ਮੋਦੀ ਰਾਜ 'ਚ ਮਨੁੱਖੀ ਅਧਿਕਾਰਾਂ 'ਤੇ ਫਾਸ਼ੀਵਾਦੀ ਹਮਲੇ ਜਾਰੀ

ਮੋਦੀ ਰਾਜ 'ਚ ਮਨੁੱਖੀ ਅਧਿਕਾਰਾਂ 'ਤੇ ਫਾਸ਼ੀਵਾਦੀ ਹਮਲੇ ਜਾਰੀ

ਸੰਵਿਧਾਨਕ ਅਜ਼ਾਦੀ ਕੁਚਲੀ ਜਾ ਰਹੀ ਏ ਪ੍ਰਗਟਾਵੇ ਦੀ ਸਟੇਟ ਦੇ ਡੰਡੇ ਨਾਲ 
ਹੁਣ ਬੰਗਾਲ ਵਿਚ ਐਮਰਜੰਸੀ ਲਾਉਣ ਦੀ ਹੋਣ ਲੱਗੀ ਤਿਆਰੀ
ਯੂ ਪੀ ਪੁਲਿਸ ਦਾ ਕਹਿਰ, ਤਿੰਨ ਥਾਈਂ ਵਰ੍ਹਾਈਆਂ ਲਾਠੀਆਂ 


ਜਲੰਧਰ/ਏਟੀ ਨਿਊਜ਼: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੋਣਾਂ ਵਿੱਚ ਆਪਣੀ ਅਣਕਿਆਸੀ ਜਿੱਤ ਤੋਂ ਬਾਅਦ ਕਿਹਾ ਸੀ ਕਿ ਅਗਲੇ ਪੰਜ ਸਾਲਾਂ ਲਈ ਉਨ੍ਹਾ ਦਾ ਨਾਅਰਾ ਹੋਵੇਗਾ ''ਸਭ ਕਾ ਸਾਥ, ਸਭ ਕਾ ਵਿਕਾਸ ਤੇ ਸਭ ਕਾ ਵਿਸ਼ਵਾਸ।'' ਇੱਥੇ ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਬੀਤੇ ਪੰਜ ਸਾਲਾਂ ਦੌਰਾਨ ਵਾਪਰੀਆਂ ਫਿਰਕੂ ਘਟਨਾਵਾਂ ਕਾਰਨ ਉਹ ਲੋਕਾਂ ਦਾ ਵਿਸ਼ਵਾਸ ਨਹੀਂ ਜਿੱਤ ਸਕੀ ਤੇ ਨਾ ਹੀ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰ ਸਕੀ ਹੈ। ਪਿਛਲੇ ਪੰਜ ਸਾਲ ਦੌਰਾਨ ਦਲਿਤਾਂ ਤੇ ਮੁਸਲਮਾਨਾਂ ਨੂੰ ਭਗਵੀਆਂ ਭੀੜਾਂ ਨੇ ਆਪਣਾ ਨਿਸ਼ਾਨਾ ਬਣਾਇਆ ਸੀ ਕਿ ਜਿਵੇਂ ਉਹ ਇਸ ਦੇਸ ਦੇ ਨਾਗਰਿਕ ਨਹੀਂ ਹੁੰਦੇ। ਪ੍ਰਸਾਸ਼ਣ ਨੇ ਵੀ ਇਹਨਾਂ ਗੁੰਡਾਗਰਦ ਭੀੜਾਂ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ। ਇਸ ਤਰ੍ਹਾਂ ਜਾਪਦਾ ਹੈ ਕਿ ਜਿਵੇਂ ਇਹਨਾਂ ਭਗਵੀਆਂ ਭੀੜਾਂ ਨੂੰ ਸਰਕਾਰੀ ਥਾਪੜਾ ਹਾਸਲ ਹੁੰਦਾ ਹੈ। 

