ਭਾਜਪਾ ਦੇ ਪੰਜਾਬ ਵੱਲ ਵਧਦੇ ਸਿਆਸੀ ਕਦਮਾਂ ਦੀ ਆਹਟ ਹੋਈ ਤੇਜ਼

ਭਾਜਪਾ ਦੇ ਪੰਜਾਬ ਵੱਲ ਵਧਦੇ ਸਿਆਸੀ ਕਦਮਾਂ ਦੀ ਆਹਟ ਹੋਈ ਤੇਜ਼

ਜਿੱਥੇ ਇੱਕ ਪਾਸੇ 1997 ਦੀ ਵਿਧਾਨ ਸਭਾ ਚੋਣ ਤੋਂ ਸ਼ੁਰੂ ਹੋੲੇ ਅਕਾਲੀ ਭਾਜਪਾ ਦੇ ਗਠਜੋੜ ਅੰਦਰ ਹਰ ਰੋਜ਼ ਨਵੀਆਂ ਪ੍ਰਸਥਿਤੀਆਂ ਉੱਭਰਕੇ ਸਾਹਮਣੇ ਆ ਰਹੀਆਂ ਹਨ ਉੱਥੇ ਹੀ ਭਾਜਪਾ ਵੱਲੋਂ ਆਉਂਦੇ ਸਮੇਂ ਨੂੰ ਕੇਵਲ ਆਪਣੇ ਬਲਬੂਤੇ ਜ਼ਰੀਏ ਜਾਂ ਆਪਣੇ ਕਿਸੇ ਹੋਰ ਹਮਸਫ਼ਰ ਨਾਲ ਪੰਜਾਬ 'ਚ ਸਿਆਸਤ ਦੀ ਨਵੀਂ ਪਾਰੀ ਖੇਡਣ ਦੀਆਂ ਪੇਸ਼ੀਨਗੋਈਆਂ ਸ਼ੁਰੂ ਹੋ ਚੁੱਕੀਆਂ ਹਨ। ਲੰਘੇ ਸਮੇਂ ਹਰਿਆਣਾ ਦੇ ਇੱਕੋ ਇੱਕ ਅਕਾਲੀ ਵਿਧਾਇਕ ਬਲਕੌਰ ਸਿੰਘ ਨੂੰ ਭਾਜਪਾ ਵੱਲੋਂ ਆਪਣੇ 'ਚ ਸ਼ਾਮਲ ਕਰਕੇ ਅਕਾਲੀ ਦਲ ਨੂੰ ਇੱਕ ਤਰ੍ਹਾਂ ਨਾਲ ਇਹ ਸੰਦੇਸ਼ ਦੇਣ ਦਾ ਯਤਨ ਕੀਤਾ ਗਿਆ ਸੀ ਕਿ ਹੁਣ ਹਾਲਾਤ ਬਦਲ ਚੁੱਕੇ ਨੇ, ਅਕਾਲੀ ਦਲ ਦੇ ਸਹਾਰੇ ਦੀ ਉਨ੍ਹਾਂ ਨੂੰ ਹੁਣ ਕੋਈ ਲੋੜ ਨਹੀਂ ਰਹੀ।

