ਭਾਰਤ ਸਰਕਾਰ ਨੇ ਪੰਜਾਬ ਵਿਚ ਮਾਲ ਗੱਡੀਆਂ ਭੇਜਣੋਂ ਨਾਹ ਕੀਤੀ

ਭਾਰਤ ਸਰਕਾਰ ਨੇ ਪੰਜਾਬ ਵਿਚ ਮਾਲ ਗੱਡੀਆਂ ਭੇਜਣੋਂ ਨਾਹ ਕੀਤੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤ ਸਰਕਾਰ ਦੇ ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਪੰਜਾਬ ਦਾ ਭਾਰਤ ਸਰਕਾਰ ਨਾਲ ਸੰਘਰਸ਼ ਤਿੱਖਾ ਹੋਣ ਦੇ ਅਸਾਰ ਬਣ ਰਹੇ ਹਨ। ਭਾਵੇਂ ਕਿ ਕਿਸਾਨ ਜਥੇਬੰਦੀਆਂ ਨੇ ਬੀਤੇ ਦਿਨੀਂ ਲੋੜੀਂਦੇ ਮਾਲ ਦੀ ਸਪਲਾਈ ਯਕੀਨੀ ਬਣਾਉਣ ਹਿੱਤ ਮਾਲ ਗੱਡੀਆਂ ਦਾ ਰਾਹ ਖੋਲ੍ਹ ਦਿੱਤਾ ਗਿਆ ਸੀ ਪਰ ਸਵਾਰੀ ਗੱਡੀਆਂ ਦੌ ਰੋਕ ਹਟਾਉਣ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਭਾਰਤ ਸਰਕਾਰ ਨੇ ਕਿਸਾਨਾਂ ਦੀ ਅਵਾਜ਼ ਸੁਣਨ ਦੀ ਬਜਾਏ ਹਮਲਾਵਰ ਰੁੱਖ ਅਪਣਾਉਂਦਿਆਂ ਐਲਾਨ ਕਰ ਦਿੱਤਾ ਹੈ ਕਿ ਪੰਜਾਬ ਵਿਚ ਕੋਈ ਮਾਲ ਗੱਡੀ ਵੀ ਨਹੀਂ ਭੇਜੀ ਜਾਵੇਗੀ।

ਕੇਂਦਰ ਦੀ ਮੋਦੀ ਸਰਕਾਰ ਨੇ ਮਾਲ ਗੱਡੀਆਂ ਸਣੇ ਸਾਰੀਆਂ ਗੱਡੀਆਂ ਨੂੰ ਸੂਬੇ ਵਿਚ ਅਗਲੇ ਹੁਕਮਾਂ ਤੱਕ ਚਲਾਉਣ ਤੋਂ ਬੰਦ ਕਰ ਦਿੱਤਾ ਗਿਆ ਹੈ। ਉੱਤਰੀ ਰੇਲਵੇ ਦੇ ਉਚ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਵਿੱਚ ਮਾਲ ਗੱਡੀਆਂ ਦੀ ਆਵਾਜਾਈ ਅਗਲੇ ਹੁਕਮਾਂ ਤੱਕ ਰੋਕੀ ਗਈ ਹੈ। ਇਹ ਵੀ ਪਤਾ ਲੱਗਿਆ ਕਿ ਉੱਤਰੀ ਰੇਲਵੇ ਨੇ ਇਹ ਫੈਸਲਾ ਲਿਆ ਹੈ ਕਿ ਮਾਲ ਗੱਡੀਆਂ ਦੀ ਸਾਰੀ ਆਵਾਜਾਈ ਉਦੋਂ ਹੀ ਸੰਭਵ ਹੋਵੇਗੀ, ਜਦੋਂ ਸਵਾਰੀ ਗੱਡੀਆਂ ਲਈ ਵੀ ਕਿਸਾਨ ਧਿਰਾਂ ਸਹਿਮਤ ਹੋਣਗੀਆਂ।

ਜ਼ਿਕਰਯੋਗ ਹੈ ਕਿ ਕਿਸਾਨ ਜਥੇਬੰਦੀਆਂ ਨੇ 22 ਅਕਤੂਬਰ ਤੋਂ ਮਾਲ ਗੱਡੀਆਂ ਦੀ ਰਾਹਦਾਰੀ ਖੋਲ੍ਹ ਦਿੱਤੀ ਸੀ। ਬਿਹਾਰ ਵਿਧਾਨ ਸਭਾ ਚੋਣਾਂ ਲਈ ਰੈਲੀ ਨੂੰ ਸੰਬੋਧਨ ਕਰਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਉਹਨਾਂ ਦੀ ਸਰਕਾਰ ਇਹਨਾਂ ਕਿਸਾਨੀ ਕਾਨੂੰਨਾਂ ਤੋਂ ਪਿੱਛੇ ਨਹੀਂ ਹਟੇਗੀ। ਮੋਦੀ ਸਰਕਾਰ ਦੇ ਇਸ ਅੜੀਅਲ ਰਵੱਈਏ ਨੂੰ ਹੁਣ ਪੰਜਾਬ ਦੇ ਲੋਕ ਆਪਣੇ ਸੰਘਰਸ਼ ਨਾਲ ਭੰਨਣ ਲਈ ਵਜਿੱਦ ਹੋਏ ਬੈਠੇ ਹਨ ਪਰ ਇਹ ਸੰਘਰਸ਼ ਅੱਗੇ ਕੀ ਰੂਪ ਲੈਂਦਾ ਹੈ ਇਹ ਸਪਸ਼ਟ ਹੁੰਦਿਆਂ ਅਜੇ ਕੁੱਝ ਸਮਾਂ ਲਗ ਸਕਦਾ ਹੈ।