ਨਾਇਬ ਸ਼ਾਹੀ ਇਮਾਮ ਲੁਧਿਆਣਵੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਧੰਨਵਾਦ ਕੀਤਾ

ਨਾਇਬ ਸ਼ਾਹੀ ਇਮਾਮ ਲੁਧਿਆਣਵੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਧੰਨਵਾਦ ਕੀਤਾ

ਲੁਧਿਆਣਾ: ਗੁਰਦੁਆਰਾ ਦੁੱਖ ਨਿਵਰਾਣ ਸਾਹਿਬ ਵਿਖੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਨਾਇਬ ਸ਼ਾਹੀ ਇਮਾਮ ਮੌਲਾਨਾ ਮੋਹੱਮਦ ਉਸਮਾਨ ਲੁਧਿਆਣਵੀ ਨੇ ਮੁਲਾਕਾਤ ਕੀਤੀ। ਇਸ ਮੌਕੇ ਇਮਾਮ ਲੁਧਿਆਣਵੀ ਨੇ ਮੁਸਲਮਾਨ ਭਾਈਚਾਰੇ ਵੱਲੋਂ ਸੀਏਏ ਅਤੇ ਐਨਆਰਸੀ ਖਿਲਾਫ ਚੱਲ ਰਹੇ ਵਿਰੋਧ ਪ੍ਰਦਰਸ਼ਨ ਨੂੰ ਸਿੱਖ ਸਮਰਥਨ ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਧੰਨਵਾਦ ਕੀਤਾ। 

ਨਾਇਬ ਸ਼ਾਹੀ ਇਮਾਮ ਮੌਲਾਨਾ ਮੋਹੱਮਦ ਉਸਮਾਨ ਲੁਧਿਆਣਵੀ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਦੱਸਿਆ ਕਿ ਭਾਰਤ ਵਿਚ ਵਿਰੋਧ ਪ੍ਰਦਰਸ਼ਨ ਕਰ ਰਹੇ ਲੋਕ ਸ਼ਰਣਾਰਥੀ ਭਾਈ ਭੈਣਾਂ ਦੇ ਖਿਲਾਫ ਨਹੀਂ ਹਨ, ਪਰ ਉਹ ਚਾਹੁੰਦੇ ਹਨ ਕਿ ਨਾਗਰਿਕਤਾ ਕਾਨੂੰਨ ਵਿਚ ਧਰਮ ਦੇ ਨਾਂ 'ਤੇ ਸੰਵਿਧਾਨ ਨੂੰ ਤੋੜਨ ਦੀ ਬਜਾਏ ਇਨਸਾਨੀਅਤ ਦੇ ਅਧਾਰ 'ਤੇ ਨਾਗਰਿਕਤਾ ਦਿੱਤੀ ਜਾਵੇ। 

ਇਮਾਮ ਲੁਧਿਆਣਵੀ ਨੇ ਕਿਹਾ ਕਿ ਜੇ ਭਾਰਤ ਦੇ ਲੋਕ ਇਸ ਧਰਮ ਅਧਾਰਤ ਨਾਗਰਿਕਤਾ ਕਾਨੂੰਨ ਨੂੰ ਮੰਨ ਲੈਣਗੇ ਤਾਂ ਇਹ ਇਕ ਗਲਤ ਪਿਰਤ ਸ਼ੁਰੂ ਹੋ ਜਾਵੇਗੀ ਤੇ ਹਰ ਨਵੀਂ ਆਉਣ ਵਾਲੀ ਸਰਕਾਰ ਕਿਸੇ ਵੀ ਧਰਮ ਦੇ ਲੋਕਾਂ ਨੂੰ ਨਾਗਰਿਕਤਾ ਦੇਣ ਤੋਂ ਨਾਹ ਕਰ ਸਕਦੀ ਹੈ। ਇਸ ਲਈ ਇਸ ਕਾਲੇ ਕਾਨੂੰਨ ਦਾ ਵਿਰੋਧ ਕਰਨਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਦਿੱਲੀ ਦੇ ਸ਼ਾਹੀਨ ਬਾਗ ਵਾਂਗ ਲੁਧਿਆਣਾ ਵਿਚ ਵੀ ਇਸ ਕਾਨੂੰਨ ਖਿਲਾਫ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।