ੍ਰੀ ਗੁਰੂ ਕੇ ਮਹਿਲ " ਸ੍ਰੀ ਅੰਮ੍ਰਿਤਸਰ ਤੋਂ ਚਲ " ਸੰਗਤ ਟੋਲਾ" ਢਾਕਾ ਬੰਗਲਾ ਦੇਸ਼ ਤਕ ਦੀਆਂ ਪਾਤਸ਼ਾਹ ਦੀਆਂ ਯਾਤਰਾਵਾਂ ਦੇ ਸਨਮੁੱਖ ਹੋਈਏ ।ਧਿਆਨ ਰਹੇ ਕਿ  ਇਹ ਯਾਤਰਾ ਬਹੁਤ ਜਿਆਦਾ ਲੰਬੀ ਹੈ ਪਰ ਆਪਾਂ ਕੁਝ ਇਕ ਪਵਿੱਤਰ ਅਸਥਾਨਾਂ ਦੇ ਮਾਧਿਅਮ ਰਾਹੀਂ ਜੋ ਮਹਾਰਾਜ ਦੇ ਚਰਨਾਂ ਦੀ ਛੋਹ ਪ੍ਰਾਪਤ ਕਰ ਸਦੀਵੀ ਹੋ ਗਏ ਦੇ ਦਰਸ਼ਨ ਦੀਦਾਰੇ ਕਰ ਗੁਰ ਆਸੀਸਾਂ ਦੇ ਪਾਤਰ ਬਣਨ ਦਾ ਯਤਨ ਕਰਾਂਗੇ !! ਇਹ ਹਨ ਜਨਮ ਅਸਥਾਨ ਸ੍ਰੀ ਗੁਰੂ ਕੇ ਮਹਿਲ !!

" ਬਾਬਾ ਬਕਾਲਾ" ਜੋ ਕਿਸੇ ਸਮੇਂ ਬਿਆਸ ਦਰਿਆ ਦੇ ਬਿਲਕੁਲ ਨਜਦੀਕ ਵਸਿਆ ਇਕ ਛੋਟਾ ਜਿਹਾ ਪਿੰਡ । ਬਿਆਸ ਦਰਿਆ ਦੇ ਪਾਣੀ ਦੀਆਂ ਰੌਣਕਾਂ , ਚਿੜੀ ਚੜੂੰਗਾ , ਮਨੁੱਖ,  ਪਸ਼ੂ- ਪੰਛੀ ਸੁਖੀ ਵਸੇਂਦੇ ਪਰ ਸਭ ਤੋਂ ਵਧੇਰੇ ' ਬਕ ' ਡਾਰਾਂ ਦੀਆਂ ਡਾਰਾਂ ਤੇ ਇਸ ਦਾ ਨਾਮ ਉਨਾਂ ਤੋਂ ਈ  ਪੈ ਗਿਆ " ਬਕ-ਵਾਲਾ" । ਫਿਰ ਇਹ ਬਕ-ਵਾਲਾ ਲੋਕਾਂ ਦੀ ਜੁਬਾਨ ਤੇ ਬਕਾਲਾ ਵਜੋਂ ਸਥਾਪਿਤ ਕਦ ਹੋਇਆ ਕਿਸੇ ਨੂੰ ਪਤਾ ਨਹੀਂ ਹੈ। ਮਾਤਾ ਨਾਨਕੀ ਜੀ ਦਾ ਪੈਤਰਿਕ ਘਰ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਨਕਾ ਪਿੰਡ ਨਾਨਾ ਹਰਦਾਸ ਜੀ ਤੇ ਨਾਨੀ ਹਰਦਈ ਜੀ । ਕੀਰਤਪੁਰ ਸਾਹਿਬ ਸਤਵੇਂ ਗੁਰੂ ਪਾਤਸ਼ਾਹ ਦੀ ਗੁਰਗੱਦੀ ਤੋਂ ਬਾਅਦ ਤੇਗ ਬਹਾਦਰ ਜੀ ਨੇ ਮਾਤਾ ਨਾਨਕੀ ਤੇ ਆਪਣੀ ਪਤਨੀ ਮਾਤਾ ਗੁਜਰੀ ਨਾਲ ਇਸ ਜਗਹ  ਆ ਰੈਣ ਬਸੇਰਾ ਬਣਾ ਲਿਆ  । ਫਿਰ ਸਾਲ ਦਰ ਸਾਲ ਗੁਜਰ ਗਏ ਰੱਬੀ ਰੂਹ ਰੱਬੀ ਸਿਮਰਨ ਤੇ ਉਸ ਵਾਸਤੇ ਇਕ ਭੋਰਾ । ਅਠਵੇਂ ਪਾਤਸ਼ਾਹ ਦਾ ਫੁਰਮਾਨ ' ਬਾਬਾ' ਵਸੇ ' ਬਕਾਲੇ' ਬਸ ਫਿਰ ਕੀ ਸੀ ਆ ਬੈਠੇ ਬੇਅੰਤ ਝੂਠ ਦੀਆਂ ਗੱਦੀਆਂ ਲਾਣ। ਬਖਸ਼ਿਸ਼ ਹੋਈ ਮਖਣ ਸ਼ਾਹ ਲਬਾਣੇ ਹੋਰਾਂ ਤੇ ਸੁੱਖੀ ਸੁੱਖ ਕਬੂਲ ਹੋਈ ਤੇ ਭੇਟਾ ਦੇਣ ਪਹੁੰਚ ਗਿਆ ਬਕਾਲੇ। ਇਥੇ ਤੇ ਮੰਜਰ ਈ ਹੋਰ ਸੀ , ਬਾਈ ਗੁਰੂ ਇਕ ਦੂਜੇ ਚ ਵਜਦੇ ਫਿਰਨ , ਸੋਚਾਂ ਚ ਪੈ ਗਿਆ ਕੀ ਕਰੇ ਤੇ ਫਿਰ ਮੁਸਕਰਾਇਆ  ਲੱਗਾ ਹਰੇਕ ਦੇ ਅਗੇ ਪੰਜ ਪੰਜ ਮੋਹਰਾਂ ਧਰਨ। ਅਖੌਤੀ ਗੁਰੂ ਬਗਲਿਆਂ ਵਾਂਗ ਪੰਜ ਮੋਹਰਾਂ ਚੋਰ ਅੱਖਾਂ ਨਾਲ ਵੇਖ ਖੁਸ਼ੀ ਚ ਅੱਖਾਂ ਬੰਦ ਕਰ ਲੈਣ ਇਹ ਸੋਚ ਅਜ ਦਿਹਾੜੀ ਚੰਗੀ ਬਣੀ। ਅਖੀਰ ਜਾ ਪਹੁੰਚਿਆਂ ਭੋਰੇ ਚ ,ਪੰਜ ਮੋਹਰਾਂ ਧਰੀਆਂ ਮੱਥਾ ਟੇਕਿਆ । ਉਧਰ ਜਦ ਅੱਖਾਂ ਨਹੀਂ ਖੁਲੀਆਂ ਤਾਂ ਨਿਰਾਸ਼ ਹੋ ਲਗਾ ਵਾਪਸ  ਮੁੜਨ । ਅਵਾਜ ਆਈ " ਪੰਜ ਸੌ ਦੀ ਥਾਂ ਪੰਜ ਝੜਾਵੇ ਕਰਕੇ ਬਚਨ ਮੁਕਰਦਾ ਜਾਵੇ" ਬਸ ਛਾਲ ਈ ਮਾਰੀ ਪਲ ਵੀ ਨ ਲੱਗਾ ਤੇ ਭੋਰੇ ਦੀ ਛੱਤ ਤੇ । ਚਾਰ ਚੁਫੇਰੇ ਇਕ ਅਵਾਜ ਦੀ ਗੂੰਜ ਈ ਸੁਣੀ " ਗੁਰ ਲਾਧੋ ਰੇ ਗੁਰ ਲਾਧੋ ਰੇ" ਵਹੀਰਾਂ ਘੱਤ ਲੋਕ ਭਜ ਤੁਰੇ ਭੋਰੇ ਵਲ ਤੇ ਪਤਾ ਈ ਨ ਲਗਾ ਭੋਰਾ ਕਦ ਭੋਰਾ ਸਾਹਿਬ ਹੋ ਗਿਆ  " ਤੇ ਤਿਆਗ ਮੱਲ" ਪਾਤਸ਼ਾਹ ਹਜੂਰ ਨੌਵੀਂ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ। ਪਿਆਰਿਓ ਇਹੀ ਉਹ ਪਾਕ ਪਵਿੱਤਰ ਅਸਥਾਨ ਹੈ ਜਿਥੇ ਇਹ ਕਰਤਾਰੀ ਕੌਤਕ ਵਾਪਰਿਆ।  ਆਓ ਨਤਮਸਤਕ ਹੋਈਏ ਤੇ ਆਪਣੇ ਮਸਤਕ ਦਾ ਭਾਗ ਬਣਾ ਪਾਤਸ਼ਾਹ ਹਜੂਰ ਨੂੰ ਹਥ ਜੋੜ ਬੇਨਤੀ ਕਰੀਏ ਦੰਭ ਪਖੰਡ ਤੇ ਦੰਭੀ ਪਖੰਡੀਆਂ ਤੋਂ ਮੁਕਤ ਹੋਏ ਇਹ ਪਾਕ ਭੂ-ਖੰਡ!!

" ਸਠਿਆਲਾ "  ਤਿੰਨ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ , ਕੁਲ ਪੰਜਾਬ ਦਾ ਸਭ ਤੋਂ ਵੱਡਾ ਪਿੰਡ , ਜਿਸ ਦੇ ਕੁਲ ਖੇਤਰਫਲ ਚ ਕਈ ਪਿੰਡ ਸਮਾਅ ਜਾਣ। ਪਾਤਸ਼ਾਹ ਨਾਨਕ ਆਏ ਆਸੀਸਾਂ ਨਾਲ ਨਿਵਾਜਿਆ ,ਗੁਰੂ ਹਰਗੋਬਿੰਦ ਮਹਾਰਾਜ ਨੇ ਬਖਸ਼ਿਸ਼ ਕੀਤੀ ਪਰ ਸਠਿਆਲੀਏ ਬਲ ਸਰਦਾਰ ਕੁਝ ਇਕ " ਹਰੇ ਬੂਟ " ਈ ਪਾਤਸ਼ਾਹਾਂ ਦੇ ਆਗਮਨ ਦੀਆਂ ਰਮਜਾਂ ਨੂੰ ਸਮਝ ਸਕੇ । ਭਾਰੂ ਗਿਣਤੀ  ਵਸਨੀਕਾਂ ਅਣਗੌਲਿਆਂ ਕਰ ਛਡੀ ਬਖਸ਼ਿਸ਼।  ਰਹਿਮਤੇ ਬਾਰਸ਼ ਫਿਰ ਹੋਈ ਤੇ ਹੁਣ ਸੀ  ਚਰਨ ਛੋਹ ਗੁਰੂ ਤੇਗ ਬਹਾਦਰ ਜੀਆਂ  ਦੀ। ਫਿਰ ਭਾਗ ਲਾ ਦਿਤੇ ਇਸ ਧਰਤਿ ਨੂੰ ਪਰ ਉਹੀ ਬੇਮੁਖਤਾ ਤੇ ਰੁਖਾਪਣ । ਲਾਹਾ ਲੁਟਿਆ ਹਰੇਕ ਵਾਰ ਮੁਸਲਮਾਨ ਬੀਬੀਆਂ ਨੇ ਹੀ ਜਾਂ ਦੋ ਚਾਰ ਗੁਰੂ ਪਿਆਰੇ ਬੱਲਾਂ ਨੇ।  