ਪੱਤਰਕਾਰਾਂ ਦੀਆਂ ਗ੍ਰਿਫ਼ਤਾਰੀਆਂ:
ਲੋਕਾਂ ਨੇ ਹੁਣ ਇਹ ਆਸ ਰੱਖ ਕੇ ਵੋਟ ਪਾਈ ਸੀ ਕਿ ਮੋਦੀ ਇਸ ਵਾਰ ਵਿਕਾਸ ਵਲ ਧਿਆਨ ਦੇਣਗੇ, ਪਰ ਭਗਵੀਆਂ ਫੋਰਸਾਂ ਫਿਰ ਇਕ ਵਾਰ ਸਰਗਰਮ ਹੋ ਗਈਆਂ ਹਨ ਤੇ ਇਥੋਂ ਤੱਕ ਪ੍ਰਸ਼ਾਸ਼ਣ ਵੀ ਮਨੁੱਖੀ ਅਜ਼ਾਦੀ ਨੂੰ ਸਟੇਟ ਦੇ ਡੰਡੇ ਨਾਲ ਦਬਾਉਣ 'ਤੇ ਤੁਲਿਆ ਹੋਇਆ ਹੈ। ਹੁਣੇ ਜਿਹੇ ਯੂ ਪੀ ਪੁਲਸ ਵੱਲੋਂ ਪੱਤਰਕਾਰਾਂ ਨਾਲ ਕੁੱਟਮਾਰ ਕੀਤੀ ਗਈ ਤੇ ਝੂਠੇ ਕੇਸ ਪਾਏ ਗਏ। ਇੱਕ ਔਰਤ ਨੇ ਮੀਡੀਆ ਸਾਹਮਣੇ ਇਹ ਕਹਿ ਦਿੱਤਾ ਕਿ ਉਹ ਯੋਗੀ ਅਦਿੱਤਿਆ ਨਾਥ ਨੂੰ ਪਿਆਰ ਕਰਦੀ ਹੈ ਤੇ ਉਸ ਨਾਲ ਰਹਿਣਾ ਚਾਹੁੰਦੀ ਹੈ। ਇਸ ਸੰਬੰਧੀ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਫੈਲ ਗਈ। ਇਸ ਤੋਂ ਬਾਅਦ ਯੂ ਪੀ ਪੁਲਸ ਨੇ ਕੇਸ ਦਰਜ ਕਰਕੇ ਪੱਤਰਕਾਰ ਪ੍ਰਸ਼ਾਂਤ ਕਨੌਜੀਆ ਨੂੰ ਗ੍ਰਿਫ਼ਤਾਰ ਕਰ ਲਿਆ, ਕਿਉਂਕਿ ਉਸ ਨੇ ਵਾਇਰਲ ਵੀਡੀਓ ਸੰਬੰਧੀ ਇੱਕ ਟਵੀਟ ਕੀਤਾ ਸੀ। ਔਰਤ ਵੱਲੋਂ ਕੀਤੇ ਦਾਅਵੇ ਸੰਬੰਧੀ ਇੱਕ ਸਥਾਨਕ ਚੈਨਲ 'ਨੇਸ਼ਨ ਲਾਈਵ' ਨੇ ਇੱਕ ਡਿਬੇਟ ਕਰਾ ਦਿੱਤੀ, ਜਿਸ ਕਾਰਨ ਚੈਨਲ ਦੀ ਮਾਲਕ ਇਸ਼ਿਕਾ ਸਿੰਘ ਤੇ ਐਂਕਰ ਅਨੁੱਜ ਸ਼ੁਕਲਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। 'ਐਡੀਟਰਜ਼ ਗਿਲਡ' ਸਮੇਤ ਕਈ ਪੱਤਰਕਾਰ ਜਥੇਬੰਦੀਆਂ ਨੇ ਇਨ੍ਹਾਂ ਗ੍ਰਿਫ਼ਤਾਰੀਆਂ ਲਈ ਯੂਪੀ ਸਰਕਾਰ ਦੀ ਸਖ਼ਤ ਨਿੰਦਾ ਕੀਤੀ ਹੈ ਤੇ ਸਰਕਾਰ ਦੀ ਇਸ ਕਾਰਵਾਈ ਨੂੰ ਹਿਟਲਰਸ਼ਾਹੀ ਕਾਰਵਾਈ ਦੱਸਿਆ ਹੈ ਤੇ ਪ੍ਰੈਸ ਦੀ ਅਜ਼ਾਦੀ ਦਾ ਗਲਾ ਘੁੱਟਣ ਦੀ ਕਾਰਵਾਈ ਦੱਸਿਆ ਹੈ। ਪੱਤਰਕਾਰਾਂ ਨੇ ਸੋਮਵਾਰ ਨੂੰ ਦਿੱਲੀ ਵਿਚ ਇਸ ਵਿਰੁੱਧ ਮੁਜ਼ਾਹਰਾ ਵੀ ਕੀਤਾ। ਮੋਦੀ ਦੀ ਅਗਵਾਈ ਵਿਚ ਲੋਕ ਸਭਾ ਚੋਣਾਂ ਦੌਰਾਨ ਦੂਸਰੀ ਵਾਰ ਬਹੁਮਤ ਨਾਲ ਜਿੱਤ ਕੇ ਆਉਣ ਪਿੱਛੋਂ ਪੱਤਰਕਾਰਾਂ ਅਤੇ ਪ੍ਰੈਸ ਦੀ ਆਜ਼ਾਦੀ ਦੇ ਮਾਮਲੇ ਵਿਚ ਇਸ ਨੂੰ ਵੱਡਾ ਹਮਲਾ ਦੱਸਿਆ ਜਾ ਰਿਹਾ ਹੈ। ਸੁਪਰੀਮ ਕੋਰਟ ਵਿਚ ਪਤਰਕਾਰ ਪਰਸ਼ਾਤ ਦੀ ਪਤਨੀ ਜਗੀਸ਼ਾ ਅਰੋੜਾ ਦੀ ਰਿਟ ਤੇ  ਸੁਪਰੀਮ ਕੋਰਟ ਨੇ ਯੂਪੀ ਸਰਕਾਰ ਨੂ ਹੁਕਮ ਦਿਤਾ ਹੈ ਕਿ ਪੱਤਰਕਾਰ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਇਸ ਤੋਂ ਜ਼ਾਹਿਰ ਹੈ ਕਿ ਯੂਪੀ ਸਰਕਾਰ ਸਟੇਟ ਦੇ ਡੰਡੇ ਨਾਲ ਪੱਤਰਕਾਰਾਂ ਵਿਚ ਦਹਿਸ਼ਤ ਮਚਾ ਰਹੀ ਹੈ ਤਾਂ ਜੋ ਸਰਕਾਰ ਵਿਰੁਧ ਕੋਈ ਖ਼ਬਰ ਨਾ ਲਗ ਸਕੇ। ਇਹ ਇਕ ਤਰ੍ਹਾਂ ਦੀ ਇੰਦਰਾ ਵਲੋਂ ਲਗਾਈ ਐਮਰਜੈਂਸੀ ਤੋਂ ਭੈੜੀ ਸਥਿਤੀ ਹੈ। ਇਹ ਗ੍ਰਿਫ਼ਤਾਰੀਆਂ ਇਸ ਗੱਲ ਦਾ ਸੁਨੇਹਾ ਹਨ ਕਿ  ਬੋਲੋਗੇ ਤਾਂ ਤੁੰਨ ਦਿੱਤੇ ਜਾਓਗੇ ਸੋਸ਼ਲ ਮੀਡੀਆ ਉੱਤੇ ਸੱਤਾਧਾਰੀ ਪਾਰਟੀ ਦੇ ਕਿਸੇ ਨੇਤਾ ਵਿਰੁੱਧ ਕੋਈ ਟਿੱਚਰ, ਮਖੌਲ, ਵਿਅੰਗ ਪਾਓਗੇ ਤਾਂ ਜੇਲ੍ਹਾਂ ਵਿਚ ਜਾਓਗੇ।

