ਨਿਰਮਲ ਸਿੰਘ ਖਾਲਸਾ ਦੇ ਇਲਾਜ ਵਿਚ ਕੁਤਾਹੀ; ਬਾਦਲ ਵੱਲੋਂ ਸਿਹਤ ਮੰਤਰੀ ਦੇ ਅਸਤੀਫੇ ਦੀ ਮੰਗ

ਨਿਰਮਲ ਸਿੰਘ ਖਾਲਸਾ ਦੇ ਇਲਾਜ ਵਿਚ ਕੁਤਾਹੀ; ਬਾਦਲ ਵੱਲੋਂ ਸਿਹਤ ਮੰਤਰੀ ਦੇ ਅਸਤੀਫੇ ਦੀ ਮੰਗ
: :

ਬਠਿੰਡਾ: ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਵਿਸ਼ਵ ਪ੍ਰਸਿੱਧ ਕੀਰਤਨੀਏ ਭਾਈ ਨਿਰਮਲ ਸਿੰਘ ਖਾਲਸਾ ਦੇ ਇਲਾਜ ਦੌਰਾਨ ਗੁਰੂ ਨਾਨਕ ਹਸਪਤਾਲ ਦੇ ਸਿਹਤ ਅਮਲੇ 'ਤੇ ਕੁਤਾਹੀ ਵਰਤਣ ਦੇ ਗੰਭੀਰ ਦੋਸ਼ ਲੱਗੇ ਹਨ। ਦੱਸ ਦਈਏ ਕਿ ਹਸਪਤਾਲ ਵਿਚ ਆਈਸੋਲੇਸ਼ਨ ਵਾਰਡ ਅੰਦਰੋਂ ਭਾਈ ਨਿਰਮਲ ਸਿੰਘ ਖਾਲਸਾ ਵੱਲੋਂ ਆਪਣੇ ਪਰਿਵਾਰ ਨੂੰ ਕੀਤੀ ਗਈ ਆਖਰੀ ਫੋਨ ਕਾਲ ਜਨਤਕ ਹੋ ਗਈ ਹੈ। ਇਸ ਫੋਨ ਕਾਲ ਵਿਚ ਉਹਨਾਂ ਨੇ ਆਪਣੇ ਪਰਿਵਾਰ ਨੂੰ ਦੱਸਿਆ ਸੀ ਕਿ ਉਹਨਾਂ ਦਾ ਕੋਈ ਇਲਾਜ ਨਹੀਂ ਕੀਤਾ ਜਾ ਰਿਹਾ ਤੇ ਇਹ ਉਹਨਾਂ ਦੀ ਆਖਰੀ ਫਤਹਿ ਹੀ ਸਮਝੋ। 

ਇਸ ਆਡੀਓ ਜਨਤਕ ਹੋਣ ਬਾਅਦ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਪੋਲ ਖੁੱਲ੍ਹ ਗਈ ਹੈ। ਦੱਸ ਦਈਏ ਕਿ ਬੀਤੇ ਦਿਨੀਂ ਲੁਧਿਆਣਾ ਵਿਚ ਵੀ ਕੋਰੋਨਾਵਾਇਰਸ ਨਾਲ ਇਕ ਪੀੜਤ ਮਰੀਜ਼ ਦੀ ਲੁਧਿਆਣਾ ਹਸਪਤਾਲ 'ਚ ਵੈਂਟੀਲੇਟਰ ਨਾ ਮਿਲਣ ਦੇ ਚਲਦਿਆਂ ਮੌਤ ਹੋ ਗਈ ਸੀ। 

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਮਾੜੇ ਪ੍ਰਬੰਧਾਂ ਲਈ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਦੋਸ਼ ਦਸਦਿਆਂ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ ਹੈ।

ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਦੀ ਕੁਤਾਹੀ ਕਰਕੇ ਅਸੀਂ ਪੰਥ ਦਾ ਹੀਰਾ ਗੁਆ ਲਿਆ ਹੈ। ਆਪਣੇ ਟਵੀਟ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਟੈਗ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੇ ਤੁਹਾਡੀ ਸਰਕਾਰ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਇਸ ਤਰ੍ਹਾਂ ਮਰਨ ਲਈ ਛੱਡੇਗੀ ਤਾਂ ਅਸੀ ਇਸ ਮਹਾਮਾਰੀ ਦਾ ਮੁਕਾਬਲਾ ਕਿਵੇਂ ਕਰਾਂਗੇ।
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।