ਕਸ਼ਮੀਰ ਦੇ ਲੋਕਾਂ ਨੂੰ ਅਜ਼ਾਦ ਹੋਣ ਦਾ ਹੱਕ ਦਵੇਗਾ ਪਾਕਿਸਤਾਨ: ਇਮਰਾਨ ਖਾਨ

ਕਸ਼ਮੀਰ ਦੇ ਲੋਕਾਂ ਨੂੰ ਅਜ਼ਾਦ ਹੋਣ ਦਾ ਹੱਕ ਦਵੇਗਾ ਪਾਕਿਸਤਾਨ: ਇਮਰਾਨ ਖਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਸ਼ਮੀਰ ਦਿਹਾੜੇ ਮੌਕੇ ਬੋਲਦਿਆਂ ਕਿਹਾ ਕਿ ਜੇਕਰ ਕਸ਼ਮੀਰ ਦੇ ਲੋਕ ਭਵਿੱਖ ਵਿਚ ਹੋਣ ਵਾਲੇ ਰੈਫਰੈਂਡਮ ਮੌਕੇ ਪਾਕਿਸਤਾਨ ਨਾਲ ਜੁੜਨਾ ਮਨਜ਼ੂਰ ਕਰਦੇ ਹਨ ਤਾਂ ਪਾਕਿਸਤਾਨ ਕਸ਼ਮੀਰ ਦੇ ਲੋਕਾਂ ਨੂੰ ਇਹ ਵੀ ਹੱਕ ਦਵੇਗਾ ਕਿ ਉਹ ਫੈਂਸਲਾ ਕਰਨ ਕਿ ਉਹਨਾਂ ਨੇ ਪਾਕਿਸਤਾਨ ਨਾਲ ਰਹਿਣਾ ਹੈ ਜਾਂ ਆਪਣਾ ਅਜ਼ਾਦ ਦੇਸ਼ ਬਣਾਉਣਾ ਹੈ। 

ਇਮਰਾਨ ਖਾਨ ਪਾਕਿਸਤਾਨ ਦੇ ਪ੍ਰਬੰਧ ਵਾਲੇ ਕਸ਼ਮੀਰ ਦੇ ਕੋਟਲੀ ਜ਼ਿਲ੍ਹੇ ਵਿਚ ਇਕੱਠ ਨੂੰ ਸੰਬੋਧਨ ਕਰ ਰਹੇ ਸਨ। 

ਇਹ ਐਲਾਨ ਇਸ ਕਰਕੇ ਅਹਿਮ ਹੈ ਕਿਉਂਕਿ ਸੰਯੁਕਤ ਰਾਸ਼ਟਰ ਦੇ ਕਸ਼ਮੀਰ ਰੈਫਰੈਂਡਮ ਸਬੰਧੀ ਪਾਸ ਮਤੇ ਵਿਚ ਇਹੋ ਜ਼ਿਕਰ ਹੈ ਕਿ ਲੋਕ ਇਹ ਫੈਂਸਲਾ ਕਰਨਗੇ ਕਿ ਉਹਨਾਂ ਪਾਕਿਸਤਾਨ ਨਾਲ ਜੁੜਨਾ ਹੈ ਜਾਂ ਭਾਰਤ ਨਾਲ। ਆਪਣੇ ਵੱਖਰੇ ਦੇਸ਼ ਦੀ ਮੱਦ ਉਸ ਮਤੇ ਵਿਚ ਵੀ ਨਹੀਂ ਹੈ। 

ਦੱਸ ਦਈਏ ਕਿ ਜਦੋਂ 1947 ਵਿਚ ਅੰਗਰੇਜ਼ ਇਸ ਖਿੱਤੇ ਨੂੰ ਛੱਡ ਕੇ ਗਏ ਸਨ ਤਾਂ ਹੋਂਦ ਵਿਚ ਆਏ ਭਾਰਤ ਅਤੇ ਪਾਕਿਸਤਾਨ ਵਿਚਾਲੇ ਕਸ਼ਮੀਰ ਦੀ ਜ਼ਮੀਨ ਨੂੰ ਲੈ ਕੇ ਲੜਾਈ ਸ਼ੁਰੂ ਹੋ ਗਈ ਸੀ। ਇਸ ਲੜਾਈ ਦੇ ਹੱਲ ਲਈ ਸੰਯੁਕਤ ਰਾਸ਼ਟਰ ਨੇ ਕੌਮਾਂਤਰੀ ਕਾਨੂੰਨਾਂ ਮੁਤਾਬਕ ਰੈਫਰੈਂਡਮ ਕਰਾਉਣ ਦਾ ਮਤਾ ਪਾਸ ਕੀਤਾ ਸੀ। ਭਾਰਤ ਵੱਲੋਂ ਪਹਿਲਾਂ ਇਸ ਮਤੇ ਨੂੰ ਪ੍ਰਵਾਨਗੀ ਦਿੱਤੀ ਗਈ ਸੀ ਪਰ ਬਾਅਦ ਵਿਚ ਭਾਰਤ ਰੈਫਰੈਂਡਮ ਕਰਾਉਣ ਤੋਂ ਇਨਕਾਰੀ ਹੋ ਗਿਆ ਅਤੇ ਕਸ਼ਮੀਰ ਦਾ ਮਸਲਾ ਅਜੇ ਤਕ ਨਹੀਂ ਸੁਲਝ ਸਕਿਆ ਹੈ।