ਇਕ ਪਿੱਪਲ ਥੱਲੇ ਉਤਾਰਾ ਕੀਤਾ ਮਹਾਰਾਜ ਨੇ । ਘੁਗ ਵਸਣ ਦਾ ਵਰ ਦਿੱਤਾ ਤੇ ਰੂਹਾਂ ਚ ਪਿਆਰ ਉਤਾਰਨ  ਦਾ ਵੀ । ਭਲਾ ਪਾਤਸ਼ਾਹ ਜੋ ਹਰਖ ਸੋਗ ਤੋਂ ਨਿਆਰੇ ਸਨ ਉਨਾਂ ਤੇ ਪਿੰਡ ਦੇ ਵਸਨੀਕਾਂ ਦੀ ਬੇਮੁਖਤਾ ਦਾ ਅਸਰ ਹੋ ਵੀ ਕੀ ਸਕਦਾ ਸੀ । ਪਾਤਸ਼ਾਹ ਮੰਦ ਮੰਦ ਮੁਸਕਰਾਏ , ਵਾਪਸ ਵਹੀਰਾਂ ਘੱਤੀਆਂ ਤੇ ਜਾਂ ਭਾਗ ਲਾਏ ਕਾਲੇਕੇ ਦੇ ਪਿੰਡ ਨੂੰ ਤੇ ਸਾਰਾ ਪਿੰਡ ਸਿਜਦੇ ਵਿੱਚ ਸੀ । ਕਾਲੇਕੇ ਦੇ ਕੀ ਮਾਨਸ ਜਾਤ ਤੇ ਕੀ ਪਸ਼ੂ ਪਰਿੰਦੇ,  ਮੁਖ ਪਿਛੇ ਵਲ ਕੀਤਾ ਅਸਮਾਨੀ ਬੋਲਿਆ ਨੇ ਸਠਿਆਲੇ ਦੇ ਲੋਕਾਂ ਦੀ ਰੂਹ ਧੋ ਦਿਤੀ । ਬੋਲੇ ਸਨ " ਤੁਸੀਂ ਵੀ ਇੰਝ ਦੇ ਹੋ ਜਾਓ" । ਕੀ ਵਾਪਰਿਆ ਰਬ ਜਾਣੇ ਪਰ ਸਿਜਦੇ ਚ ਨੇ ਉਸ ਦਿਨ ਤੋਂ ਲੈ ਅਜ ਤਕ ਸਠਿਆਲੇ ਦੇ ਬਸਿੰਦੇ ਤੇ ਨਿਵਾਜੇ ਪਏ ਨੇ  ਬਖਸ਼ਿਸ਼ਾਂ ਨਾਲ । ਸੋਹਣਾ ਪਿੰਡ ਹੈ ਤੇ ਵੱਡਾ ਕਾਲਜ ਪਾਤਸ਼ਾਹ ਦੇ ਨਾਮ ਤੇ । ਪਾਤਸ਼ਾਹ ਦੀ ਯਾਦ ਵਿੱਚ ਸੁੰਦਰ ਗੁਰਦੁਆਰਾ ਸਾਹਿਬ ਜਿਥੇ ਜੁੜਦੇ ਨੇ ਅਜ ਸਾਰੇ ਈ ਮਾਈ ਭਾਈ ਕੁਲ ਸਠਿਆਲੇ ਦੇ ਪਾਤਸ਼ਾਹ ਦੇ ਪ੍ਰਕਾਸ਼ ਤੇ ਸ਼ਹਾਦਤ ਦੇ ਪਾਕ ਦਿਨ ਤੇ । ਸਚਮੁੱਚ ਈ ਰੂਹ ਵਾਲੇ ਲੋਕ ਨੇ ਇਹ ਸਾਰੇ ਦੇ ਸਾਰੇ। ਪਤਾ ਲਗਦਾ ਹੈ ਕਿ ਗੁਰੂ ਪਾਤਸ਼ਾਹ ਨੂੰ ਅਗੇ ਹੋ ਮਿਲਣ ਵਾਲੇ ਬਲ ਪਰਿਵਾਰ ਅਮਰੀਕਾ ਕਨੇਡਾ ਵਸ ਰਹੇ ਨੇ ਅਜਕਲ! " " ਘੁਗ ਵਸਦਾ ਗਾਮ ਸਠਿਆਲਾ, ਸਠਿਆਲਾ ਕਰਮਾਂ ਵਾਲਾ!!

