ਜਗਮੀਤ ਸਿੰਘ ਦੀ ਅਗਵਾਈ ਵਿਚ ਐਨਡੀਪੀ ਦੀ ਇਤਿਹਾਸਕ ਜਿੱਤ

ਜਗਮੀਤ ਸਿੰਘ ਦੀ ਅਗਵਾਈ ਵਿਚ ਐਨਡੀਪੀ ਦੀ ਇਤਿਹਾਸਕ ਜਿੱਤ
ਜਗਮੀਤ ਸਿੰਘ ਅਤੇ ਜੋਹਨ ਹੋਰਗਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਜਗਮੀਤ ਸਿੰਘ ਦੀ ਅਗਵਾਈ ਵਿਚ ਕੈਨੇਡਾ ਦੀ ਐਨਡੀਪੀ ਪਾਰਟੀ ਨੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਸੂਬਾਈ ਚੋਣਾਂ ਵਿਚ ਵੱਡੀ ਜਿੱਤ ਹਾਸਲ ਕੀਤੀ ਹੈ। ਇਹਨਾਂ ਚੋਣਾਂ ਵਿਚ ਪੰਜਾਬੀ ਮੂਲ ਦੇ ਅੱਠ ਉਮੀਦਵਾਰ ਜਿੱਤੇ ਹਨ, ਜਿਹਨਾਂ ਵਿਚ ਜ਼ਿਆਦਾਤਰ ਸਰੀ ਖੇਤਰ ਤੋਂ ਐਨਡੀਪੀ ਪਾਰਟੀ ਦੀਆਂ ਟਿਕਟਾਂ 'ਤੇ ਜਿੱਤੇ ਹਨ।  

ਰਾਜ ਚੌਹਾਨ, ਲਗਾਤਾਰ ਪੰਜਵੀਂ ਵਾਰ ਚੁਣੇ ਗਏ। ਉਹ ਬਰਨਬੀ ਐਡਮੰਡਜ਼ ਤੋਂ ਐੱਨਡੀਪੀ ਉਮੀਦਵਾਰ ਵਜੋਂ ਜੇਤੂ ਰਹੇ। ਉਨ੍ਹਾਂ ਨੇ ਲਿਬਰਲ ਪਾਰਟੀ ਦੀ ਤ੍ਰਿਪਤ ਅਟਵਾਲ ਨੂੰ ਹਰਾਇਆ। ਤ੍ਰਿਪਤ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਸੀਨੀਅਰ ਅਕਾਲੀ ਆਗੂ ਚਰਨਜੀਤ ਸਿੰਘ ਅਟਵਾਲ ਦੀ ਬੇਟੀ ਹੈ।

ਸਾਬਕਾ ਬਾਸਕਟਬਾਲ ਖਿਡਾਰੀ ਜਗਰੂਪ ਸਿੰਘ ਬਰਾੜ ਸਰੀ ਫਲੀਟਵੁੱਡ ਤੋਂ ਦੁਬਾਰਾ ਚੁਣੇ ਗਏ ਹਨ। ਉਨ੍ਹਾਂ ਨੇ ਲਿਬਰਲ ਪਾਰਟੀ ਦੇ ਗੈਰੀ ਥਿੰਦ ਨੂੰ ਹਰਾਇਆ। ਬਰਾੜ ਬਠਿੰਡਾ ਜ਼ਿਲ੍ਹੇ ਦੇ ਦਿਓਣ ਦੇ ਹਨ। ਇਕ ਹੋਰ ਪੰਜਾਬੀ ਰਵੀ ਕਾਹਲੋਂ ਡੈਲਟਾ ਨਾਰਥ ਤੋਂ ਐਨਡੀਪੀ ਦੇ ਉਮੀਦਵਾਰ ਵਜੋਂ ਦੁਬਾਰਾ ਚੁਣੇ ਗਏ ਹਨ।