ਲੰਬੇ ਸਮੇਂ ਤੋਂ ਸਿੱਖ ਬੰਦੀਆਂ ਦੀ ਰਿਹਾਈ ਨੂੰ ਲੈ ਕੇ ਲਟਕਦੀਆਂ ਮੰਗਾਂ ਨੂੰ ਹੱਲ ਕਰਨ ਦੀ ਕਵਾਇਦ ਵੀ ਇਸੇ ਕੜੀ ਦਾ ਹਿੱਸਾ ਹੈ, ਜੇਕਰ ਕੇਂਦਰ ਸਰਕਾਰ ਵੱਲੋਂ ਸਿੱਖ ਬੰਦੀਆਂ ਨੂੰ ਰਿਹਾਅ ਕਰਨ ਦੀ ਨੀਤੀ ਨੂੰ ਅਮਲੀ ਰੂਪ 'ਚ ਬੂਰ ਪੈਂਦਾ ਹੈ ਤਾਂ ਬਿਨਾਂ ਸ਼ੱਕ ਪੰਜਾਬ ਅਤੇ ਵਿਦੇਸ਼ੀ ਸਿੱਖ ਭਾਈਚਾਰੇ ਵਿੱਚ ਭਾਜਪਾ ਦੇ ਅਕਸ ਨੂੰ ਹੁਲਾਰਾ ਜ਼ਰੂਰ ਮਿਲੇਗਾ। ਕਿਤੇ ਨਾ ਕਿਤੇ ਵਿਦੇਸ਼ਾਂ ਵਿੱਚ ਉੱਚੇ ਅਹੁਦਿਆਂ 'ਤੇ ਤੈਨਾਤ ਸਿੱਖ ਅਤੇ ਪੰਜਾਬੀ ਭਾਈਚਾਰੇ ਦੇ ਲੋਕਾਂ ਵਿੱਚ ਭਾਜਪਾ ਵੱਲੋਂ ਆਪਣੀ ਪੈਂਠ ਨੂੰ ਸਥਾਪਤ ਕਰਨ ਦੇ ਲਈ ਅਪਣਾਇਆ ਜਾ ਰਿਹਾ ਇਹ ਪੈਂਤੜਾ ਕਿੰਨਾ ਕੁ ਕਾਰਗਰ ਹੋਵੇਗਾ ਇਹ ਤਾਂ ਹਾਲਾਤ ਅਤੇ ਸਮੇਂ ਦੀ ਕਗਾਰ 'ਤੇ ਨਿਰਭਰ ਹੋਵੇਗਾ ।

ਬਿਨਾਂ ਸ਼ੱਕ ਕੇਂਦਰ ਦੀ ਭਾਜਪਾ ਲੀਡਰਸ਼ਿਪ ਦੇ ਮਨ ਵਿੱਚ ਇਹ ਗੱਲ ਖਟਕ ਰਹੀ ਹੈ ਕਿ ਹੁਣ ਅਕਾਲੀ ਦਲ (ਬਾਦਲ) ਨਾਲ ਗੱਠਜੋੜ ਉਨ੍ਹਾਂ ਲਈ ਲਾਹੇ ਦਾ ਸੌਦਾ ਨਹੀਂ ਰਿਹਾ ਕਿਉਂਕਿ ਬਰਗਾੜੀ ਕਾਂਡ ਸਮੇਤ ਕਈ ਵੱਡੀਆਂ ਘਟਨਾਵਾਂ ਨੇ ਅਕਾਲੀ ਦਲ (ਬਾਦਲ) ਦੇ ਅਕਸ ਨੂੰ ਸਿੱਖ ਹਲਕਿਆਂ ਅੰਦਰ ਭਾਰੀ ਢਾਹ ਲਾਈ ਹੈ ਅਤੇ ਸਮੇਂ-ਸਮੇਂ 'ਤੇ ਸਹੀ ਸੂਝਬੂਝ ਨਾਲ ਨਾ ਲਏ ਗਏ ਫੈਸਲਿਆਂ ਦੇ ਕਾਰਨ ਪਾਰਟੀ ਦਾ ਅਕਸ ਪ੍ਰਭਾਵਿਤ ਜ਼ਰੂਰ ਹੋਇਆ ਹੈ। 