ਸਠਿਆਲਾ ਪਿੰਡ ਤੋਂ ਪਾਤਸ਼ਾਹ ਨੇ  ਕੂਚ ਦਾ ਹੁਕਮ ਕੀਤਾ ।  ਭਾਈ ਗੁਰਦਿੱਤਾ ਰੰਧਾਵਾ ਨੇ ਪਾਤਸ਼ਾਹ ਵਾਸਤੇ ਘੋੜੀ ਤਿਆਰ ਕਰ ਉਨਾਂ ਨੂੰ   ਸਵਾਰ ਹੋਣ ਵਾਸਤੇ ਬੇਨਤੀ ਕੀਤੀ । ਪਾਤਸ਼ਾਹ ਮੁਸਕਰਾਏ ਬੋਲੇ ਭਾਈ ਜੀ ਕੁਲ ਸੇਵਾ ਹੀ ਬਾਬਾ ਬੁੱਢਾ ਜੀਆਂ ਕੀ ਅੰਸ਼ ਵੰਸ਼ ਦੇ ਮਸਤਕ  ਦਾ  ਭਾਗ ਬਣ ਗਈ।  ਗੁਰਦਿਤਾ ਜੀ ਸਿਜਦੇ ਚ ਹੋ ਬੋਲੇ ' ਪਾਤਸ਼ਾਹ ਤੋੜ ਨਿਬਹੈ' । ਗੁਰੂ ਪਰਿਵਾਰ ਲਈ ਵੀ  ਸਵਾਰੀ ਦੇ ਪ੍ਰਬੰਧ ਹੋਏ। ਸੰਗਤ ਪੈਦਲ ਈ ਪਾਤਸ਼ਾਹ ਦੇ ਨਾਲ ਚਲਣ ਲਈ ਤਿਆਰੇ ਕਸ ਚੁੱਕੀ ਸੀ, ਬਲ ਲਾਣਾ ਤੇ ਮੁਸਲਮ ਬੀਬੀਆਂ ਪਿੰਡ ਤੋਂ ਬਾਹਰ ਤਕ ਤੋਰਨ ਆਈਆਂ। ਬਾਬਾ ਬਕਾਲਾ ਦੇ ਐਨ ਪਿਛੋਂ ਦੀ ਡਾਂਡੇ ਮੀਂਡੇ ਸੰਗਤਾਂ ਨੇ ਗੁਰੂ ਪਾਤਸ਼ਾਹ ਦੇ ਪਿਛੇ ਪਿੰਡ ਧਿਆਨਪੁਰ ਤੇ ਦਨਿਆਲ ਦੇ ਬਦੇਸ਼ੇ ਸਿਖਾਂ ਦੇ ਕੋਲ ਜਾਅ ਪੜਾਅ ਕੀਤਾ । ਬਦੇਸ਼ਿਆਂ ਸਰਦਾ ਬਣਦਾ ਲੰਗਰ ਛਕਾਇਆ , ਢੇਰ ਆਸੀਸਾਂ ਦੀ ਬਖਸ਼ਿਸ਼ ਹੋਈ । ਜਿਸ ਅਸਥਾਨ ਤੇ ਲੰਗਰ ਛਕਿਆ ,ਉਹ ਚੌਰਸਤਾ  ਹੈ  ਜਿਥੇ ਇਕ ਪਾਸੇ ਬਾਬਾ ਬਕਾਲਾ ਤੋਂ ਕਾਲੇਕੇ ਤੇ ਰਈਏ ਤੋਂ ਨਾਥ ਦੀ ਖੂਹੀ ਵਲ ਜਾਣ ਦਾ ਰਸਤਾ ਹੈ । ਇਸ ਅਸਥਾਨ ਤੇ ਕੋਈ ਅੱਠ ਦਹਾਕੇ ਪਹਿਲਾਂ ਦਨਿਆਲ ਪਿੰਡ ਦੇ ਇਕ ਬਜੁਰਗ ਨੇ ਨਲਕੇ ਅਤੇ ਕਮਰੇ ਦੀ ਸੇਵਾ ਕੀਤੀ ਜੋ ਅਜ ਵੀ ਸੁਭਾਏਮਾਨ ਹੈ ਪਰ ਉਸਦੀ ਹਾਲਤ ਪਤਲੀ ਹੈ । ਇਥੋਂ ਸਿਧਾ ਕੂਚ ਕਰ ਸੁਧਾਰ ਪਿੰਡ ਪਾਰ ਕੀਤਾ ਜੋ ਮੁਸਲਮਾਨ ਕਿਸਾਨਾਂ ਦਾ ਪਿੰਡ ਸੀ ਤੇ ਹੁਣ ਰੁਖ ਸੀ ਕਾਲੇਕੇ ਦਾ । ਕਾਲੇਕੇ ਪਿੰਡ ਚ ਜਦ ਗੁਰੂ ਪਾਤਸ਼ਾਹ ਦੇ ਕਾਲੇਕੇ ਵਲ ਆਗਮਨ ਦੀ ਖਬਰ ਮਿਲੀ ਤੇ ਕੀ ਬਾਲ, ਬਿਰਧ,ਜਵਾਨ ਬੀਬੀਆਂ ਭਾਈ ਵਹੀਰਾਂ ਘਤ ਅਧ ਵਿਚ ਹੀ ਆ ਚਰਨੀ ਲਗੇ । ਪੂਰੇ ਜਲੌਅ ਨਾਲ ਪਿੰਡ ਲਜਾਇਆ ਗਿਆ । ਮੇਲੇ ਲਗ ਗਏ।  ਕਈ ਦਿਨ ਜਿਦ ਕਰ ਸੰਗਤ ਨੇ ਪਾਤਸ਼ਾਹ ਨੂੰ ਅਗੇ ਨ ਜਾਣ ਦਿਤਾ । ਪਾਤਸ਼ਾਹ ਗਦਗਦ ਹੋਏ ,ਆਸੀਸਾਂ ਦੇ ਮੀਂਹ ਪੈ ਗਏ, ਮੰਨਿਆ ਜਾਂਦਾ ਹੈ ਕਿ ਸਠਿਆਲੇ ਦੇ ਵਾਸੀਆਂ ਨੂੰ ਵੀ ਇੰਨਾਂ ਵਰਗੇ ਹੋਣ ਦੀ ਆਸੀਸ ਇਥੋਂ ਈ ਬਖਸੀ ਸੀ। ਕਾਲੇਕੇ ਬਹੁਤ ਸੁੰਦਰ ਪਿੰਡ ਇਥੇ ਬਾਬਾ ਬਕਾਲਾ ਤੋਂ ਸਿੱਧੀ ਸੜਕ ਹੈ ਜੋ ਧਿਆਨਪੁਰ, ਕਲੇਰ ਤੇ ਦਨਿਆਲ ਵਿਚੋਂ ਦੀ ਲੰਘ ਕਾਲੇਕੇ ਪਹੁੰਚਦੀ ਹੈ।ਪਾਤਸ਼ਾਹ ਦੀ ਯਾਦ ਵਿੱਚ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਸਸ਼ੋਭਿਤ ਹੈ ,ਜਿਸ ਦੀ ਸੇਵਾ ਸ਼੍ਰੋਮਣੀ ਕਮੇਟੀ ਕਰਦੀ ਹੈ।