ਪ੍ਰੈੱਸ ਅਜ਼ਾਦੀ ਨੂੰ ਖਤਰਾ-
ਪਿਛਲੇ ਸਾਲਾਂ ਦੌਰਾਨ ਕੌਮਾਂਤਰੀ ਪੱਧਰ ਉੱਤੇ ਆਈਆਂ ਰਿਪੋਰਟਾਂ ਵਿਚ ਪ੍ਰੈਸ ਦੀ ਆਜ਼ਾਦੀ ਦੇ ਮਾਮਲੇ ਵਿਚ ਭਾਰਤ ਦਾ ਦਰਜਾ ਲਗਾਤਾਰ ਹੇਠਾਂ ਜਾਂਦਾ ਰਿਹਾ ਹੈ। ਪ੍ਰੈਸ ਦੀ ਆਜ਼ਾਦੀ ਸਬੰਧੀ ਸੂਚਕ ਅੰਕ 2018 ਦੌਰਾਨ ਭਾਰਤ ਦੀ ਦਰਜਾਬੰਦੀ ਦੋ ਸਥਾਨ ਖਿਸਕ ਕੇ 138 ਉਤੇ ਆ ਗਈ ਹੈ। ਇਹ ਗੱਲ ਇਸ ਮਾਮਲੇ 'ਤੇ ਨਜ਼ਰ ਰੱਖਣ ਵਾਲੇ ਕੌਮਾਂਤਰੀ ਅਦਾਰੇ 'ਰਿਪੋਰਟਰਜ਼ ਵਿਦਾਊਟ ਬਾਰਡਰਜ਼' ਨੇ ਆਪਣੀ ਤਾਜ਼ਾ ਸਾਲਾਨਾ ਰਿਪੋਰਟ ਵਿੱਚ ਕਹੀ ਹੈ। ਭਾਰਤ ਦੀ ਦਰਜਾਬੰਦੀ ਘਟਣ ਲਈ ਗੌਰੀ ਲੰਕੇਸ਼ ਵਰਗੇ ਪੱਤਰਕਾਰਾਂ ਖ਼ਿਲਾਫ਼ 'ਜਿਸਮਾਨੀ ਹਿੰਸਾ' ਦੀਆਂ ਘਟਨਾਵਾਂ ਨੂੰ ਮੁੱਖ ਕਾਰਨ ਦੱਸਿਆ ਗਿਆ ਹੈ।