ਭਾਜਪਾ ਦੇ ਕੇਂਦਰੀ ਨੇਤਾ ਇਸ ਗੱਲ ਨੂੰ ਵੀ ਭਾਂਪ ਕਿ ਚੱਲ ਰਹੇ ਹਨ ਕਿ ਇੱਕ ਪਾਸੇ ਜਦ ਸਾਰੇ ਦੇਸ ਅੰਦਰ ਭਾਜਪਾ ਦੀ ਤੂਤੀ ਬੋਲ ਰਹੀ ਹੈ ਤਾਂ ਪੰਜਾਬ ਉਨ੍ਹਾਂ ਦੇ ਸਿਆਸੀ ਕਲਾਵੇ ਤੋਂ ਬਾਹਰ ਕਿਉਂ ਹੈ ਜਿਸ ਦਾ ਇੱਕੋ ਇੱਕ ਕਾਰਨ ਉਨ੍ਹਾਂ ਵੱਲੋਂ ਅਕਾਲੀ ਦਲ ਨੂੰ ਮੰਨਿਆ ਜਾ ਰਿਹਾ ਹੈ। ਅੰਦਰੂਨੀ ਸਾਫਗੋਈਆਂ ਨੂੰ ਖੰਗਾਲ ਕਿ ਵੇਖੀਏ ਤਾਂ ਭਾਜਪਾ ਵੱਲੋਂ ਅਕਾਲੀ ਦਲ ਦੇ ਬਦਲ ਵਜੋਂ ਪੰਜਾਬ ਦੇ ਕਈ ਸਿੱਖ ਨੇਤਾ ਅਤੇ ਛੋਟੀਆਂ ਸਿਆਸੀ ਪਾਰਟੀਆਂ ਦੇ ਮੋਢਿਆਂ 'ਤੇ ਰਾਜ ਭਾਗ ਦਾ ਗੁਣੀਆਂ ਪਾਕੇ ਰਾਜਨੀਤੀ ਦੇ ਸਮੁੰਦਰ ਅੰਦਰ ਠਿਲਣ ਦੀ ਕੋਸ਼ਿਸ਼ ਵੀ ਆਉਂਦੇ ਸਮੇਂ ਵਿੱਚ ਕੀਤੀ ਜਾ ਸਕਦੀ ਹੈ।                

ਸਿਆਸੀ ਮਾਹਰ ਅਨੁਸਾਰ ਇਹ ਵੀ ਹੋ ਸਕਦੈ ਕਿ ਭਾਜਪਾ ਵਲੋਂ ਅਗਲੇ ਦਿਨਾਂ ਨੂੰ ਕਈ ਸਿੱਖ ਚਿਹਰਿਆਂ ਨੂੰ ਅੱਗੇ ਲਾ ਕੇ ਧਾਰਮਿਕ ਮੁੱਦਿਆਂ ਨੂੰ ਹੱਲ ਕਰਨ ਦਾ ਸਿਹਰਾ ਉਨ੍ਹਾਂ ਸਿਰ ਸਜਾਕੇ ਆਪਣੀਆਂ ਸਿਆਸੀ ਗੋਟੀਆਂ ਫਿੱਟ ਕੀਤੀਆਂ ਜਾਣ। ਫਿਲਹਾਲ ਭਾਜਪਾ ਵੱਲੋਂ ਕਈ ਅਜਿਹੇ ਸਿੱਖ ਅਤੇ ਸਿਆਸੀ ਆਗੂਆਂ ਦੀ ਭਾਲ ਕੀਤੀ ਜਾ ਰਹੀ ਹੈ ਜੋ ਪਾਰਟੀ ਲਈ ਧਾਰਮਿਕ ਅਤੇ ਰਾਜਨੀਤਕ ਖੇਤਰ ਅੰਦਰ ਬ੍ਰਹਮਅਸਤਰ ਦਾ ਕੰਮ ਕਰ ਸਕਣ। ਇਸ ਸਾਰੇ ਘਟਨਾਕ੍ਰਮ ਦਾ ਇਕ ਦਿਲਚਸਪ ਪਹਿਲੂ ਇਹ ਵੀ ਹੈ ਕਿ ਸੱਤਾਧਾਰੀ ਧਿਰ ਕਾਂਗਰਸ ਅਤੇ ਸਿੱਖਾਂ ਦੀ ਨੁਮਾਇੰਦਾ ਜਮਾਤ ਕਹਾਉਣ ਵਾਲਾ ਅਕਾਲੀ ਦਲ ਚਾਹ ਕਿ ਵੀ ਭਾਜਪਾ ਦੇ ਤੇਜ਼ ਹੋਏ ਇਨ੍ਹਾਂ ਸਿਆਸੀ ਕਦਮਾਂ ਦੀ ਆਹਟ ਦਾ ਵਿਰੋਧ ਨਹੀਂ ਕਰ ਸਕੇਗਾ, ਕਿਉਂਕਿ ਜੇਕਰ ਇਨ੍ਹਾਂ ਦੋਵਾਂ ਸਿਆਸੀ ਪਾਰਟੀਆਂ ਵੱਲੋਂ ਇਸ ਮਸਲੇ 'ਤੇ ਜ਼ਰਾ ਜਿੰਨੀ ਕੁ ਵੀ ਕੁਤਾਹੀ ਹੁੰਦੀ ਹੈ ਤਾਂ ਇਸ ਦਾ ਖਮਿਆਜ਼ਾ ਉਨ੍ਹਾਂ ਨੂੰ ਵੋਟ ਬੈਂਕ ਦੇ ਰੂਪ ਵਿਚ ਭੁਗਤਣਾ ਪੈ ਸਕਦਾ ਹੈ। ਇਸ ਸਾਰੇ ਰਾਜਨੀਤਕ ਸਿਆਸੀ ਵਰਤਾਰੇ ਦੀ ਇੱਕ ਝਲਕ ਦਿੱਲੀ ਅੰਦਰ ਅਸੀਂ ਲੰਘੀਆਂ ਵਿਧਾਨ ਸਭਾ ਚੋਣਾਂ ਮੌਕੇ ਵੇਖ ਚੁੱਕੇ ਹਾਂ ਭਾਵੇਂ ਆਮ ਆਦਮੀ ਪਾਰਟੀ ਨੇ ਭਾਰੀ ਬਹੁਮਤ ਨਾਲ ਦਿੱਲੀ ਦਾ ਮੋਰਚਾ ਫਤਹਿ ਕਰ ਲਿਆ ਪਰ ਬੀਜੇਪੀ ਦੀ ਸਿਆਸੀ ਰਣਨੀਤੀ ਨੂੰ ਇਸ ਨਾਲ ਕੋਈ ਬਹੁਤਾ ਫ਼ਰਕ ਨਹੀਂ ਪੈਣ ਵਾਲਾ।               

