ਅਮਰੀਕਾ ਨੇ ਫੌਜੀਆਂ ਦੀ ਜਾਨ ਬਚਾਉਣ ਲਈ ਅਵਾਜ਼ ਚੁੱਕਣ ਵਾਲਾ ਕਪਤਾਨ ਬਰਖਾਸਤ ਕੀਤਾ

ਵਾਸ਼ਿੰਗਟਨ: ਪ੍ਰਸ਼ਾਂਤ ਮਹਾਸਾਗਰ ਵਿਚ ਤੈਨਾਤ ਅਮਰੀਕੀ ਸਮੁੰਦਰੀ ਫੌਜ ਦੇ ਜਹਾਜ਼ ਯੂਐਸਐਸ ਥਿਓਡੋਰ ਰੂਸਵੈਲਟ ਉੱਤੇ ਮੋਜੂਦ ਫੌਜੀਆਂ ਵਿਚ ਕੋਰੋਨਾਵਾਇਰਸ ਫੈਲਣ ਦਾ ਮਾਮਲਾ ਸਾਹਮਣੇ ਲਿਆਉਣ ਵਾਲੇ ਜਹਾਜ਼ ਦੇ ਕਪਤਾਨ ਬਰੈਟ ਕਰੋਜ਼ੀਅਰ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਹਲਾਂਕਿ ਇਸ ਬਰਖਾਸਤਗੀ ਦਾ ਕਾਫੀ ਵਿਰੋਧ ਹੋ ਰਿਹਾ ਹੈ ਤੇ ਚੇਂਜ.ਓਆਰਜੀ ਪੇਟੀਸ਼ਨ 'ਤੇ ਸ਼ੁਰੂ ਕੀਤੀ ਗਈ ਆਨਲਾਈਨ ਅਪੀਲ ਵਿਚ ਕੈਪਟਨ ਦੀ ਮੁੜ ਬਹਾਲੀ ਲਈ ਇਕ ਦਿਨ ਵਿਚ ਹੀ 65,000 ਲੋਕਾਂ ਨੇ ਦਸਤਖਤ ਕੀਤੇ ਹਨ। 

ਕੈਪਟਨ ਬਰੈਟ ਕਰੋਜ਼ੀਅਰ ਦੇ ਜਹਾਜ਼ ਤੋਂ ਉਤਰਦਿਆਂ ਦੀ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ ਜਹਾਜ਼ 'ਤੇ ਤੈਨਾਤ ਫੌਜੀ ਆਪਣੇ ਕਪਤਾਨ ਨੂੰ ਤਾੜੀਆਂ ਨਾਲ ਰੁਖਸਤ ਕਰ ਰਹੇ ਹਨ ਤੇ ਉਸਦੇ ਨਾਂ ਉੱਚੀ ਉੱਚੀ ਕੂਕ ਰਹੇ ਹਨ। ਵੀਡੀਓ ਬਣਾਉਣ ਵਾਲਾ ਸਖਸ਼ ਕੈਮਰੇ ਪਿੱਛੇ ਬੋਲ ਰਿਹਾ ਹੈ ਕਿ ਮਹਾਨ ਕਪਤਾਨ ਨੂੰ ਇਸ ਤਰ੍ਹਾਂ ਵਿਦਾ ਕੀਤਾ ਜਾਂਦਾ ਹੈ। 

ਜ਼ਿਕਰਯੋਗ ਹੈ ਕਿ ਕੈਪਟਨ ਬਰੈਟ ਕਰੋਜ਼ੀਅਰ ਨੇ ਜਹਾਜ਼ 'ਤੇ ਕੋਰੋਨਾਵਾਇਰਸ ਫੈਲਣ ਸਬੰਧੀ ਨੇਵੀ ਸਕੱਤਰ ਥੋਮਸ ਮੋਡਲੀ ਨੂੰ ਚਿੱਠੀ ਲਿਖੀ ਸੀ ਜੋ ਮੀਡੀਆ ਵਿਚ ਲੀਕ ਹੋ ਗਈ ਸੀ। ਇਸ ਤੋਂ ਬਾਅਦ ਜਹਾਜ਼ ਨੂੰ ਨੇੜਲੀ ਬੰਦਰਗਾਹ 'ਤੇ ਲਾ ਕੇ ਫੌਜੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਹਾਜ਼ ਦੀਆਂ ਕਾਰਵਾਈਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।