ਇਸ ਸੂਚੀ ਵਿੱਚ ਪ੍ਰੈਸ ਦੀ ਆਜ਼ਾਦੀ ਪੱਖੋਂ ਲਗਾਤਾਰ ਦੂਜੀ ਵਾਰ ਨਾਰਵੇ ਨੂੰ ਬਿਹਤਰੀਨ ਮੁਲਕ ਕਰਾਰ ਦਿੱਤਾ ਗਿਆ ਹੈ, ਜਦੋਂ ਕਿ ਉਤਰੀ ਕੋਰੀਆ ਨੂੰ ਪ੍ਰੈਸ ਦੀ ਆਜ਼ਾਦੀ ਦਾ ਸਭ ਤੋਂ ਵੱਡਾ ਵੈਰੀ ਗਰਦਾਨਿਆ ਗਿਆ ਹੈ। ਪ੍ਰੈਸ ਦੀ ਸੰਘੀ ਨੱਪਣ ਦੇ ਮਾਮਲੇ ਵਿੱਚ ਉਤਰੀ ਕੋਰੀਆ ਤੋਂ ਬਾਅਦ ਇਰੀਟ੍ਰੀਆ, ਤੁਰਕਮੇਨਿਸਤਾਨ, ਸੀਰੀਆ ਅਤੇ ਫਿਰ ਚੀਨ ਦਾ ਨਾਂ ਆਉਂਦਾ ਹੈ।

ਕੁੱਲ 180 ਮੁਲਕਾਂ ਵਿੱਚ ਭਾਰਤ ਦਾ ਦਰਜਾ ਦੋ ਪੌਡੇ ਖਿਸਕ ਕੇ 138ਵੇਂ ਸਥਾਨ ਉੱਤੇ ਚਲਾ ਗਿਆ ਹੈ। ਰਿਪੋਰਟ ਵਿੱਚ ਖ਼ਬਰਦਾਰ ਕੀਤਾ ਗਿਆ ਹੈ ਕਿ ਭਾਰਤ ਵਿੱਚ ਨਸਲਵਾਦੀ ਹਮਲੇ ਤੇਜ਼ੀ ਨਾਲ ਵਧ ਰਹੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ, ''ਮਹਾਂਦੀਪ (ਏਸ਼ੀਆ) ਦੇ ਇਕ ਹੋਰ ਵੱਡੇ ਮੁਲਕ ਭਾਰਤ ਵਿੱਚ ਭੜਕਾਊ ਭਾਸ਼ਣ ਇਕ ਅਹਿਮ ਮੁੱਦਾ ਹੈ। ਨਰਿੰਦਰ ਮੋਦੀ ਦੇ 2014 ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ, ਹਿੰਦੂ ਕੱਟੜਵਾਦੀ ਪੱਤਰਕਾਰਾਂ ਪ੍ਰਤੀ ਬਹੁਤ ਹੀ ਹਿੰਸਕ ਰੁਖ਼ ਅਖ਼ਤਿਆਰ ਕਰ ਰਹੇ ਹਨ।''

ਪੱਤਰਕਾਰ ਗੌਰੀ ਲੰਕੇਸ਼ ਅਤੇ ਵੱਖ-ਵੱਖ ਸੁਤੰਤਰ ਵਿਚਾਰ ਰੱਖਣ ਵਾਲੇ ਲੇਖਕਾਂ ਤੇ ਸਮਾਜਿਕ ਕਾਰਕੁਨਾਂ ਗੋਵਿੰਦ ਪੰਸਾਰੇ, ਐਮਐਮ ਕੁਲਬੁਰਗੀ ਤੇ ਨਰਿੰਦਰ ਦਬੋਲਕਰ ਦੇ ਕਤਲ ਹੋ ਚੁੱਕੇ ਹਨ।

ਮੁਸਲਮਾਨਾਂ ਵੱਲੋਂ ਅਲੀਗੜ੍ਹ ਵਿਚੋਂ ਹਿਜਰਤ-
ਇਥੋਂ ਦੇ ਟੱਪਲ ਇਲਾਕੇ ਵਿਚ ਅਗਵਾ ਕਰਨ ਤੋਂ ਬਾਅਦ ਢਾਈ ਸਾਲ ਦੀ ਬੱਚੀ ਟਵਿੰਕਲ ਸ਼ਰਮਾ ਦੇ ਕਤਲ ਤੋਂ ਬਾਅਦ ਸਥਿਤੀ ਵਿਗੜਦੀ ਜਾ ਰਹੀ ਹੈ। ਭਗਵੀਆਂ ਭੀੜਾਂ ਸੜਕਾਂ 'ਤੇ ਉੱਤਰ ਆਈਆਂ ਹਨ। ਭਗਵੀਆਂ ਭੀੜਾਂ ਵਲੋਂ ਕੀਤੇ ਐਤਵਾਰ ਮਹਾਂ ਪੰਚਾਇਤ ਵੀ ਸੱਦੀ ਗਈ ਸੀ, ਜਿਸ ਨੂੰ ਪ੍ਰਸ਼ਾਸ਼ਣ ਨੇ ਰੱਦ ਕਰਵਾ ਦਿੱਤਾ ਸੀ। ਪਤਾ ਲੱਗਾ ਹੈ ਕਿ ਡਰ ਕਾਰਨ ਮੁਸਲਮਾਨ ਆਪਣੇ ਘਰ ਛੱਡ ਕੇ ਜਾ ਰਹੇ ਹਨ। ਮਾਹੌਲ ਠੀਕ ਨਾ ਹੋਣ ਕਾਰਨ ਇਲਾਕੇ ਦੇ ਬਾਜ਼ਾਰ ਵੀ ਬੰਦ ਹਨ। ਪੁਲਸ ਇਸ ਮਾਮਲੇ ਵਿਚ ਮੁੱਖ ਮੁਲਜ਼ਮ ਜ਼ਾਹਿਦ ਤੇ ਉਸ ਦੀ ਪਤਨੀ ਸ਼ਾਇਸਤਾ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ।

ਇਸੇ ਦੌਰਾਨ ਟਵਿੰਕਲ ਸ਼ਰਮਾ ਦੀ ਮਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਤੇ ਮੁੱਖ ਮੰਤਰੀ ਯੋਗੀ ਨੂੰ ਉਸ ਕੋਲ ਆ ਕੇ ਉਸ ਦਾ ਦੁਖੜਾ ਸੁਣਨਾ ਪਏਗਾ। ਉਹ ਅਪਰਾਧੀਆਂ ਨੂੰ ਫਾਂਸੀ 'ਤੇ ਲਟਕਦੇ ਦੇਖਣਾ ਚਾਹੁੰਦੀ ਹੈ।