ਪੰਜਾਬੀ ਲੇਖਕ ਡਾ. ਰਘਬੀਰ ਸਿੰਘ ਦੀ ਧੀ ਰਚਨਾ ਸਿੰਘ ਨੂੰ ਐੱਨਡੀਪੀ ਦੀ ਟਿਕਟ ’ਤੇ ਸਰੀ ਗ੍ਰੀਨ ਟਿੰਬਰਲੈਂਡ ਤੋਂ ਚੁਣਿਆ ਗਿਆ ਹੈ। ਉਨ੍ਹਾਂ ਲਿਬਰਲ ਪਾਰਟੀ ਦੇ ਦਿਲਰਾਜ ਅਟਵਾਲ ਨੂੰ ਹਰਾਇਆ। ਹੈਰੀ ਬੈਂਸ ਸਰੀ ਨਿਊਟੋਨ ਤੋਂ ਐੱਨਡੀਪੀ ਦੀ ਟਿਕਟ ’ਤੇ ਪੰਜਵੀਂ ਵਾਰ ਮੁੜ ਚੁਣੇ ਗਏ। ਉਨ੍ਹਾਂ ਲਿਬਰਲ ਪਾਰਟੀ ਦੇ ਪਾਲ ਬੋਪਾਰਾਏ ਨੂੰ ਹਰਾਇਆ। ਐੱਨਡੀਪੀ ਦੇ ਉਮੀਦਵਾਰ ਅਮਨ ਸਿੰਘ ਨੇ ਕੁਈਨਜ਼ਬਰੋ ਦੇ ਰਿਚਮੰਡ ਤੋਂ ਲਿਬਰਲ ਪਾਰਟੀ ਦੇ ਜੱਸ ਜੌਹਲ ਨੂੰ ਹਰਾਇਆ।

ਐੱਨਡੀਪੀ ਦੇ ਜਿੰਨੀ ਸਿੰਸ ਅਤੇ ਨਿੱਕੀ ਸ਼ਰਮਾ ਕ੍ਰਮਵਾਰ ਸਰੀ ਪੈਨੋਰੋਮਾ ਅਤੇ ਵੈਨਕੂਵਰ ਹੇਸਟਿੰਗਜ਼ ਤੋਂ ਜਿੱਤੇ। ਜਿੰਨੀ ਦੁਬਾਰਾ ਚੁਣੇ ਗਏ ਹਨ ਅਤੇ ਉਸਨੇ ਲਿਬਰਲ ਪਾਰਟੀ ਦੀ ਗੁਲਜ਼ਾਰ ਚੀਮਾ ਨੂੰ ਹਰਾਇਆ। 2017 ਵਿੱਚ ਸੱਤ ਪੰਜਾਬੀਆਂ ਨੂੰ ਬੀਸੀ ਵਿਧਾਨ ਸਭਾ ਲਈ ਚੁਣਿਆ ਗਿਆ ਸੀ।

ਜਗਮੀਤ ਸਿੰਘ ਵੱਲੋਂ ਇਸ ਜਿੱਤ 'ਤੇ ਖੁਸ਼ੀ ਸਾਂਝੀ ਕਰਦਿਆਂ ਸੋਸ਼ਲ ਮੀਡੀਆ 'ਤੇ ਆਪਣੇ ਨਾਲ ਮੁੜ ਸੂਬੇ ਦੇ ਪ੍ਰੀਮੀਅਰ ਬਣੇ ਜੋਹਨ ਹੋਰਗਨ ਦੀ ਤਸਵੀਰ ਸਾਂਝੀ ਕਰਕੇ ਉਹਨਾਂ ਨੂੰ ਮੁੜ ਪ੍ਰੀਮੀਅਰ ਬਣਨ ਦੀਆਂ ਮੁਬਾਰਕਾਂ ਦਿੱਤੀਆਂ। 

ਦੱਸ ਦਈਏ ਕਿ 1996 ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਐਨਡੀਪੀ ਨੇ ਪੂਰਨ ਬਹੁਮਤ ਨਾਲ ਸੂਬੇ ਵਿਚ ਸਰਕਾਰ ਬਣਾਈ ਹੈ। 

ਇਸ ਜਿੱਤ 'ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਪ੍ਰੀਮੀਅਰ ਹੋਰਗਨ ਨੂੰ ਵਧਾਈ ਦਿੱਤੀ।