ਕਾਲੇਕੇ ਤੋਂ ਮੋਹ ਭਰੀ ਵਿਦਾਇਗੀ ਹੋਈ , ਘੋੜਾ ਜੋੜਾ ਅਰਪਤ ਕਰ ਭੇਟਾ ਕਬੂਲ ਕਰਨ ਲਈ ਕਾਲੇਕੇ ਦੇ ਸਭ ਮਾਈ ਭਾਈ  ਸਿਜਦੇ ਚ ਹੋ ਬੋਲੇ "ਭੇਟਾ ਕਬੂਲ ਕਰ ਧੰਨਤਾ ਦੇ ਪਾਤਰ ਬਣਾਓ ਮਹਾਰਾਜ ਪਿੰਡ ਨੂੰ"  ਪਾਤਸ਼ਾਹ ਦੀਆਂ ਬੁਲੀਆਂ ਤੇ ਮੁਸਕਰਾਹਟ ਬਿਖਰੀ ਤੇ  ਲੋਕਾਂ ਨੇ ਅਵਾਜ ਸੁਣੀ " ਭੇਟਾ ਕਬੂਲ ਭਈ" । ਧੰਨ ਹੋ,  ਡੰਡੋਤ ਵਿਚ ਹੋ ਗਿਆ ਪੂਰੇ ਦਾ ਪੂਰਾ ਪਿੰਡ ਤੇ ਹੁਣ ਰੁਖ ਸੀ ਖਡੂਰ , ਗੋਇੰਦਵਾਲ ਤੇ ਤਰਨਤਾਰਨ ਦਾ । ਖਿਲਚੀਆਂ, ਰਤਨਗੜ੍ਹ ,ਨਾਗੋਕੇ ਤੇ ਫਿਰ ਖਡੂਰ । ਖਡੂਰ ਤੋਂ ਰੁਖ ਹੋਇਆ ਤਰਨਤਾਰਨ ਤੇ ਰਸਤਾ ਸੀ ਗੋਇੰਦਵਾਲ ਦੇ ਵਿਚ ਦੀ । ਕੁਲ ਤੇ ਹੀ ਤੁੱਠੇ ਪਾਤਸ਼ਾਹ ਆਸੀਸਾਂ ,ਮਿਹਰਾਂ,  ਬਰਕਤਾਂ ਤੇ ਬਖਸ਼ਿਸ਼ਾਂ ਨਾਲ ਝੋਲੀਆਂ ਭਰਦੇ ਜਾਅ ਪਹੁੰਚੇ " ਰਾਮਦਾਸ ਪੁਰ" ਸ੍ਰੀ ਅੰਮ੍ਰਿਤਸਰ ਸਾਹਿਬ, ਜਿਥੇ ਵੰਡੀਆਂ ਸਨ ਪਾਤਸ਼ਾਹੀਆਂ ਸੱਚੇ ਪਾਤਸ਼ਾਹਾਂ ਜੀਆਂ ਨੇ । ਸੰਗਤਾਂ ਨੂੰ ਜਿਉਂ ਜਿਉਂ ਪਤਾ ਲਗਦਾ ਗਿਆ ਹੁੰਮ-ਹੁੰਮਾ ਕੇ ਪਾਤਸ਼ਾਹ ਦੇ ਕਾਫਲੇ ਦਾ ਹਿਸਾ ਹੋ ਧੰਨਤਾ ਦਾ ਭਾਗ ਬਣਦੀਆਂ ਗਈਆਂ ਤੇ ਹੁਣ ਪਹੁੰਚ ਗਏ ਕਾਫਲੇ " ਹਰਿਮੰਦਰ ਸਾਹਿਬ " ਦੀਆਂ ਪ੍ਰਕਰਮਾ ਵਿਚ । ਗਦ-ਗਦ ਸੀ ਕੁਲ ਲੋਕਾਈ,  ਹੁੰਦੀ ਵੀ ਕਿਉਂ ਨ ਭਲਾ " ਪਾਤਸ਼ਾਹ ਹਜੂਰ ਜਦ ਹੋਣ ਸਨਮੁੱਖ। ਨਤਮਸਤਕ ਹੋਣਾ ਸੀ ਸਭ ਨੇ ਅਜ ਹਰਿਮੰਦਰ ਸਾਹਿਬ ਚ ਜਿਥੇ ਪਾਕ ਪੈੜਾਂ ਸਨ ਗੁਰੂ ਅਰਜਨ ਸਾਹਿਬ ਮਹਾਰਾਜ, ਗੁਰੂ ਹਰਿਗੋਬਿੰਦ ਪਾਤਸ਼ਾਹ ਦੇ ਨਾਲ ਨਾਲ ਸਾਈਂ ਮੀਰ ਸਮੇਤ ਭਾਈ ਗੁਰਦਾਸ ਤੇ ਬਾਬਾ ਬੁੱਢਾ ਜੀਆਂ ਦੀਆਂ। ਅਜੇ ਰੁਖ ਹੋਇਆ ਈ ਸੀ ਹਰਿਮੰਦਰ ਦਾ ਕਿ ਕਾਲੀਆਂ ਬਦਰੂਹਾਂ ਨੂੰ ਆਪਣੇ ਪੈਰਾਂ ਹੇਠੋਂ ਜਮੀਨ ਖਿਸਕਦੀ ਲਗਣ ਲਗੀ । ਸੋਚਿਆ ਜੇ ਇਹ ਇਥੇ ਬਿਰਾਜਮਾਨ ਹੋ ਗਏ ਤੇ ਫਿਰ ਸਾਡੀ ਹਾਲਤ ਤੇ ਪਾਣੀਓ ਪਤਲੀ ਹੋਣ ਚ ਪਲ ਵੀ ਕਿਥੇ ਲਗਣਾ । ਭੁੱਖੇ ਮਰ ਜੂ ਕੋੜਮਾ ਪੂਰੇ ਦਾ ਪੂਰਾ ਤੇ ਲਾ ਕੇ ਜੰਦਰਾ ਤਿਤਰ ਹੋ ਗਿਆ ਲਾਣਾ ਸਾਰੇ ਦਾ ਸਾਰਾ।  ਬੇਨਤੀ ਕੀਤੀ ਪਾਤਸ਼ਾਹ ਹੁਕਮ ਹੋਵੇ ਤੇ ਜੰਦਰਾ ਤੋੜ ਮਰੋੜ ਦੇਈਏ। ਨਾਂਹ ਚ ਸਿਰ ਹਿਲਦਾ ਦਿਸਿਆ ਤੇ ਪਾਤਸ਼ਾਹ ਐਨ ਅਕਾਲ ਬੁੰਗੇ ਦੇ ਨਾਲ ਮੁੱਖ ਕਰ ਹਰਿਮੰਦਰ ਵਲ ਚੌਕੜਾ ਲਾ ਬੈਠ ਗਏ ਤੇ ਹਰਿਮੰਦਰ ਪਾਤਸ਼ਾਹਾਂ ਕੋਲ ਚਲਕੇ ਆ ਗਿਆ। ਉਸ ਅਸਥਾਨ ਨੂੰ ਥੜਾ ਸਾਹਿਬ ਜਾਂ ਭੋਰਾ ਸਾਹਿਬ ਦਾ ਨਾਮ ਮਿਲਿਆ। ਕੁਝ ਪਲ, ਘੜੀਆਂ ਜਾਂ ਪੂਰਾ ਦਿਨ ਬਤੀਤ ਕੀਤਾ । ਪਾਤਸ਼ਾਹ ਨੇ ਭਗੌੜਿਆਂ ਨੂੰ ਵੀ ਆਸੀਸਾਂ ਦੀ ਬਖਸ਼ਿਸ਼ ਕੀਤੀ ਤੇ ਹੁਣ ਰੁਖ ਕਿਧਰ ਸੀ ਪਾਤਸ਼ਾਹ ਦੀ ਮੌਜ ਤੇ ਉਸਦੀ ਮੌਜ ਚ ਈ ਤੇ ਸੀ ਸੰਗਤ ਪਿਛੇ ਪਿਛੇ।।

 

ਚਲਦਾ.....