ਬੱਚੀ ਦੇ ਪਿਤਾ ਨੇ ਯੋਗੀ ਦਾ ਲਖਨਊ ਆ ਕੇ ਮਿਲਣ ਦਾ ਸੱਦਾ ਠੁਕਰਾ ਦਿੱਤਾ ਹੈ। ਉਸ ਨੇ ਕਿਹਾ ਕਿ ਦੋਸ਼ੀਆਂ ਨੂੰ ਫਾਂਸੀ ਮਿਲਣ 'ਤੇ ਹੀ ਉਨ੍ਹਾਂ ਨੂੰ ਸਕੂਨ ਮਿਲੇਗਾ। 

ਭੋਪਾਲ ਤੋਂ ਭਾਜਪਾ ਸਾਂਸਦ ਸਾਧਵੀ ਪ੍ਰਗਿਆ ਠਾਕੁਰ ਨੇ ਅਲੀਗੜ੍ਹ ਆਉਣ ਦੀ ਕੋਸ਼ਿਸ਼ ਕੀਤੀ। ਪਰ ਪੁਲਸ ਨੇ ਸਥਿਤੀ ਵਿਗੜਨ ਦੇ ਡਰ ਕਾਰਨ ਜੇਵਰ ਟੋਲ ਪਲਾਜ਼ਾ ਤੋਂ ਅੱਗੇ ਨਹੀਂ ਆਉਣ ਦਿੱਤਾ।

ਹੱਕ ਮੰਗਣ ਵਾਲਿਆਂ ਨੂੰ ਡਾਂਗਾਂ-
ਯੂਪੀ ਵਿਚ ਹੱਕ ਮੰਗਣ ਵਾਲੇ ਲੋਕਾਂ ਨੂੰ ਪੁਲੀਸ ਡਾਂਗਾਂ ਨਾਲ ਕੁੱਟ ਰਹੀ ਹੈ। ਬੀਤੇ ਦਿਨੀਂ ਯੂ ਪੀ ਪੁਲਸ ਵਿਚ ਖਾਲੀ ਪਏ ਅਹੁਦਿਆਂ ਨੂੰ ਲੈ ਕੇ 2013 ਵਿਚ ਖਾਲੀ ਅਸਾਮੀਆਂ ਕੱਢੀਆਂ ਗਈਆਂ ਸਨ। 11786 ਪੁਲਸ ਭਰਤੀ ਲਈ ਉਮੀਦਵਾਰਾਂ ਨੇ ਅਰਜ਼ੀਆਂ ਦਿੱਤੀਆਂ। ਉਨ੍ਹਾਂ ਦੀ ਪ੍ਰੀਖਿਆ ਹੋਈ ਤੇ ਨੌਂ ਮਹੀਨੇ ਪਹਿਲਾਂ ਉਮੀਦਵਾਰਾਂ ਦੀ ਮੈਡੀਕਲ ਜਾਂਚ ਵੀ ਹੋ ਗਈ, ਪਰ ਉਨ੍ਹਾਂ ਨੂੰ ਨਿਯੁਕਤੀ ਪੱਤਰ ਨਹੀਂ ਮਿਲਿਆ। ਦਰਜਨਾਂ ਉਮੀਦਵਾਰ ਬੀਤੇ ਦਿਨੇਂ ਲਖਨਊ ਪਹੁੰਚੇ ਅਤੇ ਚਾਰਬਾਗ ਤੋਂ ਵਿਧਾਨ ਸਭਾ ਵੱਲ ਪ੍ਰਦਰਸ਼ਨ ਕਰਨ ਪਹੁੰਚੇ। ਇਸ ਦੌਰਾਨ ਪੁਲਸ ਨੇ ਉਨ੍ਹਾਂ ਨੂੰ ਲਾਠੀਆਂ ਨਾਲ ਕੁੱਟ ਕੇ ਦੌੜਾਇਆ। ਪ੍ਰਦਰਸ਼ਨ ਵਿਚ ਕਈ ਔਰਤ ਉਮੀਦਵਾਰ ਵੀ ਸ਼ਾਮਲ ਸਨ, ਜਿਨ੍ਹਾਂ ਨੂੰ ਸੱਟਾਂ ਲੱਗੀਆਂ। 