ਅਕਾਲੀ ਦਲ ਦੀ ਪਤਲੀ ਹਾਲਤ ਤੋਂ ਭਲੀ ਭਾਂਤ ਜਾਣੂ ਸਿਆਸੀ ਮਾਹਰ ਤਾਂ ਇੱਥੋਂ ਤੱਕ ਆਖ ਰਹੇ ਨੇ ਕਿ ਆਉਂਦੇ ਦਿਨਾਂ ਨੂੰ ਕੇਂਦਰ ਵੱਲੋਂ ਸੀਨੀਅਰ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਨੂੰ ਵਜੀਰ ਬਣਾ ਕੇ ਪੰਜਾਬ ਦੀ ਫ਼ਿਜ਼ਾ 'ਤੇ ਰਾਜ ਕਰਨ ਦੀ ਤਮੰਨਾ ਹੇਠ ਇੱਕ ਨਵੀਂ ਸਵੇਰ ਦੀ ਸ਼ੁਰੂਆਤ ਕੀਤੀ ਜਾਵੇਗੀ। ਕੁਝ ਵੀ ਹੋਵੇ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਆਪਣੇ ਕਲਾਵੇ ਅੰਦਰ ਕਰਨ ਦੇ ਲਈ ਇੱਕ ਲੰਬੀ ਉਡਾਰੀ 'ਤੇ ਨਿਕਲ ਚੁੱਕੀ ਵਿਖਾਈ ਦਿੰਦੀ ਹੈ ਉਨ੍ਹਾਂ ਦੇ ਇਸ ਕਲਾਵੇ 'ਚ ਕਿਹੜੇ-ਕਿਹੜੇ ਆਗੂ ਆਉਂਦੇ ਨੇ ਇਹ ਗੱਲਾਂ ਅਜੇ ਸਮੇਂ ਦੇ ਗਰਭ ਵਿੱਚ ਜ਼ਰੂਰ ਛੁੱਪੀਆਂ ਹਨ। 

‎ਮਨਜਿੰਦਰ ਸਿੰਘ ਸਰੌਦ 
94634 -63146