ਮੇਰਠ ਦੇ ਲਾਲ ਕੁਰਤੀ ਥਾਣੇ ਅੰਦਰ ਫੁਆਰਾ ਚੌਕ ਦੇ ਕੋਲ ਇੱਕ ਘਰ ਵਿਚ ਵਧਾਈ ਲੈਣ ਪਹੁੰਚੇ ਦੋ ਕਿੱਨਰ ਗੁੱਟਾਂ ਵਿਚਾਲੇ ਝਗੜਾ ਹੋ ਗਿਆ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਦੋਵੇਂ ਕਿੱਨਰ ਗਰੁੱਪਾਂ ਨੂੰ ਥਾਣੇ ਲਈ ਆਈ। ਇੱਥੇ ਦੋਵਾਂ ਦੇ ਵਿਚਾਲੇ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਝਗੜਾ ਸ਼ਾਂਤ ਨਹੀਂ ਹੋਇਆ। ਇਸ 'ਤੇ ਪੁਲਸ ਨੇ ਕਿੱਨਰਾਂ ਨੂੰ ਲਾਠੀਆਂ ਨਾਲ ਛੱਲੀਆਂ ਦੀ ਤਰ੍ਹਾਂ ਕੁੱਟਿਆ। 

ਅੱਤ ਦੀ ਗਰਮੀ ਵਿਚ ਬਿਜਲੀ ਕਟੌਤੀ ਤੋਂ ਪ੍ਰੇਸ਼ਾਨ ਸੀਤਾਪੁਰ ਦੇ ਲੋਕ ਸੜਕ 'ਤੇ ਉਤਰ ਆਏ। ਦਰਜਨਾਂ ਲੋਕ ਮੁਸ਼ੀਗੰਜ ਚੌਰਾਹੇ 'ਤੇ ਇਕੱਠੇ ਹੋਏ ਅਤੇ ਬਿਜਲੀ ਕੱਟਣ ਦੇ ਖਿਲਾਫ਼ ਪ੍ਰਦਰਸ਼ਨ ਕਰਨ ਲੱਗੇ। ਇੱਥੇ ਯੂ ਪੀ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਤਿੱਤਰ-ਬਿੱਤਰ ਕਰਨ ਲਈ ਲਾਠੀਚਾਰਜ ਕਰ ਦਿੱਤਾ, ਜਿਸ ਵਿਚ ਕਈ ਲੋਕ ਜ਼ਖ਼ਮੀ ਹੋ ਗਏ।

ਬੰਗਾਲ ਅਮਿਤ ਸ਼ਾਹ ਦੇ ਨਿਸ਼ਾਨੇ 'ਤੇ:
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੰਦਰੂਨੀ ਸੁਰੱਖਿਆ ਤੇ ਬੰਗਾਲ ਵਿੱਚ ਫੈਲੀ ਹਿੰਸਾ 'ਤੇ ਬੀਤੇ ਦਿਨੀਂ ਬੈਠਕ ਬੁਲਾਈ। ਇਸ ਵਿੱਚ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਵੀ ਮੌਜੂਦ ਸਨ। ਦੂਜੇ ਪਾਸੇ ਬੰਗਾਲ ਦੇ ਰਾਜਪਾਲ ਕੇਸ਼ਰੀਨਾਥ ਤ੍ਰਿਪਾਠੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਹਾਲਾਂ ਕਿ ਰਾਜਪਾਲ ਨੇ ਇਸ ਨੂੰ ਰਸਮੀ ਮਿਲਣੀ ਦੱਸਿਆ ਹੈ। ਸੁਰੱਖਿਆ 'ਤੇ ਬੈਠਕ ਬਾਰੇ ਭਾਜਪਾ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀ ਨੇ ਕਿਹਾ ਕਿ ਬੰਗਾਲ ਵਿੱਚ ਜਿਸ ਤਰ੍ਹਾਂ ਹਿੰਸਾ ਫੈਲ ਰਹੀ ਹੈ, ਉੱਥੇ ਰਾਸ਼ਟਰਪਤੀ ਸ਼ਾਸਨ ਵੀ ਲੱਗ ਸਕਦਾ ਹੈ।

ਬੰਗਾਲ ਵਿੱਚ ਹਿੰਸਾ ਦੀ ਜ਼ਿੰਮੇਵਾਰੀ ਮਮਤਾ ਬੈਨਰਜੀ ਦੀ ਹੈ ਤੇ ਉਹੀ ਬਦਲੇ ਦੀ ਭਾਵਨਾ ਕਰਕੇ ਲੋਕਾਂ ਨੂੰ ਭੜਕਾ ਰਹੇ ਹਨ। ਵਰਕਰਾਂ ਦੇ ਕਤਲ ਦੇ ਵਿਰੋਧ ਵਿੱਚ ਬੀਜੇਪੀ ਨੇ 12 ਘੰਟੇ ਦਾ ਬੰਦ ਬੁਲਾਇਆ ਹੈ। 

ਪੂਰੇ ਬੰਗਾਲ ਵਿੱਚ ਇਹ ਦਿਨ 'ਬਲੈਕ ਡੇਅ' ਵਜੋਂ ਮਨਾਇਆ ਜਾ ਰਿਹਾ ਹੈ। ਵਿਜੇਵਰਗੀ ਨੇ ਕਿਹਾ ਕਿ ਮਮਤਾ ਬੈਨਰਜੀ ਆਪਣੇ ਵਰਕਰਾਂ ਨੂੰ ਕਹਿ ਰਹੇ ਹਨ ਕਿ ਜਿੱਥੋਂ ਉਨ੍ਹਾਂ ਦੀ ਪਾਰਟੀ ਹਾਰ ਰਹੀ ਹੈ, ਉੱਥੇ ਭਾਜਪਾ ਵਰਕਰਾਂ ਨੂੰ ਨਿਸ਼ਾਨਾ ਬਣਾਇਆ ਜਾਏ। ਸਾਰੇ ਗੁੰਡੇ ਸੱਤਾਧਾਰੀ ਤ੍ਰਿਣਮੂਲ ਕੋਲ ਹੀ ਹਨ। ਉਨ੍ਹਾਂ ਕੋਲ ਪਿਸਤੌਲ ਤੇ ਬੰਬ ਵੀ ਹਨ ਜਦ ਕਿ ਭਾਜਪਾ ਵਰਕਰਾਂ ਕੋਲ ਕੋਈ ਹਥਿਆਰ ਨਹੀਂ। ਉਨ੍ਹਾਂ ਕਿਹਾ ਕਿ ਜੇ ਬੰਗਾਲ ਵਿੱਚ ਇਸੇ ਤਰ੍ਹਾਂ ਹਿੰਸਾ ਜਾਰੀ ਰਹੀ ਤਾਂ ਦਖ਼ਲ ਦੇਣਾ ਹੀ ਪਏਗਾ।

ਜ਼ਰੂਰੀ ਹੋਇਆ ਤਾਂ ਬੰਗਾਲ ਵਿੱਚ ਰਾਸ਼ਟਰਪਤੀ ਸ਼ਾਸਨ ਲਾਇਆ ਜਾ ਸਕਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਭਾਜਪਾ ਬੰਗਾਲ ਦੇ ਕਈ ਹਿੱਸਿਆਂ ਵਿੱਚ ਕਾਲੀਆਂ ਝੰਡੀਆਂ ਨਾਲ ਰੈਲੀਆਂ ਕੱਢ ਰਹੀ ਹੈ। ਪੱਛਮੀ ਬੰਗਾਲ ਦੇ ਗਵਰਨਰ ਕੇਸਰੀ ਨਾਥ ਤ੍ਰਿਪਾਠੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬੀਤੇ ਦਿਨੀਂ ਮੁਲਾਕਾਤ ਕਰ ਚੁੱਕੇ ਹਨ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